ਭਾਰਤੀ ਜਵਾਨਾਂ ਨੇ ਜਵਾਬੀ ਕਾਰਵਾਈ ਵਿੱਚ ਦੋ ਪਾਕਿ ਫੌਜੀ ਮਾਰੇ
ਨਵੀਂ ਦਿੱਲੀ/ਬਿਊਰੋ ਨਿਊਜ਼ : ਜੰਮੂ ਖੇਤਰ ਵਿੱਚ ਪਾਕਿਸਤਾਨ ਵੱਲੋਂ ਮੋਰਟਾਰ ਦਾਗ਼ਣ ਕਾਰਨ ਮੰਗਲਵਾਰ ਨੂੰ ਅੱਠ ਨਾਗਰਿਕਾਂ ਦੀ ਮੌਤ ਹੋ ਗਈ ਤੇ 22 ਜ਼ਖ਼ਮੀ ਹੋ ਗਏ। ਭਾਰਤੀ ਫੌਜ ਨੇ ਵੀ ਜਵਾਬੀ ਕਾਰਵਾਈ ਕੀਤੀ, ਜਿਸ ਵਿੱਚ ਦੋ ਪਾਕਿਸਤਾਨੀ ਫੌਜੀ ਮਾਰੇ ਗਏ ਤੇ 11 ਆਮ ਸ਼ਹਿਰੀ ਜ਼ਖ਼ਮੀ ਹੋਏ ਹਨ। ਉਧਰ ਪਾਕਿਸਤਾਨ ਦੇ ਇਕ ਅਖ਼ਬਾਰ ‘ਐਕਸਪ੍ਰੈਸ ਟ੍ਰਿਬਿਊਨ’ ਮੁਤਾਬਕ ਸੋਮਵਾਰ ਨੂੰ ਮਕਬੂਜ਼ਾ ਕਸ਼ਮੀਰ ਵਿੱਚ ਭਾਰਤੀ ਗੋਲੀਬਾਰੀ ਕਾਰਨ ਚਾਰ ਆਮ ਸ਼ਹਿਰੀ ਮਾਰੇ ਗਏ ਤੇ ਛੇ ਫੱਟੜ ਹੋ ਗਏ। ਇਸੇ ਦੌਰਾਨ ਭਾਰਤ-ਪਾਕਿ ਸਰਹੱਦ ‘ਤੇ ਤਣਾਅ ਕਾਰਨ ਹਾਲਤ ਦਾ ਜਾਇਜ਼ਾ ਲੈਣ ਲਈ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਉੱਚ ਪੱਧਰੀ ਮੀਟਿੰਗ ਕੀਤੀ ਜਿਸ ਵਿੱਚ ਰੱਖਿਆ ਮੰਤਰੀ ਮਨੋਹਰ ਪਰੀਕਰ ਵੀ ਸ਼ਾਮਲ ਹੋਏ। ਇਸੇ ਦੌਰਾਨ ਜੰਮੂ ਕਸ਼ਮੀਰ ਦੇ ਰਾਜਪਾਲ ਐਨਐਨ ਵੋਹਰਾ ਨੇ ਵੀ ਗ੍ਰਹਿ ਮੰਤਰੀ ਨਾਲ ਮੁਲਾਕਾਤ ਕੀਤੀ। ਮੰਗਲਵਾਰ ਤੜਕੇ ਤੋਂ ਹੀ ਪਾਕਿਸਤਾਨੀ ਫੌਜੀਆਂ ਨੇ ਜੰਮੂ ਕਸ਼ਮੀਰ ਵਿੱਚ ਕੌਮਾਂਤਰੀ ਸਰਹੱਦ ਨਾਲ ਲੱਗੀਆਂ ਬਸਤੀਆਂ, ਫੌਜੀ ਚੌਕੀਆਂ ਅਤੇ ਕੰਟਰੋਲ ਰੇਖਾ ‘ਤੇ ਸਾਂਬਾ, ਜੰਮੂ, ਪੁਣਛ ਅਤੇ ਰਾਜੌਰੀ ਜ਼ਿਲ੍ਹਿਆਂ ਵਿੱਚ ਮੋਰਟਾਰ ਦਾਗ਼ੇ।
ਫੌਜੀ ਸੂਤਰਾਂ ਮੁਤਾਬਕ ਪਾਕਿਸਤਾਨੀ ਫੌਜੀਆਂ ਨੇ 120 ਅਤੇ 82 ਐਮਐਮ ਦੇ ਮੋਰਟਾਰ ਵਰਗੇ ਭਾਰੀ ਕੈਲੀਬਰ ਵਾਲੇ ਹਥਿਆਰਾਂ ਦੀ ਵਰਤੋਂ ਕੀਤੀ। ਸਾਂਬਾ ਦੇ ਡੀਸੀ ਸ਼ੀਤਲ ਨੰਦਾ ਨੇ ਦੱਸਿਆ ਕਿ ਜ਼ਿਲ੍ਹੇ ਦੇ ਰਾਮਗੜ੍ਹ ਸੈਕਟਰ ਵਿੱਚ ਮੋਰਟਾਰ ਕਾਰਨ ਪੰਜ ਵਿਅਕਤੀਆਂ ਦੀ ਮੌਤ ਹੋ ਗਈ ਤੇ ਨੌਂ ਜ਼ਖ਼ਮੀ ਹੋ ਗਏ। ਇਸੇ ਇਲਾਕੇ ਵਿੱਚ ਮੋਰਟਾਰ ਦਾਗ਼ਣ ਦੇ ਸਦਮੇ ਕਾਰਨ ਇਕ ਵਿਅਕਤੀ ਦੀ ਮੌਤ ਹੋ ਗਈ, ਜਿਸ ਨਾਲ ਮਰਨ ਵਾਲਿਆਂ ਦੀ ਗਿਣਤੀ ਛੇ ਹੋ ਗਈ। ਰਾਜੌਰੀ ਦੇ ਡੀਸੀ ਸ਼ਬੀਰ ਅਹਿਮਦ ਭੱਟ ਨੇ ਦੱਸਿਆ ਕਿ ਜ਼ਿਲ੍ਹੇ ਦੇ ਮੰਜਾਕੋਟ ਇਲਾਕੇ ਦੇ ਰਾਜਗੜ੍ਹੀਆ ਹੱਦ ‘ਤੇ ਬਸਤੀਆਂ ਉਪਰ ਪਾਕਿਸਤਾਨੀ ਫੌਜੀਆਂ ਵੱਲੋਂ ਕੀਤੀ ਗੋਲਬਾਰੀ ਤੇ ਮੋਰਟਾਰ ਕਾਰਨ ਦੋ ਔਰਤਾਂ ਦੀ ਮੌਤ ਹੋ ਗਈ। ਜ਼ਿਲ੍ਹੇ ਦੇ ਨੌਸ਼ਹਿਰਾ ਸੈਕਟਰ ਵਿੱਚ ਵੀ ਗੁਆਂਢੀ ਦੇਸ਼ ਦੀ ਫੌਜ ਵੱਲੋਂ ਮੋਰਟਾਰ ਦਾਗ਼ਣ ਕਾਰਨ ਫੌਜ ਦੇ ਤਿੰਨ ਕੁਲੀ ਜ਼ਖ਼ਮੀ ਹੋ ਗਏ। ਉਨ੍ਹਾਂ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। ਪੁਲਿਸ ਨੇ ਦੱਸਿਆ ਕਿ ਪਾਕਿਸਤਾਨ ਵੱਲੋਂ ਦਾਗ਼ਿਆ ਮੋਰਟਾਰ ਪੁਣਛ ਜ਼ਿਲ੍ਹੇ ਦੇ ਮੇਂਧੜ ਸੈਕਟਰ ਵਿੱਚ ਡਿੱਗਿਆ, ਜਿਸ ਨਾਲ ਤਿੰਨ ਵਿਅਕਤੀ ਫੱਟੜ ਹੋ ਗਏ। ਪਾਕਿਸਤਾਨ ਵੱਲੋਂ ਕੀਤੀ ਜਾ ਰਹੀ ਭਾਰੀ ਗੋਲੀਬਾਰੀ ਤੇ ਗੋਲਾਬਾਰੀ ਦੇ ਮੱਦੇਨਜ਼ਰ ਸਰਕਾਰ ਨੇ ਜੰਮੂ ਨਾਲ ਲੱਗਦੀ ਕੌਮਾਂਤਰੀ ਸਰਹੱਦ ‘ਤੇ ਪੈਂਦੇ ਸਾਰੇ 174 ਸਕੂਲ ਅਗਲੇ ਹੁਕਮਾਂ ਤੱਕ ਬੰਦ ਕਰ ਦਿੱਤੇ ਹਨ।
ਰਾਜਨਾਥ ਵੱਲੋਂ ਹਾਲਾਤ ਦਾ ਜਾਇਜ਼ਾ: ਪਾਕਿਸਤਾਨ ਨਾਲ ਲੱਗਦੀ ਸਰਹੱਦ ‘ਤੇ ਤਣਾਅ ਦੇ ਮੱਦੇਨਜ਼ਰ ਹਾਲਾਤ ਦਾ ਜਾਇਜ਼ਾ ਲੈਣ ਲਈ ਉੱਚ ਪੱਧਰੀ ਮੀਟਿੰਗ ਕੀਤੀ। ਇਸ ਵਿੱਚ ਰੱਖਿਆ ਮੰਤਰੀ ਮਨੋਹਰ ਪਰੀਕਰ, ਕੌਮੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ, ਥਲ ਸੈਨਾ ਮੁਖੀ ਦਲਬੀਰ ਸਿੰਘ ਸੁਹਾਗ ਤੇ ਹੋਰ ਉੱਚ ਅਧਿਕਾਰੀ ਹਾਜ਼ਰ ਸਨ। ਇਸ ਦੇ ਨਾਲ ਹੀ ਜੰਮੂ ਕਸ਼ਮੀਰ ਦੇ ਰਾਜਪਾਲ ਐਨਐਨ ਵੋਹਰਾ ਨੇ ਰਾਜਨਾਥ ਨਾਲ ਮੀਟਿੰਗ ਕਰਕੇ ਰਾਜ ਦੇ ਹਾਲਾਤ ਤੋਂ ਜਾਣੂ ਕਰਵਾਇਆ। ਇਸ ਤੀਹ ਮਿੰਟਾਂ ਦੀ ਮੀਟਿੰਗ ਦੌਰਾਨ ਹੋਰ ਕਈ ਮੁੱਦਿਆਂ ਸਣੇ ਵਾਦੀ ਵਿੱਚ ਲੰਘੇ 110 ਦਿਨਾਂ ਤੋਂ ਜਾਰੀ ਗੜਬੜ ਬਾਰੇ ਚਰਚਾ ਕੀਤੀ ਗਈ। ਇਸ ਮੌਕੇ ਬੰਦ ਸਕੂਲਾਂ ਨੂੰ ਖੋਲ੍ਹਣ ਤੇ ਲੰਘੇ ਦਿਨਾਂ ਦੌਰਾਨ 26 ਸਕੂਲਾਂ ਨੂੰ ਸਾੜਨ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ।
ਪਾਕਿ ਵੱਲੋਂ ਚਾਰ ਸਫ਼ਾਰਤੀ ਅਧਿਕਾਰੀ ਵਾਪਸ ਸੱਦਣ ਦੀ ਤਿਆਰੀ
ਇਸਲਾਮਾਬਾਦ: ਪਾਕਿਸਤਾਨ ਨਵੀਂ ਦਿੱਲੀ ਸਥਿਤ ਆਪਣੇ ਹਾਈ ਕਮਿਸ਼ਨ ਵਿੱਚ ਚਾਰ ਅਧਿਕਾਰੀ ਵਾਪਸ ਸੱਦਣ ਦੀ ਤਿਆਰੀ ਵਿੱਚ ਹੈ। ਮੀਡੀਆ ਰਿਪੋਰਟਾਂ ਮੁਤਾਬਕ ਵਿਦੇਸ਼ ਮਾਮਲਿਆਂ ਬਾਰੇ ਵਿਭਾਗ ਆਪਣੇ ਅਧਿਕਾਰੀ ਸੱਦਣ ਬਾਰੇ ਵਿਚਾਰ ਕਰ ਰਿਹਾ ਹੈ ਤੇ ਇਸ ਸਬੰਧੀ ਫੈਸਲਾ ਛੇਤੀ ਹੀ ਕਰ ਲਿਆ ਜਾਵੇਗਾ। ਸਰਕਾਰ ਜਿਹੜੇ ਅਧਿਕਾਰੀਆਂ ਨੂੰ ਵਾਪਸ ਸੱਦਣ ਬਾਰੇ ਵਿਚਾਰ ਕਰ ਰਿਹਾ ਹੈ ਉਨ੍ਹਾਂ ਵਿੱਚ ਵਣਜ ਕੌਂਸਲਰ ਸੱਯਦ ਫ਼ਾਰੁਖ਼ ਹਬੀਬ ਤੇ ਸਕੱਤਰ ਖ਼ਾਦਿਮ ਹੁਸੈਨ, ਮੁਦੱਸਰ ਚੀਮਾ ਅਤੇ ਸ਼ਾਹਿਦ ਇਕਬਾਲ ਸ਼ਾਮਲ ਹਨ।
Check Also
ਭਾਰਤ ਨੇ ਆਸਟਰੇਲੀਆ ਨੂੰ ਟੈਸਟ ਮੈਚ ’ਚ ਵੱਡੇ ਫਰਕ ਨਾਲ ਹਰਾਇਆ
ਜਸਪ੍ਰੀਤ ਬੁਮਰਾਹ ਨੂੰ ਮਿਲਿਆ ਮੈਨ ਆਫ ਦਾ ਮੈਚ ਨਵੀਂ ਦਿੱਲੀ/ਬਿਊਰੋ ਨਿਊਜ਼ ਭਾਰਤੀ ਕ੍ਰਿਕਟ ਟੀਮ ਨੇ …