ਇਕ ਰੈਂਕ ਇਕ ਪੈਨਸ਼ਨ ਦੇ ਮੁੱਦੇ ‘ਤੇ ਖਾਧਾ ਜ਼ਹਿਰ; ਕਾਂਗਰਸ ਅਤੇ ‘ਆਪ’ ਨੇ ਮੋਦੀ ਸਰਕਾਰ ਨੂੰ ਘੇਰਿਆ
ਰਾਹੁਲ ਨੂੰ ਦੋ ਵਾਰ ਹਿਰਾਸਤ ਵਿਚ ਲਿਆ, ਕੇਜਰੀਵਾਲ ਨੂੰ ਹਸਪਤਾਲ ਨਾ ਜਾਣ ਦਿੱਤਾ ਗਿਆ
ਨਵੀਂ ਦਿੱਲੀ/ਬਿਊਰੋ ਨਿਊਜ਼
ਇਕ ਰੈਂਕ ਇਕ ਪੈਨਸ਼ਨ ਦੇ ਮੁੱਦੇ ‘ਤੇ ਸਾਬਕਾ ਸੈਨਿਕ ਰਾਮ ਕਿਸ਼ਨ ਗਰੇਵਾਲ (70) ਵੱਲੋਂ ਖ਼ੁਦਕੁਸ਼ੀ ਕੀਤੇ ਜਾਣ ਤੋਂ ਬਾਅਦ ਦੇਸ਼ ਦੀ ਰਾਜਧਾਨੀ ਵਿਚ ਸਿਆਸੀ ਲਾਹਾ ਲੈਣ ਦਾ ਦੌਰ ਸ਼ੁਰੂ ਹੋ ਗਿਆ। ਕਾਂਗਰਸ ਮੀਤ ਪ੍ਰਧਾਨ ਰਾਹੁਲ ਗਾਂਧੀ ਨੂੰ ਦਿੱਲੀ ਪੁਲਿਸ ਨੇ ਦੋ ਵਾਰ ਹਿਰਾਸਤ ਵਿਚ ਲਿਆ ਜਦਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਗਤੀਵਿਧੀ ਨੂੰ ਸੀਮਤ ਕਰ ਦਿੱਤਾ ਗਿਆ ਅਤੇ ਉਨ੍ਹਾਂ ਦੀ ਪਾਰਟੀ ਦੇ ਕਈ ਵਰਕਰਾਂ ਨੂੰ ਹਿਰਾਸਤ ਵਿਚ ਲੈ ਲਿਆ ਗਿਆ। ਦੋਵੇਂ ਪਾਰਟੀਆਂ ਨੇ ਇਹ ਵੀ ਦੋਸ਼ ਲਾਏ ਕਿ ਮੋਦੀ ਸਰਕਾਰ ਹਰਿਆਣਾ ਦੇ ਭਿਵਾਨੀ ਜ਼ਿਲ੍ਹੇ ਦੇ ਵਸਨੀਕ ਰਾਮ ਕਿਸ਼ਨ ਗਰੇਵਾਲ ਦੀ ਮੌਤ ਲਈ ਜ਼ਿੰਮੇਵਾਰ ਹੈ। ਸਾਬਕਾ ਸੈਨਿਕ ਗਰੇਵਾਲ ਨੇ ਜਨਪੱਥ ‘ਤੇ ਇਕ ਸਰਕਾਰੀ ਇਮਾਰਤ ਦੇ ਅਹਾਤੇ ਵਿਚ ਮੰਗਲਵਾਰ ਨੂੰ ਕੋਈ ਜ਼ਹਿਰੀਲੀ ਵਸਤੂ ਖਾ ਕੇ ਆਪਣੀ ਜਾਨ ਦੇ ਦਿੱਤੀ ਸੀ।
ਸਾਬਕਾ ਸੈਨਿਕ ਦੇ ਲੜਕੇ ਜਸਵੰਤ ਨੇ ਦੱਸਿਆ ਕਿ ਉਸ ਦੇ ਪਿਤਾ ਖ਼ੁਦਕੁਸ਼ੀ ਨੋਟ ਵੀ ਛੱਡ ਕੇ ਗਏ ਹਨ। ਉਧਰ ਪੁਲਿਸ ਦਾ ਕਹਿਣਾ ਹੈ ਕਿ ਗਰੇਵਾਲ ਆਪਣੇ ਤਿੰਨ ਸਾਥੀਆਂ ਨਾਲ ਰੱਖਿਆ ਮੰਤਰੀ ਮਨੋਹਰ ਪਰੀਕਰ ਨੂੰ ‘ਇਕ ਰੈਂਕ ਇਕ ਪੈਨਸ਼ਨ’ ਦੇ ਮੁੱਦੇ ‘ਤੇ ਮੰਗ ਪੱਤਰ ਸੌਂਪਣ ਲਈ ਦਿੱਲੀ ਆਏ ਸਨ। ਉਨ੍ਹਾਂ ਦੇ ਦੋਸਤਾਂ ਦਾ ਕਹਿਣਾ ਹੈ ਕਿ ਗਰੇਵਾਲ ਨੇ ਥਲ ਸੈਨਾ ਅਤੇ ਡਿਫੈਂਸ ਸਕਿਊਰਟੀ ਕੋਰ ਵਿਚ 30 ਵਰ੍ਹਿਆਂ ਤੱਕ ਸੇਵਾਵਾਂ ਨਿਭਾਈਆਂ ਅਤੇ ਉਹ ਕੁਝ ਸਮੇਂ ਤੋਂ ਇਸ ਮੁੱਦੇ ਤੋਂ ਪਰੇਸ਼ਾਨ ਚਲੇ ਆ ਰਹੇ ਸਨ। ਰੱਖਿਆ ਮੰਤਰਾਲੇ ਦੇ ਸੂਤਰਾਂ ਨੇ ਕਿਹਾ ਕਿ ਰਿਕਾਰਡ ਮੁਤਾਬਕ ਪਰੀਕਰ ਨਾਲ ਮੁਲਾਕਾਤ ਦੀ ਕੋਈ ਬੇਨਤੀ ਨਹੀਂ ਆਈ ਸੀ। ਉਂਜ ਪਰੀਕਰ ਨੇ ਟਵੀਟ ਕਰਕੇ ਸਾਬਕਾ ਸੈਨਿਕ ਦੀ ਮੌਤ ‘ਤੇ ਅਫ਼ਸੋਸ ਪ੍ਰਗਟ ਕਰਦਿਆਂ ਅਧਿਕਾਰੀਆਂ ਤੋਂ ਵੇਰਵੇ ਮੰਗ ਲਏ ਹਨ।
ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਸਮੇਤ ਆਮ ਆਦਮੀ ਪਾਰਟੀ (ਆਪ) ਅਤੇ ਕਾਂਗਰਸ ਦੇ ਕਈ ਆਗੂਆਂ ਨੂੰ ਪੁਲਿਸ ਨੇ ਫੜੀ ਰੱਖਿਆ। ਰਾਹੁਲ ਗਾਂਧੀ ਨੇ ਕਿਹਾ ਕਿ ਦਿੱਲੀ ਪੁਲਿਸ ਦੀ ਕਾਰਵਾਈ ਮੋਦੀ ਸਰਕਾਰ ਦੀ ਗ਼ੈਰ ਜਮਹੂਰੀ ਮਾਨਸਿਕਤਾ ਨੂੰ ਦਰਸਾਉਂਦੀ ਹੈ। ਕੇਜਰੀਵਾਲ ਨੇ ਪ੍ਰਧਾਨ ਮੰਤਰੀ ‘ਤੇ ਪ੍ਰਪੰਚ ਕਰਨ ਦੇ ਦੋਸ਼ ਲਾਉਂਦਿਆਂ ਕਿਹਾ ਕਿ ਉਹ ਇਕ ਰੈਂਕ ਇਕ ਪੈਨਸ਼ਨ ਦੇ ਮੁੱਦੇ ‘ਤੇ ਝੂਠ ਬੋਲ ਰਹੇ ਹਨ।
ਕਾਂਗਰਸ ਮੀਤ ਪ੍ਰਧਾਨ ਨੂੰ ਮੰਦਿਰ ਮਾਰਗ ਅਤੇ ਪਾਰਲੀਮੈਂਟ ਸਟਰੀਟ ਪੁਲਿਸ ਥਾਣੇ ਵਿਚ ਰੱਖਿਆ ਗਿਆ ਜਦਕਿ ਕੇਜਰੀਵਾਲ ਦੀ ਗਤੀਵਿਧੀ ਉਸ ਸਮੇਂ ਰੋਕ ਦਿੱਤੀ ਗਈ ਜਦੋਂ ਉਹ ਸਾਬਕਾ ਸੈਨਿਕ ਦੇ ਸੋਗ ਵਿਚ ਡੁੱਬੇ ਪਰਿਵਾਰ ਨੂੰ ਮਿਲਣ ਲਈ ਜਾ ਰਹੇ ਸਨ। ਕੇਜਰੀਵਾਲ ਨੇ ਕਿਹਾ ਕਿ ਗਰੇਵਾਲ ਦੀ ਸ਼ਹੀਦੀ ਬੇਕਾਰ ਨਹੀਂ ਜਾਏਗੀ। ਕਰੀਬ ਤਿੰਨ ਘੰਟੇ ਗੱਡੀ ਵਿਚ ਬੈਠੇ ਰਹਿਣ ਮਗਰੋਂ ਦਿੱਲੀ ਪੁਲਿਸ ਨੇ ਕੇਜਰੀਵਾਲ ਨੂੰ ਹਿਰਾਸਤ ਵਿਚ ਲੈ ਲਿਆ। ਰਾਹੁਲ ਨੂੰ ਬਾਅਦ ਵਿਚ ਤੁਗਲਕ ਰੋਡ ਥਾਣੇ ‘ਚ ਲਿਜਾਇਆ ਗਿਆ। ਰਾਤ ਨੂੰ ਤਿਲਕ ਮਾਰਗ ਥਾਣੇ ਤੋਂ ਰਿਹਾਅ ਹੋਣ ਮਗਰੋਂ ਰਾਹੁਲ ਗਾਂਧੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਰਾਮ ਕਿਸ਼ਨ ਦੇ ਪਰਿਵਾਰ ਤੋਂ ਮੁਆਫ਼ੀ ਮੰਗਣ। ਮਰਹੂਮ ਸੈਨਿਕ ਦੇ ਲੜਕੇ ਜਸਵੰਤ ਸਮੇਤ ਪਰਿਵਾਰ ਦੇ 12 ਮੈਂਬਰਾਂ ਨੂੰ ਵੀ ਹਿਰਾਸਤ ਵਿਚ ਲੈ ਲਿਆ ਗਿਆ। ਇਨ੍ਹਾਂ ਵਿਚੋਂ ਕੁਝ ਨੇ ਦੋਸ਼ ਲਾਏ ਕਿ ਜਦੋਂ ਉਹ ਰਾਮ ਮਨੋਹਰ ਲੋਹੀਆ ਹਸਪਤਾਲ, ਜਿਥੇ ਗਰੇਵਾਲ ਦੀ ਦੇਹ ਰੱਖੀ ਗਈ ਹੈ, ਪੁੱਜੇ ਤਾਂ ਪੁਲਿਸ ਨੇ ਉਨ੍ਹਾਂ ਨੂੰ ਕੁੱਟਿਆ ਵੀ।
ਕਾਂਗਰਸ ਦੇ ਰਣਦੀਪ ਸੂਰਜੇਵਾਲਾ, ਜਯੋਤਿਰਦਿੱਤਿਆ ਸਿੰਧੀਆ ਅਤੇ ਕੁਮਾਰੀ ਸੈਲਜਾ ਸਮੇਤ ਕਈ ਆਗੂਆਂ ਨੂੰ ਹਿਰਾਸਤ ਵਿਚ ਲੈ ਲਿਆ ਗਿਆ ਜਦਕਿ ‘ਆਪ’ ਦੇ ਕਈ ਵਰਕਰਾਂ ਨੂੰ ਪੁਲਿਸ ਪਾਰਲੀਮੈਂਟ ਸਟਰੀਟ ਥਾਣੇ ਦੇ ਬਾਹਰ ਘੜੀਸਦੀ ਹੋਈ ਨਜ਼ਰ ਆਈ ਜਿਥੇ ਸਿਸੋਦੀਆ ਨੂੰ ਕਈ ਘੰਟਿਆਂ ਤੱਕ ਹਿਰਾਸਤ ਵਿਚ ਰੱਖਿਆ ਗਿਆ।
ਜ਼ਿਕਰਯੋਗ ਹੈ ਕਿ ਸਾਬਕਾ ਸੈਨਿਕ ਵੱਲੋਂ ਖ਼ੁਦਕੁਸ਼ੀ ਦਾ ਮਾਮਲਾ ਉਸ ਸਮੇਂ ਸਾਹਮਣੇ ਆਇਆ ਹੈ ਜਦੋਂ ‘ਇਕ ਰੈਂਕ ਇਕ ਪੈਨਸ਼ਨ’ ਸਬੰਧੀ ਬਣਾਈ ਗਈ ਇਕ ਮੈਂਬਰੀ ਜੁਡੀਸ਼ਲ ਕਮੇਟੀ ਨੇ ਪਰੀਕਰ ਨੂੰ ਰਿਪੋਰਟ ਸੌਂਪ ਦਿੱਤੀ ਹੈ। ਕੇਂਦਰ ਸਰਕਾਰ ਨੇ ‘ਇਕ ਰੈਂਕ ਇਕ ਪੈਨਸ਼ਨ’ ਨੂੰ ਲਾਗੂ ਕਰ ਦਿੱਤਾ ਸੀ ਪਰ ਉਸ ਦੀਆਂ ਖਾਮੀਆਂ ਨੂੂੰ ਦੂਰ ਕਰਨ ਲਈ ਜਸਟਿਸ (ਸੇਵਾਮੁਕਤ) ਐਲ ਨਰਸਿਮ੍ਹਾ ਰੈੱਡੀ ਦੀ ਚੇਅਰਮੈਨੀ ਹੇਠ ਕਮੇਟੀ ਬਣਾਈ ਸੀ। ਮੰਤਰਾਲੇ ਵੱਲੋਂ ਰਿਪੋਰਟ ਘੋਖੀ ਜਾ ਰਹੀ ਹੈ ਅਤੇ ਸੂਤਰਾਂ ਦਾ ਕਹਿਣਾ ਹੈ ਕਿ ਇਸ ਬਾਬਤ ਛੇਤੀ ਹੀ ਕੋਈ ਫ਼ੈਸਲਾ ਲਿਆ ਜਾਏਗਾ।
ਸਾਬਕਾ ਸੈਨਿਕ ਨੂੰ ਜ਼ਹਿਰ ਕਿਸ ਨੇ ਦਿੱਤਾ?
ਨਵੀਂ ਦਿੱਲੀ: ਸੂਬੇਦਾਰ (ਸੇਵਾਮੁਕਤ) ਰਾਮ ਕਿਸ਼ਨ ਗਰੇਵਾਲ ਵੱਲੋਂ ਖ਼ੁਦਕੁਸ਼ੀ ਕੀਤੇ ਜਾਣ ਨੂੰ ਗੰਭੀਰ ਮਾਮਲਾ ਮੰਨਦਿਆਂ ਕੇਂਦਰ ਸਰਕਾਰ ਨੇ ਇਸ ਦੀ ਪੂਰੀ ਜਾਂਚ ਕਰਾਉਣ ਦਾ ਫ਼ੈਸਲਾ ਲਿਆ ਹੈ। ਸੂਤਰਾਂ ਮੁਤਾਬਕ ਇਸ ਗੱਲ ਦੀ ਜਾਂਚ ਕੀਤੀ ਜਾਏਗੀ ਕਿ ਗਰੇਵਾਲ ਨੂੰ ਜ਼ਹਿਰ ਕਿਸ ਨੇ ਮੁਹੱਈਆ ਕਰਵਾਇਆ ਅਤੇ ਕਿਸੇ ਨੇ ਉਸ ਨੂੰ ਸਖ਼ਤ ਕਦਮ ਚੁੱਕਣ ਲਈ ਉਕਸਾਇਆ ਤਾਂ ਨਹੀਂ। ਰੱਖਿਆ ਮੰਤਰਾਲੇ ਦੇ ਨਾਮ ਉਸ ਕੋਲ 31 ਅਕਤੂਬਰ ਦਾ ਲਿਖਿਆ ਪੱਤਰ ਸੀ ਅਤੇ ਉਸ ਨੇ ਪਹਿਲੀ ਨਵੰਬਰ ਨੂੰ ਖ਼ੁਦਕੁਸ਼ੀ ਕਰ ਲਈ ਜਿਸ ਤੋਂ ਕਈ ਸਵਾਲ ਖੜ੍ਹੇ ਹੋ ਗਏ ਹਨ। ਸੂਤਰਾਂ ਨੇ ਕਿਹਾ ਕਿ ਇਸ ਗੱਲ ਦੀ ਵੀ ਜਾਂਚ ਹੋਏਗੀ ਕਿ ਸਾਬਕਾ ਸੈਨਿਕ ਨਾਲ ਕਿਹੜੇ ਸਾਥੀ ਸਨ ਜਿਸ ਵੇਲੇ ਉਸ ਨੇ ਖ਼ੁਦਕੁਸ਼ੀ ਕੀਤੀ।
ਮੈਂ ਦੇਸ਼ ਅਤੇ ਸਾਥੀ ਜਵਾਨਾਂ ਲਈ ਜ਼ਿੰਦਗੀ ਕੁਰਬਾਨ ਕਰ ਰਿਹਾਂ: ਗਰੇਵਾਲ
ਨਵੀਂ ਦਿੱਲੀ: ਸਾਬਕਾ ਸੂਬੇਦਾਰ ਰਾਮ ਕਿਸ਼ਨ ਗਰੇਵਾਲ ਨੇ ਜਾਨ ਦੇਣ ਤੋਂ ਪਹਿਲਾਂ ਖ਼ੁਦਕੁਸ਼ੀ ਨੋਟ ਵਿਚ ਲਿਖਿਆ ਕਿ ਉਹ ਦੇਸ਼ ਅਤੇ ਬਹਾਦਰ ਸਾਥੀ ਜਵਾਨਾਂ ਲਈ ਆਪਣੀ ਜਾਨ ਦੇਣ ਜਾ ਰਹੇ ਹਨ। ਜਿਹੜਾ ਦਸਤਾਵੇਜ਼ ਉਹ ਰੱਖਿਆ ਮੰਤਰਾਲੇ ਨੂੰ ਸੌਂਪਣ ਆਏ ਸਨ, ਉਸੇ ‘ਤੇ ਉਨ੍ਹਾਂ ਖ਼ੁਦਕੁਸ਼ੀ ਨੋਟ ਲਿਖਿਆ। ਨਿਊਜ਼ ਚੈਨਲਾਂ ‘ਤੇ ਬੇਟੇ ਨਾਲ ਹੋਈ ਗੱਲਬਾਤ ਦੇ ਆਖਰੀ ਅੰਸ਼ ਸੁਣਾਏ ਗਏ ਜਿਸ ਵਿਚ ਗਰੇਵਾਲ ਆਖਦੇ ਦਿਖਾਈ ਦੇ ਰਹੇ ਹਨ ਕਿ ਉਨ੍ਹਾਂ ਜ਼ਹਿਰ ਖਾ ਲਿਆ ਹੈ ਅਤੇ ਉਹ ਇਕ ਰੈਂਕ ਇਕ ਪੈਨਸ਼ਨ ਅਤੇ ਆਪਣੇ ਸਾਥੀ ਜਵਾਨਾਂ, ਜਿਨ੍ਹਾਂ ਨੂੰ ਬਣਦਾ ਮਾਣ ਨਹੀਂ ਮਿਲਿਆ, ਲਈ ਆਪਣੀ ਜਾਨ ਦੇ ਰਹੇ ਹਨ।
Check Also
ਭਾਰਤ ਅਤੇ ਕੈਨੇਡਾ ਦੇ ਰਿਸ਼ਤਿਆਂ ’ਚ ਮੁੜ ਤੋਂ ਪੈਦਾ ਹੋਈ ਖਟਾਸ
ਦੋਵੇਂ ਦੇਸ਼ਾਂ ਨੇ ਆਪੋ-ਆਪਣੇ ਡਿਪਲੋਮੈਟਸ ਨੂੰ ਵਾਪਸ ਸੱਦਿਆ ਨਵੀਂ ਦਿੱਲੀ/ਬਿਊਰੋ ਨਿਊਜ਼ : ਭਾਰਤ ਅਤੇ ਕੈਨੇਡਾ …