Breaking News
Home / ਰੈਗੂਲਰ ਕਾਲਮ / ਹੀਹੀ ਹੀਹੀ

ਹੀਹੀ ਹੀਹੀ

ਹੀਹੀ ਹੀਹੀ ਕਰੋਗੇ ਤਾਂ ਹੀਹੀ ਜੋਗੇ ਰਹਿ ਜਾਓਗੇ।
ਇੱਕ ਦਿਨ ਕਾਨਿਆਂ ਦੇ ਢਾਰੇ ਵਾਂਗੂੰ ਢਹਿ ਜਾਓਗੇ।

ਤਾਕਤ ਨਹੀਂ ਦਿੱਤੀ ਕਦੇ ਜ਼ਹਿਰ ਦੀ ਖੁਰਾਕ ਨੇ।
ਪੱਲਾ ਵੀ ਨਹੀਂ ਫੜਨਾ ਫਿਰ ਕਿਸੇ ਅੰਗ ਸਾਕ ਨੇ।
ਆੜ ਦੇ ਕਿਨਾਰਿਆਂ ਦੀ ਝੱਗ ਵਾਂਗ ਬਹਿ ਜਾਓਗੇ।
ਹੀਹੀ ਹੀਹੀ ਕਰੋਗੇ ਤਾਂ ਹੀਹੀ ਜੋਗੇ ਰਹਿ ਜਾਓਗੇ।

ਖੱਟਿਆ ਨਹੀਂ ਕਦੇ ਕੁੱਝ ਵਿਹਲੜਾਂ ਦੀ ਢਾਣੀ ‘ਚੋਂ।
ਮੱਖਣੀ ਨਹੀਂ ਕੱਢੀ ਕਦੇ ਰਿੜਕ ਕੇ ਪਾਣੀ ‘ਚੋਂ।
ਫੋਕਿਆਂ ‘ਚ ਬੈਠ ਕੇ ਮਿਠਾਸ ਕਿੱਥੋਂ ਲੈ ਜਾਓਗੇ।
ਹੀਹੀ ਹੀਹੀ ਕਰੋਗੇ ਤਾਂ ਹੀਹੀ ਜੋਗੇ ਰਹਿ ਜਾਓਗੇ।

ਬੜਾ ਮਾੜਾ ਚਸਕਾ ਜੇ ਪੈ ਜਾਏ ਕੰਨ ਰਸ ਦਾ।
ਪੈਂਦ ਮਾੜੇ ਮੰਜਿਆਂ ਦੀ ਕੋਈ ਵੀ ਨਹੀਂ ਕੱਸਦਾ।
ਕਿਵੇਂ ਵਕਤ ਗਵਾ ਕੇ ਭਾਰ ਜ਼ਿੰਦਗੀ ਦਾ ਸਹਿ ਜਾਓਗੇ।
ਹੀਹੀ ਹੀਹੀ ਕਰੋਗੇ ਤਾਂ ਹੀਹੀ ਜੋਗੇ ਰਹਿ ਜਾਓਗੇ।

ਇੰਨੂ ਰੱਖ ਤੁਰੋਗੇ ਜੇ ਕੰਡਿਆਂ ਦੀ ਪੰਡ ਨਾਲ।
ਕਿੰਨਾਂ ਚਿਰ ਯਾਰੀ ਲਾ ਕੇ ਬੈਠ ਜਾਓਗੇ ਕੰਡ ਨਾਲ।
ਗਲ਼ੀਆਂ ਦੇ ਕੱਖਾਂ ਵਾਂਗੂੰ ਨਾਲ਼ੀਆਂ ‘ਚ ਪੈ ਜਾਓਗੇ।
ਹੀਹੀ ਹੀਹੀ ਕਰੋਗੇ ਤਾਂ ਹੀਹੀ ਜੋਗੇ ਰਹਿ ਜਾਓਗੇ।

ਤਿੜ ਤਿੜ ਕਰਦੇ ਨੇ ਵਿਹਲੜ ਜੋ ਗੱਲਾਂ ਨੂੰ।
ਇਹਨਾਂ ਕਿੰਨ੍ਹਾਂ ਮਾਰਿਆ ਏ ਜਿੰਦਗੀ ‘ਚ ਮੱਲਾਂ ਨੂੰ।
ਵਾਂਗਰ ਪਰਾਲੀਆਂ ਦੀ ਅੱਗ ਮੱਠੇ ਪੈ ਜਾਓਗੇ।
ਹੀਹੀ ਹੀਹੀ ਕਰੋਗੇ ਤਾਂ ਹੀਹੀ ਜੋਗੇ ਰਹਿ ਜਾਓਗੇ।

ਚੰਗਿਆਂ ਦਾ ਸਾਥ ਹੋਵੇ ਦਿਲ ਨੂੰ ਸਕੂਨ ਹੁੰਦਾ।
ਉਹਨਾਂ ਦੀਆਂ ਰਗਾਂ ਵਿੱਚ ਮਿਹਨਤਾਂ ਦਾ ਖੂਨ ਹੁੰਦਾ।
ਅੱਜ ‘ਸੰਧੂ’ ਸਾਂਭ ਲਓਗੇ ਕੱਲ੍ਹ ਚੰਗੇ ਰਹਿ ਜਾਓਗੇ।
ਹੀਹੀ ਹੀਹੀ ਕਰੋਗੇ ਤਾਂ ਹੀਹੀ ਜੋਗੇ ਰਹਿ ਜਾਓਗੇ।

ਸ਼ਿਨਾਗ ਸਿੰਘ ਸੰਧੂ
97816-93300

Check Also

ਕਹਾਣੀ ਸੰਗ੍ਰਹਿ ‘ਦੋ ਟਾਪੂ’ ਦੀਆਂ ਰਚਨਾਤਮਿਕ ਛੱਲਾਂ

ਜਰਨੈਲ ਸਿੰਘ (ਕਿਸ਼ਤ 17ਵੀਂ (ਲੜੀ ਜੋੜਨ ਲਈ ਪਿਛਲਾ ਅੰਕ ਦੇਖੋ) 20ਵੀਂ ਸਦੀ ਦੇ ਆਖਰੀ ਦਹਾਕੇ …