Breaking News
Home / ਭਾਰਤ / ਐਲਪੀਜੀ ਸਿਲੰਡਰ ਤੇ ਦੁੱਧ ਹੋਇਆ ਮਹਿੰਗਾ, ਵੋਟਾਂ ਤੋਂ ਬਾਅਦ ਮਹਿੰਗਾਈ ਹੋਰ ਵਧੇਗੀ

ਐਲਪੀਜੀ ਸਿਲੰਡਰ ਤੇ ਦੁੱਧ ਹੋਇਆ ਮਹਿੰਗਾ, ਵੋਟਾਂ ਤੋਂ ਬਾਅਦ ਮਹਿੰਗਾਈ ਹੋਰ ਵਧੇਗੀ

ਨਵੀਂ ਦਿੱਲੀ/ਬਿਊਰੋ ਨਿਊਜ਼ : ਰੂਸ ਅਤੇ ਯੂਕਰੇਨ ਵਿਚਾਲੇ ਚੱਲ ਰਹੀ ਜੰਗ ਦਾ ਅਸਰ ਭਾਰਤ ‘ਚ ਵੀ ਦਿਸਣਾ ਸ਼ੁਰੂ ਹੋ ਗਿਆ ਹੈ। ਇਸ ਦੌਰਾਨ ਅੱਜ 1 ਮਾਰਚ ਤੋਂ ਐਲਪੀਜੀ ਸਿਲੰਡਰ ਦੇ ਨਵੇਂ ਰੇਟ ਜਾਰੀ ਕੀਤੇ ਗਏ ਹਨ ਅਤੇ ਸਿਲੰਡਰ ਦਾ ਰੇਟ 105 ਰੁਪਏ ਵਧ ਗਿਆ ਹੈ। ਇਹ ਵਾਧਾ ਕਮਰਸ਼ੀਅਲ ਸਿਲੰਡਰਾਂ ‘ਚ ਕੀਤਾ ਗਿਆ ਹੈ ਅਤੇ ਇਹ ਕਾਫੀ ਹੱਦ ਤਕ ਸੰਭਵ ਹੈ ਕਿ 7 ਮਾਰਚ ਤੋਂ ਬਾਅਦ ਘਰੇਲੂ ਰਸੋਈ ਗੈਸ ਸਿਲੰਡਰ ਵੀ ਮਹਿੰਗਾ ਹੋ ਜਾਵੇਗਾ। ਕਿਉਂਕਿ ਇਸ ਸਮੇਂ ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ ਦੇ ਛੇਵੇਂ ਪੜਾਅ ਦੀ ਵੋਟਿੰਗ 3 ਮਾਰਚ ਨੂੰ ਤੇ ਸੱਤਵੇਂ ਪੜਾਅ ਦੀ ਵੋਟਿੰਗ 7 ਮਾਰਚ ਨੂੰ ਹੈ। ਹੁਣ 19 ਕਿਲੋ ਦਾ ਸਿਲੰਡਰ 1 ਮਾਰਚ ਯਾਨੀ ਅੱਜ ਤੋਂ ਦਿੱਲੀ ‘ਚ 1907 ਰੁਪਏ ਦੀ ਬਜਾਏ 2012 ਰੁਪਏ ‘ਚ ਮਿਲਣ ਲੱਗਾ ਹੈ।
ਇਸੇ ਦੌਰਾਨ ਪੰਜਾਬ ਵਿਚ ਵੇਰਕਾ ਅਤੇ ਅਮੂਲ ਦਾ ਦੁੱਧ ਵੀ ਮਹਿੰਗਾ ਹੋ ਗਿਆ ਹੈ। ਜ਼ਿਕਰਯੋਗ ਹੈ ਕਿ ਵੇਰਕਾ ਅਤੇ ਅਮੂਲ ਨੇ ਦੁੱਧ ਦੀ ਕੀਮਤ ਵਿਚ ਦੋ ਰੁਪਏ ਪ੍ਰਤੀ ਲੀਟਰ ਦਾ ਵਾਧਾ ਕੀਤਾ ਹੈ। ਇਹ ਵੀ ਜਾਣਕਾਰੀ ਮਿਲੀ ਹੈ ਕਿ ਵੇਰਕਾ ਆਉਣ ਵਾਲੇ ਦਿਨਾਂ ਵਿਚ ਆਪਣੇ ਹੋਰ ਦੁੱਧ ਉਤਪਾਦਾਂ ਦੀਆਂ ਕੀਮਤਾਂ ਵਿਚ ਵੀ ਵਾਧਾ ਕਰ ਸਕਦਾ ਹੈ।
ਪੈਟਰੋਲ ਤੇ ਡੀਜ਼ਲ ਦੀ ਕੀਮਤ ‘ਚ 10 ਰੁਪਏ ਪ੍ਰਤੀ ਲੀਟਰ ਦਾ ਹੋ ਸਕਦਾ ਹੈ ਵਾਧਾ
ਕੌਮਾਂਤਰੀ ਪੱਧਰ ‘ਤੇ ਕੱਚੇ ਤੇਲ ਦੀਆਂ ਕੀਮਤਾਂ ਵੀ ਵਧੀਆਂ
ਨਵੀਂ ਦਿੱਲੀ : ਉਤਰ ਪ੍ਰਦੇਸ਼ ਵਿਚ ਵਿਧਾਨ ਸਭਾ ਚੋਣਾਂ ਦੇ 7ਵੇਂ ਗੇੜ ਦੀ ਵੋਟਿੰਗ 7 ਮਾਰਚ ਨੂੰ ਹੋਣੀ ਹੈ ਅਤੇ ਇਸਦੇ ਨਾਲ ਹੀ ਪੰਜ ਸੂਬਿਆਂ ‘ਚ ਵਿਧਾਨ ਸਭਾ ਚੋਣਾਂ ਦਾ ਅਮਲ ਸਮਾਪਤ ਹੋ ਜਾਵੇਗਾ ਅਤੇ ਨਤੀਜੇ 10 ਮਾਰਚ ਨੂੰ ਐਲਾਨੇ ਜਾਣਗੇ। ਜਾਣਕਾਰੀ ਮਿਲ ਰਹੀ ਹੈ ਕਿ ਵਿਧਾਨ ਸਭਾ ਚੋਣਾਂ ਦਾ ਅਮਲ ਖਤਮ ਹੁੰਦਿਆਂ ਹੀ ਦੇਸ਼ ਵਿਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿਚ ਪ੍ਰਤੀ ਲੀਟਰ 10 ਰੁਪਏ ਤੱਕ ਦਾ ਵਾਧਾ ਹੋ ਸਕਦਾ ਹੈ। ਜ਼ਿਕਰਯੋਗ ਹੈ ਕਿ ਵਿਸ਼ਵ ਪੱਧਰ ‘ਤੇ ਤੇਲ ਦੀਆਂ ਕੀਮਤਾਂ 5 ਡਾਲਰ ਪ੍ਰਤੀ ਬੈਰਲ ਤੱਕ ਵਧ ਗਈਆਂ ਹਨ। 2014 ਦੇ ਮੱਧ ਤੋਂ ਬਾਅਦ ਪਹਿਲੀ ਵਾਰ ਅੰਤਰਰਾਸ਼ਟਰੀ ਪੱਧਰ ‘ਤੇ ਕੱਚੇ ਤੇਲ ਦੀਆਂ ਕੀਮਤਾਂ 110 ਡਾਲਰ ਪ੍ਰਤੀ ਬੈਰਲ ਤੋਂ ਉੱਪਰ ਪਹੁੰਚ ਗਈਆਂ ਹਨ। ਕਿਹਾ ਜਾ ਰਿਹਾ ਹੈ ਕਿ ਤੇਲ ਮਾਰਕੀਟਿੰਗ ਕੰਪਨੀਆਂ ਨੂੰ ਘਾਟਾ ਪੂਰਨ ਲਈ ਤੇਲ ਕੀਮਤਾਂ 9 ਤੋਂ 10 ਰੁਪਏ ਪ੍ਰਤੀ ਲਿਟਰ ਜਾਂ 10 ਪ੍ਰਤੀਸ਼ਤ ਵਧਾਉਣ ਦੀ ਜ਼ਰੂਰਤ ਹੈ। ਧਿਆਨ ਰਹੇ ਕਿ ਰੂਸ ਅਤੇ ਯੂਕਰੇਨ ਵਿਚਾਲੇ ਚੱਲ ਰਹੀ ਜੰਗ ਦੌਰਾਨ ਵੀ ਤੇਲ ਕੀਮਤਾਂ ਵਿਚ ਹੋਰ ਵੀ ਵਾਧਾ ਹੋ ਸਕਦਾ ਹੈ।

 

Check Also

ਹਰਿਆਣਾ ’ਚ ਭਾਜਪਾ ਨੂੰ ਮਿਲਿਆ ਬਹੁਮਤ

ਜੰਮੂ ਕਸ਼ਮੀਰ ’ਚ ਨੈਸ਼ਨਲ ਕਾਨਫਰੰਸ ਤੇ ਕਾਂਗਰਸ ਗਠਜੋੜ ਦੀ ਜਿੱਤ ਚੰਡੀਗੜ੍ਹ/ਬਿਊਰੋ ਨਿਊਜ਼ ਹਰਿਆਣਾ ਅਤੇ ਜੰਮੂ …