
ਕਿਹਾ : ਟੈਰਿਫ ਦੀ ਬਦੌਲਤ ਹੀ ਭਾਰਤ-ਪਾਕਿ ਜੰਗ ਰੁਕੀ
ਵਾਸ਼ਿੰਗਟਨ/ਬਿਊਰੋ ਨਿਊਜ਼
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਭਾਰਤ ਅਤੇ ਪਾਕਿਸਤਾਨ ਵਿਚਾਲੇ ਜੰਗ ਰੋਕਣ ਦੇ ਆਪਣੇ ਦਾਅਵੇ ਨੂੰ ਫਿਰ ਦੁਹਰਾਇਆ ਹੈ। ਉਨ੍ਹਾਂ ਕਿਹਾ ਕਿ ਭਾਰਤ ਅਤੇ ਪਾਕਿਸਤਾਨ ਵਿਚਾਲੇ ਛਿੜੀ ਜੰਗ ਦੌਰਾਨ ਉਨ੍ਹਾਂ ਵਲੋਂ ਦੋਵਾਂ ਮੁਲਕਾਂ ਨਾਲ ਕੀਤੀ ਗਈ ਗੱਲਬਾਤ ਕਾਫੀ ਪ੍ਰਭਾਵਸ਼ਾਲੀ ਸੀ। ਰਾਸ਼ਟਰਪਤੀ ਟਰੰਪ ਨੇ ਓਵਲ ਹਾਊਸ ਵਿਚ ਕਿਹਾ ਕਿ ਅਮਰੀਕਾ ਲਈ ਟੈਰਿਫ ਅਹਿਮ ਹਨ ਅਤੇ ਟੈਰਿਫ ਕਾਰਨ ਅਸੀਂ ਸ਼ਾਂਤੀ ਦੂਤ ਬਣ ਗਏ ਹਾਂ। ਟਰੰਪ ਨੇ ਕਿਹਾ ਕਿ ਜੇਕਰ ਅਸੀਂ ਟੈਰਿਫ ਦੀ ਸ਼ਕਤੀ ਦੀ ਵਰਤੋਂ ਨਾ ਕੀਤੀ ਹੁੰਦੀ ਤਾਂ ਹਾਲੇ ਵੀ ਚਾਰ ਜੰਗਾਂ ਚੱਲ ਰਹੀਆਂ ਹੁੰਦੀਆਂ। ਅਮਰੀਕੀ ਰਾਸ਼ਟਰਪਤੀ ਨੇ ਕਿਹਾ ਕਿ ਮੈਂ ਟੈਰਿਫ ਦੀ ਵਰਤੋਂ ਜੰਗਾਂ ਰੋਕਣ ਲਈ ਕਰਦਾ ਹਾਂ। ਜ਼ਿਕਰਯੋਗ ਹੈ ਕਿ ਇਸ ਮਾਮਲੇ ਵਿਚ ਕਿਸੇ ਵੀ ਤੀਜੀ ਧਿਰ ਦੇ ਦਖਲ ਦੀ ਗੱਲ ਤੋਂ ਭਾਰਤ ਨੇ ਲਗਾਤਾਰ ਇਨਕਾਰ ਕੀਤਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਸੰਸਦ ਵਿਚ ਇਹ ਸਪੱਸ਼ਟ ਕਰ ਚੁੱਕੇ ਹਨ ਕਿ ਕਿਸੇ ਵੀ ਮੁਲਕ ਦੇ ਆਗੂ ਨੇ ਭਾਰਤ ਨੂੰ ਅਪਰੇਸ਼ਨ ਸਿੰਧੂਰ ਰੋਕਣ ਲਈ ਨਹੀਂ ਕਿਹਾ ਸੀ।

