ਲੱਖਾ ਸਿਧਾਣਾ ਨੂੰ ਬਠਿੰਡਾ ਪੁਲਿਸ ਨੇ ਸਾਥੀਆਂ ਸਮੇਤ ਕੀਤਾ ਗਿ੍ਰਫ਼ਤਾਰ
ਇਕ ਨਿੱਜੀ ਸਕੂਲ ਖਿਲਾਫ਼ ਧਰਨਾ ਦੇ ਰਹੇ ਸਨ ਲੱਖਾ ਸਿਧਾਣਾ
ਬਠਿੰਡਾ/ਬਿਊਰੋ ਨਿਊਜ਼ : ਉਘੇ ਸਮਾਜ ਸੇਵੀ ਲੱਖਾ ਸਿਧਾਣਾ ਨੂੰ ਬਠਿੰਡਾ ਪੁਲਿਸ ਨੇ ਰਾਮਪੁਰਾ ਫੂਲ ਤੋਂ ਗਿ੍ਰਫ਼ਤਾਰ ਕਰ ਲਿਆ। ਲੱਖਾ ਸਿਧਾਣਾ ਇਕ ਨਿੱਜੀ ਸਕੂਲ ਦੇ ਬਾਹਰ ਸੜਕ ਜਾਮ ਕਰਨ ਲਈ ਜਾ ਰਹੇ ਸਨ ਅਤੇ ਸਕੂਲ ਪਿ੍ਰੰਸੀਪਲ ਦੀ ਸ਼ਿਕਾਇਤ ’ਤੇ ਪੁਲਿਸ ਨੇ ਉਨ੍ਹਾਂ ਖਿਲਾਫ਼ ਇਹ ਕਾਰਵਾਈ ਕੀਤੀ ਹੈ। ਜ਼ਿਕਰਯੋਗ ਹੈ ਕਿ ਲੱਖਾ ਸਿਧਾਣਾ ਲੰਘੇ ਕੱਲ੍ਹ ਸਰਵ ਹਿਤਕਾਰੀ ਸਕੂਲ ਪੁੱਜੇ ਸਨ ਅਤੇ ਉਨ੍ਹਾਂ ਸਕੂਲ ’ਤੇ ਪੰਜਾਬੀ ਮਾਂ ਬੋਲੀ ਨੂੰ ਅੱਖੋਂ-ਪਰੋਖੇ ਕਰਨ ਦਾ ਆਰੋਪ ਲਗਾਇਆ ਸੀ। ਇਸ ਦੌਰਾਨ ਲੱਖਾ ਸਿਧਾਣਾ ਅਤੇ ਉਸ ਦੇ ਸਾਥੀਆਂ ਦੀ ਸਕੂਲ ਮੈਨੇਜਮੈਂਟ ਅਤੇ ਪਿ੍ਰੰਸੀਪਲ ਨਾਲ ਬਹਿਸ ਵੀ ਹੋ ਗਈ ਸੀ, ਜਿਸ ਤੋਂ ਬਾਅਦ ਲੱਖਾ ਸਿਧਾਣਾ ਨੇ ਸਕੂਲ ਖਿਲਾਫ਼ ਧਰਨਾ ਲਗਾਉਣ ਦਾ ਐਲਾਨ ਕੀਤਾ ਸੀ। ਅੱਜ ਬੁੱਧਵਾਰ ਨੂੰ ਲੱਖਾ ਸਿਧਾਣਾ ਨੇ ਆਪਣੇ ਸਾਥੀਆਂ ਸਮੇਤ ਸਰਵ ਹਿਤਕਾਰੀ ਸਕੂਲ ਦੇ ਸਾਹਮਣੇ ਇਕੱਠੇ ਹੋ ਕੇ ਪ੍ਰਦਰਸ਼ਨ ਕੀਤਾ। ਮੀਡੀਆ ਰਿਪੋਰਟਾਂ ਤੋਂ ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਜਦੋਂ ਲੱਖਾ ਸਿਧਾਣਾ ਨੇ ਸਾਥੀਆਂ ਸਮੇਤ ਸਕੂਲ ਵਿਚ ਦਾਖਲ ਹੋਣ ਦੀ ਕੋਸ਼ਿਸ਼ ਤਾਂ ਪੁਲਿਸ ਨੇ ਉਨ੍ਹਾਂ ਨੂੰ ਹਿਰਾਸਤ ਵਿਚ ਲੈ ਲਿਆ। ਚਰਚਾ ਇਹ ਵੀ ਹੈ ਕਿ ਸਕੂਲ ਮੈਨੇਜਮੈਂਟ ਨੇ ਦੋ ਕਰਮਚਾਰੀਆਂ ਨੂੰ ਨੌਕਰੀ ਤੋਂ ਹਟਾ ਦਿੱਤਾ ਸੀ, ਜਿਸ ਦਾ ਵਿਰੋਧ ਕਰਨ ਲਈ ਲੱਖਾ ਸਿਧਾਣਾ ਇਥੇ ਪਹੁੰਚੇ ਸਨ ਅਤੇ ਪੁਲਿਸ ਨੇ ਉਨ੍ਹਾਂ ਨੂੰ ਗਿ੍ਰਫ਼ਤਾਰ ਕਰ ਲਿਆ।