ਛੱਤੀਸਗੜ੍ਹ ਵਿਧਾਨ ਸਭਾ ਲਈ ਪਹਿਲੇ ਗੇੜ ਦੌਰਾਨ 20 ਸੀਟਾਂ ’ਤੇ ਪਈਆਂ ਵੋਟਾਂ
ਕਈ ਦਿੱਗਜ਼ ਆਗੂਆਂ ਦਾ ਭਵਿੱਖ ਵੋਟਿੰਗ ਮਸ਼ੀਨਾਂ ’ਚ ਹੋਇਆ ਕੈਦ
ਰਾਏਪੁਰ/ਬਿਊਰੋ ਨਿਊਜ਼ : ਛੱਤੀਸਗੜ੍ਹ ਵਿਧਾਨ ਸਭਾ ਲਈ ਪਹਿਲੇ ਗੇੜ ਦੌਰਾਨ ਅੱਜ ਬੁੱਧਵਾਰ ਨੂੰ 20 ਸੀਟਾਂ ਲਈ ਵੋਟਾਂ ਪਾਈਆਂ ਗਈਆਂ। ਇਨ੍ਹਾਂ 20 ਸੀਟਾਂ ’ਤੇ ਕਈ ਦਿੱਗਜ਼ ਆਗੂਆਂ ਦਾ ਭਵਿੱਖ ਵੋਟਿੰਗ ਮਸ਼ੀਨਾਂ ’ਚ ਕੈਦ ਹੋ ਗਿਆ ਹੈ। ਕਾਂਕੇਰ, ਸੁਕਮਾ, ਮੋਹਲਾ ਅਤੇ ਮਾਨਪੁਰ ਸਮੇਤ 7 ਜ਼ਿਲ੍ਹਿਆਂ ’ਚ 10 ਸੀਟਾਂ ’ਤੇ 3 ਵਜੇ ਵੋਟਿੰਗ ਖਤਮ ਹੋ ਗਈ ਸੀ। ਇਥੇ ਸਵੇਰੇ 7 ਵਜੇ ਤੋਂ ਸ਼ਾਮ 3 ਵਜੇ ਤੱਕ ਵੋਟਾਂ ਪਾਉਣ ਦਾ ਸਮਾਂ ਨਿਸ਼ਚਿਤ ਕੀਤਾ ਗਿਆ ਸੀ। ਜਦਕਿ 4 ਜ਼ਿਲ੍ਹਿਆਂ ਦੀਆਂ 10 ਸੀਟਾਂ ’ਤੇ ਪੰਜ ਵਜੇ ਤੱਕ ਵੋਟਾਂ ਪਾਈਆਂ ਗਈਆਂ। ਬੀਜਾਪੁਰ ਜ਼ਿਲ੍ਹੇ ਦੇ ਭੈਰਵਗੜ੍ਹ ਬਲਾਕ ਦੇ ਸੰਵੇਦਨਸ਼ੀਲ ਪਿੰਡ ਚਿਹਕਾ ’ਚ ਪੋਲਿੰਗ ਬੂਥ ’ਤੇ ਵੋਟ ਪਾਉਣ ਆਏ ਪਿੰਡ ਵਾਸੀਆਂ ਨੇ ਵੋਟ ਪਾਉਣ ਤੋਂ ਬਾਅਦ ਆਪਣੀ ਉਂਗਲ ’ਤੇ ਸਿਆਹੀ ਨਹੀਂ ਲਗਵਾਈ। ਇਥੇ ਨਕਸਲੀਆਂ ਦੇ ਖੌਫ ਦੇ ਚਲਦਿਆਂ ਪਿੰਡ ਵਾਸੀਆਂ ਵੱਲੋਂ ਅਜਿਹਾ ਕੀਤਾ ਗਿਆ। ਉਨ੍ਹਾਂ ਨੇ ਮੀਡੀਆ ਦੇ ਸਾਹਮਣੇ ਆ ਕੇ ਕੁੱਝ ਵੀ ਬੋਲਣ ਤੋਂ ਇਨਕਾਰ ਕਰ ਦਿੱਤਾ। ਉਥੇ ਹੀ ਵੋਟਿੰਗ ਦੌਰਾਨ ਸੁਕਮਾ ਜ਼ਿਲ੍ਹੇ ’ਚ ਨਕਸਲਵਾਦੀਆਂ ਵੱਲੋਂ ਕੀਤੇ ਗਏ ਧਮਾਕੇ ਦੌਰਾਨ ਸੀਆਰਪੀਐਫ ਦਾ ਇਕ ਜਵਾਨ ਵੀ ਜਖਮੀ ਹੋ ਗਿਆ। ਉਧਰ ਮਿਜੋਰਮ ਵਿਧਾਨ ਸਭਾ ਦੀਆਂ 40 ਸੀਟਾਂ ਲਈ ਵੀ ਅੱਜ ਵੋਟਾਂ ਪਾਈਆਂ ਗਈਆਂ। ਇਥੇ 40 ਸੀਟਾਂ ’ਤੇ 174 ਉਮੀਦਵਾਰ ਆਪਣੀ ਕਿਸਮਤ ਅਜਮਾ ਰਹੇ ਹਨ ਜਿਨ੍ਹਾਂ ਵਿਚ 16 ਮਹਿਲਾਵਾਂ ਵੀ ਸ਼ਾਮਲ ਹਨ। ਇਨ੍ਹਾਂ ਚੋਣਾਂ ਦੇ ਨਤੀਜੇ 3 ਦਸੰਬਰ ਨੂੰ ਐਲਾਨੇ ਜਾਣਗੇ।