ਗੁਇਟਰੇਜ਼ ਨਾਲ ਵਾਈਟ ਹਾਊਸ ਵਿਚ ਕੀਤੀ ਮੁਲਾਕਾਤ
ਵਾਸ਼ਿੰਗਟਨ/ਬਿਊਰੋ ਨਿਊਜ਼ : ਵ੍ਹਾਈਟ ਹਾਊਸ ਵਿੱਚ ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਦੇ ਅਹੁਦੇ ਲਈ ਮਨੋਨੀਤ ਅੰਟੋਨੀਓ ਗੁਇਟਰੇਜ਼ ਨਾਲ ਮੁਲਾਕਾਤ ਦੌਰਾਨ ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਨੇ ਕਿਹਾ ਕਿ ਸੰਯੁਕਤ ਰਾਸ਼ਟਰ ਦੂਜੇ ਵਿਸ਼ਵ ਯੁੱਧ ਮਗਰੋਂ ਦੀ ਸਫ਼ਬੰਦੀ ਦਾ ‘ਧੁਰਾ’ ਹੈ। ਆਪਣੇ ਦਫ਼ਤਰ ਵਿੱਚ ਗੁਇਟਰੇਜ਼ ਨਾਲ ਮੁਲਾਕਾਤ ਮਗਰੋਂ ਓਬਾਮਾ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਅਮਰੀਕੀ ਨਜ਼ਰੀਏ ਤੋਂ ਸੰਯੁਕਤ ਰਾਸ਼ਟਰ ਸਾਡੇ ਵੱਲੋਂ ਕੀਤੇ ਜਾਣ ਵਾਲੇ ਤਕਰੀਬਨ ਹਰੇਕ ਕੰਮ ਵਿੱਚ ਅਹਿਮ ਭਾਈਵਾਲ ਹੈ। ਉਨ੍ਹਾਂ ਕਿਹਾ ਕਿ ਡੈਮੋਕਰੇਟਿਕ ਤੇ ਰਿਪਬਲਿਕਨ ਪ੍ਰਸ਼ਾਸਨਾਂ ਰਾਹੀਂ ਸੰਯੁਕਤ ਰਾਸ਼ਟਰ ਨਾਲ ਸਾਡੀ ਭਾਈਵਾਲੀ ਸਾਡੇ ਲਈ ਕਈ ਵਿਵਾਦਾਂ ਨੂੰ ਹੱਲ ਕਰਨ ਵਿੱਚ ਸਹਾਈ ਰਹੀ। ਇਸ ਭਾਈਵਾਲੀ ਰਾਹੀਂ ਅਸੀਂ ਵਿਕਾਸ ਲਈ ਮਦਦ ਅਜਿਹੀ ਥਾਂ ਮੁਹੱਈਆ ਕਰ ਸਕੇ, ਜਿੱਥੇ ਇਸ ਦੀ ਅਸਲ ਵਿੱਚ ਲੋੜ ਸੀ। ਇਸ ਤੋਂ ਇਲਾਵਾ ਵਾਤਾਵਰਣਕ ਚੁਣੌਤੀ ਸਣੇ ਸ਼ਰਨਾਰਥੀਆਂ ਦੇ ਸੰਕਟ ਨਾਲ ਸਿੱਝਣ ਵਿੱਚ ਵੀ ਮਦਦ ਮਿਲੀ। ਗੁਇਟਰੇਜ਼ ਦਾ ਸਵਾਗਤ ਕਰਦਿਆਂ ਰਾਸ਼ਟਰਪਤੀ ਨੇ ਕਿਹਾ ਕਿ ਜਿਸ ਸਮੇਂ ਅਜਿਹੀਆਂ ਚੁਣੌਤੀਆਂ ਵਧ ਰਹੀਆਂ ਹਨ ਅਤੇ ਵਿਸ਼ਵ ਭਰ ਵਿੱਚ ਬੇਯਕੀਨੀ ਹੈ ਤਾਂ ਸੰਯੁਕਤ ਰਾਸ਼ਟਰ ਵਿੱਚ ਸਕੱਤਰ ਜਨਰਲ ਵਰਗਾ ਪ੍ਰਭਾਵਸ਼ਾਲੀ ਸਹਿਯੋਗੀ ਕਾਫੀ ਅਹਿਮ ਹੋਵੇਗਾ। ਸਕੱਤਰ ਜਨਰਲ ਦੇ ਅਹੁਦੇ ਲਈ ਮਨੋਨੀਤ ਗੁਇਟਰੇਜ਼ ਨੇ ਕਿਹਾ ”ਅਸੀਂ ਖ਼ਤਰਨਾਕ ਵਿਸ਼ਵ ਵਿੱਚ ਰਹਿ ਰਹੇ ਹਾਂ। ਸਾਨੂੰ ਸਾਰਿਆਂ ਨੂੰ ਇਹ ਗੱਲ ਪਤਾ ਹੈ। ਅਸੀਂ ਵਿਵਾਦਾਂ ਵਿੱਚ ਕਈ ਗੁਣਾ ਵਾਧਾ ਦੇਖ ਰਹੇ ਹਾਂ। ਪੁਰਾਣੇ ਵਿਵਾਦ ਵੀ ਖ਼ਤਮ ਹੁੰਦੇ ਨਹੀਂ ਜਾਪਦੇ।” ਉਨ੍ਹਾਂ ਕਿਹਾ ਕਿ ਇਹ ਕੌਮਾਂਤਰੀ ਜਥੇਬੰਦੀ ਵਿਵਾਦਾਂ ਦੇ ਹੱਲ ਤੇ ਇਨ੍ਹਾਂ ਨੂੰ ਰੋਕਣ ਦੀ ਆਪਣੀ ਸਮਰੱਥਾ ਕਾਫ਼ੀ ਹੱਦ ਤੱਕ ਗੁਆ ਚੁੱਕੀ ਹੈ।

