ਸੰਘੀ ਅਧਿਕਾਰੀਆਂ ਨੂੰ ਛਾਪਾ ਮਾਰਨ ਤੋਂ ਪਹਿਲਾਂ ਕਾਰਨ ਦੱਸਣ ਲਈ ਕਿਹਾ
ਕੈਲੀਫੋਰਨੀਆ/ਹੁਸਨ ਲੜੋਆ ਬੰਗਾ : ਪੂਰੇ ਦੱਖਣੀ ਕੈਲੀਫੋਰਨੀਆ (ਅਮਰੀਕਾ) ਵਿੱਚ ਇਮੀਗ੍ਰੇਸ਼ਨ ਅਧਿਕਾਰੀਆਂ ਵੱਲੋਂ ਗੈਰ ਕਨੂੰਨੀ ਪ੍ਰਵਾਸੀਆਂ ਨੂੰ ਫੜਨ ਲਈ ਜਨਤਿਕ ਤੇ ਕੰਮ ਵਾਲੀਆਂ ਥਾਵਾਂ ਉਪਰ ਛਾਪੇ ਮਾਰਨ ਕਾਰਨ ਬਣੇ ਬੇਯਕੀਨੀ ਵਾਲੇ ਮਾਹੌਲ ਦੇ ਦਰਮਿਆਨ ਇਕ ਜੱਜ ਨੇ ਆਰਜੀ ਤੌਰ ‘ਤੇ ਪ੍ਰਵਾਸੀਆਂ ਵਿਰੁੱਧ ਕਾਰਵਾਈ ‘ਤੇ ਰੋਕ ਲਾ ਦਿੱਤੀ ਹੈ। ਮਾਨਯੋਗ ਜੱਜ ਨੇ ਦਾਇਰ ਇਕ ਪਟੀਸ਼ਨ ‘ਤੇ ਸੁਣਵਾਈ ਕਰਦਿਆਂ ਸੰਘੀ ਅਧਿਕਾਰੀਆਂ ਨੂੰ ਕਿਹਾ ਹੈ ਕਿ ਲਾਸ ਏਂਜਲਸ ਸਮੇਤ ਕੈਲਫੋਰਨੀਆ ਦੇ ਕੇਂਦਰੀ ਜਿਲੇ ਵਿਚ ਪ੍ਰਵਾਸੀਆਂ ਦੀਆਂ ਗ੍ਰਿਫਤਾਰੀਆਂ ਤੋਂ ਪਹਿਲਾਂ ਇਸ ਸਬੰਧੀ ਉਚਿੱਤ ਕਾਰਨ ਦੱਸਿਆ ਜਾਵੇ। ਜੱਜ ਨੇ ਕਿਹਾ ਕਿ ਜਾਤ, ਨਸਲ, ਧਰਮ ਜਾਂ ਭਾਸ਼ਾ ਦੇ ਆਧਾਰ ‘ਤੇ ਕਿਸੇ ਨੂੰ ਵੀ ਗ੍ਰਿਫਤਾਰ ਨਾ ਕੀਤਾ ਜਾਵੇ।
ਜੱਜ ਦੇ ਇਹ ਆਦੇਸ਼ ਬੀਤੇ ਦਿਨ ਭੰਗ ਦੇ ਇਕ ਫਾਰਮ ਤੋਂ ਅੰਦਾਜਨ 200 ਪ੍ਰਵਾਸੀਆਂ ਦੀ ਗ੍ਰਿਫ਼ਤਾਰੀ ਤੋਂ ਬਾਅਦ ਆਏ ਹਨ। ਬਿਨਾਂ ਕੋਈ ਕਾਰਨ ਦੱਸੇ ਪ੍ਰਵਾਸੀਆਂ ਦੀ ਫੜੋ-ਫੜੀ ਕਾਰਨ ਪ੍ਰਵਾਸੀ ਕਾਮਿਆਂ ਤੇ ਸੰਘੀ ਅਧਿਕਾਰੀਆਂ ਵਿਚਾਲੇ ਟਕਰਾਅ ਵਾਲੇ ਹਾਲਾਤ ਬਣ ਗਏ ਹਨ। ਛਾਪੇ ਦੌਰਾਨ ਸੰਘੀ ਏਜੰਟਾਂ ਉਪਰ ਹਮਲਾ ਹੋਣ ਦੀ ਵੀ ਖਬਰ ਹੈ। ਲਾਸ ਏਂਜਲਸ ਵਿੱਚ ਇਸ ਛਾਪੇਮਾਰੀ ਵਿਰੁੱਧ ਪਦਰਸ਼ਨ ਵੀ ਕੀਤਾ ਗਿਆ ਹੈ ਜਿਸ ਵਿੱਚ ਕਿਰਤੀਆਂ, ਧਾਰਮਿਕ ਆਗੂਆਂ ਤੇ ਪ੍ਰਵਾਸੀ ਹੱਕਾਂ ਦੇ ਅਲੰਬਰਦਾਰਾਂ ਨੇ ਟਰੰਪ ਪ੍ਰਸਾਸ਼ਨ ਦੀ ਕਰੜੀ ਨਿੰਦਾ ਕੀਤੀ ਹੈ। ਲਾਸ ਏਂਜਲਸ ਦੀ ਮੇਅਰ ਕਾਰੇਨ ਬਾਸ ਨੇ ਪ੍ਰਵਾਸੀ ਭਾਈਚਾਰਿਆਂ ਦੇ ਹੱਕਾਂ ਦੀ ਰਾਖੀ ਲਈ ਇਕ ਆਦੇਸ਼ ਉਪਰ ਦਸਤਖਤ ਕੀਤੇ ਹਨ। ਉਨ੍ਹਾਂ ਨੇ ਇਮੀਗ੍ਰਸ਼ੇਨ ਅਧਿਕਾਰੀਆਂ ਉਪਰ ਦੋਸ਼ ਲਾਇਆ ਕਿ ਉਹ ਧੱਕਾ ਕਰ ਰਹੇ ਹਨ ਤੇ ਉਹ ਗੁੰਡਿਆਂ ਵਾਂਗ ਵਿਵਹਾਰ ਕਰ ਰਹੇ ਹਨ।

