12.7 C
Toronto
Saturday, October 18, 2025
spot_img
Homeਦੁਨੀਆਬਰਿੱਕਸ ਸੰਮੇਲਨ 'ਚ ਲਸ਼ਕਰ-ਜੈਸ਼ ਵਰਗੀਆਂ ਅੱਤਵਾਦੀ ਜਥੇਬੰਦੀਆਂ ਦੀ ਨਿੰਦਾ

ਬਰਿੱਕਸ ਸੰਮੇਲਨ ‘ਚ ਲਸ਼ਕਰ-ਜੈਸ਼ ਵਰਗੀਆਂ ਅੱਤਵਾਦੀ ਜਥੇਬੰਦੀਆਂ ਦੀ ਨਿੰਦਾ

ਅੱਤਵਾਦ ਖਿਲਾਫ ਲੜਨ ਦਾ ਲਿਆ ਅਹਿਦ
ਸ਼ਿਆਮਨ : ਭਾਰਤ ਨੂੰ ਉਸ ਸਮੇਂ ਅਹਿਮ ਕੂਟਨੀਤਕ ਜਿੱਤ ਮਿਲੀ ਜਦੋਂ ਬਰਿੱਕਸ ਮੁਲਕਾਂ ਨੇ ਲਸ਼ਕਰ-ਏ-ਤੋਇਬਾ ਅਤੇ ਜੈਸ਼-ਏ-ਮੁਹੰਮਦ ਵਰਗੀਆਂ ਪਾਕਿਸਤਾਨ ਆਧਾਰਿਤ ਦਹਿਸ਼ਤੀ ਜਥੇਬੰਦੀਆਂ ਵੱਲੋਂ ਖ਼ਿੱਤੇ ਵਿਚ ਹਿੰਸਾ ਫੈਲਾਉਣ ਲਈ ਪਹਿਲੀ ਵਾਰ ਨਾਮ ਲਿਆ। ਚੀਨ ਦੀ ਹਾਜ਼ਰੀ ਵਿਚ ਬਰਿੱਕਸ ਮੁਲਕਾਂ ਨੇ ਕਿਹਾ ਕਿ ਜਿਹੜੇ ਦਹਿਸ਼ਤੀ ਕਾਰਵਾਈਆਂ ਨੂੰ ਹਮਾਇਤ ਦੇ ਰਹੇ ਹਨ, ਉਨ੍ਹਾਂ ਨੂੰ ਜਵਾਬਦੇਹ ਮੰਨਿਆ ਜਾਣਾ ਚਾਹੀਦਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਲ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ, ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ, ਬ੍ਰਾਜ਼ੀਲ ਰਾਸ਼ਟਰਪਤੀ ਮਾਈਕਲ ਟੇਮਰ ਅਤੇ ਦੱਖਣੀ ਅਫ਼ਰੀਕਾ ਦੇ ਰਾਸ਼ਟਰਪਤੀ ਜੈਕਬ ਜ਼ੁਮਾ ਨੇ ਅਜਿਹੀਆਂ ਜਥੇਬੰਦੀਆਂ ਦੀ ਦਹਿਸ਼ਤੀ ਸਰਗਰਮੀਆਂ ਦੀ ਤਿੱਖੇ ਸ਼ਬਦਾਂ ਵਿਚ ਨਿਖੇਧੀ ਕਰਦਿਆਂ ਇਸ ਆਫ਼ਤ ਨਾਲ ਇਕਜੁੱਟ ਹੋ ਕੇ ਲੜਨ ਦੀ ਵਚਨਬੱਧਤਾ ਪ੍ਰਗਟਾਈ। ਬਰਿੱਕਸ ਸੰਮੇਲਨ ਦੇ ਅਖੀਰ ‘ਤੇ 43 ਸਫ਼ਿਆਂ ਦਾ ‘ਸ਼ਿਆਮਨ ਐਲਾਨਨਾਮਾ’ ਅਪਣਾਇਆ ਗਿਆ ਅਤੇ ਅਫ਼ਗਾਨਿਸਤਾਨ ਵਿਚ ਹਿੰਸਾ ਤੁਰੰਤ ਰੋਕਣ ਦੀ ਲੋੜ ‘ਤੇ ਜ਼ੋਰ ਦਿੱਤਾ ਗਿਆ। ਐਲਾਨਨਾਮੇ ਵਿਚ ਦਹਿਸ਼ਤੀ ਜਥੇਬੰਦੀਆਂ ਲਸ਼ਕਰ-ਏ-ਤੋਇਬਾ, ਜੈਸ਼-ਏ-ਮੁਹੰਮਦ, ਤਹਿਰੀਕ-ਏ-ਤਾਲਿਬਾਨ ਪਾਕਿਸਤਾਨ, ਹੱਕਾਨੀ ਨੈੱਟਵਰਕ, ਹਿਜ਼ਬ ਉਤ-ਤਹਿਰੀਰ, ਤਾਲਿਬਾਨ, ਇਸਲਾਮਿਕ ਸਟੇਟ, ਅਲ ਕਾਇਦਾ ਅਤੇ ਇਸ ਦੀਆਂ ਸਹਾਇਕ ਜਥੇਬੰਦੀਆਂ ਪੂਰਬੀ ਤੁਰਕਿਸਤਾਨ ਇਸਲਾਮਿਕ ਮੂਵਮੈਂਟ ਅਤੇ ਇਸਲਾਮਿਕ ਮੂਵਮੈਂਟ ਆਫ਼ ਉਜ਼ਬੇਕਿਸਤਾਨ ਦਾ ਜ਼ਿਕਰ ਕੀਤਾ ਗਿਆ ਹੈ ਅਤੇ ਇਨ੍ਹਾਂ ਵੱਲੋਂ ਖ਼ਿੱਤੇ ‘ਚ ਫੈਲਾਈ ਜਾਂਦੀ ਹਿੰਸਾ ਕਾਰਨ ਸੁਰੱਖਿਆ ਹਾਲਾਤ ‘ਤੇ ਉਚੇਚੇ ਤੌਰ ‘ਤੇ ਚਿੰਤਾ ਜਤਾਈ ਗਈ। ਜ਼ਿਕਰਯੋਗ ਹੈ ਕਿ ਪੂਰਬੀ ਤੁਰਕਿਸਤਾਨ ਇਸਲਾਮਿਕ ਮੂਵਮੈਂਟ ਚੀਨ ਦੇ ਸ਼ਿਨਜਿਆਂਗ ਉਇਗਰ ਖੁਦਮੁਖਤਿਆਰ ਖ਼ਿੱਤੇ ઠਵਿਚ ਸਰਗਰਮ ਹੈ ਅਤੇ ਉਹ ਵੱਖਰਾ ਪੂਰਬੀ ਤੁਰਕਿਸਤਾਨ ਸਥਾਪਤ ਕਰਨ ਦੀ ਮੰਗ ਕਰ ਰਹੇ ਹਨ। 9ਵੇਂ ਸਿਖਰ ਸੰਮੇਲਨ ਦੌਰਾਨ ਬਰਿਕਸ ਆਗੂਆਂ ਨੇ ਹਰ ਤਰ੍ਹਾਂ ਦੀ ਦਹਿਸ਼ਤਗਰਦੀ ਦੀ ਨਿਖੇਧੀ ਕਰਦਿਆਂ ਜ਼ੋਰ ਦਿੱਤਾ ਕਿ ਦਹਿਸ਼ਤਗਰਦੀ ਦੀ ਕਿਸੇ ਵੀ ਕਾਰਵਾਈ ਨੂੰ ਜਾਇਜ਼ ਨਹੀਂ ਠਹਿਰਾਇਆ ਜਾ ਸਕਦਾ। ਬਰਿਕਸ ਨੇ ਕੌਮਾਂਤਰੀ ਕਾਨੂੰਨ ਦੇ ਸਿਧਾਂਤਾਂ ਮੁਤਾਬਕ ਆਪਸੀ ਸਹਿਯੋਗ ਦੀ ਲੋੜ ‘ਤੇ ਜ਼ੋਰ ਦਿੱਤਾ। ਅਧਿਕਾਰੀਆਂ ਮੁਤਾਬਕ ਮੋਦੀ ਨੇ ਦਹਿਸ਼ਤਗਰਦੀ ਦਾ ਮੁੱਦਾ ਜ਼ੋਰਦਾਰ ਢੰਗ ਨਾਲ ਉਠਾਇਆ ਜਿਸ ਦੀ ਹੋਰ ਆਗੂਆਂ ਨੇ ਹਮਾਇਤ ਕੀਤੀ।

 

RELATED ARTICLES
POPULAR POSTS