16.7 C
Toronto
Saturday, May 30, 2026
spot_img
Homeਦੁਨੀਆਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਪੈਰਿਸ ਵਾਤਾਵਰਣ ਸਮਝੌਤੇ ਤੋਂ ਬਾਹਰ ਆਉਣ ਬਾਰੇ ਆਦੇਸ਼...

ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਪੈਰਿਸ ਵਾਤਾਵਰਣ ਸਮਝੌਤੇ ਤੋਂ ਬਾਹਰ ਆਉਣ ਬਾਰੇ ਆਦੇਸ਼ ਜਾਰੀ

ਪਹਿਲੇ ਦਿਨ ਬਾਈਡਨ ਕਾਰਜਕਾਲ ਦੌਰਾਨ ਜਾਰੀ ਹੋਏ 78 ਆਦੇਸ਼ ਕੀਤੇ ਰੱਦ
ਸੈਕਰਾਮੈਂਟੋ, ਕੈਲੀਫੋਰਨੀਆ/ਹੁਸਨ ਲੜੋਆ ਬੰਗਾ : ਅਮਰੀਕਾ ਦੇ 47ਵੇਂ ਰਾਸ਼ਟਰਪਤੀ ਵਜੋਂ ਸਹੁੰ ਚੁੱਕਣ ਉਪਰੰਤ ਡੋਨਾਲਡ ਟਰੰਪ ਨੇ ਇਕ ਆਦੇਸ਼ ਜਾਰੀ ਕਰਕੇ ਪੈਰਿਸ ਵਾਤਾਵਰਣ ਸਮਝੌਤੇ ਤੋਂ ਬਾਹਰ ਆਉਣ ਦਾ ਐਲਾਨ ਕੀਤਾ ਹੈ।
ਆਪਣੇ ਪਹਿਲੇ ਕਾਰਜਕਾਲ ਦੌਰਾਨ 2017 ਵਿਚ ਵੀ ਟਰੰਪ ਨੇ ਪੈਰਿਸ ਵਾਤਾਵਰਣ ਸਮਝੌਤੇ ਨਾਲੋਂ ਨਾਤਾ ਤੋੜ ਲਿਆ ਸੀ ਪਰੰਤੂ 4 ਸਾਲ ਪਹਿਲਾਂ ਜੋ ਬਾਈਡਨ ਨੇ ਰਾਸ਼ਟਰਪਤੀ ਬਣਦਿਆਂ ਹੀ ਮੁੜ ਪੈਰਿਸ ਸਮਝੌਤੇ ਵਿਚ ਸ਼ਾਮਿਲ ਹੋਣ ਦਾ ਆਦੇਸ਼ ਜਾਰੀ ਕੀਤਾ ਸੀ। ਡੋਨਾਲਡ ਟਰੰਪ ਨੇ ਪਹਿਲੇ ਦਿਨ ਜਾਰੀ ਵੱਖ-ਵੱਖ ਆਦੇਸ਼ਾਂ ਵਿਚ ਬਾਈਡਨ ਕਾਰਜਕਾਲ ਦੌਰਾਨ ਜਾਰੀ ਹੋਏ 78 ਆਦੇਸ਼ਾਂ ਨੂੰ ਰੱਦ ਕਰ ਦਿੱਤਾ ਹੈ। ਟਰੰਪ ਨੇ ਜਾਰੀ ਇਕ ਲਏ ਅਹਿਮ ਫੈਸਲੇ ਵਿਚ ”ਬਿਜਲਈ ਵਾਹਣ ਆਦੇਸ਼” ਰੱਦ ਕਰ ਦਿੱਤਾ ਹੈ।
ਟਰੰਪ ਵੱਲੋਂ ਜਾਰੀ ਆਦੇਸ਼ਾਂ ਤੋਂ ਸਪੱਸ਼ਟ ਹੈ ਕਿ ਅਮਰੀਕਾ ਵਿਚ ਵੱਡੀ ਪੱਧਰ ‘ਤੇ ਬਦਲਾਅ ਵੇਖਣ ਨੂੰ ਮਿਲਣਗੇ। ਟਰੰਪ ਨੇ ਆਪਣੇ ਸਹੁੰ ਚੁੱਕ ਸਮਾਗਮ ਵਿਚ ਕਿਹਾ ਹੈ ਕਿ ਅਮਰੀਕਾ ਆਪਣੀ ਸਨਅਤ ਨੂੰ ਮਜ਼ਬੂਤ ਕਰੇਗਾ ਜਦ ਕਿ ਚੀਨ ਆਪਣੇ ਸਵਾਰਥ ਲਈ ਕੰਮ ਕਰ ਰਿਹਾ ਹੈ। ਇਸੇ ਹੀ ਦਿਸ਼ਾ ਵਿਚ ਕਦਮ ਚੁੱਕਦਿਆਂ ਟਰੰਪ ਨੇ ਊਰਜਾ ਖੇਤਰ ਵਿਚ ਕੌਮੀ ਹੰਗਾਮੀ ਸਥਿਤੀ ਦਾ ਐਲਾਨ ਕੀਤਾ ਹੈ। ਟਰੰਪ ਕੱਚਾ ਤੇਲ ਤੇ ਹੋਰ ਊਰਜਾ ਸਮੱਗਰੀ ਦਾ ਘਰੇਲੂ ਉਤਪਾਦਨ ਵਧਾਉਣਗੇ। ਹਾਲਾਂਕਿ ਵਾਈਟ ਹਾਊਸ ਦਾ ਕਹਿਣਾ ਹੈ ਕਿ ਪਿਛਲੇ ਸਾਲ ਦੀ ਤੁਲਣਾ ਵਿਚ ਪਹਿਲਾਂ ਹੀ ਕੱਚੇ ਤੇਲ ਦਾ ਘਰੇਲੂ ਉਤਪਾਦਨ ਉਚਾਈਆਂ ਛੂਹ ਰਿਹਾ ਹੈ। ਇਕ ਹੋਰ ਆਦੇਸ਼ ਤਹਿਤ ਅਲਾਸਕਾ ਵਿਚ ਦੁਬਾਰਾ ਕੱਚਾ ਤੇਲ ਕੱਢਣ ਲਈ ਕਾਰਵਾਈ ਸ਼ੁਰੂ ਹੋਵੇਗੀ ਜਦ ਕਿ ਬਾਈਡਨ ਨੇ ਰਾਜ ਵਿਚ ਤੇਲ ਤੇ ਗੈਸ ਕੱਢੇ ਜਾਣ ਦੀ ਮਾਤਰਾ ਨੂੰ ਸੀਮਿਤ ਕਰ ਦਿੱਤਾ ਸੀ।
ਹੋਰ ਜਾਰੀ ਆਦੇਸ਼ਾਂ ਵਿਚ ਟਰੰਪ ਨੇ ਨਵੇਂ ਸੰਘੀ ਨਿਯਮ ਬਣਾਉਣ ਤੇ ਨਵੇਂ ਸੰਘੀ ਵਰਕਰ ਭਰਤੀ ਕਰਨ ਉਪਰ ਰੋਕ ਲਗਾ ਦਿੱਤੀ ਹੈ। ਉਨ੍ਹਾਂ ਨੇ ਸੰਘੀ ਮੁਲਾਜ਼ਮਾਂ ਨੂੰ ਨਿੱਜੀ ਤੌਰ ‘ਤੇ ਕੰਮ ਉਪਰ ਹਾਜ਼ਰ ਹੋਣ ਦਾ ਆਦੇਸ਼ ਦਿੱਤਾ ਹੈ। ਟਰੰਪ ਨੇ ਖਪਤਕਾਰਾਂ ਨੂੰ ਮਹਿੰਗਾਈ ਤੋਂ ਰਾਹਤ ਦੇਣ ਦੇ ਮਕਸਦ ਨਾਲ ਮੁਦਰਾਸਫੀਤੀ ਬਾਰੇ ਇਕ ਮੰਗ ਪੱਤਰ ਉਪਰ ਵੀ ਦਸਤਖਤ ਕੀਤੇ ਹਨ। ਵਾਈਟ ਹਾਊਸ ਅਨੁਸਾਰ ਇਸ ਨਾਲ ਖਪਤਕਾਰੀ ਵਸਤਾਂ ਦੀਆਂ ਕੀਮਤਾਂ ਹੇਠਾਂ ਲਿਆਉਣ ਲਈ ਸਰਕਾਰੀ ਪੱਧਰ ‘ਤੇ ਕੰਮ ਸ਼ੁਰੂ ਹੋਵੇਗਾ।
ਰਾਜਸੀ ਮਾਹਿਰਾਂ ਦਾ ਮੰਨਣਾ ਹੈ ਕਿ ਟਰੰਪ ਦੁਆਰਾ ਜਾਰੀ ਕਈ ਆਦੇਸ਼ ਵਿਵਾਦਤ ਹਨ ਜਿਨਾਂ ਦਾ ਡੈਮਕਰੈਟਸ ਤੇ ਹੋਰਨਾਂ ਵੱਲੋਂ ਵਿਰੋਧ ਕੀਤਾ ਜਾਵੇਗਾ।

RELATED ARTICLES
POPULAR POSTS