Breaking News
Home / Special Story / ਕਾਲੇ ਧਨ ਖਿਲਾਫ ਮੋਦੀ ਸਰਕਾਰ ਦੀ ਸਰਜੀਕਲ ਸਟ੍ਰਾਈਕ

ਕਾਲੇ ਧਨ ਖਿਲਾਫ ਮੋਦੀ ਸਰਕਾਰ ਦੀ ਸਰਜੀਕਲ ਸਟ੍ਰਾਈਕ

Newly appointed SGPC Chief Kirpal Singh Badungar b500 ਤੇ 1000 ਦੇ ਨੋਟ ਬੰਦ
ਆਜ਼ਾਦੀ ਪਿੱਛੋਂ ਕਾਲੇ ਧਨ ਤੇ ਭ੍ਰਿਸ਼ਟਾਚਾਰ ਖਿਲਾਫ ਸਰਕਾਰ ਦਾ ਸਭ ਤੋਂ ਵੱਡਾ ਕਦਮ
ਐਮਰਜੈਂਸੀ ਸੇਵਾਵਾਂ ਲਈ 11 ਨਵੰਬਰ ਤੱਕ ਚੱਲਦੇ ਰਹਿਣਗੇ ਪੁਰਾਣੇ ਨੋਟ
ਨਵੇਂ ਰੰਗਾਂ ਦੇ ਨਵੇਂ ਨੋਟਾਂ ‘ਤੇ ਮੰਗਲਯਾਨ ਤੇ ਲਾਲ ਕਿਲ੍ਹੇ ਦੀ ਹੋਵੇਗੀ ਤਸਵੀਰ
ਨਵੀਂ ਦਿੱਲੀ/ਬਿਊਰੋ ਨਿਊਜ਼
ਠੀਕ 15 ਦਿਨ ਪਹਿਲਾਂ ਵਡੋਦਰਾ ਵਿਚ ਇਕ ਸਮਾਗਮ ‘ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਸੀ, ‘ਕੀ ਹੋਵੇ ਜੇ ਕਾਲੇ ਧਨ ਵਿਰੁੱਧ ਵੀ ਇਕ ਸਰਜੀਕਲ ਸਟ੍ਰਾਈਕ ਹੋ ਜਾਵੇ।’ ਉਦੋਂ ਕਿਸੇ ਨੂੰ ਉਨ੍ਹਾਂ ਦੀ ਮਨਸ਼ਾ ਦਾ ਪਤਾ ਨਹੀਂ ਚੱਲ ਰਿਹਾ ਸੀ। ਪਰ ਮੰਗਲਵਾਰ ਨੂੰ ਰਾਤ ਅੱਠ ਵਜੇ ਜਦੋਂ ਪ੍ਰਧਾਨ ਮੰਤਰੀ ਨੇ ਅਚਾਨਕ ਹੀ ਰਾਸ਼ਟਰ ਨੂੰ ਸੰਬੋਧਨ ਕਰਦਿਆਂ ਅੱਧੀ  ਰਾਤ ਤੋਂ ਦੇਸ਼ ਵਿਚ 500 ਤੇ 1000 ਰੁਪਏ ਦੇ ਨੋਟਾਂ ਨੂੰ ਖ਼ਤਮ ਕਰਨ ਦਾ ਐਲਾਨ ਕੀਤਾ, ਉਦੋਂ ਉਨ੍ਹਾਂ ਦੀ ਗੱਲ ਦੀ ਡੂੰਿਘਆਈ ਦਾ ਪਤਾ ਲੱਗਾ। ਕਾਲੇ ਧਨ ਅਤੇ ਭ੍ਰਿਸ਼ਟਾਚਾਰ ਨੂੰ ਵੱਡਾ ਚੋਣ ਮੁੱਦਾ ਬਣਾ ਕੇ ਸੱਤਾ ਵਿਚ ਆਈ ਐੱਨਡੀਏ ਸਰਕਾਰ ਵੱਲੋਂ ਚੁੱਕੇ ਗਏ ਇਸ ਕਦਮ ਨੂੰ ਆਜ਼ਾਦੀ ਤੋਂ ਬਾਅਦ ਦੇਸ਼ ਵਿਚ ਭ੍ਰਿਸ਼ਟਾਚਾਰ ਤੇ ਕਾਲੇ ਧਨ ਦੇ ਖ਼ਾਤਮੇ ਲਈ ਚੁੱਕਿਆ ਗਿਆ ਸਭ ਤੋਂ ਅਹਿਮ ਕਦਮ ਦੱਸਿਆ ਜਾ ਰਿਹਾ ਹੈ।
ਮੋਦੀ ਨੇ ਇਸ ਬਾਰੇ ਐਲਾਨ ਕਰਦਿਆਂ ਕਿਹਾ ਕਿ ਹੁਣ ਪੰਜ ਸੌ ਰੁਪਏ ਅਤੇ ਇਕ ਹਜ਼ਾਰ ਰੁਪਏ ਦੇ ਨੋਟ ਸਿਰਫ਼ ਕਾਗ਼ਜ਼ ਦੇ ਟੁੱਕੜੇ ਹਨ। ਹੁਣ ਦੇਸ਼ ਵਿਚ ਸਿਰਫ 100 ਰੁਪਏ, 50 ਰੁਪਏ, 20 ਰੁਪਏ, 10 ਰੁਪਏ, ਪੰਜ ਰੁਪਏ, ਦੋ ਰੁਪਏ ਦੇ ਨੋਟਾਂ ਤੋਂ ਇਲਾਵਾ ਇਨ੍ਹਾਂ ਤੋਂ ਛੋਟੀ ਕੀਮਤ ਵਾਲੇ ਸਿੱਕੇ ਚੱਲਦੇ ਰਹਿਣਗੇ। ਉਂਜ ਸਰਕਾਰ ਨਵੇਂ 500 ਤੇ 2000 ਰੁਪਏ ਦੇ ਨੋਟ ਬਾਜ਼ਾਰ ਵਿਚ ਚਲਾਉਣ ਦੀ ਤਿਆਰੀ ਕਰ ਚੁੱਕੀ ਹੈ। ਨਵੀਂ ਵਿਵਸਥਾ ਤਹਿਤ ਤਿਆਰੀਆਂ ਲਈ ਬੈਂਕਾਂ ਨੂੰ ਬੁੱਧਵਾਰ ਤੇ ਵੀਰਵਾਰ (9 ਨਵੰਬਰ) ਨੂੰ ਬੰਦ ਕਰਨ ਦਾ ਫ਼ੈਸਲਾ ਲਿਆ ਗਿਆ, ਜਦਕਿ ਬੁੱਧਵਾਰ ਅਤੇ ਵੀਰਵਾਰ (9-10) ਨਵੰਬਰ ਨੂੰ ਦੇਸ਼ ਦੇ ਏਟੀਐੱਮ ਵੀ ਬੰਦ ਰੱਖਣ ਦਾ ਫੈਸਲਾ ਲਿਆ। ਇਸ ਤੋਂ ਬਾਅਦ ਏਟੀਐੱਮ ਖੁੱਲ੍ਹਣਗੇ ਪਰ ਲੋਕਾਂ ਨੂੰ ਸਿਰਫ ਚਾਰ ਹਜ਼ਾਰ ਰੁਪਏ ਤੱਕ ਹੀ ਕਢਵਾਉਣ ਦੀ ਛੋਟ ਹੋਵੇਗੀ। ਮੋਦੀ ਨੇ ਇਸ ਕਦਮ ਨਾਲ ਆਮ ਜਨਤਾ ਨੂੰ ਪੈਦਾ ਹੋਣ ਵਾਲੀਆਂ ਸਮੱਸਿਆਵਾਂ ਅਤੇ ਹਫੜਾ ਦਫੜੀ ਤੋਂ ਬਚਣ ਲਈ ਕਈ ਕਦਮਾਂ ਦਾ ਐਲਾਨ ਕੀਤਾ।
ਫੈਸਲੇ ਨਾਲ ਹਰ ਪਾਸੇ ਮਚੀ ਹਲਚਲ
ਨਵੀਂ ਦਿੱਲੀ : ਪੰਜ ਸੌ ਅਤੇ ਹਜ਼ਾਰ ਦੇ ਨੋਟਾਂ ਨੂੰ ਲੈ ਕੇ ਨਰਿੰਦਰ ਮੋਦੀ ਦੇ ਸੰਬੋਧਨ ਦੇ ਨਾਲ ਹੀ ਦੇਸ਼ ਭਰ ਵਿਚ ਅਜੀਬ ਜਿਹੀ ਹਲਚਲ ਸ਼ੁਰੂ ਹੋ ਗਈ। ਵੱਡੇ ਸ਼ਹਿਰਾਂ ਤੋਂ ਲੈ ਕੇ ਛੋਟੇ ਪਿੰਡਾਂ ਤੱਕ ਹਰ ਕੋਈ ਆਪਣੇ ਕੋਲ ਮੌਜੂਦ ਅਜਿਹੇ ਨੋਟਾਂ ਨੂੰ ਹਿਸਾਬ ਕਿਤਾਬ ਕਰਨ ਅਤੇ ਆਪਣੇ ਨਜ਼ਦੀਕੀਆਂ ਨੂੰ ਇਸ ਦੀ ਸੂਚਨਾ ਦੇਣ ਵਿਚ ਰੁਝ ਗਿਆ। ਸਭ ਤੋਂ ਵੱਧ ਹਲਚਲ ਬਾਜ਼ਾਰਾਂ, ਹਸਪਤਾਲਾਂ, ਸਟੇਸ਼ਨਾਂ ਤੇ ਏਟੀਐਮ ਮਸ਼ੀਨਾਂ ਦੇ ਆਸ ਪਾਸ ਨਜ਼ਰ ਆਈ। ਲੋਕਾਂ ਵਿਚ ਭਰਮ ਦਾ ਮਾਹੌਲ ਰਿਹਾ। ਲੋਕ ਟੀਵੀ ਤੇ ਮੋਬਾਇਲਾਂ ਨਾਲ ਚਿਪਕੇ ਵੀ ਵੇਖੇ ਗਏ। ਬਾਜ਼ਾਰ ਵਿਚ ਖਰੀਦਦਾਰੀ ਕਰਨ ਨਿਕਲੇ ਲੋਕਾਂ, ਹਸਪਤਾਲਾਂ ‘ਚ ਮੌਜੂਦ ਮਰੀਜ਼ਾਂ ਤੇ ਤਮੀਰਦਾਰਾਂ ਅਤੇ ਯਾਤਰਾ ਕਰ ਰਹੇ ਲੋਕਾਂ ਨੂੰ ਸਭ ਤੋਂ ਜ਼ਿਆਦਾ ਮੁਸ਼ਕਲ ਪੇਸ਼ ਆਈ। ਅਚਾਨਕ ਜਦੋਂ ਕੁਝ ਦੁਕਾਨਦਾਰਾਂ ਨੇ ਗਾਹਕਾਂ ਤੋਂ ਵੱਡੇ ਨੋਟ ਲੈਣ ਤੋਂ ਇਨਕਾਰ ਕਰਨਾ ਸ਼ੁਰੂ ਕਰ ਦਿੱਤਾ ਤਾਂ ਕਈ ਥਾਂ ਲੋਕ ਉਲਝਦੇ ਵੀ ਨਜ਼ਰ ਆਏ। ਇਸੇ ਦੌਰਾਨ ਸੋਸ਼ਲ ਮੀਡੀਆ ‘ਤੇ ਵੀ ਸਰਕਾਰ ਦੇ ਇਸ ਫੈਸਲੇ ਨੂੰ ਲੈ ਕੇ ਟੀਕਾ ਟਿੱਪਣੀਆਂ ਦਾ ਜ਼ੋਰ ਰਿਹਾ। ਕਿਸੇ ਨੇ ਫੈਸਲੇ ਦੀ ਸ਼ਲਾਘਾ ਕੀਤੀ ਤੇ ਕਿਸੇ ਨੇ 500 ਤੇ 1000 ਦੇ ਨੋਟਾਂ ਦੀ ਵੁੱਕਤ ਖਤਮ ਹੋਣ ਬਾਰੇ ਵਿਅੰਗ ਕੱਸੇ।
ਤੁਸੀਂ ਕੀ ਕਰ ਸਕਦੇ ਹੋ?
: 50 ਦਿਨਾਂ (10 ਨਵੰਬਰ ਤੋਂ 30 ਦਸੰਬਰ) ਤੱਕ 500 ਅਤੇ 1000 ਰੁਪਏ ਦੇ ਨੋਟ ਬੈਂਕਾਂ ਜਾਂ ਡਾਕ ਘਰ ‘ਚ ਜਮ੍ਹਾਂ ਕਰਵਾ ਸਕਦੇ ਹਨ।
: 11 ਨਵੰਬਰ ਅੱਧੀ ਰਾਤ ਤੱਕ ਸਰਕਾਰੀ ਹਸਪਤਾਲ ‘ਚ 500 ਤੋਂ 1000 ਰੁਪਏ ਦੇ ਨੋਟ ਲਏ ਜਾਣਗੇ।
: ਕੁਝ ਦਿਨ ਤੱਕ ਏਟੀਐਮ ਤੋਂ ਰੋਜ਼ਾਨਾ ਸਿਰਫ 2000 ਰੁਪਏ ਤੱਕ ਦੀ ਨਕਦੀ ਕੱਢੀ ਜਾ ਸਕੇਗੀ। ਇਸਦੇ ਬਾਅਦ ਇਸ ਹੱਦ ਨੂੰ ਵਧਾ ਕੇ 4000 ਰੁਪਏ ਤੱਕ ਕੀਤਾ ਜਾਵੇਗਾ।
: ਚੈਕ, ਡਰਾਫਟ, ਡੀਡੀ, ਕਰੈਡਿਟ ਤੇ ਡੈਬਿਟ ਕਾਰਡ ਰਾਹੀਂ ਭੁਗਤਾਨ ਸਹੂਲਤ ਪਹਿਲਾਂ ਦੀ ਤਰ੍ਹਾਂ ਰਹੇਗੀ।
ਰਾਸ਼ਟਰਪਤੀ ਮੁਖਰਜੀ ਵੱਲੋਂ ਫ਼ੈਸਲੇ ਦਾ ਸਵਾਗਤ
ਨਵੀਂ ਦਿੱਲੀ: ਰਾਸ਼ਟਰਪਤੀ ਭਵਨ ਵੱਲੋਂ ਜਾਰੀ ਬਿਆਨ ਮੁਤਾਬਕ ਰਾਸ਼ਟਰਪਤੀ ਪ੍ਰਣਬ ਮੁਖਰਜੀ ਨੇ ਸਰਕਾਰ ਦੇ ਇਸ ਸਖ਼ਤ ਕਦਮ ਦਾ ਸਵਾਗਤ ਕਰਦਿਆਂ ਕਿਹਾ ਕਿ ਇਸ ਨਾਲ ਕਾਲੇ ਧਨ ਦੇ ਖ਼ੁਲਾਸੇ ਵਿਚ ਵੱਡੀ ਸਹਾਇਤਾ ਮਿਲੇਗੀ।
ਆਮ ਲੋਕਾਂ ਲਈ ਮੁਸ਼ਕਲ: ਰਣਦੀਪ ਸੂਰਜੇਵਾਲਾ
ਨਵੀਂ ਦਿੱਲੀ: ਕਾਂਗਰਸ ਦੇ ਬੁਲਾਰੇ ਰਣਦੀਪ ਸਿੰਘ ਸੁਰਜੇਵਾਲਾ ਨੇ ਸਰਕਾਰ ਵੱਲੋਂ ਅਚਾਨਕ 500 ਅਤੇ 1000 ਰੁਪਏ ਦੇ ਨੋਟਾਂ ਨੂੰ ਬੰਦ ਕਰਨ ਦੇ ਫ਼ੈਸਲੇ ‘ਤੇ ਕਈ ਸਵਾਲ ਉਠਾਏ ਹਨ। ਉਨ੍ਹਾਂ ਕਿਹਾ ਹੈ ਕਿ ਇਸ ਨਾਲ ਆਮ ਲੋਕਾਂ ਦੇ ਨਾਲ-ਨਾਲ ਵਪਾਰੀਆਂ, ਛੋਟੇ ਕਾਰੋਬਾਰੀਆਂ ਅਤੇ ਗ੍ਰਹਿਣੀਆਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਕੇਜਰੀਵਾਲ ਵੱਲੋਂ ਰੀਟਵੀਟ
ਨਵੀਂ ਦਿੱਲੀ: ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕੇਂਦਰ ਸਰਕਾਰ ਵੱਲੋਂ ਪੰਜ ਸੌ ਅਤੇ ਇੱਕ ਹਜ਼ਾਰ ਰੁਪਏ ਦੇ ਨੋਟ ਬੰਦ ਕਰਨ ‘ਤੇ ਆਪਣਾ ਕੋਈ ਪ੍ਰਤੀਕਰਮ ਨਹੀਂ ਪ੍ਰਗਟਾਇਆ ਪ੍ਰੰਤੂ ਉਨ੍ਹਾਂ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਵੱਲੋਂ ਕੀਤੀ ਟਿੱਪਣੀ, ਜਿਸ ਵਿੱਚ ਉਸ ਨੇ ਇਸ ਕਦਮ ਨੂੰ ‘ਅੱਤਿਆਚਾਰੀ’ ਕਰਾਰ ਦਿੱਤਾ, ਨੂੰ ਰੀਟਵੀਟ ਕੀਤਾ ਹੈ।
ਇਸ ਤਰ੍ਹਾਂ ਦੇ ਹੋਣਗੇ ਨਵੇਂ ਨੋਟ
ਪੰਜਾਬ ਤੇ ਯੂਪੀ ਚੋਣਾਂ ‘ਤੇ ਇਸ ਫੈਸਲੇ ਦਾ ਪਵੇਗਾ ਅਸਰ
ਕੇਂਦਰ ਸਰਕਾਰ ਦੀ 500 ਤੇ 1000 ਦੀ ਕਰੰਸੀ ਨੋਟ ਬੰਦ ਕਰਨ ਦੇ ਫੈਸਲੇ ਦਾ ਅਸਰ ਪੰਜਾਬ ਚੋਣਾਂ ਵਿਚ ਖਰਚ ਹੋਣ ਵਾਲੇ ਕਾਲੇ ਧਨ ‘ਤੇ ਵੀ ਪਵੇਗਾ। ਪਿਛਲੀ ਵਾਰ 18 ਕਰੋੜ ਦੇ ਲਗਭਗ ਕਾਲਾ ਧਨ ਪੁਲਿਸ ਨੇ ਫੜਿਆ ਸੀ, ਜੋ ਪੰਜਾਬ ਵਿਚ ਖਰਚ ਹੋਣਾ ਸੀ। ਇਸੇ ਤਰ੍ਹਾਂ 12 ਕਰੋੜ ਰੁਪਏ ਦੇ ਲਗਭਗ ਕਾਲਾ ਧਨ ਯੂਪੀ ‘ਚ ਵੀ ਬਰਾਮਦ ਹੋਇਆ ਸੀ। ਪੰਜਾਬ ਦੀਆਂ ਚੋਣਾਂ ਵਿਚ ਹਰ ਵਾਰ ਮਨੀ ਪਾਵਰ ਦੀ ਵਰਤੋਂ ਕਰਕੇ ਵੋਟਾਂ ਖਰੀਦਣ ਦੇ ਦੋਸ਼ ਲੱਗਦੇ ਰਹੇ ਹਨ।   ਅਜਿਹੀ ਵੀ ਚਰਚਾ ਸੀ ਕਿ ਕਈ ਸੰਭਾਵੀ ਉਮੀਦਵਾਰਾਂ ਨੇ ਆਪਣੇ ਘਰਾਂ ਵਿਚ ਵੱਡੀ ਗਿਣਤੀ ਵਿਚ ਵੋਟਾਂ ਖਰੀਦਣ ਲਈ ਪੈਸਾ ਇਕੱਠਾ ਕੀਤਾ ਹੋਇਆ ਹੈ।
ਪ੍ਰੋ. ਕਿਰਪਾਲ ਸਿੰਘ ਬਡੂੰਗਰ ਬਣੇ ਸ਼੍ਰੋਮਣੀ ਕਮੇਟੀ ਪ੍ਰਧਾਨ
ਇਸ ਵਾਰ ਬਾਦਲ ਨਹੀਂ ਸੁਖਬੀਰ ਬਾਦਲ ਦੀ ਜੇਬ ‘ਚੋਂ ਪ੍ਰਧਾਨ ਸਮੇਤ ਸਭ ਅਹੁਦੇਦਾਰਾਂ ਦੇ ਨਿਕਲੇ ਨਾਂ
ਜਥੇਦਾਰ ਟੌਹੜਾ ਪੱਖੀ ਮੈਂਬਰਾਂ ਸਮੇਤ ਪੁਰਾਣੀ ਸਾਰੀ ਟੀਮ ਦੀ ਸ਼੍ਰੋਮਣੀ ਕਮੇਟੀ ਕਾਰਜਕਾਰਨੀ ‘ਚੋਂ ਹੋਈ ਛੁੱਟੀ
ਕਿਆਮਪੁਰ ਸੀਨੀਅਰ ਮੀਤ ਪ੍ਰਧਾਨ, ਬਾਬਾ ਬੂਟਾ ਸਿੰਘ ਜੂਨੀਅਰ ਮੀਤ ਪ੍ਰਧਾਨ ਤੇ ਚਾਵਲਾ ਬਣੇ ਜਨਰਲ ਸਕੱਤਰ; ਅੰਤ੍ਰਿੰਗ ਕਮੇਟੀ ‘ਚ ਵੀ ਸਾਰੇ ਨਵੇਂ ਚਿਹਰੇ
ਅੰਮ੍ਰਿਤਸਰ/ਬਿਊਰੋ ਨਿਊਜ਼
ਸਿੱਖਾਂ ਦੀ ਮਿੰਨੀ ਸੰਸਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ 2011 ਵਿੱਚ ਚੁਣੇ ਹੋਏ ਸਦਨ ਦੇ ਪੰਜ ਸਾਲ ਮਗਰੋਂ ਸ਼ਨੀਵਾਰ ਨੂੰ ਹੋਏ ਪਲੇਠੇ ਜਨਰਲ ਇਜਲਾਸ ਵਿੱਚ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੂੰ ਨਿਰਵਿਰੋਧ 41ਵਾਂ ਪ੍ਰਧਾਨ ਚੁਣ ਲਿਆ ਗਿਆ। ਹੁਣ ਤੱਕ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦਾ ਨਾਂ ਪ੍ਰਕਾਸ਼ ਸਿੰਘ ਬਾਦਲ ਦੇ ਭੇਜੇ ਲਿਫਾਫੇ ਵਿਚੋਂ ਨਿਕਲਦਾ ਰਿਹਾ, ਪਰ ਇਸ ਵਾਰ ਸੂਤਰਾਂ ਦਾ ਕਹਿਣਾ ਹੈ ਕਿ ਪੂਰੀ ਤਰ੍ਹਾਂ ਸੁਖਬੀਰ ਬਾਦਲ ਦੀ ਚੱਲੀ ਅਤੇ ਉਨ੍ਹਾਂ  ਜਿੱਥੇ ਜਥੇਦਾਰ  ਟੌਹੜਾ ਸਮਰਥਕ ਮੈਂਬਰਾਂ ਨੂੰ ਸ਼੍ਰੋਮਣੀ ਕਮੇਟੀ ਦੀ ਕਾਰਜਕਾਰਨੀ ਵਿਚੋਂ ਬਾਹਰ ਕੀਤਾ, ਉਥੇ ਪੂਰੀ ਦੀ ਪੂਰੀ ਅਹੁਦੇਦਾਰਾਂ ਦੀ ਟੀਮ ਹੀ ਬਦਲ ਦਿੱਤੀ। ਇੰਝ ਪ੍ਰਧਾਨ  ਬਾਦਲ ਪਰਿਵਾਰ ਦੇ ਸਭ ਤੋਂ ਨੇੜਲੇ ਤੇ ਵਫਾਦਾਰ ਮੰਨੇ ਜਾਂਦੇ ਕਿਰਪਾਲ ਸਿੰਘ ਬਡੂੰਗਰ ਨੂੰ ਚੁਣਿਆ ਗਿਆ।  ਸੀਨੀਅਰ ਮੀਤ ਪ੍ਰਧਾਨ ਬਲਦੇਵ ਸਿੰਘ ਕਿਆਮਪੁਰ, ਜੂਨੀਅਰ ਮੀਤ ਪ੍ਰਧਾਨ ਬਾਬਾ ਬੂਟਾ ਸਿੰਘ ਅਤੇ ਜਨਰਲ ਸਕੱਤਰ ਅਮਰਜੀਤ ਸਿੰਘ ਚਾਵਲਾ ਨੂੰ ਚੁਣਿਆ ਗਿਆ ਹੈ। ਇਸ ਤੋਂ ਇਲਾਵਾ ਅੰਤ੍ਰਿੰਗ ਕਮੇਟੀ ਦੇ 11 ਮੈਂਬਰ, ਧਰਮ ਪ੍ਰਚਾਰ ਕਮੇਟੀ ਅਤੇ ਸਿੱਖ ਇਤਿਹਾਸ ਰਿਸਰਚ ਬੋਰਡ ਦੇ ਮੈਂਬਰਾਂ ਦੀ ਵੀ ਚੋਣ ਸਰਬਸੰਮਤੀ ਨਾਲ ਕੀਤੀ ਗਈ। ਹਾਕਮ ਧਿਰ ਸ਼੍ਰੋਮਣੀ ਅਕਾਲੀ ਦਲ ਨੇ ਚੋਣਾਂ ਨੂੰ ਧਿਆਨ ਵਿੱਚ ਰੱਖਦਿਆਂ ਪ੍ਰਧਾਨ ਤੋਂ ਲੈ ਕੇ ਸਮੁੱਚੀ ਅੰਤ੍ਰਿੰਗ ਕਮੇਟੀ ਦੇ ਮੈਂਬਰ ਤਬਦੀਲ ਕਰ ਦਿੱਤੇ ਹਨ।
ਅੰਤ੍ਰਿੰਗ ਕਮੇਟੀ ਦੇ 11 ਮੈਂਬਰਾਂ ਵਿੱਚ ਜੈਪਾਲ ਸਿੰਘ ਮੰਡੀਆਂ ਹੁਸ਼ਿਆਰਪੁਰ ਤੋਂ, ਨਿਰਮਲ ਸਿੰਘ ਹਰਿਆਓਂ, ਕੁਲਵੰਤ ਸਿੰਘ ਮੰਨਣ, ਸਤਪਾਲ ਸਿੰਘ ਤਲਵੰਡੀ ਭਾਈ, ਬਲਵਿੰਦਰ ਸਿੰਘ ਵੇਈਂਪੂਈਂ, ਗੁਰਮੇਲ ਸਿੰਘ ਸੰਗਤਪੁਰਾ, ਬੀਬੀ ਜੋਗਿੰਦਰ ਕੌਰ ਬਠਿੰਡਾ, ਭਾਈ ਰਾਮ ਸਿੰਘ ਅੰਮ੍ਰਿਤਸਰ, ਗੁਰਚਰਨ ਸਿੰਘ ਗਰੇਵਾਲ, ਸੁਰਜੀਤ ਸਿੰਘ ਭਿੱਟੇਵੱਡ ਅਤੇ ਵਿਰੋਧੀ ਧਿਰ ਵੱਲੋਂ ਸੁਰਜੀਤ ਸਿੰਘ ਕਾਲਾਬੂਲਾ ਦੇ ਨਾਂ ਸ਼ਾਮਲ ਹਨ। ਦੱਸਣਯੋਗ ਹੈ ਕਿ ਸ਼੍ਰੋਮਣੀ ਕਮੇਟੀ ਦੇ ਇਸ ਸਦਨ ਦੀ ਇਹ ਪਲੇਟੀ ਮੀਟਿੰਗ ਪੰਜ ਸਾਲ ਮਗਰੋਂ ਕੀਤੀ ਗਈ। ਇਸ ਸਦਨ ਵਾਸਤੇ 170 ਮੈਂਬਰਾਂ ਦੀ ਵੋਟਾਂ ਰਾਹੀਂ ਚੋਣ ਸਤੰਬਰ 2011 ਵਿੱਚ ਹੋਈ ਸੀ ਪਰ ਉਸ ਵੇਲੇ ਸਹਿਜਧਾਰੀ ਸਿੱਖਾਂ ਨੂੰ ਵੋਟ ਪਾਉਣ ਤੋਂ ਰੋਕਣ ਦੇ ਅਦਾਲਤੀ ਮਾਮਲੇ ਕਾਰਨ ਸਦਨ ਦੀ ਅਗਲੀ ਕਾਰਵਾਈ ਉਤੇ ਰੋਕ ਲਾ ਦਿੱਤੀ ਗਈ। ਹੁਣ ਸੁਪਰੀਮ ਕੋਰਟ ਵੱਲੋਂ ਹਰੀ ਝੰਡੀ ਦੇਣ ਤੋਂ ਬਾਅਦ ਸਦਨ ਦਾ ਪਹਿਲਾ ਜਨਰਲ ਇਜਲਾਸ ਹੋਇਆ।
ਜਨਰਲ ਇਜਲਾਸ ਸਰਦਾਰ ਤੇਜਾ ਸਿੰਘ ਸਮੁੰਦਰੀ ઠਹਾਲ ਵਿੱਚ ਦੁਪਹਿਰ ਸਮੇਂ ਸ਼ੁਰੂ ਹੋਇਆ, ਜਿਸ ਦੀ ਪ੍ਰਧਾਨਗੀ ਤਰਨਤਾਰਨ ਦੇ ਡਿਪਟੀ ਕਮਿਸ਼ਨਰ ਬਲਵਿੰਦਰ ਸਿੰਘ ਧਾਲੀਵਾਲ ਨੇ ਕੀਤੀ। ਅਰਦਾਸ, ਹੁਕਮਨਾਮਾ ਅਤੇ ਮੂਲ ਮੰਤਰ ਦੇ ਪੰਜ ਪਾਠ ਮਗਰੋਂ ਮੁੱਖ ਸਕੱਤਰ ਹਰਚਰਨ ਸਿੰਘ ਨੇ ਡਿਪਟੀ ਕਮਿਸ਼ਨਰ ਧਾਲੀਵਾਲ ਨੂੰ ਸਦਨ ਦੀ ਕਾਰਵਾਈ ਚਲਾਉਣ ਲਈ ਸੱਦਾ ਦਿੱਤਾ। ਡਿਪਟੀ ਕਮਿਸ਼ਨਰ ਨੇ ਜਿਵੇਂ ਹੀ ਕਾਰਵਾਈ ਸ਼ੁਰੂ ઠਕੀਤੀ ਤਾਂ ਸਾਬਕਾ ਜਨਰਲ ਸਕੱਤਰ ਸੁਖਦੇਵ ਸਿੰਘ ਭੌਰ ਨੇ ਇਹ ਕਹਿ ਕੇ ਵਿਰੋਧ ਕੀਤਾ ਕਿ ਸਰਕਾਰੀ ਨੁਮਾਇੰਦਾ ਪਤਿਤ ਸਿੱਖ ਹੈ। ਉਨ੍ਹਾਂ ਦੇ ਵਿਰੋਧ ਦੇ ਬਾਵਜੂਦ ਡਿਪਟੀ ਕਮਿਸ਼ਨਰ ਨੇ ਕਾਰਵਾਈ ਜਾਰੀ ਰੱਖੀ। ਉਨ੍ਹਾਂ ਪ੍ਰਧਾਨ ਦੇ ਨਾਂ ਵਾਸਤੇ ਤਜਵੀਜ਼ ਮੰਗੀ। ਸ਼੍ਰੋਮਣੀ ਕਮੇਟੀ ਮੈਂਬਰ ਤੇ ਅਕਾਲੀ ਮੰਤਰੀ ਤੋਤਾ ਸਿੰਘ ਨੇ ਪ੍ਰੋ. ਕਿਰਪਾਲ ਸਿੰਘ ਬਡੂੰਗਰ ਦਾ ਨਾਂ ਪੇਸ਼ ਕੀਤਾ, ਜਿਸ ਦੀ ਤਾਈਦ ਬੀਬੀ ਜਗੀਰ ਕੌਰ ਅਤੇ ਨਵਤੇਜ ਸਿੰਘ ਕਾਉਣੀ ਨੇ ਕੀਤੀ।
ਇਸ ਦੌਰਾਨ ਹਰਦੀਪ ਸਿੰਘ ਮੁਹਾਲੀ ਅਤੇ ਸੁਖਦੇਵ ਸਿੰਘ ਭੌਰ ਨੇ ਦੂਜੀ ਧਿਰ ਵੱਲੋਂ ਪ੍ਰਧਾਨ ਦੇ ਉਮੀਦਵਾਰ ਲਈ ਸੁਰਜੀਤ ਸਿੰਘ ਕਾਲਾਬੂਲਾ ਦਾ ਨਾਂ ਪੇਸ਼ ਕੀਤਾ। ਉਨ੍ਹਾਂ ਪ੍ਰਧਾਨ ਦੀ ਚੋਣ ਵੋਟਾਂ ਰਾਹੀਂ ਕਰਾਉਣ ਲਈ ਜ਼ੋਰ ਪਾਇਆ ਪਰ ਜਦੋਂ ਪ੍ਰਧਾਨ ਦੇ ਅਹੁਦੇ ਲਈ ਦੋਵਾਂ ਉਮੀਦਵਾਰਾਂ ਦੀ ਸਹਿਮਤੀ ਲਈ ਗਈ ਤਾਂ ਸੁਰਜੀਤ ਸਿੰਘ ਕਾਲਾਬੂਲਾ ਨੇ ਆਪਣਾ ਨਾਂ ਵਾਪਸ ਲੈ ਲਿਆ, ਜਿਸ ਕਾਰਨ ਡਿਪਟੀ ਕਮਿਸ਼ਨਰ ਨੇ ਪ੍ਰੋ. ਬਡੂੰਗਰ ਨੂੰ ਨਿਰ ਵਿਰੋਧ ਪ੍ਰਧਾਨ ਐਲਾਨ ਦਿੱਤਾ ਅਤੇ ਮੈਂਬਰਾਂ ਨੇ ਜੈਕਾਰਿਆਂ ਦੀ ਗੂੰਜ ਵਿੱਚ ਪ੍ਰਵਾਨਗੀ ਦਿੱਤੀ।
ਮਗਰੋਂ ਸਦਨ ਦੀ ਕਾਰਵਾਈ ਚਲਾਉਂਦਿਆਂ ਨਵੇਂ ਚੁਣੇ ਪ੍ਰਧਾਨ ਕਿਰਪਾਲ ਸਿੰਘ ਬਡੂੰਗਰ ਨੇ ਸੀਨੀਅਰ ਮੀਤ ਪ੍ਰਧਾਨ, ਜੂਨੀਅਰ ਮੀਤ ਪ੍ਰਧਾਨ ਅਤੇ ਜਨਰਲ ਸਕੱਤਰ ਦੇ ਅਹੁਦੇ ਲਈ ਨਾਵਾਂ ਦੀ ਤਜਵੀਜ਼ ਮੰਗੀ। ਸੀਨੀਅਰ ਮੀਤ ਪ੍ਰਧਾਨ ਵਜੋਂ ਬਲਦੇਵ ਸਿੰਘ ਕਿਆਮਪੁਰਾ ਦਾ ਨਾਂ ਸੁਰਿੰਦਰ ਸਿੰਘ, ਜੂਨੀਅਰ ਮੀਤ ਪ੍ਰਧਾਨ ਵਜੋਂ ਬਾਬਾ ਬੂਟਾ ਸਿੰਘ ਦਾ ਨਾਂ ਸੁਰਜੀਤ ਸਿੰਘ ਗੜ੍ਹੀ ਅਤੇ ਜਨਰਲ ਸਕੱਤਰ ਵਜੋਂ ਅਮਰਜੀਤ ਸਿੰਘ ਚਾਵਲਾ ਦਾ ਨਾਂ ਮੇਜਰ ਸਿੰਘ ਢਿੱਲੋਂ ਨੇ ਪੇਸ਼ ਕੀਤਾ। ਇਨ੍ਹਾਂ ਨੂੰ ਸਰਬਸੰਮਤੀ ਨਾਲ ਪ੍ਰਵਾਨਗੀ ਦਿੱਤੀ ਗਈ। ਮਗਰੋਂ ਪ੍ਰਧਾਨ ਨੇ ਅੰਤ੍ਰਿੰਗ ਕਮੇਟੀ ਦੇ 11 ਮੈਂਬਰਾਂ ਦੇ ਨਾਵਾਂ ਦਾ ਐਲਾਨ ਕੀਤਾ ਅਤੇ ਸਦਨ ਨੇ ਇਸ ਦੀ ਵੀ ਪ੍ਰਵਾਨਗੀ ਦੇ ਦਿੱਤੀ। ਮੀਟਿੰਗ ਵਿੱਚ ਕੁੱਲ 155 ਮੈਂਬਰਾਜ਼ਰ ਸਨ ਅਤੇ ਲਗਪਗ 30 ਮੈਂਬਰ ਗੈਰ ਹਾਜ਼ਰ ਰਹੇ, ਜਿਨ੍ਹਾਂ ਵਿੱਚੋਂ ਪੰਜ ਮੈਂਬਰਾਂ ਦੀ ਮੌਤ ਹੋ ਚੁੱਕੀ ਹੈ। ਇਸ ਮੌਕੇ ਪੰਜ ਸਿੰਘ ਸਾਹਿਬਾਨ, ਜਿਨ੍ਹਾਂ ਵਿੱਚ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ, ਤਖ਼ਤ ਸ੍ਰੀ ਪਟਨਾ ਸਾਹਿਬ ਦੇ ਜਥੇਦਾਰ ਗਿਆਨੀ ਇਕਬਾਲ ਸਿੰਘ, ਤਖ਼ਤ ਸ੍ਰੀ ਕੇਸਗੜ੍ਹ ਦੇ ਜਥੇਦਾਰ ਗਿਆਨੀ ਮੱਲ ਸਿੰਘ, ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਗੁਰਮੁਖ ਸਿੰਘ ਅਤੇ ਸ੍ਰੀ ਹਰਿਮੰਦਰ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਜਗਤਾਰ ਸਿੰਘ ਹਾਜ਼ਰ ਸਨ। ਚੋਣ ਦੀ ਕਾਰਵਾਈ ਮੁਕੰਮਲ ਹੋਣ ਮਗਰੋਂ ਵਿਛੜੇ ਪੰਜ ਮੈਂਬਰਾਂ ਰੇਸ਼ਮ ਸਿੰਘ, ਨਿਰਮਲ ਸਿੰਘ ਘਰਾਚੋਂ, ਬੀਬੀ ਹਰਬੰਸ ਕੌਰ, ਦਿਲਬਾਗ ਸਿੰਘ ਪਠਾਨਕੋਟ, ਬਲਬੀਰ ਸਿੰਘ ਕੁਰਾਲਾ ਅਤੇ ਸਾਬਕਾ ਮੈਂਬਰ ਬਾਬਾ ਜਸਬੀਰ ਸਿੰਘ ਨੂੰ ਸ਼ੋਕ ਮਤੇ ਰਾਹੀਂ ਸ਼ਰਧਾਂਜਲੀ ਦਿੱਤੀ ਗਈ।
ਪ੍ਰੋ. ਬਡੂੰਗਰ ਵੱਲੋਂ ਨਾਨਕਸ਼ਾਹੀ ਕੈਲੰਡਰ ਅਤੇ ਹੋਰ ਮਸਲੇ ਆਪਸੀ ਸਹਿਯੋਗ ਨਾਲ ਹੱਲ ਕਰਨ ਦਾ ਭਰੋਸਾ
ਆਪਣੀ ਤਸਵੀਰ ਕਿਸੇ ਵੀ ਦਫਤਰ ਵਿੱਚ ਲਾਉਣ ਤੋਂ ਕੀਤਾ ਮਨ੍ਹਾਂ; ਸ੍ਰੀ ਹਰਿਮੰਦਰ ਸਾਹਿਬ ਹੋਏ ਨਤਮਸਤਕ
ਅੰਮ੍ਰਿਤਸਰ/ਬਿਊਰੋ ਨਿਊਜ਼ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੜ ਬਣੇ ਨਵੇਂ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਆਖਿਆ ਕਿ ਨਾਨਕਸ਼ਾਹੀ ਕੈਲੰਡਰ, ਮਰਿਆਦਾ ਸਮੇਤ ਹੋਰ ਸਿੱਖ ਮਸਲਿਆਂ ਨੂੰ ਮਿਲ ਬੈਠ ਕੇ ਵਿਚਾਰਿਆ ਜਾਵੇਗਾ ਅਤੇ ਹੱਲ ਕੀਤਾ ਜਾਵੇਗਾ। ਇਸ ਦੌਰਾਨ ਉਨ੍ਹਾਂ ਸ਼੍ਰੋਮਣੀ ਕਮੇਟੀ ਅਤੇ ਇਸ ਦੇ ਪ੍ਰਬੰਧ ਹੇਠ ਚਲਦੇ ਸਮੂਹ ਅਦਾਰਿਆਂ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਹੈ ਕਿ ਕਿਸੇ ਵੀ ਦਫਤਰ ਵਿੱਚ ਉਨ੍ਹਾਂ ਦੀ ਫੋਟੋ ਨਾ ਲਾਈ ਜਾਵੇ। ਪ੍ਰਧਾਨ ਚੁਣੇ ਜਾਣ ਮਗਰੋਂ ਮੀਡੀਆ ਨਾਲ ਗੱਲਬਾਤ ਦੌਰਾਨ ਪ੍ਰੋ. ਬਡੂੰਗਰ ਨੇ ਆਖਿਆ ਕਿ ਗੁਰੂ ਘਰਾਂ ਦੇ ਪ੍ਰਬੰਧ ਨੂੰ ਵਧੇਰੇ ਚੌਕਸ ਤੇ ਦਰੁਸਤ ਬਣਾਉਣਾ ਉਨ੍ਹਾਂ ਦੀ ਤਰਜੀਹ ਹੋਵੇਗਾ। ਸਿੱਖ ਕੌਮ ਨੂੰ ਦਰਪੇਸ਼ ਚੁਣੌਤੀਆਂ ਅਤੇ ਸਮੱਸਿਆਵਾਂ ਬਾਰੇ ਗੱਲ ਕਰਦਿਆਂ ਉਨ੍ਹਾਂ ਆਖਿਆ ਕਿ ਇਹ ਸਾਰੇ ਮਸਲੇ ਸਮੁੱਚੀ ਕੌਮ ਦੇ ਸਹਿਯੋਗ ਨਾਲ ਹੱਲ ਕੀਤੇ ਜਾਣਗੇ। ਉਹ ਸਮੂਹ ਸਿੱਖ ਜਥੇਬੰਦੀਆਂ ਨੂੰ ਨਾਲ ਲੈ ਕੇ ਚੱਲਣਗੇ। ਹੁਣ ਤੱਕ ਜੋ ਕੰਮ ਅਤੇ ਮਸਲੇ ਹੱਲ ਲਈ ਰੁਕੇ ਹੋਏ ਹਨ, ਉਨ੍ਹਾਂ ਬਾਰੇ ਮੁੜ ਵਿਚਾਰ ਕਰਕੇ ਕਾਰਵਾਈ ਨੂੰ ਅਗਾਂਹ ਤੋਰਿਆ ਜਾਵੇਗਾ। ਭਾਰਤ ਅਤੇ ਪਾਕਿਸਤਾਨ ਵਿਚਾਲੇ ਬਣੇ ਤਣਾਅ ਵਾਲੇ ਮਾਹੌਲ ਦੌਰਾਨ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ 14 ਨਵੰਬਰ ਨੂੰ ਸਿੱਖ ਸ਼ਰਧਾਲੂਆਂ ਦਾ ਜਥਾ ਪਾਕਿਸਤਾਨ ਭੇਜਣ ਬਾਰੇ ਪੁੱਛੇ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਆਖਿਆ ਕਿ ਇਸ ਸਬੰਧੀ ਕੇਂਦਰ ਸਰਕਾਰ ਨਾਲ ਗੱਲਬਾਤ ਕਰਕੇ ਵਿਚਾਰ ਕੀਤਾ ਜਾਵੇਗਾ। ਉਨ੍ਹਾਂ ਆਖਿਆ ਕਿ ਉਹ ਯਤਨ ਕਰਨਗੇ ਕਿ ਜਿਸ ਢੰਗ ਤਰੀਕੇ ਨਾਲ ਪਾਕਿਸਤਾਨ ਸਥਿਤ ਗੁਰਧਾਮਾਂ ਦੀ ਯਾਤਰਾ ਵਾਸਤੇ ਸਿੱਖ ਸ਼ਰਧਾਲੂਆਂ ਦੇ ਜਥੇ ਭੇਜੇ ਜਾਂਦੇ ਹਨ, ਉਸੇ ਤਰਜ਼ ‘ਤੇ ਬੰਗਲਾਦੇਸ਼ ਦੇ ਗੁਰਦੁਆਰਿਆਂ ਦੀ ਯਾਤਰਾ ਲਈ ਸ਼੍ਰੋਮਣੀ ਕਮੇਟੀ ਦੀ ਅਗਵਾਈ ਹੇਠ ਸਿੱਖ ਸ਼ਰਧਾਲੂਆਂ ਦੇ ਜਥੇ ਭੇਜੇ ਜਾਣ। ਨਾਨਕਸ਼ਾਹੀ ਕੈਲੰਡਰ ਵਿਵਾਦ ਨੂੰ ਹੱਲ ਕਰਨ ਬਾਰੇ ਉਨ੍ਹਾਂ ਭਰੋਸਾ ਦਿੱਤਾ ਕਿ ਇਸ ਮਸਲੇ ਨੂੰ ਵੀ ਮਿਲ ਬੈਠ ਕੇ ਆਪਸੀ ਰਾਇ ਨਾਲ ਹੱਲ ਕਰਨ ਦਾ ਯਤਨ ਕਰਨਗੇ।
ਪ੍ਰਧਾਨ ਚੁਣੇ ਜਾਣ ਮਗਰੋਂ ਉਹ ਸਮੁੱਚੀ ਅੰਤ੍ਰਿੰਗ ਕਮੇਟੀ ਦੇ ਮੈਂਬਰਾਂ ਨਾਲ ਸ਼ੁਕਰਾਨੇ ਵਜੋਂ ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕਣ ਲਈ ਗਏ, ਜਿਥੇ ਉਨ੍ਹਾਂ ਨੂੰ ਮੁੱਖ ਗ੍ਰੰਥੀ ਗਿਆਨੀ ਜਗਤਾਰ ਸਿੰਘ ਨੇ ਸਿਰੋਪਾ ਦੇ ਕੇ ਸਨਮਾਨਿਤ ਕੀਤਾ। ਦੱਸਣਯੋਗ ਹੈ ਕਿ ਪ੍ਰੋ. ਬਡੂੰਗਰ ਇਸ ਤੋਂ ਪਹਿਲਾਂ 30 ਨਵੰਬਰ 2001 ਨੂੰ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਥਾਪੇ ਗਏ ਸਨ ਅਤੇ ਜੁਲਾਈ 2003 ਤੱਕ ਉਹ ਸਿੱਖ ਸੰਸਥਾ ਦੇ ਪ੍ਰਧਾਨ ਦੇ ਅਹੁਦੇ ‘ਤੇ ਰਹੇ ਸਨ।
ਪ੍ਰੋ.ਬਡੂੰਗਰ ਦਾ ਬਾਇਓਡਾਟਾ
ਵਿੱਦਿਅਕ ਯੋਗਤਾ
ਦਸਵੀਂ : ਬੀਐਨ ਖਾਲਸਾ ਹਾਈ ਸਕੂਲ ਪਟਿਆਲਾ
ਬੀਏ : ਪੰਜਾਬ ਯੂਨੀਵਰਸਿਟੀ ਚੰਡੀਗੜ੍ਹ
ਗਿਆਨੀ : ਪੰਜਾਬ ਯੂਨੀਵਰਸਿਟੀ ਚੰਡੀਗੜ੍ਹ
ਐਮਏ ਅੰਗਰੇਜ਼ੀ : ਪੰਜਾਬੀ ਯੂਨੀਵਰਸਿਟੀ ਪਟਿਆਲਾ
ਡਿਪਲੋਮਾ ਭਾਸ਼ਾ ਵਿਗਿਆਨ : ਪੰਜਾਬੀ ਯੂਨੀਵਰਸਿਟੀ ਪਟਿਆਲਾ
ਵਿੱਦਿਅਕ ਸੇਵਾਵਾਂ
ਬਤੌਰ ਜੂਨੀਅਰ ਖੋਜ ਸਹਾਇਕ ਭਾਸ਼ਾ ਵਿਭਾਗ ਪੰਜਾਬ
ਲੈਕਚਰਾਰ ਅੰਗਰੇਜ਼ੀ ਵਿਸ਼ਾ ਤਿੰਨ ਵਰ੍ਹੇ
ਰਾਜਨੀਤਕ/ਧਾਰਮਿਕ ਸੇਵਾਵਾਂ
ਜਥੇਬੰਦਕ ਸਕੱਤਰ ਅਕਾਲੀ ਦਲ (ਬ) ਦੋ ਵਰ੍ਹੇ
ਦਫਤਰ ਸਕੱਤਰ ਅਕਾਲੀ ਦਲ (ਬ) ਛੇ ਵਰ੍ਹੇ
ਓਐਸਡੀ ਮੁੱਖ ਮੰਤਰੀ ਪੰਜਾਬ ਤਿੰਨ ਵਰ੍ਹੇ
ਸ਼੍ਰੋਮਣੀ ਕਮੇਟੀ ਪ੍ਰਧਾਨ ਕਰੀਬ ਦੋ ਵਰ੍ਹੇ
ਪੰਜਾਬ ਰਾਜ ਪਛੜੀਆਂ ਸ਼੍ਰੇਣੀਆਂ ਕਮਿਸ਼ਨ ਦੇ ਚੇਅਰਮੈਨ ਦੋ ਵਰ੍ਹੇ
ਰਚਨਾਵਾਂ
ਗੁਰਮਤਿ ਵਿਚਾਰ ਅਤੇ ਸਿੱਖੀ ਜੀਵਨ
ਜਿਨ੍ਹਾਂ ਧਰਮ ਨਹੀਂ ਹਾਰਿਆ
ਜਿਨ੍ਹੀਂ ਸੱਚ ਪਛਾਣਿਆ
ਸਿੱਖੀ, ਸਿੱਖਿਆ ਗੁਰ ਵੀਚਾਰਿ
ਪ੍ਰੋ.ਬਡੂੰਗਰ ਨੂੰ ਮਿਲਿਆ ਬਾਦਲਾਂ ਦਾ ਵਫਾਦਾਰੀ ਦਾ ਇਨਾਮ
ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੂੰ ਪ੍ਰਕਾਸ਼ ਸਿੰਘ ਬਾਦਲ ਦਾ ਭਰੋਸੇਯੋਗ ਅਤੇ ਵਫਾਦਾਰ ਸਿਪਾਹੀ ਮੰਨਿਆ ਜਾਂਦਾ ਹੈ। ਇਹੋ ਧਾਰਨਾ ਸੁਖਬੀਰ ਬਾਦਲ ਦੀ ਉਹਨਾਂ ਦੀ ਪ੍ਰਤੀ ਬਣ ਚੁੱਕੀ ਹੈ ਕਿ ਉਹ ਸਾਡੀ ਪਾਰਟੀ ਲਈ ਤੇ ਸਾਡੇ ਪਰਿਵਾਰ ਲਈ ਵਫਾਦਰ ਹਨ ਤੇ ਇਸੇ ਵਫਾਦਾਰੀ ਦਾ ਇਨਾਮ ਉਹਨਾਂ ਨੂੰ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦੇ ਅਹੁਦੇ ਵਜੋਂ ਮਿਲਿਆ ਹੈ। ਪੰਜਾਬ ਵਿਧਾਨ ਸਭਾ ਚੋਣਾਂ ਵਿਚ ਉਤਰਨ ਤੋਂ ਪਹਿਲਾਂ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਪੰਥ ਪ੍ਰਵਾਨਿਤ ਚਿਹਰੇ ਜਥੇਦਾਰ ਕਿਰਪਾਲ ਸਿੰਘ ਬਡੂੰਗਰ ਦੇ ਸਿਰ ‘ਤੇ ਐਸਜੀਪੀਸੀ ਦੀ ਪ੍ਰਧਾਨਗੀ ਦਾ ਤਾਜ ਸਜਾ ਦਿੱਤਾ। ਨਾਲ ਤਜਰਬੇਕਾਰ ਅਤੇ ਪਾਰਟੀ ਜੋਸ਼ੀਲਾ ਸੁਰ ਰੱਖਣ ਵਾਲੇ ਮੈਂਬਰਾਂ ਨੂੰ ਵੀ ਜੋੜਿਆ। ਬਡੂੰਗਰ ਰਾਹੀਂ ਬਾਦਲਾਂ ਨੇ ਕਈ ਨਿਸ਼ਾਨੇ ਵਿੰਨ੍ਹੇ ਹਨ। ਇਕ ਤਾਂ ਪ੍ਰੋ. ਬਡੂੰਗਰ ਕੈਪਟਨ ਅਮਰਿੰਦਰ ਦੇ ਸ਼ਹਿਰ ਪਟਿਆਲਾ ਤੋਂ ਹਨ, ਦੂਜਾ ਉਨ੍ਹਾਂ ਦੀ ਦਿੱਖ ਇਮਾਨਦਾਰ ਅਤੇ ਸਰਬ ਪ੍ਰਵਾਨਤ ਆਗੂ ਵਜੋਂ ਹੈ, ਤੀਸਰਾ ਉਹ ਪਛੜੀਆਂ ਜਾਤੀਆਂ ਨਾਲ ਸਬੰਧਤ ਧਿਰਾਂ ਦੀ ਨੁਮਾਇੰਦਗੀ ਕਰਦੇ ਹਨ, ਚੌਥਾ ਆਉਂਦੀਆਂ ਵਿਧਾਨ ਸਭਾ ਚੋਣਾਂ ਵਿਚ ਉਹ ਸ਼੍ਰੋਮਣੀ ਅਕਾਲੀ ਦਲ ਬਾਦਲ ਲਈ, ਬਾਦਲਾਂ ਅਨੁਸਾਰ ਚੱਲਣ ਲਈ ਤਿਆਰ ਹਨ, ਪੰਜਵਾਂ ਦੇ ਆਖਰੀ ਦਾਅ ਉਹਨਾਂ ਦੇ ਨਾਂ ‘ਤੇ ਇਸ ਲਈ ਚੱਲਿਆ ਕਿਉਂਕਿ ਜੇਕਰ ਸ਼੍ਰੋਮਣੀ ਅਕਾਲੀ ਦਲ ਚੋਣ ਹਾਰ ਵੀ ਗਈ ਤਾਂ ਵੀ ਪ੍ਰੋ. ਬਡੂੰਗਰ ਬਾਦਲਾਂ ਦੇ ਰਹਿਣਗੇ ਤੇ ਇੰਝ ਸ਼੍ਰੋਮਣੀ ਕਮੇਟੀ ਵੀ ਬਾਦਲਾਂ ਦੀ ਰਹੇਗੀ।
ਹੁਣ ਤੱਕ ਰਹੇ ਸ਼੍ਰੋਮਣੀ ਕਮੇਟੀ ਪ੍ਰਧਾਨ
ਸੁੰਦਰ ਮਜੀਠੀਆ, ਬਾਬਾ ਖੜਕ ਸਿੰਘ, ਸੁੰਦਰ ਸਿੰਘ ਰਾਮਗੜ੍ਹੀਆ, ਬਹਾਦਰ ਮਹਿਤਾਬ ਸਿੰਘ, ਮੰਗਲ ਸਿੰਘ। ਫਿਰ ਗੁਰਦੁਆਰਾ ਐਕਟ ਲਾਗੂ ਹੋਣ ਤੋਂ ਬਾਅਦ ਬਣੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ : ਬਾਬਾ ਖੜਕ ਸਿੰਘ, ਮਾਸਟਰ ਤਾਰਾ ਸਿੰਘ, ਗੋਪਾਲ ਸਿੰਘ ਕੌਮੀ, ਪ੍ਰਤਾਪ ਸਿੰਘ ਸ਼ੰਕਰ, ਜਥੇਦਾਰ ਚੰਨਣ ਸਿੰਘ ਉਰਾੜਾ, ਜਥੇਦਾਰ ਊਧਮ ਸਿੰਘ ਨਾਗੋਕੇ, ਪ੍ਰੀਤਮ ਸਿੰਘ ਖੜੰਜ, ਈਸ਼ਰ ਸਿੰਘ ਮਝੈਲ, ਬਾਬਾ ਹਰਕ੍ਰਿਸ਼ਨ ਸਿੰਘ, ਗਿਆਨ ਸਿੰਘ ਰਾੜੇਵਾਲਾ, ਪ੍ਰੇਮ ਸਿੰਘ ਲਾਲਪੁਰਾ, ਅਜੀਤ ਸਿੰਘ ਬਾਲਾ, ਕ੍ਰਿਪਾਲ ਸਿੰਘ, ਸੰਤ ਚੰਨਣ ਸਿੰਘ, ਜਥੇਦਾਰ ਗੁਰਚਰਨ ਸਿੰਘ ਟੌਹੜਾ, ਕਾਬਲ ਸਿੰਘ, ਬਲਦੇਵ ਸਿੰਘ ਸਿਬੀਆ, ਬੀਬੀ ਜਗੀਰ ਕੌਰ, ਜਗਦੇਵ ਸਿੰਘ ਤਲਵੰਡੀ, ਕਿਰਪਾਲ ਸਿੰਘ ਬਡੂੰਗਰ, ਕਾਰਜਕਾਰੀ ਪ੍ਰਧਾਨ ਅਲਵਿੰਦਰ ਸਿੰਘ ਪੱਖੋਕੇ, ਅਵਤਾਰ ਸਿੰਘ ਮੱਕੜ।
ਸ਼੍ਰੋਮਣੀ ਕਮੇਟੀ ਦੇ ਤੀਜੀ ਵਾਰ ਬਣੇ ਪ੍ਰਧਾਨ ਪ੍ਰੋ. ਬਡੂੰਗਰ
ਅੰਮ੍ਰਿਸਰ : ਪ੍ਰੋ. ਕ੍ਰਿਪਾਲ ਸਿੰਘ ਬਡੂੰਗਰ ਨੂੰ ਸ਼੍ਰੋਮਣੀ ਕਮੇਟੀ ਦੇ 41ਵੇਂ ਪ੍ਰਧਾਹਨ ਬਣਨ ਦਾ ਮਾਣ ਪ੍ਰਾਪਤ ਹੋਇਆ ਹੈ। 14 ਜਨਵਰੀ 1942 ਨੂੰ ਮਾਤਾ ਇੰਦਰਾ ਕੌਰ ਤੇ ਪਿਤਾ ਸ. ਗੁਰਚਰਨ ਸਿੰਘ ਦੇ ਘਰ ਜਨਮੇ ਪ੍ਰੋ.ਬਡੂੰਗਰ ਨੇ ਬੀ.ਐਨ.ਖਾਲਸਾ ਕਾਲਜ ਦੀ ਮੁੱਢਲੀ ਪੜ੍ਹਾਈ, ਗਿਆਨੀ, ਬੀ.ਏ.ਅਤੇ ਫਿਰ ਮਹਿੰਦਰਾ ਕਾਲਜ ਤੋਂ ਐਮ.ਏ. ਅੰਗਰੇਜ਼ੀ ਕਰਦਿਆਂ ਵਿਦਿਆਰਥੀ ਸਰਗਰਮੀਆਂ ‘ਚ ਹਿੱਸਾ ਲਿਆ। ਉਹ ਕੁਝ ਸਮਾਂ ਪੜ੍ਹਾਉਂਦੇ ਵੀ ਰਹੇ।
ਅਕਾਲੀ ਦਲ ਦਿਹਾਤੀ ਪਟਿਆਲਾ ਦੇ ਜਨਰਲ ਸਕੱਤਰ ਬਣੇ। ਉਹ ਵੱਖ-ਵੱਖ ਮੋਰਚਿਆਂ ਸਮੇਂ ਜੇਲ੍ਹ ‘ਚ ਬੰਦ ਰਹੇ। ਸੰਨ 1990 ਵਿਚ ਸਮਾਣਾ ਹਲਕੇ ਤੋਂ ਐਮ.ਐਲ.ਏ. ਦੀ ਚੋਣ ਲੜੀ। ਬਰਨਾਲ ਸਰਕਾਰ ਦੌਰਾਨ ਉਹ ਅਕਾਲੀ ਦਲ ਦੇ ਜਥੇਬੰਦਕ ਸਕੱਤਰ ਬਣੇ। 1996 ‘ਚ ਸ਼੍ਰੋਮਣੀ ਕਮੇਟੀ ਦੇ ਮੈਂਬਰ ਨਾਮਜ਼ਦ ਹੋਏ। 30 ਨਵੰਬਰ 2001 ਨੂੰ ਸ਼੍ਰੋਮਣੀ ਕਮੇਟੀ ਦੇ ਪ੍ਰਧਾਨਗੀ ਪਦ ‘ਤੇ ਸੁਸ਼ੋਭਿਤ ਹੋਏ। ਉਹ ਜੁਲਾਈ 2003 ਤੱਕ 2 ਵਾਰ ਸ਼੍ਰੋਮਣੀ ਕਮਟੀ ਦੇ ਪ੍ਰਧਾਨ ਰਹੇ। ਸ਼੍ਰੋਮਣੀ ਅਕਾਲੀ ਦਲ ਵੱਲੋਂ ਉਨ੍ਹਾਂ ਨੂੰ ਤੀਜੀ ਵਾਰ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਵਜੋਂ ਜ਼ਿੰਮੇਵਾਰੀ ਸੌਂਪੀ ਗਈ ਹੈ।

Check Also

ਲੋਕ ਸਭਾ ਚੋਣਾਂ ‘ਚ ਭਾਜਪਾ ਨੂੰ ਨਹੀਂ ਮਿਲਿਆ ਬਹੁਮਤ

ਭਾਜਪਾ ਨੂੰ ਸਿਰਫ਼ 241 ਸੀਟਾਂ ਨਾਲ ਕਰਨਾ ਪਿਆ ਸਬਰ ਚੋਣ ਨਤੀਜੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ …