ਫੁੱਟਬਾਲ ਖਿਡਾਰੀਆਂ ਨੂੰ ਨੌਕਰੀਆਂ ਦੇਣ ਵਾਸਤੇ ਵੱਡੀਆਂ ਸੰਸਥਾਵਾਂ ਪਿੱਛੇ ਹਟੀਆਂ
ਚੰਡੀਗੜ੍ਹ : ਫੀਫਾ ਵਿਸ਼ਵ ਕੱਪ ਦਾ ਜਨੂੰਨ ਭਾਰਤ ਅਤੇ ਪੰਜਾਬੀਆਂ ਦੇ ਵੀ ਸਿਰ ਚੜ੍ਹ ਕੇ ਬੋਲਿਆ ਹੈ। ਫੁੱਟਬਾਲ ઠਦੀ ਖੇਡ ਨਾਲ ਲਗਾਅ ਦੇ ਬਾਵਜੂਦ ਪੰਜਾਬ ਮੁੜ ਕੇ ਪੁਰਾਣੇ ਪੱਧਰ ਤੱਕ ਵੀ ਨਹੀਂ ਆ ਸਕਿਆ। ਸਰਕਾਰੀ ਬੇਰੁਖ਼ੀ ઠਅਤੇ ઠਫੁੱਟਬਾਲ ਖਿਡਾਰੀਆਂ ਨੂੰ ਨੌਕਰੀ ਦੇਣ ਵਾਲੀਆਂ ਵੱਡੀਆਂ ਸੰਸਥਾਵਾਂ ਦੇ ਹੱਥ ਖਿੱਚ ਲੈਣ ਤੋਂ ਬਾਅਦ ਫੁੱਟਬਾਲ ਦੀ ਖੇਡ ਵੱਲ ਘਟੀ ਖਿੱਚ ਦੇ ਬਾਵਜੂਦ ઠਪੰਜਾਬ ਦੇ ਕਈ ਇਲਾਕਿਆਂ ਦੇ ਖੇਡ ਪ੍ਰੇਮੀ ਇਸ ਦੀ ਚੜ੍ਹਤ ਲਈ ਅਣਥੱਕ ਕੋਸ਼ਿਸ਼ਾਂ ਕਰ ਰਹੇ ਹਨ। ਇਹ ਸਮਾਜਿਕ ਉਪਰਾਲੇ ਨਸ਼ੇ ਦੀ ਦਲਦਲ ਵਿੱਚ ਫਸਦੇ ਜਾ ਰਹੇ ਪੰਜਾਬ ਲਈ ਇੱਕ ਉਸਾਰੂ ਭੁਮਿਕਾ ਨਿਭਾ ਰਹੇ ਹਨ ਅਤੇ ਸਰਕਾਰ ਤੇ ਸਮਾਜ ਨੂੰ ਇਸ ਪਾਸੇ ਪ੍ਰੇਰਿਤ ਕਰਕੇ ਨੌਜਵਾਨਾਂ ਦੇ ਰੁਝਾਨ ਨੂੰ ਮੋੜਾ ਦੇਣ ਦੀ ਤਮੰਨਾ ਰੱਖਦੇ ਹਨ।
ਪੰਜਾਬ ਦੀ ਇੱਕੋ-ਇੱਕ ਸਰਕਾਰੀ ਫੁੱਟਬਾਲ ਅਕੈਡਮੀ ਮਾਹਿਲਪੁਰ ਸਟਾਫ ਅਤੇ ਬੁਨਿਆਦੀ ਢਾਂਚੇ ਦੀ ਕਮੀ ਦੇ ਕਾਰਨ ਰਸਾਤਲ ਵਾਲੀ ਸਥਿਤੀ ਵਿੱਚ ਹੈ। ਜੇਸੀਟੀ ਫਗਵਾੜਾ ਦੀ ਟੀਮ ਦਾ ਕਦੇ ਦੇਸ਼ ਪੱਧਰ ਉੱਤੇ ਨਾਮ ਹੁੰਦਾ ਸੀ। ਲਗਪਗ ਪੰਜ ਸਾਲ ਤੋਂ ਟੀਮ ਹੀ ਖ਼ਤਮ ਹੋ ਗਈ ਹੈ। ਨਾਭਾ ਵਿੱਚ 1976 ਵਿੱਚ ਜਨਰਲ ਸ਼ਿਵੇਦਵ ਸਿੰਘ ਅਤੇ ਬਾਅਦ ਵਿੱਚ ਸਰਦਾਰ ਗੁਰਦਰਸ਼ਨ ਸਿੰਘ ਮੈਮੋਰੀਅਲ ਫੁੱਟਬਾਲ ਟੂਰਨਾਮੈਂਟ ਲਗਪਗ ਇੱਕ ਦਹਾਕਾ ਪਹਿਲਾਂ ਦਮ ਤੋੜ ਗਿਆ ਸੀ। ઠਸਾਬਕਾ ਮੰਤਰੀ ਗੁਰਦਰਸ਼ਨ ਸਿੰਘ ਦੇ ਵਿਧਾਇਕ ਬੇਟੇ ਰਣਦੀਪ ਸਿੰਘ ਨਾਭਾ ਨੇ ਕਿਹਾ ਕਿ ਟੂਰਨਾਮੈਂਟ ਵਿੱਚ ਦੇਸ਼ ਭਰ ਦੀਆਂ ਵੱਡੀਆਂ ਟੀਮਾਂ ਆਉਂਦੀਆਂ ਸਨ। ਰਿਪੁਦਮਨ ਕਾਲਜ ਦਾ ਖੇਡ ਮੈਦਾਨ ਠੀਕ ਨਾ ਰਹਿਣ ਅਤੇ ਖਿਡਾਰੀਆਂ ਲਈ ਹੋਸਟਲ ਦੀ ਸੁਵਿਧਾ ਨਾ ਹੋਣ ਕਰਕੇ ਇਹ ਬੰਦ ਹੋ ਗਿਆ ਹੈ। ਪੰਜਾਬ ਸਰਕਾਰ ਨੇ ਇਸ ਪਾਸੇ ਕਦੇ ਵੀ ਕੋਈ ਮੱਦਦ ਨਹੀਂ ਕੀਤੀ। ਜੇਕਰ ਥੋੜਾ ਬੁਨਿਆਦੀ ਢਾਂਚਾ ਬਣੇ ਤਾਂ ਪਰਿਵਾਰਕ ਤੌਰ ਉੱਤੇ ਉਹ ਟੂਰਨਾਮੈਂਟ ਮੁੜ ਸ਼ੁਰੂ ਕਰਵਾ ਸਕਦੇ ਹਨ।
ਪੰਜਾਬ ਦੇ ઠਖਿਡਾਰੀਆਂ ਨੂੰ ਜੇਸੀਟੀ, ਪੰਜਾਬ ਰਾਜ ਬਿਜਲੀ ਬੋਰਡ, ਰੇਲਵੇ ਕੋਚ ਫੈਕਟਰੀ ਕਪੂਰਥਲਾ, ਪੰਜਾਬ ਪੁਲਿਸ ਅਤੇ ਹੋਰ ਕਈ ਵਿਭਾਗਾਂ ਵਿੱਚ ਫੁੱਟਬਾਲ ਖਿਡਾਰੀਆਂ ਦੀ ਭਰਤੀ ਕਾਰਨ ਬਹੁਤ ਸਾਰੇ ਖਿਡਾਰੀ ਇਸ ਖੇਡ ਵੱਲ ਖਿੱਚੇ ਚਲੇ ਆਉਂਦੇ ਸਨ। ਦਲਬੀਰ ਸਿੰਘ ਕੋਚ ਦੀ ਅਗਵਾਈ ਵਿੱਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇਸ਼ ਦੀ ਇੱਕੋ-ਇੱਕ ਯੂਨੀਵਰਸਿਟੀ ਹੈ, ਜੋ ઠ25 ਸਾਲਾਂ ਤੋਂ ਅੰਤਰ ਯੂਨੀਵਰਸਿਟੀ ਫੁੱਟਬਾਲ ਟੂਰਨਾਮੈਂਟ ਖੇਡਦੀ ਆ ਰਹੀ ਹੈ ਅਤੇ 19 ਵਾਰ ਮੈਡਲ ਜਿੱਤੇ ਹਨ। ਦਲਬੀਰ ਸਿੰਘ ਨੇ ਕਿਹਾ ਕਿ ਇੱਥੋਂ 150 ਖਿਡਾਰੀ ਚੰਗੀਆਂ ਸਰਕਾਰੀ ਨੌਕਰੀਆਂ ਵਿੱਚ ਲੱਗੇ ઠਹੋਏ ਹਨ। ਮਾਝਾ ਖੇਤਰ ਦੇ ਪਿੰਡ ਕਾਲਾ ਅਫਗਾਨਾ ਨਾਲ ਸਬੰਧਤ ਦਲਬੀਰ ਦਾ ਕਹਿਣਾ ਹੈ ਕਿ ਪੰਜਾਬ ਦੇ ਕੁੱਲ ਕੋਚਾਂ ਵਿੱਚ 14 ਕੋਚ ਐੱਨਆਈਐੱਸ ਕੁਆਲੀਫਾਈਡ ਇਕੱਲੇ ਕਾਲਾ ਅਫਗਾਨਾ ਦੇ ਹਨ। ਉਹ ਕਹਿੰਦੇ ਹਨ ਪੰਜਾਬ ਵਿੱਚ ਫੁੱਟਬਾਲ ਦਾ ਭਵਿੱਖ ਬਿਹਤਰ ਹੈ। ઠਜ਼ਮੀਨੀ ਪੱਧਰ ਉੱਤੇ ਕੰਮ ਹੋ ਰਿਹਾ ਹੈ। ਸਰਕਾਰ ਨੂੰ ਇਸ ਪਾਸੇ ਖਿਡਾਰੀਆਂ ਦੀ ਖੁਰਾਕ ਅਤੇ ਹੋਰ ਸੁਵਿਧਾਵਾਂ ਵੱਲ ਧਿਆਨ ਦੇਣ ਦੀ ਲੋੜ ਹੈ। ਖਰੜ ਨੇੜੇ ਮਿਨਰਵਾ ਅਕੈਡਮੀ ਇਕੱਲੀ ਪੇਸ਼ੇਵਾਰਾਨਾ ਸਿਖਲਾਈ ਦੇ ਰਹੀ ਹੈ।
ਅਜਿਹੀਆਂ ਹੋਰ ਅਕੈਡਮੀਆਂ ਅਤੇ ਸਰਕਾਰੀ ਸਮਰਥਨ ਨਾਲ ਫੁੱਟਬਾਲ ਵਿੱਚ ਪੰਜਾਬ ਬਿਹਤਰ ਭੂਮਿਕਾ ਨਿਭਾ ਸਕਦਾ ਹੈ। ਦੋਆਬੇ ਵਿੱਚ ਯੰਗ ਫੁਟਬਾਲ ਕਲੱਬ ਰੁੜਕਾ ਕਲਾਂ ਦੇ ਨੌਜਵਾਨਾਂ ਵੱਲੋਂ ઠ18 ਸਾਲ ਪਹਿਲਾਂ ਮਾਰਿਆ ਹੰਭਲਾ ਰੰਗ ਲਿਆ ਰਿਹਾ ਹੈ। ਅਕੈਡਮੀ ਦੇ ਇੰਚਾਰਜ ਗੁਰਮੰਗਲ ਸਿੰਘ ਅਤੇ ਸਾਥੀਆਂ ਨੇ ਇੱਕ ਲੱਖ ਰੁਪਏ ਇਕੱਠੇ ਕਰਕੇ ਖਿਡਾਰੀਆਂ ਨੂੰ ઠਕਿੱਟਾਂ ਦੇਣ ਤੋਂ ਸ਼ੁਰੂ ਕੀਤਾ ਕੰਮ ਪਰਵਾਸੀ ਭਾਰਤੀਆਂ ਅਤੇ ਹੋਰ ਲੋਕਾਂ ਦੀ ਮੱਦਦ ਨਾਲ ਹੁਣ 40 ਪਿੰਡਾਂ ਦੇ 4 ਹਜ਼ਾਰ ਬੱਚਿਆਂ ਤੱਕ ਪਹੁੰਚ ਗਿਆ ਹੈ। ਸਕੂਲਾਂ ਵਿੱਚ ਲੜਕੀਆਂ ਅਤੇ ਸ਼ਾਮ ਨੂੰ ਪਿੰਡਾਂ ਵਿੱਚ ਲੜਕਿਆਂ ਨੂੰ ਪੇਸ਼ੇਵਰਾਨਾ ਕੋਚਾਂ ਦੀ ਨਿਗਰਾਨੀ ਵਿੱਚ ਫੁੱਟਬਾਲ ਦੀ ਖੇਡ ਸਿਖਾਈ ਜਾ ਰਹੀ ਹੈ। ਅਕੈਡਮੀ ਵਿੱਚ ਬਣੇ ਹੋਸਟਲ ਵਿੱਚ ਸਥਾਈ ਤੌਰ ਉੱਤੇ 45 ਬੱਚੇ ਅੰਡਰ-14 ਅਤੇ ਅੰਡਰ-19 ਵਾਲੇ ਰਹਿ ਰਹੇ ਹਨ।
ਗੁਰਮੰਗਲ ਨੇ ਕਿਹਾ ਕਿ ਉਹ ਖੇਡ ਨੂੰ ਜੀਵਨ ਜਾਂਚ ਦੇ ਹਿੱਸੇ ਵਜੋਂ ਲੈ ਰਹੇ ਹਨ। ਕਿਸੇ ਵੀ ਵਿਦਿਆਰਥੀ ਨੂੰ ਖੇਡ ਅਤੇ ਪੜ੍ਹਾਈ ਦਾ ਸੰਤੁਲਨ ਬਣਾਉਣ ਦੀ ਸਿਖਲਾਈ ਦਿੱਤੀ ਜਾਂਦੀ ਹੈ। ਖੇਡ ਨੂੰ ਜ਼ਰੀਆ ਬਣਾ ਕੇ ਵਿਦਿਆਰਥੀ, ਵਿੱਦਿਅਕ ਖੇਤਰ ਵਿੱਚ ਜ਼ਿਆਦਾ ਸਿੱਖਦੇ ਹਨ। ਸਾਡੇ ਵਿੱਚ ਇਹ ਨੁਕਸ ਹੈ ਕਿ ਖੇਡ ਅਤੇ ਪੜ੍ਹਾਈ ਨੂੰ ਅਲੱਗ-ਅਲੱਗ ਸਮਝਿਆ ਜਾਂਦਾ ਹੈ ਅਤੇ ਖਿਡਾਰੀਆਂ ਨੂੰ ਪੜ੍ਹਾਈ ਵਾਲੇ ਪਾਸੇ ਉਤਸ਼ਾਹਿਤ ਨਹੀਂ ਕੀਤਾ ਜਾ ਰਿਹਾ ਜਦਕਿ ਇਨ੍ਹਾਂ ਦੋਵਾਂ ਦਾ ਸਬੰਧ ਹੈ। ਪੰਜਾਬ ਵਿੱਚ ਫੁੱਟਬਾਲ ਦੇ ਮੁਕਾਬਲੇ ਵੱਡੇ ਪੈਮਾਨੇ ਅਤੇ ਪੇਸ਼ੇਵਰਾਨਾ ਤਰੀਕੇ ਦੇ ਨਹੀਂ ਹੋ ਰਹੇ।
ਅਸਲ ਵਿੱਚ ਜ਼ਮੀਨੀ ਪੱਧਰ ਉੱਤੇ ਫੁੱਟਬਾਲ ਦਾ ਪੂਲ ਅਜੇ 10 ਹਜ਼ਾਰ ਬੱਚਿਆਂ ਤੱਕ ਹੈ। ਜੇਕਰ 50 ਤੋਂ 60 ਹਜ਼ਾਰ ਤੱਕ ਪਹੁੰਚੇ ਤਾਂ ਅਸਲ ਵਿੱਚ ਇਹ ਫੁੱਟਬਾਲ ਫਾਰ ਆਲ ਵਰਗੀ ਸਥਿਤੀ ਹੋਵੇਗੀ।
ਪੰਜਾਬ ਦੇ ਤਿੰਨ ਫੁੱਟਬਾਲ ਖਿਡਾਰੀ ਅਰਜੁਨ ਐਵਾਰਡ ਨਾਲ ਸਨਮਾਨਿਤ
ਭਾਰਤ ਦੇ ਖੇਡ ઠਇਤਿਹਾਸ ਵਿੱਚ 25 ਫੁੱਟਬਾਲਰਾਂ ਨੂੰ ਭਾਰਤ ਸਰਕਾਰ ਵੱਲੋਂ ‘ਅਰਜੁਨ ਐਵਾਰਡ’ ਨਾਲ ਸਨਮਾਨਤ ਕੀਤਾ ਗਿਆ ਹੈ। ਇਨ੍ਹਾਂ 25 ਖਿਡਾਰੀਆਂ ਵਿੱਚ ਪੰਜਾਬ ਦੇ ਤਿੰਨ ਖਿਡਾਰੀ ਜਰਨੈਲ ਸਿੰਘ ਪਨਾਮ, ਇੰਦਰ ਸਿੰਘ ਤੇ ਗੁਰਦੇਵ ਸਿੰਘ ਗਿੱਲ ਸ਼ਾਮਲ ਹਨ। ਇਨ੍ਹਾਂ ਨੇ ਫੁੱਟਬਾਲ ਵਿੱਚ ઠਭਾਰਤ ਦੀ ਨੁਮਾਇੰਦਗੀ ਕਰਦਿਆਂ ਕੌਮਾਂਤਰੀ ਪੱਧਰ ਉੱਤੇ ਵੀ ਨਾਮਣਾ ਖੱਟਿਆ ਹੈ।
ਮਾਹਿਲਪੁਰ ਕਦੇ ‘ਫੁੱਟਬਾਲ ਦੀ ਨਰਸਰੀ’ ਵਜੋਂ ਸੀ ਮਸ਼ਹੂਰ
ਹੁਸ਼ਿਆਰਪੁਰ : ਹੁਸ਼ਿਆਰਪੁਰ ਦੇ ਕਸਬਾ ਮਾਹਿਲਪੁਰ ਫੁੱਟਬਾਲ ਦੀ ਨਰਸਰੀ ઠਵਜੋਂ ਮਸ਼ਹੂਰ ਹੈ। ਇਥੇ ਫੁੱਟਬਾਲ ਦੇ ਖੇਤਰ ਦੇ ਦੋ ਅਰਜੁਨ ਐਵਾਰਡੀ ਗੁਰਦੇਵ ਸਿੰਘ ਗਿੱਲ ਅਤੇ ਏਸ਼ੀਆ ਦੀ ਫੁੱਟਬਾਲ ਟੀਮ ਦੇ ਕਪਤਾਨ ਓਲੰਪੀਅਨ ਜਰਨੈਲ ਸਿੰਘ ਪਨਾਮ ਪੈਦਾ ਹੋਏ। ਇਸ ਤੋਂ ਇਲਾਵਾ ਖੇਤਰ ਦੇ ਕਈ ਖਿਡਾਰੀ ਦੇਸ਼ ਦੇ ਨਾਮੀ ਖੇਡ ਕਲੱਬਾਂ ਵਿੱਚ ਖੇਡ ਰਹੇ ਹਨ। ਇਲਾਕੇ ਦਾ ਕੋਈ ਪਿੰਡ ਅਜਿਹਾ ਨਹੀਂ ਜਿੱਥੇ ਫੁੱਟਬਾਲ ਦੀ ਖੇਡ ਕਲੱਬ ਨਾ ਹੋਵੇ ਅਤੇ ਖਿਡਾਰੀ ਸਵੇਰੇ ਸ਼ਾਮ ਅਭਿਆਸ ਲਈ ਪਸੀਨਾ ਨਾ ਵਹਾਉਂਦੇ ਹੋਣ। ਇਸ ਦੇ ਬਾਵਜੂਦ ਸਰਕਾਰ ਦੀ ਅਣਦੇਖੀ ਅਤੇ ਮਾੜੀ ਸਿਆਸਤ ਨੇ ਖੇਤਰ ਦੀ ਖੇਡ ਪ੍ਰਤਿਭਾ ਨੂੰ ਸੱਟ ਮਾਰੀ ઠਹੈ ਅਤੇ ਖਿਡਾਰੀਆਂ ਨੂੰ ਤਰਾਸ਼ਣ ਵਿੱਚ ਬਣਦੀ ਭੂਮਿਕਾ ਨਹੀਂ ਨਿਭਾਈ। ਮਾਹਿਲਪੁਰ ਵਿੱਚ ਸਰਕਾਰ ਵੱਲੋਂ ਸਥਾਪਤ ਕੀਤੀ ਫੁੱਟਬਾਲ ਅਕੈਡਮੀ ઠਲਈ ਖੇਡ ਵਿਭਾਗ ਵੱਲੋਂ ਲੱਖਾਂ ਰੁਪਏ ਫੰਡ ਦੇਣ ਦੇ ਦਾਅਵੇ ਕੀਤੇ ਜਾ ਰਹੇ ਹਨ ਪਰ ਅਕੈਡਮੀ ਦੀ ਖਸਤਾ ਹਾਲ ਇਮਾਰਤ ਅਤੇ ਖਿਡਾਰੀਆਂ ਨੂੰ ਮਿਲਣ ਵਾਲੀਆਂ ਸਹੂਲਤਾਂ ਪੱਖੋਂ ਇਹ ਅਨੇਕਾਂ ਕਮੀਆਂ ਨਾਲ ਜੂਝ ਰਹੀ ਹੈ। ਮਾਹਿਲਪੁਰ ਵਿੱਚ ਅਕਾਲੀ ਭਾਜਪਾ ਸਰਕਾਰ ਵੇਲੇ ਕੌਮਾਂਤਰੀ ਫੁੱਟਬਾਲ ਸਟੇਡੀਅਮ ਬਣਾਉਣ ਲਈ ਸ਼ੁਰੂ ਕੀਤਾ ਕਾਰਜ ਫੰਡਾਂ ਦੀ ਘਾਟ ਕਾਰਨ ਅੱਧਵਾਟੇ ਲਟਕਿਆ ਹੋਇਆ ਹੈ। ਅਜਿਹੀਆਂ ਘਾਟਾਂ ਦੇ ਬਾਵਜੂਦ ਇਸ ਇਲਾਕੇ ਨੇ ਅਨੇਕਾਂ ਫੁੱਟਬਾਲਰ ਪੈਦਾ ਕੀਤੇ ਹਨ, ਜਿਨ੍ਹਾਂ ਵਿੱਚ ਮੌਜੂਦਾ ਸਮੇਂ ਵਿੱਚ 2016 ਦੌਰਾਨ ਅੰਡਰ-17 ઠਵਿਸ਼ਵ ਕੱਪ ਟੀਮ ਵਿੱਚ ਖੇਡ ਰਹੇ ਅਨਵਰ ਅਲੀ ਦਾ ਨਾਮ ਅਹਿਮ ਹੈ। ਰਿਸ਼ੀ ਰਾਜਪੂਤ ਅੰਡਰ-16 ਵਿੱਚ ਭਾਰਤੀ ਟੀਮ ਲਈ ਖੇਡ ਚੁੱਕਾ ਹੈ। ਕੌਮੀ ਸਕੂਲ ਫੁੱਟਬਾਲ ਚੈਂਪੀਅਨਸ਼ਿਪ ਅੰਡਰ-17 ਲਈ ਸੁਖਪ੍ਰੀਤ ਸਿੰਘ, ਪ੍ਰਭਜੋਤ ਸਿੰਘ, ਸਿਧਾਰਥ ਮਲਿਕ, ਮੰਗਰ ਰਾਮ ਖੇਡ ਚੁੱਕੇ ਹਨ। ਇਨ੍ਹਾਂ ਤੋਂ ਇਲਾਵਾ ਪਿਛਲੇ ਦੋ ਸਾਲਾਂ ਦੌਰਾਨ ਹਰਪ੍ਰੀਤ ਸਿੰਘ ਪਿੰਡ ਝੰਜੋਵਾਲ ਦਾ ਫੁੱਟਬਾਲ ਖਿਡਾਰੀ ਜਮਸ਼ੇਦਪੁਰ ਕਲੱਬ ਲਈ ਗੋਲਕੀਪਰ ਵਜੋਂ ਚੁਣਿਆ ਗਿਆ ਹੈ।
ਨਵਜੋਤ ਪਨੇਸਰ ਇਸ ਵੇਲੇ ਬੀਐੱਸਐਫ ਦਾ ਡਿਫੈਂਡਰ ਖਿਡਾਰੀ ਹੈ। ઠਸੁਖਦੇਵ ਸਿੰਘ ਪਿੰਡ ਹਵੇਲੀ ਮੋਹਨ ਬਾਗਾਨ ਦਾ ਡਿਫੈਂਡਰ ਖਿਡਾਰੀ ਹੈ। ਗਗਨ ਬਾਲੀ ਪਿੰਡ ਚੱਕ ਕਟਾਰੂ ਈਸਟ ਬੰਗਾਲ ਕਲੱਬ ਦਾ ਸਟਰਾਈਕਰ ਖਿਡਾਰੀ ਹੈ। ਇਸੇ ਤਰ੍ਹਾਂ ਹਰਮਨਜੋਤ ਖਾਬੜਾ ਬੰਗਲੂਰੂ ਕਲੱਬ ਲਈ ਖੇਡ ਰਿਹਾ ਹੈ। ਲੜਕੀਆਂ ਵਿੱਚ ਅੰਡਰ-17 ਵਰਗ ਦੀ ਭਾਰਤੀ ਫੁਟਬਾਲ ਟੀਮ ਵਿੱਚ ਪਿੰਡ ਮੁੱਗੋਵਾਲ ਦੀ ਮਨੀਸ਼ਾ ਦੀ ਕੁਝ ਦਿਨ ਪਹਿਲਾਂ ਹੀ ਚੋਣ ਹੋਈ ਹੈ। ਇਨ੍ਹਾਂ ਤੋਂ ਇਲਾਵਾ ਮਾਹਿਲਪੁਰ ਇਲਾਕੇ ਦੇ ਹੋਰ ਪਿੰਡਾਂ ਦੇ ਕਈ ਖਿਡਾਰੀ ਵੱਖ-ਵੱਖ ਉਮਰ ਵਰਗ ਦੇ ਮੁਕਾਬਲਿਆਂ ਲਈ ਰਾਸ਼ਟਰੀ ਪੱਧਰ ਅਤੇ ਖੇਡ ਕਲੱਬਾਂ ਦੀ ਸ਼ਾਨ ਬਣੇ ਹੋਏ ਹਨ।
ਮਾਹਿਲਪੁਰ ਦੇ ਸ੍ਰੀ ਗੁਰੂ ਗੋਬਿੰਦ ਸਿੰਘ ਖ਼ਾਲਸਾ ਕਾਲਜ ਵਿੱਚ ਪ੍ਰਿੰਸੀਪਲ ਹਰਭਜਨ ਸਿੰਘ ਵੱਲੋਂ ਅੰਬਾਂ ਦੇ ਸੀਜ਼ਨ ਦੌਰਾਨ ਮੈਂਗੋ ਫੈਸਟੀਵਲ ਫੁਟਬਾਲ ਟੂਰਨਾਮੈਂਟ ਸ਼ੁਰੂ ਕਰਕੇ ਇਸ ਇਲਾਕੇ ਦੀ ਫੁੱਟਬਾਲ ਪ੍ਰਤਿਭਾ ਨੂੰ ਨਵੀਂ ਦਿਸ਼ਾ ਦਿੱਤੀ ਗਈ ਸੀ। ਇਹ ਟੂਰਨਾਮੈਂਟ ਅਜੇ ਵੀ ਕਾਲਜ ਦੇ ਸੰਸਥਾਪਕ ਬਾਬਾ ਹਰੀ ਸਿੰਘ ਕਹਾਰਪੁਰੀ ਦੀ ਯਾਦ ਵਿੱਚ ਕਰਵਾਇਆ ਜਾਂਦਾ ਹੈ। ਇਸ ਤੋਂ ਇਲਾਵਾ ਕਾਲਜ ਦੇ ਪ੍ਰਿੰ. ਹਰਭਜਨ ਸਿੰਘ ਸਪੋਰਟਿੰਗ ਕੱਲਬ ਵੱਲੋਂ ਹਰ ਸਾਲ ਕਰਵਾਇਆ ਜਾਂਦਾ ਆਲ ਇੰਡੀਆ ਫੁੱਟਬਾਲ ਟੂਰਨਾਮੈਂਟ ਵੀ ਇਲਾਕੇ ਦੀ ਖੇਡ ਪ੍ਰਤਿਭਾ ਨੂੰ ਤਰਾਸ਼ਣ ਦਾ ਅਹਿਮ ਜ਼ਰੀਆ ਹੈ। ਇਸੇ ਕਾਲਜ ਦੀ ਫੁੱਟਬਾਲ ਟੀਮ ਵੀ ਲਗਾਤਾਰ ઠਤਿੰਨ ਵਾਰ ਪੰਜਾਬ ਯੂਨੀਵਰਸਿਟੀ ਦੀ ਚੈਂਪੀਅਨ ਚੱਲੀ ਆ ਰਹੀ ਹੈ ਪਰ ਇਸਦੇ ਬਾਵਜੂਦ ਇਨ੍ਹਾਂ ਟੂਰਨਾਮੈਂਟਾਂ ਪ੍ਰਤੀ ਸਰਕਾਰ ਉਦਾਸੀਨ ਰਹਿੰਦੀ ਹੈ ਜਦਕਿ ਇਲਾਕੇ ਦੇ ਐੱਨਆਰਆਈ ਅਤੇ ਫੁੱਟਬਾਲ ਪ੍ਰਮੋਟਰ ਇਨ੍ਹਾਂ ਫੁੱਟਬਾਲ ਮੁਕਾਬਲਿਆਂ ਲਈ ਵਿਸ਼ੇਸ਼ ਤੌਰ ‘ਤੇ ਭਾਰਤ ਪੁੱਜ ਕੇ ਹਰ ਤਰ੍ਹਾਂ ਦਾ ਸਹਿਯੋਗ ਦਿੰਦੇ ਹਨ।
ਇਸ ਤੋਂ ਇਲਾਵਾ ਇਲਾਕੇ ਦੇ ਲਗਪਗ ਹਰ ਪਿੰਡਾਂ ਵਿੱਚ ਹੁੰਦੇ ਸਾਲਾਨਾ ਫੁੱਟਬਾਲ ਟੂਰਨਾਮੈਂਟਾਂ ਨੇ ਇਸ ਖੇਡ ਨੂੰ ਨਾ ਸਿਰਫ਼ ਜਿਊਂਦੀ ਰੱਖਿਆ ਹੈ ਬਲਕਿ ਸੀਮਤ ਵਸੀਲਿਆਂ ਅਤੇ ਆਧੁਨਿਕ ਸਹੂਲਤਾਂ ઠਦੀ ਘਾਟ ਦੇ ਬਾਵਜੂਦ ਕਈ ਨਾਮੀ ਖਿਡਾਰੀ ਪੈਦਾ ਕੀਤੇ ਹਨ। ਦੂਜੇ ਪਾਸੇ ਸਰਕਾਰ ਦੇ ਸਿਖਿਆ ਵਿਭਾਗ ਦਾ ਖੇਡ ਵਿੰਗ ਅੱਠਵੀਂ ਜਮਾਤ ਤੱਕ ਸਕੂਲ ਪੱਧਰ ਦੇ ਖਿਡਾਰੀਆਂ ਨੂੰ ਕੋਈ ਫੰਡ ਨਹੀਂ ਦਿੰਦਾ ਅਤੇ ਨੌਵੀਂ ਤੋਂ ਬਾਰ੍ਹਵੀਂ ਤੱਕ ਮਿਲਦਾ ਫੰਡ 80 ਫੀਸਦੀ ਤੱਕ ਡੀਈਓ ਦਫ਼ਤਰ ਚਲਾ ਜਾਂਦਾ ਹੈ, ਜੋ ਸਕੂਲਾਂ ਵਿੱਚ ਖਰਚਿਆ ਜਾਣਾ ਚਾਹੀਦਾ ਹੈ। ਅਨੇਕਾਂ ਸਕੂਲਾਂ ਵਿੱਚ ਮਾਸਟਰ ਪੱਲਿਓਂ ਪੈਸੇ ਖਰਚ ਕੇ ਖਿਡਾਰੀਆਂ ਲਈ ਕਿੱਟਾਂ ਅਤੇ ਖੁਰਾਕ ਦਾ ਪ੍ਰਬੰਧ ਕਰਦੇ ਹਨ। ਕੋਚ ਅਲੀ ਹਸਨ, ਫੁਟਬਾਲ ਖਿਡਾਰੀ ਪਰਮਪ੍ਰੀਤ ਕੈਂਡੋਵਾਲ ਅਤੇ ਲੇਖਕ ਬਲਜਿੰਦਰ ਮਾਨ ਦਾ ਕਹਿਣਾ ਹੈ ਕਿ ਇਲਾਕੇ ਵਿਚ ਖੇਡ ਪ੍ਰਤਿਭਾ ਬਹੁਤ ਹੈ ਪਰ ਸਰਕਾਰ ਦੀਆਂ ਨੀਤੀਆਂ ਦੀ ਘਾਟ ਹੈ। ਪੰਜਾਬ ਵਿੱਚ ਇੱਕ ਪਾਸੇ ਜੇਸੀਟੀ ਅਤੇ ਬਿਜਲੀ ਬੋਰਡ ਦੀਆਂ ਫੁੱਟਬਾਲ ਟੀਮਾਂ ਖ਼ਤਮ ਹੋ ਗਈਆਂ ਹਨ ਪਰ ਦੂਜੇ ਪਾਸੇ ਰਾਜਨੀਤਕ ਲੋਕਾਂ ਦੀ ਦਖ਼ਲਅੰਦਾਜ਼ੀ ਨੇ ਪੰਜਾਬ ਦੀ ਫੁੱਟਬਾਲ ਪ੍ਰਤਿਭਾ ਨੂੰ ਸੱਟ ਮਾਰੀ ਹੈ। ਉਨ੍ਹਾਂ ਮੰਗ ਕੀਤੀ ਕਿ ਸਰਕਾਰ ਨੂੰ ਮਾਹਿਲਪੁਰ ਦੇ ਫੁਟਬਾਲ ਦੀ ਪ੍ਰਫੁੱਲਤਾ ਲਈ ਵਿਸ਼ੇਸ਼ ਵੰਡ ਰਾਖਵੇਂ ਰੱਖਣੇ ਚਾਹੀਦੇ ਹਨ ਅਤੇ ਵੱਡੇ ਵਪਾਰਕ ਅਦਾਰਿਆਂ ਨੂੰ ਫੁੱਟਬਾਲ ਦੀਆਂ ਟੀਮਾਂ ਅਪਣਾ ਕੇ ਆਰਥਿਕ ਸਹਿਯੋਗ ਦੇਣਾ ਚਾਹੀਦਾ ਹੈ।
ਸੁਨਹਿਰੀ ਯੁੱਗ ਦੀ ਵਾਪਸੀ ਦਾ ਉਡੀਕਵਾਨ ਹੈ ਇੰਦਰ
ਜਲੰਧਰ : ਫੀਫਾ ਵਰਗੇ ਮਹਾਂ ਕੁੰਭ ਫੁੱਟਬਾਲ ਮੁਕਾਬਲਿਆਂ ਵਿੱਚ ਭਾਵੇਂ ਭਾਰਤ ਦੀ ਚਰਚਾ ਕਿਧਰੇ ਵੀ ਨਹੀਂ ਹੋਈ ਪਰ ਪੰਜਾਬ ਦੇ ਜਾਇਆਂ ਨੇ ਫੁੱਟਬਾਲ ਲਈ ਵੀ ਆਪਣਾ ਪਸੀਨਾ ਇਸ ਕਦਰ ਵਹਾਇਆ ਸੀ ਕਿ ਆਪਣੇ ਸਮਿਆਂ ਦੇ ਹੀਰੋ ਬਣ ਕੇ ਅੱਜ ਵੀ ਲੋਕਾਂ ਦੇ ਦਿਲਾਂ ‘ਤੇ ਰਾਜ ਕਰ ਰਹੇ ਹਨ। ਭਾਰਤੀ ਫੁੱਟਬਾਲ ਇਤਿਹਾਸ ਵਿੱਚ ਦੋ ਪੰਜਾਬੀਆਂ ਦੇ ਕੱਦ ਏਨੇ ਵੱਡੇ ਹਨ ਕਿ ਉਨ੍ਹਾਂ ਨੂੰ ਕੌਮਾਂਤਰੀ ਪੱਧਰ ਦੇ ਖਿਡਾਰੀ ਵੀ ਸਲਾਮ ਕਰਦੇ ਸਨ। ਇਨ੍ਹਾਂ ਵਿੱਚ ਮਾਹਿਲਪੁਰ ਇਲਾਕੇ ਦੇ ਜਰਨੈਲ ਸਿੰਘ ਅਤੇ ਫਗਵਾੜਾ ਇਲਾਕੇ ਦੇ ਇੰਦਰ ਸਿੰਘ ਉਨ੍ਹਾਂ ਫੁੱਟਬਾਲ ਖਿਡਾਰੀਆਂ ਵਿਚੋਂ ਹਨ, ਜਿਨ੍ਹਾਂ ਦਾ ਨਾਂ ਸੁਨਹਿਰੀ ਅੱਖਰਾਂ ਵਿਚ ਲਿਖਿਆ ਗਿਆ। ਅਰਜੁਨ ਐਵਾਰਡੀ ਇੰਦਰ ਸਿੰਘ ਨੇ ਫੁੱਟਬਾਲ ਦੀ ਪਹਿਲੀ ਕਿੱਕ ਅੱਠਵੀਂ ਜਮਾਤ ਵਿਚ ਪੜ੍ਹਦਿਆਂ ਹੀ ਮਾਰੀ ਸੀ ਅਤੇ ਇਸ ਤੋਂ ਬਾਅਦ ਉਸ ਨੇ ਪਿੱਛੇ ਮੁੜ ਕੇ ਨਹੀਂ ਦੇਖਿਆ। ਇੰਦਰ ਸਿੰਘ ਦੇ ਫੁੱਟਬਾਲ ਖੇਡਦਿਆਂ ਤਿੰਨ ਵਾਰ ਸੱਟਾਂ ਲੱਗੀਆਂ ਸਨ, ਜਿਸ ਕਾਰਨ ਉਨ੍ਹਾਂ ਨੂੰ ਵੱਡੇ ਕੌਮਾਂਤਰੀ ਪੱਧਰ ਦੇ ਟੂਰਨਾਮੈਂਟਾਂ ਤੋਂ ਬਾਹਰ ਰਹਿਣਾ ਪਿਆ। 1960 ਤੋਂ 1974 ਤੱਕ ਉਹ ਜਲੰਧਰ ਦੇ ਲੀਡਰ ਫੁੱਟਬਾਲ ਕਲੱਬ ਵਿੱਚ ਖੇਡਦੇ ਰਹੇ ਸਨ ਤੇ 1965 ਵਿੱਚ ਉਨ੍ਹਾਂ ਨੂੰ ਟੀਮ ਦਾ ਕੈਪਟਨ ਬਣਨ ਦਾ ਮਾਣ ਵੀ ਹਾਸਲ ਹੋਇਆ ਸੀ। ਜਲੰਧਰ ਤੋਂ ਹੀ ਇੰਦਰ ਸਿੰਘ ਦੀ ਖੇਡ ‘ਤੇ ਨਜ਼ਰ ਰੱਖਣ ਵਾਲਿਆਂ ਨੇ ਉਨ੍ਹਾਂ ਨੂੰ ਜੇਸੀਟੀ ਫੁੱਟਬਾਲ ਕਲੱਬ ਵਿੱਚ ਲਿਆਂਦਾ, ਜਿਥੇ ਉਨ੍ਹਾਂ ਨੇ 12 ਸਾਲ ਬਿਨਾਂ ਥੱਕਿਆਂ ਫੁੱਟਬਾਲ ਦੇ ਲੇਖੇ ਲਾਏ। 1974 ਤੋਂ 1985 ਤੱਕ ਉਹ ਜੇਸੀਟੀ ਲਈ ਖੇਡੇ ਸਨ। 1974 ਤੋਂ ਲੈ ਕੇ 1982 ਤੱਕ ਉਹ ਟੀਮ ਦੇ ਕਪਤਾਨ ਰਹੇ ਸਨ। ਕੌਮੀ ਫੁੱਟਬਾਲ ਟੀਮ ਵਿੱਚ ਵੀ ਉਹ 1963 ਤੋਂ 1975 ਤੱਕ ਆਪਣੀ ਖੇਡ ਦਾ ਲੋਹਾ ਮਨਵਾਉਂਦੇ ਰਹੇ ਸਨ। ઠਇੰਦਰ ਸਿੰਘ ਨੇ 1963-64 ਤੱਕ ਹੋਏ ਪ੍ਰੀ-ਓਲੰਪਿਕ ਫੁੱਟਬਾਲ ਮੁਕਾਬਲਿਆਂ ਵਿੱਚ ਹਿੱਸਾ ਲਿਆ ਸੀ ਤੇ ਉਨ੍ਹਾਂ ਨੂੰ ਸ੍ਰੀਲੰਕਾ, ਇਰਾਨ, ਕਲਕੱਤਾ ਤੇ ਬੰਗਲੌਰ ਵਿੱਚ ਖੇਡਣ ਦਾ ਮੌਕਾ ਮਿਲਿਆ। 1964 ਵਿਚ ਇਜ਼ਰਾਈਲ ਵਿੱਚ ਹੋਏ ਏਸ਼ੀਆ ਕੱਪ ਵਿਚ ਭਾਰਤ ਦੀ ਟੀਮ ਫਾਈਨਲ ‘ਚ ਪਹੁੰਚ ਗਈ ਸੀ ਪਰ ਉਹ ਇਜ਼ਰਾਈਲ ਕੋਲੋਂ 2-0 ਨਾਲ ਹਾਰ ਗਏ ਸਨ। ਕੁਆਲਾਲੰਪੁਰ ਵਿੱਚ ਹੋਣ ਵਾਲੇ ਮਡਰੇਕਾ ਫੁੱਟਬਾਲ ਟੂਰਨਾਮੈਂਟ ਵਿਚ ਉਹ ਤਿੰਨ ਸਾਲ ਤੱਕ ਖੇਡਦੇ ਰਹੇ ਸਨ ਤੇ ਉਨ੍ਹਾਂ ਦੀ ਖੇਡ ਨੂੰ ਦੇਖਣ ਲਈ ਮਲੇਸ਼ੀਆ ਦੇ ਪ੍ਰਧਾਨ ਮੰਤਰੀ ਹਾਜ਼ਰ ਰਹਿੰਦੇ ਸਨ। ਆਲ ਏਸ਼ੀਅਨ ਸਟਾਰ ਫੁੱਟਬਾਲ ਟੀਮ ਲਈ ਵੀ ਉਹ 1967 ਵਿਚ ਚੁਣੇ ਗਏ ਸਨ। ਏਸ਼ੀਆ ਦੀ ਟੀਮ ਵਿਚ ਚੁਣੇ ਜਾਣਾ ਆਪਣੇ ਆਪ ਵਿਚ ਵੱਡੀ ਪ੍ਰਾਪਤੀ ਹੈ। ਪੰਜਾਬ ਫੁੱਟਬਾਲ ਐਸੋਸੀਏਸ਼ਨ ਵਿੱਚ ਵੀ ਉਨ੍ਹਾਂ ਨੂੰ 2001 ਵਿਚ ਆਨਰੇਰੀ ਸਕੱਤਰ ਲਾਇਆ ਗਿਆ ਸੀ। ਭਾਰਤ ਵਿਚ ਫੁੱਟਬਾਲ ਦੀ ਸਥਿਤੀ ‘ਤੇ ਚਰਚਾ ਕਰਦਿਆਂ ਉਨ੍ਹਾਂ ਦੱਸਿਆ ਕਿ ਪੰਜਾਬ ਦੇ ਖਿਡਾਰੀ ਕਿਸੇ ਪੱਖ ਤੋਂ ਵੀ ਘੱਟ ਨਹੀਂ ਰਹੇ। ਉਹ ਹਮੇਸ਼ਾ ਬੰਗਾਲ ਦੇ ਖਿਡਾਰੀਆਂ ਨੂੰ ਟੱਕਰ ਦੇਣ ਦੇ ਸਮਰੱਥ ਰਹੇ। ਪੰਜਾਬ ਨੂੰ 8 ਵਾਰ ਕੌਮੀ ਪੱਧਰ ਦੀ ਫੁੱਟਬਾਲ ਸੰਤੋਸ਼ ਟਰਾਫੀ ਜਿੱਤਣ ਦਾ ਮਾਣ ਹਾਸਲ ਹੋ ਚੁੱਕਿਆ ਹੈ ਤੇ ਸੱਤ ਵਾਰ ਪੰਜਾਬ ਦੂਜੇ ਨੰਬਰ ‘ਤੇ ਰਿਹਾ ਹੈ। ਇੰਦਰ ਸਿੰਘ ਦਾ ਕਹਿਣਾ ਹੈ ਕਿ ਪੰਜਾਬ ਦੇ ਖਿਡਾਰੀ ਫੁੱਟਬਾਲ ਵਿੱਚ ਹੁਣ ਵੀ ਮੋਹਰੀ ਭੂਮਿਕਾ ਨਿਭਾਉਣ ਦੇ ਸਮਰੱਥ ਹਨ। ਇੰਦਰ ਸਿੰਘ ਹਾਂ-ਪੱਖੀ ਸੋਚ ਦੇ ਮਾਲਕ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਕਿਸੇ ਦੀ ਵੀ ਆਲੋਚਨਾ ਕਰਨ ਦੀ ਥਾਂ ਉਸ ਨੂੰ ਉਤਸ਼ਾਹਿਤ ਕਰਨਾ ਚਾਹੀਦਾ ਹੈ ਤਾਂ ਜੋ ਉਸ ਵਿੱਚ ਵੀ ਹਾਂ-ਪੱਖੀ ਵਿਚਾਰਾਂ ਦੀ ਸਿਰਜਣਾ ਹੋਵੇ। ਖਿਡਾਰੀਆਂ ਨੂੰ ਕਦੇ ਵੀ ਦ੍ਰਿੜ੍ਹ ਲਗਨ ਤੇ ਸਖ਼ਤ ਮਿਹਨਤ ਦਾ ਪੱਲਾ ਨਹੀਂ ਛੱਡਣਾ ਚਾਹੀਦਾ।
Check Also
ਲੋਕ ਸਭਾ ਚੋਣਾਂ ‘ਚ ਭਾਜਪਾ ਨੂੰ ਨਹੀਂ ਮਿਲਿਆ ਬਹੁਮਤ
ਭਾਜਪਾ ਨੂੰ ਸਿਰਫ਼ 241 ਸੀਟਾਂ ਨਾਲ ਕਰਨਾ ਪਿਆ ਸਬਰ ਚੋਣ ਨਤੀਜੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ …