ਕੈਨੇਡਾ ਤੇ ਅਮਰੀਕਾ ਦੇ ਮੁਕਾਬਲੇ ਘੱਟ ਖਰਚੇ ਕਾਰਨ ਫਰਾਂਸ ਮੱਧਵਰਗੀ ਲੋਕਾਂ ਦੀ ਖਿੱਚ ਦਾ ਕੇਂਦਰ
ਪੈਰਿਸ : ਗੈਰਕਾਨੂੰਨੀ ਲੋਕਾਂ ਪ੍ਰਤੀ ਨਰਮ ਰਵੱਈਆ, ਦੇਸ਼ ਦੀ ਮਜ਼ਬੂਤ ਅਰਥ ਵਿਵਸਥਾ ਅਤੇ ਕੈਨੇਡਾ, ਅਮਰੀਕਾ ਦੇ ਮੁਕਾਬਲੇ ਘੱਟ ਖਰਚੇ ਕਾਰਨ ਫਰਾਂਸ ਮੱਧਵਰਗੀ ਲੋਕਾਂ ਦੀ ਖਿੱਚ ਦਾ ਕੇਂਦਰ ਹੈ। ਭਾਵੇਂ ਫਰਾਂਸ ਸਰਕਾਰ ਵੱਲੋਂ ਵਿਦਿਆਰਥੀ ਵੀਜ਼ਾ ਜਾਂ ਕੰਮ ਦੇ ਆਧਾਰ ‘ਤੇ ਸ਼ਰਤਾਂ ਪੂਰੀਆਂ ਕਰਕੇ ਵੀਜ਼ਾ ਪ੍ਰਾਪਤ ਕਰਨ ਦੀ ਸਹੂਲਤ ਹੈ ਪਰ ਫਿਰ ਵੀ ਲੋਕ ਏਜੰਟਾਂ ਦੇ ਜਾਲ ਵਿੱਚ ਫਸ ਕੇ ਲੱਖਾਂ ਰੁਪਏ ਖਰਾਬ ਕਰਦੇ ਹਨ। ਇਥੋਂ ਦੇ ਪੱਚੀ ਹਜ਼ਾਰ ਦੇ ਕਰੀਬ ਪੰਜਾਬੀਆਂ ਵਿੱਚੋਂ ਜ਼ਿਆਦਾਤਰ ਲੋਕ ਇਥੇ ਗੈਰਕਾਨੂੰਨੀ ਤਰੀਕੇ ਨਾਲ ਹੀ ਦਾਖਲ ਹੋਏ ਹਨ ਅਤੇ ਸਮੇਂ ਦੇ ਬੀਤਣ ਨਾਲ ਵੱਖ-ਵੱਖ ਢੰਗ ਤਰੀਕਿਆਂ ਨਾਲ ਪੱਕੇ ਵੀ ਹੋ ਗਏ ਹਨ। ਪਿਛਲੇ ਕੁਝ ਸਾਲਾਂ ਤੋਂ ਪੰਜਾਬੀਆਂ ਦਾ ਇਸ ਮੁਲਕ ਵਿੱਚ ਗੈਰਕਾਨੂੰਨੀ ਪਰਵਾਸ ਕਾਫੀ ਵਧਿਆ ਹੈ। ਇਥੇ ਦਸ ਬਾਰਾਂ ਲੱਖ ਰੁਪਏ ਵਿਚ ਗੇਮ ਫਿਟ ਕਰਕੇ ਜ਼ਿਆਦਾਤਰ ਏਜੰਟਾਂ ਵੱਲੋਂ ਸੈਲਾਨੀ ਵੀਜ਼ੇ ‘ਤੇ ਗੈਰਕਾਨੂੰਨੀ ਪਰਵਾਸ ਕਰਵਾਇਆ ਜਾਂਦਾ ਹੈ। ਕਈਆਂ ਨੂੰ ਇਟਲੀ ਦੇ ਕੱਚੇ ਕੰਮ ਵਾਲੇ ਕਾਗਜ਼ਾਂ ‘ਤੇ ਅਤੇ ਕਈਆਂ ਨੂੰ ਵੱਖ-ਵੱਖ ਦੇਸ਼ਾਂ ਰਾਹੀਂ ਇਥੇ ਪਹੁੰਚਾਇਆ ਜਾਂਦਾ ਹੈ।
ਮੁਕੇਰੀਆਂ ਦੇ ਰਹਿਣ ਵਾਲੇ ਸ਼ਾਂਟੂ ਨੇ ਦੱਸਿਆ ਕਿ ਘਰ ਦੀ ਗਰੀਬੀ ਦੂਰ ਕਰਨ ਉਹ ਛੇ ਸਾਲ ਪਹਿਲਾਂ ਇਥੇ ਆਇਆ ਸੀ। ਉਹ ਕਈ ਮੁਲਕਾਂ ਤੋਂ ਹੁੰਦਾ ਹੋਇਆ ਇਕ ਸਾਲ ਵਿੱਚ ਫਰਾਂਸ ਪਹੁੰਚਿਆ। ਉਸ ਨੂੰ ਗਰੀਸ ਤੋਂ ਇਟਲੀ ਦੀ ਡੌਂਕੀ ਲਵਾਉਣ ਲਈ ਜਹਾਜ਼ ਰਾਹੀਂ ਮੰਜ਼ਿਲ ‘ਤੇ ਪਹੁੰਚਾਇਆ ਗਿਆ। ਇਸ ਦੌਰਾਨ ਤਰਾਸਦੀ ਰਹੀ ਕਿ 30 ਬੰਦਿਆਂ ਦੀ ਸਮਰੱਥਾ ਵਾਲੇ ਜਹਾਜ਼ ਵਿੱਚ 90 ਬੰਦਿਆਂ ਨੂੰ ਲਿਜਾਇਆ ਗਿਆ। ਬਾਲਗਾਂ ਦੇ ਨਾਲ ਬੱਚੇ ਵੀ ਗੈਰਕਾਨੂੰਨੀ ਪਰਵਾਸ ਵਿੱਚ ਪਿੱਛੇ ਨਹੀਂ ਹਨ। ਕਈ ਮਾਪੇ ਆਪਣੇ ਨਾਬਾਲਗ ਬੱਚਿਆਂ ਨੂੰ ਬਾਹਰ ਸੈੱਟ ਕਰਨ ਲਈ ਹਰ ਗੈਰਕਾਨੂੰਨੀ ਤਰੀਕਾ ਵਰਤ ਰਹੇ ਹਨ। ਪੰਜਾਬ ਦੀ ਦੋਆਬਾ ਬੈਲਟ ਅਤੇ ਹਰਿਆਣਾ ਦਾ ਕੈਥਲ ਏਰੀਆ ਇਸ ਵਿੱਚ ਮੋਹਰੀ ਹਨ। ਇਸ ਕੰਮ ਲਈ ਏਜੰਟ ਵੀ ਕਈ ਜੁਗਾੜ ਲਗਾ ਰਹੇ ਹਨ। ਉਹ ਛੋਟੇ ਬੱਚਿਆਂ ਨੂੰ ਕਿਸੇ ਖੇਡ ਟੀਮ ਦਾ ਹਿੱਸਾ ਬਣਾ ਕੇ ਜਾਂ ਨਕਲੀ ਮਾਪੇ ਬਣਾ ਕੇ ਵੀਜ਼ਾ ਲਵਾ ਕੇ ਇਨ੍ਹਾਂ ਮੁਲਕਾਂ ਵਿਚ ਗੈਰਕਾਨੂੰਨੀ ਪਰਵਾਸ ਕਰਵਾਉਂਦੇ ਹਨ। ਸੋਲ੍ਹਾਂ ਸਾਲਾ ਰਾਜਵਿੰਦਰ ਸਿੰਘ ਰਾਜਾ ਕੋਲੋਂ ਏਜੰਟ ਨੇ ਬਾਰ੍ਹਾਂ ਲੱਖ ਰੁਪਏ ਲੈ ਕੇ ਉਸ ਨੂੰ ਫੁਟਬਾਲ ਟੀਮ ਦਾ ਮੈਂਬਰ ਬਣਾ ਕੇ ਭੇਜਿਆ। ਉਹ ਇਸ ਵੇਲੇ ਸਕੂਲ ਪੜ੍ਹ ਰਿਹਾ ਹੈ। 15 ਸਾਲਾ ਵਿਸ਼ਾਲ ਕਹਿੰਦਾ ਹੈ ਕਿ ਉਹ ਇਥੇ ਕਰਾਟੇ ਮੁਕਾਬਲੇ ਲਈ ਆਇਆ ਸੀ ਭਾਵੇਂ ਉਸ ਦਾ ਕਰਾਟਿਆਂ ਨਾਲ ਦੂਰ ਦਾ ਵਾਸਤਾ ਵੀ ਨਹੀਂ ਸੀ। ਸੋਲ੍ਹਵੇਂ ਸਾਲ ਵਿਚ ਪੈਰ ਧਰ ਰਹੇ ਵਿਸ਼ਾਲ ਨੂੰ ਏਜੰਟ ਨੇ ਕਿਸੇ ਹੋਰ ਦਾ ਲੜਕਾ ਬਣਾ ਕੇ ਫਰਾਂਸ ਦਾ ਵੀਜ਼ਾ ਲਵਾਇਆ। ਇਸ ਕੰਮ ਲਈ ਉਸ ਤੋਂ ਸਾਢੇ ਗਿਆਰਾਂ ਲੱਖ ਰੁਪਏ ਲਏ ਗਏ। ਰਣਜੀਤ ਸਿੰਘ ਨੇ ਦੱਸਿਆ ਕਿ ਫਰਾਂਸ ਦੇ ਕਾਨੂੰਨ ਮੁਤਾਬਿਕ ਜੋ ਬੱਚਾ ਅਠਾਰਾਂ ਸਾਲ ਤੋਂ ਘੱਟ ਉਮਰ ਵਿੱਚ ਇਥੇ ਪੜ੍ਹਦਾ ਹੈ ਤੇ ਕਾਨੂੰਨ ਦੀਆਂ ਸ਼ਰਤਾਂ ਪੂਰੀਆਂ ਕਰਦਾ ਹੈ ਤਾਂ ਉਸ ਨੂੰ ਸਥਾਈ ਨਿਵਾਸ ਜਲਦੀ ਮਿਲ ਜਾਂਦਾ ਹੈ ਜਿਸ ਕਾਰਨ ਲੋਕ ਆਪਣੇ ਬੱਚਿਆਂ ਨੂੰ ਗੈਰਕਾਨੂੰਨੀ ਤਰੀਕੇ ਨਾਲ ਇਥੇ ਭੇਜਦੇ ਹਨ ਪਰ ਕਈ ਵਾਰੀ ਇਹ ਬੱਚੇ ਗਲਤ ਸੰਗਤ ਵਿੱਚ ਪੈ ਕੇ ਆਪਣੀ ਜ਼ਿੰਦਗੀ ਖਰਾਬ ਕਰ ਲੈਂਦੇ ਹਨ। ਪਰਮਜੀਤ ਸਿੰਘ ਸੋਹਲ ਨੇ ਦੱਸਿਆ ਕਿ 1980 ਵਿੱਚ ਫਰਾਂਸ ਦੀ ਇਮੀਗਰੇਸ਼ਨ ਖੁੱਲ੍ਹਣ ਤੋਂ ਬਾਅਦ ਲੋਕਾਂ ਨੇ ਵੱਡੀ ਗਿਣਤੀ ਵਿਚ ਫਰਾਂਸ ਦਾ ਰੁਖ਼ ਕੀਤਾ। ਹੋਟਲ ਵਿੱਚ ਹੈਲਪਰ ਤੋਂ ਹੋਟਲ ਕਾਰੋਬਾਰੀ ਬਣਨ ਤੱਕ ਦਾ ਸਫਰ ਤੈਅ ਕਰਨ ਵਾਲੇ ਦਲਵਿੰਦਰ ਸਿੰਘ ਘੁੰਮਣ ਅਨੁਸਾਰ ਇੱਥੇ ਕੀਤੀ ਮਿਹਨਤ ਦਾ ਮੁੱਲ ਪੈਂਦਾ ਹੈ ਜਿਸ ਕਾਰਨ ਪੰਜਾਬੀਆਂ ਦਾ ਲਗਾਤਾਰ ਆਉਣਾ ਜਾਰੀ ਹੈ।
ਪੌਂਡਾਂ ਤੇ ਡਾਲਰਾਂ ਦੀ ਚਮਕ ਨੇ ਪੰਜਾਬੀਆਂ ਨੂੰ ਵਿਦੇਸ਼ਾਂ ਵੱਲ ਖਿੱਚਿਆ
ਜਲੰਧਰ : ਪੰਜਾਬ ਦੇ ਲੋਕਾਂ ਦਾ ਰੋਜ਼ੀ-ਰੋਟੀ ਲਈ ਵਿਦੇਸ਼ ਜਾਣ ਦਾ ਸਿਲਸਿਲਾ 19ਵੀਂ ਸਦੀ ਦੇ ਅਖੀਰ ਵਿੱਚ ਸ਼ੁਰੂ ਹੋ ਗਿਆ ਸੀ। ਦੋਆਬੇ ਦੇ ਚਾਰ ਜ਼ਿਲ੍ਹਿਆਂ ਜਲੰਧਰ, ਨਵਾਂਸ਼ਹਿਰ, ਹੁਸ਼ਿਆਰਪੁਰ ਤੇ ਕਪੂਰਥਲਾ ਵਿੱਚੋਂ ਪਰਵਾਸ ਦਾ ਅਜਿਹਾ ਦੌਰ ਚੱਲਿਆ ਜੋ ਅਜੇ ਤੱਕ ਨਿਰੰਤਰ ਜਾਰੀ ਹੈ।
ਪੌਂਡਾਂ ਤੇ ਡਾਲਰਾਂ ਦੀ ਚਮਕ ਪੰਜਾਬੀਆਂ ਨੂੰ ਵਿਦੇਸ਼ ਵੱਲ ਖਿੱਚ ਰਹੀ ਹੈ ਅਤੇ ਪਿਛਲੇ 25-30 ਸਾਲਾਂ ਦੌਰਾਨ ਪੰਜਾਬ ਵਿਚੋਂ ਤੇਜ਼ੀ ਨਾਲ ਪਰਵਾਸ ਹੋਇਆ ਹੈ। ਪੰਜਾਬੀਆਂ ਨੇ ਵਿਦੇਸ਼ਾਂ ਵਿੱਚ ਵੀ ਜਾ ਕੇ ਹੱਡ ਭੰਨਵੀਂ ਮਿਹਨਤ ਕੀਤੀ। ਉਹ ਇਹੀ ਸੋਚਦੇ ਸਨ ਕਿ ਇੱਕ ਦਿਨ ਪੈਸੇ ਕਮਾ ਕੇ ਉਹ ਘਰਾਂ ਨੂੰ ਪਰਤ ਜਾਣਗੇ ਪਰ ਉਹ ਘਰ ਦੀਆਂ ਮਜਬੂਰੀਆਂ ਵੱਸ ਅਜਿਹਾ ਨਾ ਕਰ ਸਕੇ। ਹੁਣ ਪੰਜਾਬੀ ਵਿਦੇਸ਼ਾਂ ਵਿੱਚ ਪੱਕੇ ਤੌਰ ‘ਤੇ ਰਹਿਣ ਦਾ ਮਨ ਬਣਾ ਕੇ ਜਾ ਰਹੇ ਹਨ, ਕਿਉਂਕਿ ਇਥੇ ਨੌਜਵਾਨਾਂ ਲਈ ਰੁਜ਼ਗਾਰ ਦੀ ਕੋਈ ‘ਗਾਰੰਟੀ’ ਨਹੀਂ ਹੈ।
90ਵਿਆਂ ਵਿੱਚ ਵਿਦੇਸ਼ ਜਾਣ ਦੀ ਹੋੜ ਸਿਖ਼ਰ ‘ਤੇ ਪਹੁੰਚ ਗਈ ਸੀ। ਇਸ ਲਈ ਲੋਕਾਂ ਨੇ ਆਪਣੀਆਂ ਜ਼ਮੀਨਾਂ-ਜਾਇਦਾਦਾਂ ਵੇਚੀਆਂ ਤੇ ਗਹਿਣੇ ਧਰੀਆਂ। ਬਾਹਰ ਭੇਜਣ ਦੀ ਚਾਹਤ ਦੀ ਆੜ ਵਿਚ ਟਰੈਵਲ ਏਜੰਟ ਵੀ ਆਪਣੇ ਹੱਥ ਰੰਗ ਗਏ। ਪੰਜਾਬੀ ਮੁੰਡਿਆਂ ਨੇ ਆਪਣੀ ਜਾਨ ਖ਼ਤਰੇ ਵਿੱਚ ਪਾ ਕੇ ਵਿਦੇਸ਼ ਜਾਣ ਵਿੱਚ ਕੋਈ ਕਸਰ ਨਹੀਂ ਛੱਡੀ।
ਦੋਆਬੇ ਦੇ ਪਿੰਡਾਂ ਵਿੱਚ ਪਰਵਾਸੀ ਪੰਜਾਬੀਆਂ ਨੇ ਖੇਡ ਸਟੇਡੀਅਮ, ਹਸਪਤਾਲਾਂ, ਜਿਮ, ਸਕੂਲ, ਕਮਿਊਨਟੀ ਸੈਂਟਰ ਤੇ ਸ਼ਮਸ਼ਾਨਘਾਟਾਂ ‘ਤੇ ਵੱਡੀ ਪੱਧਰ ‘ਤੇ ਪੈਸੇ ਖਰਚੇ ਹਨ। ਉਨ੍ਹਾਂ ਆਪਣੇ ਘਰ ਵੀ ਵੱਡੇ-ਵੱਡੇ ਬਣਾ ਲਏ।
ਹੁਸ਼ਿਆਰਪੁਰ ਜ਼ਿਲ੍ਹੇ ਦੇ ਪਿੰਡ ਗਿਲਜ਼ੀਆਂ ਨੂੰ ਮਿੰਨੀ ਅਮਰੀਕਾ ਆਖਿਆ ਜਾਂਦਾ ਹੈ। ਇਸ ਪਿੰਡ ਦੇ ਕਰੀਬ 900 ਵੋਟਰ ਹਨ। ਗਿਲਜ਼ੀਆਂ ਦੀ ਆਬਾਦੀ 1200 ਦੇ ਕਰੀਬ ਹੈ ਤੇ ਪਿੰਡ ਦੇ 80 ਫੀਸਦੀ ਲੋਕ ਵਿਦੇਸ਼ ਗਏ ਹਨ। ਇਸ ਪਿੰਡ ਵਿੱਚੋਂ ਸਭ ਤੋਂ ਵੱਧ ਲੋਕ ਨਿਊਯਾਰਕ ਗਏ ਹਨ। ਪਿੰਡ ਦੀ ਸਰਪੰਚੀ ਤੋਂ ਲੈ ਕੇ ਪੰਜਾਬ ਵਿਧਾਨ ਸਭਾ ਚੋਣਾਂ ਲੜਨ ਵਾਲੇ ਸੰਗਤ ਸਿੰਘ ਵੀ ਇਸੇ ਪਿੰਡ ਦੇ ਵਸਨੀਕ ਹਨ। ਉਨ੍ਹਾਂ ਦੀਆਂ ਦੋ ਧੀਆਂ ਤੇ ਇੱਕ ਪੁੱਤਰ ਵੀ ਨਿਊਯਾਰਕ ਵਿੱਚ ਰਹਿੰਦੇ ਹਨ। ਪਿੰਡ ਵਿਚ ਆਲੀਸ਼ਾਨ ਘਰਾਂ ਨੂੰ ਜਿੰਦਰੇ ਵੱਜੇ ਹੋਏ ਹਨ। ਪਿੰਡ ਵਿੱਚ ਦੋ ਤਿੰਨ ਅੱਲੜ ਮੁੰਡੇ ਮਿਲੇ ਸਨ। ਉਨ੍ਹਾਂ ਦਾ ਕਹਿਣਾ ਸੀ ਕਿ ਉਹ ਹੋਰ ਅੱਗੇ ਨਹੀਂ ਪੜ੍ਹਨਗੇ ਤੇ ਵਿਦੇਸ਼ ਜਾਣਗੇ। ਇਸ ਪਿੰਡ ਵਿੱਚ ਲੁਬਾਣਾ ਭਾਈਚਾਰੇ ਦੀ ਆਬਾਦੀ ਸਭ ਤੋਂ ਵੱਧ ਹੈ।
ਸਾਬਕਾ ਸਰਪੰਚ ਰਣਜੀਤ ਕੌਰ ਤੇ ਮੌਜੂਦਾ ਸਰਪੰਚ ਗੁਰਮੀਤ ਸਿੰਘ ਦਾ ਕਹਿਣਾ ਸੀ ਕਿ ਜਦੋਂ ਪੰਚਾਇਤਾਂ ਦੀਆਂ ਚੋਣਾਂ ਆਉਂਦੀਆਂ ਹਨ ਤਾਂ ਕੋਈ ਉਮੀਦਵਾਰ ਨਹੀਂ ਲੱਭਦਾ ਕਿਉਂਕਿ ਪਿੰਡ ਵਿੱਚ ਕੋਈ ਨੌਜਵਾਨ ਨਹੀਂ ਰਹਿੰਦਾ। ਦੂਜੇ ਪਾਸੇ ਰਾਹੋਂ-ਜਾਡਲਾ ਰੋਡ ‘ਤੇ ਸਥਿਤ ਪਿੰਡ ਉਸਮਾਨਪੁਰ ਦੇਸ਼ ਦੇ ਮਾਡਲ ਪਿੰਡਾਂ ਦੀ ਰੈਂਕਿੰਗ ਵਿੱਚੋਂ 7ਵੇਂ ਨੰਬਰ ‘ਤੇ ਆਇਆ ਸੀ। ਇਸ ਪਿੰਡ ਨੂੰ ਮਾਡਲ ਬਣਾਉਣ ਵਿੱਚ ਪਰਵਾਸੀ ਪੰਜਾਬੀਆਂ ਦਾ ਸਭ ਤੋਂ ਵੱਡਾ ਯੋਗਦਾਨ ਹੈ। ਪਿੰਡ ਦੇ ਸਾਬਕਾ ਸਰਪੰਚ ਅਜਾਇਬ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਦੇਖ ਰੇਖ ਹੇਠਾਂ ਸਾਰੇ ਕੰਮ ਹੋਏ ਸਨ। ਅਮਰੀਕਾ ਤੇ ਦੁਬਈ ਰਹਿੰਦੇ ਉਸ ਦੇ ਭਰਾ ਨੇ ਕਰੋੜਾਂ ਰੁਪਏ ਪਿੰਡ ਦੀ ਭਲਾਈ ਲਈ ਖਰਚੇ ਹਨ। ਉਸਮਾਨਪੁਰ ਪਿੰਡ ਦੀਆਂ ਸਹੂਲਤਾਂ ਕਿਸੇ ਸ਼ਹਿਰ ਤੇ ਵੱਡੇ ਕਸਬੇ ਵਿੱਚ ਮਿਲਦੀਆਂ ਸਹੂਲਤਾਂ ਨੂੰ ਮਾਤ ਪਉਂਦੀਆਂ ਹਨ।
ਆਸਟਰੇਲੀਆ ‘ਚ ਪੰਜਾਬੀ ਆਪਣੀ ਮਿਹਨਤ ਨਾਲ ਬਣੇ ਜ਼ਿਮੀਂਦਾਰ
ਮੈਲਬਰਨ : ਆਸਟਰੇਲੀਆ ਨਾਲ ਪੰਜਾਬੀਆਂ ਦੀ ਸਾਂਝ ਕਰੀਬ ਡੇਢ ਸਦੀ ਪੁਰਾਣੀ ਹੈ। ਭਾਰਤ ਵਿਚ ਬਰਤਾਨਵੀ ਰਾਜ ਸਮੇਂ ਇੱਥੋਂ ਦੇ ਸ਼ਹਿਰੀ ਅਤੇ ਪੇਂਡੂ ਖੇਤਰਾਂ ਵਿਚ ਪੰਜਾਬੀਆਂ ਦੀ ਆਮਦ ਹਾਕਰਾਂ ਦੇ ਰੂਪ ਵਿੱਚ ਸ਼ੁਰੂ ਹੋ ਗਈ ਸੀ। ਪਹਿਲਾਂ ਇਹ ਪੰਜਾਬੀ ਹਾਕਰ ਦੂਰ ਦੁਰਾਡੇ ਖੇਤਰਾਂ ਵਿਚ ਸਾਮਾਨ ਦੀ ਵਿਕਰੀ ਕਰਨ ਜਾਇਆ ਕਰਦੇ ਸਨ। ਪਰ ਬਾਅਦ ਵਿਚ ਇਹ ਆਪਣੀ ਮਿਹਨਤ ਸਦਕਾ ਜ਼ਿਮੀਂਦਾਰ ਬਣ ਗਏ।
ਸਥਾਨਕ ਹਸਪਤਾਲਾਂ ਆਦਿ ਦੇ ਦਾਨ ਪਾਤਰਾਂ ਵਿਚ ਇਨ੍ਹਾਂ ਦੇ ਨਾਂ ਸ਼ਾਮਲ ਹੋਣ ਲੱਗੇ। ਇਸੇ ਤਰ੍ਹਾਂ ਪੰਜਾਬੀ ਸਥਾਨਕ ਸਮਾਜ ਦਾ ਹਿੱਸਾ ਬਣੇ। ਇਨ੍ਹਾਂ ਦੀਆਂ ਤਸਵੀਰਾਂ ਅਤੇ ਕਹਾਣੀਆਂ ਆਮ ਮਿਲ ਜਾਂਦੀਆਂ ਹਨ। ਸਦੀ ਪੁਰਾਣੇ ਅਖ਼ਬਾਰਾਂ ਦਾ ਰਿਕਾਰਡ ਪੰਜਾਬੀਆਂ ਦੇ ਉਸ ਸਮੇਂ ਦੇ ਕਿੱਸੇ ਸਾਂਭੀ ਬੈਠਾ ਹੈ।
ਵਿਸ਼ਵ ਜੰਗਾਂ ਵਿਚ ਆਸਟਰੇਲੀਅਨ-ਨਿਊਜ਼ੀਲੈਂਡ ਫ਼ੌਜਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਲੜੇ ਸਿੱਖ ਫ਼ੌਜੀਆਂ ਦੀ ਇੱਕ ਯਾਦਗਾਰ ਵੈਸਟਰਨ ਆਸਟਰੇਲੀਆ ਦੇ ਪਰਥ ਵਿਚ ਸਥਿਤ ਹੈ। ਆਸਰਟਰੇਲੀਆ ਵਿਚ ਸਿੱਖਾਂ ਦੀ ਵਸੋਂ ਕਾਫੀ ਵਧੀ ਹੈ। ਪੂਰੇ ਮੁਲਕ ਵਿਚ ਸਿੱਖਾਂ ਦੀ ਗਿਣਤੀ 1 ਲੱਖ 26 ਹਜ਼ਾਰ ਦੱਸੀ ਗਈ ਹੈ। ਮੁਲਕ ਵਿਚ ਪੰਜਾਬੀ ਜ਼ੁਬਾਨ ਦੇ ਪ੍ਰਸਾਰ ਦਾ ਜ਼ਿਕਰ ਕਰੀਏ ਤਾਂ ਇਹ ਗਿਣਤੀ 1 ਲੱਖ 36 ਹਜ਼ਾਰ ਦੇ ਕਰੀਬ ਹੈ। ਇਸ ਵਿਚ ਕੁਝ ਹਿੱਸਾ ਲਹਿੰਦੇ ਪੰਜਾਬ ਨਾਲ ਸਬੰਧਤ ਪੰਜਾਬੀਆਂ ਦਾ ਹੈ, ਜਿਨ੍ਹਾਂ ਆਪਣੀ ਬੋਲੀ ਪੰਜਾਬੀ ਦਰਜ ਕਰਵਾਈ ਹੈ। ਬਹੁ- ਸਭਿਆਚਾਰਕ ਮੁਲਕ ਹੋਣ ਕਰਕੇ ਆਸਟਰੇਲੀਆ ਭਰ ਵਿਚ ਕਰੀਬ 300 ਭਾਸ਼ਾਵਾਂ ਦਾ ਬੋਲਬਾਲਾ ਹੈ ਅਤੇ ਪੰਜਾਬੀ ਦਾ ਇੱਥੇ 10ਵਾਂ ਸਥਾਨ ਹੈ। ਵੱਖ-ਵੱਖ ਸ਼ਹਿਰਾਂ ਵਿਚ ਸੰਸਥਾਵਾਂ ਅਗਲੀਆਂ ਪੀੜ੍ਹੀਆਂ ਨੂੰ ਪੰਜਾਬੀ ਨਾਲ ਜੋੜਨ ਲਈ ਅਹਿਮ ਉਪਰਾਲੇ ਕਰ ਰਹੀਆਂ ਹਨ। ਪੰਜਾਬ ਤੋਂ ਪਰਵਾਸ ਦਾ ਮੁੱਖ ਜ਼ਰੀਆ ਵਿਦਿਆਰਥੀ ਵੀਜ਼ਾ ਹੈ। ਮੁੱਢਲੇ ਦੌਰ ਵਿਚ ਦੁਆਬੇ ਨਾਲ ਸਬੰਧਤ ਪੰਜਾਬੀ ਇੱਥੇ ਆਏ ਪਰ ਵਿਦਿਆਰਥੀ ਵੀਜ਼ੇ ਦੇ ਰਾਹ ਖੁੱਲ੍ਹਣ ਮਗਰੋਂ ਪੰਜਾਬ ਦੇ ਹਰ ਜ਼ਿਲ੍ਹੇ ਵਿਚੋਂ ਆਉਣ ਵਾਲਿਆਂ ਦੀ ਗਿਣਤੀ ਵਧਦੀ ਗਈ। ਸਾਲ 2005 ਤੋਂ ਬਾਅਦ ਵਿਦਿਆਰਥੀ ਵੀਜ਼ਿਆਂ ਨੂੰ ਹਾਸਲ ਕਰਨ ਵਾਲਿਆਂ ਵਿਚ ਕੁੜੀਆਂ ਦੀ ਗਿਣਤੀ ਵੱਧ ਸੀ।
ਕਾਰੋਬਾਰਾਂ ਵਿਚ ਪੰਜਾਬੀਆਂ ਨੇ ਡਰਾਇਵਰੀ ਦੇ ਕੰਮ ਨੂੰ ਸਭ ਤੋਂ ਵੱਧ ਦਰਜ ਕਰਵਾਇਆ ਹੈ। ਉਜ ਹਸਪਤਾਲਾਂ , ਸਰਕਾਰੀ ਅਤੇ ਨਿੱਜੀ ਅਦਾਰਿਆਂ, ਰੈਸਟੋਰੈਂਟਾਂ, ਬਿਰਧ ਦੇਖਭਾਲ ਕੇਂਦਰਾਂ ਸਮੇਤ ਹੋਰ ਖੇਤਰਾਂ ਵਿਚ ਪੰਜਾਬੀ ਸੇਵਾਵਾਂ ਦੇ ਰਹੇ ਹਨ। ਪੁਲਿਸ, ਹਵਾਈ ਸੈਨਾ ਤੇ ਫੌਜ ਸਮੇਤ ਇਮੀਗਰੇਸ਼ਨ ਦੇ ਖੇਤਰਾਂ ਵਿਚ ਪੰਜਾਬੀ ਪਹੁੰਚੇ ਹਨ। ਮੱਧ ਪੂਰਬੀ ਖੇਤਰਾਂ ਵਿਚ ਸੇਵਾਵਾਂ ਮਗਰੋਂ ਪਹਿਲੀ ਵਾਰ ਪੰਜਾਬੀ ਪਿਛੋਕੜ ਨਾਲ ਸਬੰਧਤ ਬੀਬਾ ਹਰਿੰਦਰ ਸਿੱਧੂ ਭਾਰਤ ਵਿਚ ਆਸਟਰੇਲੀਆ ਦੀ ਹਾਈ ਕਮਿਸ਼ਨਰ ਹੈ।
ਮੁਲਕ ਦੇ ਸਿਆਸੀ ਗਲਿਆਰੇ ਪੰਜਾਬੀਆਂ ਲਈ ਫ਼ਿਲਹਾਲ ਦੂਰ ਹਨ। ਵੱਖ-ਵੱਖ ਸੂਬਿਆਂ ਵਿਚ ਮੁੱਖ ਪਾਰਟੀਆਂ ਦੇ ਉਮੀਦਵਾਰ ਅਤੇ ਮੈਂਬਰ ਹੋਣ ਦੇ ਬਾਵਜੂਦ ਇਹ ਪਾਰਟੀਆਂ ਕਿਸੇ ਜੇਤੂ ਸੀਟ ਤੋਂ ਭਾਈਚਾਰੇ ਦਾ ਉਮੀਦਵਾਰ ਫ਼ਿਲਹਾਲ ਨਹੀਂ ਉਤਾਰ ਸਕੀਆਂ। ਇਸੇ ਤਰ੍ਹਾਂ ਸਿਆਸਤ ਅਤੇ ਵਿੱਤੀ ਮੁਨਾਫ਼ੇ ਤੋਂ ਪ੍ਰੇਰਿਤ ਸਖ਼ਤ ਆਵਾਸ ਪ੍ਰਣਾਲੀ ਇੱਥੇ ਪੱਕੇ ਹੋਣ ਦੇ ਚਾਹਵਾਨਾਂ ਅਤੇ ਬਜ਼ੁਰਗਾਂ ਨੂੰ ਪੱਕੇ ਤੌਰ ‘ਤੇ ਸੱਦਣ ਲਈ ਵੱਡੀ ਚੁਣੌਤੀ ਹੈ।
ਆਸਟਰੇਲੀਆ ਨਵੇਂ ਮੌਕਿਆਂ ਦੀ ਧਰਤੀ ਹੈ। ਧਰਾਤਲ ਤੋਂ ਜ਼ਿੰਦਗੀ ਸ਼ੁਰੂ ਕਰਕੇ ਦ੍ਰਿੜ ਇਰਾਦਿਆਂ ਨਾਲ ਇੱਥੇ ਆਪਣੇ ਸੁਪਨੇ ਪੂਰੇ ਕੀਤੇ ਜਾ ਸਕਦੇ ਹਨ। ਪਰ ਆਪਣੀ ਵੱਖਰੀ ਸੱਭਿਆਚਾਰਕ ਪਛਾਣ ਅਤੇ ਅਗਲੀਆਂ ਨਸਲਾਂ ਨੂੰ ਜੜ੍ਹਾਂ ਨਾਲ ਜੋੜੀ ਰੱਖਣਾ ਪਰਵਾਸੀ ਜੀਵਨ ਦੀਆਂ ਵੱਡੀਆਂ ਚੁਣੌਤੀਆਂ ਹਨ।
Check Also
ਲੋਕ ਸਭਾ ਚੋਣਾਂ ‘ਚ ਭਾਜਪਾ ਨੂੰ ਨਹੀਂ ਮਿਲਿਆ ਬਹੁਮਤ
ਭਾਜਪਾ ਨੂੰ ਸਿਰਫ਼ 241 ਸੀਟਾਂ ਨਾਲ ਕਰਨਾ ਪਿਆ ਸਬਰ ਚੋਣ ਨਤੀਜੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ …