Breaking News
Home / Special Story / ਸ਼ਹੀਦੀ ਦਿਹਾੜੇ ‘ਤੇ ਵਿਸ਼ੇਸ਼

ਸ਼ਹੀਦੀ ਦਿਹਾੜੇ ‘ਤੇ ਵਿਸ਼ੇਸ਼

ਸ਼ਹੀਦ ਭਾਈ ਕਰਤਾਰ ਸਿੰਘ ਸਰਾਭਾ ਸਮੇਤ ਸੱਤ ਗ਼ਦਰੀ ਸ਼ਹੀਦ ਅਤੇ ਕੈਨੇਡਾ ਦੇ ਸ਼ਹੀਦ ਲੂਈਸ ਰਿਆਲ
(ਲੜੀ ਜੋੜਨ ਲਈ ਪਿਛਲਾ ਅੰਕ ਦੇਖੋ)
ਮਾਈਕਲ ਉਡਵਾਇਰ ਲਿਖਦਾ ਹੈ ”19 ਫਰਵਰੀ ਦੇ ਛਾਪੇ ਨੇ ਉਸ ਰਾਤ ਗ਼ਦਰ ਕਰਾਉਣ ਦੀ ਵਿਉਂਤ ਨੂੰ ਅਸਫ਼ਲ ਬਣਾ ਦਿੱਤਾ। ਅਸੀਂ ਖੁਫੀਆ ਭਾਸ਼ਾ ਵਿੱਚ ਸਿਆਲਕੋਟ ਫ਼ਿਰੋਜ਼ਪੁਰ ਅਤੇ ਰਾਵਲਪਿੰਡੀ ਆਦਿ ਵੱਖ-ਵੱਖ ਛਾਉਣੀਆਂ ਵਿੱਚ ਤਾਰਾਂ ਭੇਜ ਦਿੱਤੀਆਂ ਅਤੇ ਸੈਨਿਕ ਅਫ਼ਸਰਾਂ ਰਾਹੀਂ ਕਈ ਥਾਵਾਂ ‘ਤੇ ਸਰਕਾਰੀ ਰਿਪੋਰਟਾਂ ਦੇ ਅਧਾਰ ‘ਤੇ ਪੰਜਾਬ ਭਰ ਵਿੱਚ ਕ੍ਰਾਂਤੀਕਾਰੀਆਂ ਦੀਆਂ ਗ੍ਰਿਫ਼ਤਾਰੀਆਂ ਹੋਈਆਂ।” ਗ਼ਦਰ ਦੀਆਂ ਕੋਸ਼ਿਸ਼ਾਂ ਨੂੰ ਸਰਕਾਰ ਨੇ ਅਸਫਲ ਬਣਾ ਦਿੱਤਾ ਸੀ। ਅਜਿਹੀ ਸਥਿਤੀ ਵਿੱਚ ਗ਼ਦਰ ਲਹਿਰ ਦੇ ਕਈ ਆਗੂਆਂ ਨੇ ਵਿਚਾਰ ਕੀਤੀ ਕਿ ਆਪਣੇ ਆਪ ਨੂੰ ਸਰਕਾਰੀ ਪੰਜਿਆਂ ਦੀ ਪਕੜ ਤੋਂ ਬਚਾਇਆ ਜਾਵੇ ਤੇ ਸਮਾਂ ਪਾ ਕੇ ਫਿਰ ਤੋਂ ਗ਼ਦਰੀ ਯੋਧਿਆਂ ਨੂੰ ਸੰਗਠਿਤ ਕੀਤਾ ਜਾਵੇ।
ਭਾਈ ਕਰਤਾਰ ਸਿੰਘ ਸਰਾਭਾ ਤੇ ਭਾਈ ਹਰਨਾਮ ਸਿੰਘ ਟੁੰਡੀਲਾਟ ਨੇ ਬੰਗਾਲ ਤੋਂ ਗ਼ਦਰੀਆਂ ਦੀ ਅਗਵਾਈ ਲਈ ਮੰਗਵਾਏ ਰਾਸ ਬਿਹਾਰੀ ਬੋਸ ਨੂੰ ਪੁਲਿਸ ਹੱਥੋਂ ਬਚਾਉਣ ਲਈ ਲਾਹੌਰ ਸਟੇਸ਼ਨ ‘ਤੇ ਪਹੁੰਚਾਇਆ, ਜਿੱਥੋਂ ਬੋਸ ਬਨਾਰਸ ਚੱਲਿਆ ਗਿਆ। ਮਗਰੋਂ ਉਹ ਫਰੰਗੀ ਤੋਂ ਬਚਾਉਂਦੇ ਬਚਾਉਂਦੇ ਜਾਪਾਨ ਪਹੁੰਚ ਗਿਆ, ਜਿੱਥੇ ਕੁੱਝ ਸਮਾਂ ਬਾਅਦ ਬੋਸ ਦੀ ਮੌਤ ਹੋ ਗਈ। ਏਧਰ ਭਾਈ ਕਰਤਾਰ ਸਿੰਘ ਸਰਾਭਾ, ਭਾਈ ਹਰਨਾਮ ਸਿੰਘ ਟੁੰਡੀਲਾਟ ਅਤੇ ਭਾਈ ਜਗਤ ਸਿੰਘ ਲਾਇਲਪੁਰ ਚਲੇ ਗਏ ਤੇ ਉੱਥੋਂ ਪਠਾਣਾਂ ਦਾ ਭੇਸ ਬਦਲ ਕੇ ਪੇਸ਼ਾਵਰ ਦੇ ਕਬਾਇਲੀ ਇਲਾਕੇ ਵਿੱਚ ਪਹੁੰਚ ਗਏ। ਇੱਥੇ ਉਹ ਪੂਰੀ ਤਰਾਂ ਸੁਰੱਖਿਅਤ ਸਨ, ਪਰ ਇਕ ਸਮੇਂ ਉਨਾਂ ‘ਗ਼ਦਰ ਦੀ ਗੂੰਜ’ ਵਿੱਚ ਛਪੀ ਇਨਕਲਾਬੀ ਨਜ਼ਮ ‘ਬਣੀ ਸਿਰ ਸ਼ੇਰਾਂ ਕੀ ਜਾਣਾ ਭੱਜ ਕੇ!’ ਜਦੋਂ ਡੂੰਘੇ ਮਨ ਨਾਲ ਵਿਚਾਰੀ, ਤਾਂ ਮਨ ਅੰਦਰ ਆਪਣੀਆਂ ਜਾਨਾਂ ਬਚਾ ਕੇ, ਛੁਪਣ ਦਾ ਗਹਿਰਾ ਅਫਸੋਸ ਹੋਇਆ। ਗਦਰੀ ਯੋਧਿਆਂ ਦੇ ਮਨ ਵਿੱਚ ਇਹ ਖ਼ਿਆਲ ਵੀ ਆਇਆ ਕਿ ਜੇ ਜਾਨ ਹੀ ਬਚਾਉਣੀ ਸੀ, ਤਾਂ ਅਮਰੀਕਾ ਤੋਂ ਸ਼ਹੀਦੀਆਂ ਦੇ ਵਾਅਦੇ ਕਰਕੇ ਆਉਣ ਦੀ ਕੀ ਲੋੜ ਸੀ? ਅਜਿਹੀ ਮਨ ਅੰਦਰ ਦੀ ਪੀੜ ਨੂੰ ਪਛਾਣਦਿਆਂ ਇਹ ਮਰਜੀਵੜੇ ਮੁੜ ‘ਸ਼ਹੀਦੀ ਦਾਤ’ ਲਈ ਤਿਆਰ ਹੋਏ। ਪੇਸ਼ਾਵਰ ਤੋਂ ਪੰਜਾਬ ਵੱਲ ਚੱਲੇ ਤਿੰਨੇ ਸੂਰਮੇ 22ਵੇਂ ਰਸਾਲੇ ਦੇ ਘੋੜਿਆਂ ਦੇ ਟਿਕਾਣੇ ਕੋਲ, ਚੱਕ ਨੰਬਰ ਪੰਜ, ਸਰਗੋਧਾ ਪਹੁੰਚੇ, ਜਿੱਥੋਂ ਉਨਾਂ ਹਥਿਆਰ ਲੈ ਕੇ ਆਪਣੇ ਬੰਦੀ ਸਾਥੀਆਂ ਨੂੰ ਛੁਡਾਉਣ ਦੀ ਯੋਜਨਾ ਬਣਾਈ, ਪਰ ਉਨ੍ਹਾਂ ਦੀ ਇਹ ਵਿਉਂਤ ਵੀ ਸਿਰੇ ਨਾ ਚੜ੍ਹ ਸਕੀ, ਕਿਉਂਕਿ ਇੱਕ ਹੋਰ ਗਦਾਰ ਗੰਡਾ ਸਿੰਘ ਰਸਾਲਦਾਰ ਨੇ 2 ਮਾਰਚ 1915 ਈਸਵੀ ਨੂੰ, ਤਿੰਨੇ ਸੂਰਮਿਆਂ ਨੂੰ ਪੁਲਿਸ ਪਾਸ ਇਤਲਾਹ ਦੇ ਕੇ ਗ੍ਰਿਫ਼ਤਾਰ ਕਰਵਾ ਦਿੱਤਾ। ਇੱਥੇ ਵਿਸ਼ੇਸ਼ ਮਹੱਤਵ ਵਾਲੀ ਗੱਲ ਇਹ ਹੈ ਕਿ ਅੰਗਰੇਜ਼ ਪੁਲਿਸ ਦੇ ਖੂਨੀ ਸ਼ਿਕੰਜੇ ‘ਚ ਜਕੜੇ ਜਾਣ ਦੇ ਬਾਵਜੂਦ ਇਨ੍ਹਾਂ ਸੂਰਵੀਰਾਂ ਦੇ ਚਿਹਰੇ ਚੜ੍ਹਦੀ ਕਲਾ ਵਿੱਚ ਸਨ ਤੇ ਭਾਈ ਕਰਤਾਰ ਸਿੰਘ ਸਰਾਭਾ ਤਾਂ ਅਕਸਰ ਇਹ ਕਵਿਤਾ ਪੜ੍ਹਿਆ ਕਰਦਾ ਸੀ:
”ਸੇਵਾ ਦੇਸ਼ ਦੀ ਜਿੰਦੜੀਏ ਬੜੀ ਔਖੀ
ਗੱਲਾਂ ਕਰਨੀਆਂ ਢੇਰ ਸੁਖਾਲੀਆਂ ਨੇ ।
ਜਿੰਨਾ ਦੇਸ਼ ਸੇਵਾ ਵਿੱਚ ਪੈਰ ਪਾਇਆ
ਉਨਾਂ ਲੱਖ ਮੁਸੀਬਤਾਂ ਝੱਲੀਆਂ ਨੇ।”
ਗ਼ਦਰ ਲਹਿਰ ਦੇ ਆਗੂਆਂ ਨੇ ਗ਼ਦਰ ਸਫਲ ਨਾ ਹੋਣ ਦੇ ਬਾਵਜੂਦ ਹੌਸਲਾ ਨਾ ਛੱਡਿਆ ਤੇ ਕਿਤੇ ਨਾ ਕਿਤੇ ਕੋਈ ਅਜਿਹੀ ਇਨਕਲਾਬੀ ਸਰਗਰਮੀ ਕਰਦੇ ਰਹੇ, ਜੋ ਗ਼ਦਰ ਪਾਰਟੀ ਦੇ ਉਸ ਮਨੋਰਥ ਨੂੰ ਚੇਤੇ ਕਰਵਾਉਂਦੀ ਸੀ ਕਿ ਜਦ ਤੱਕ ਇੱਕ ਵੀ ਗ਼ਦਰੀ ਸਿਪਾਹੀ ਬਾਕੀ ਹੈ, ਉਦੋਂ ਤੱਕ ਕੌਮੀ ਆਨ ਬਾਨ ਤੇ ਸ਼ਾਨ ਲਈ ਕੁਰਬਾਨ ਹੋਣ ਤੋਂ ਨਹੀਂ ਝਿਜਕਾਂਗੇ। ਗ਼ਦਰੀਆਂ ਨੇ 11 ਜੂਨ ਦੀ ਰਾਤ ਨੂੰ 42 ਨੰਬਰ ਪਲਟਣ ਦੀ ਗਾਰਦ ਉੱਤੇ ਅੰਮ੍ਰਿਤਸਰ ‘ਚ ਪੈਂਦੇ ਪਿੰਡ ਬੱਲਾਂ ਲਾਗਲੇ ਨਹਿਰ ਦੇ ਪੁੱਲ ‘ਤੇ ਹਮਲਾ ਕਰ ਦਿੱਤਾ। ਹਮਲੇ ਦੌਰਾਨ ਪਲਟਣ ਦੇ ਦੋ ਸਿਪਾਹੀ ਦੇ ਦੋ ਹੋਰ ਬੰਦੇ ਮਾਰੇ ਗਏ। ਗ਼ਦਰੀ ਹਥਿਆਰ ਤੇ ਗੋਲੀ ਸਿੱਕਾ ਖੋਹ ਕੇ ਲੈ ਗਏ। ਬਗਾਵਤ ਦੌਰਾਨ ਇੱਕ ਹੋਰ ਘਟਨਾ ਰਿਆਸਤ ਮੰਡੀ ਵਿੱਚ ਹੋਈ। ਦਰਅਸਲ ਮੰਡੀ ਦੀ ਰਾਣੀ ਵੀ ਅੰਗਰੇਜ਼ ਹਕੂਮਤ ਦੀਆਂ ਵਧੀਕੀਆਂ ਤੋਂ ਪ੍ਰੇਸ਼ਾਨ ਸੀ ਉਸ ਦੇ ਭਰਾ ਮੀਆਂ ਜਵਾਹਰ ਸਿੰਘ ਦੀ ਮੁਲਾਕਾਤ ਗ਼ਦਰੀ ਨਿਧਾਨ ਸਿੰਘ ਚੁੱਘਾ ਨਾਲ ਹੋਈ। ਮਾਰਚ 1915 ਈਸਵੀ ਵਿੱਚ ਇਹ ਵਿਉਂਤ ਬਣਾਈ ਗਈ ਕਿ ਪੰਜਾਬ ਦੇ ਗ਼ਦਰੀ ਯੋਧੇ ਮੰਡੀ ਦੇ ਕਿਲੇ ‘ਤੇ ਕਬਜ਼ਾ ਕਰ ਲੈਣ ਤੇ ਰਾਜਪੂਤ ਜਲਦੀ ਇਸ ਕੰਮ ‘ਚ ਉਨ੍ਹਾਂ ਦਾ ਪੂਰਾ ਸਾਥ ਦੇਣਗੇ ਤੇ ਹਥਿਆਰਾਂ ਸਣੇ ਕਿਲੇ ‘ਤੇ ਹਮਲੇ ਕਰ ਦਿੱਤਾ ਜਾਵੇਗਾ। ਮਗਰੋਂ ਮੰਡੀ ਦੇ ਅੰਗਰੇਜ਼ ਰੈਜ਼ੀਡੈਂਟ ਦੇ ਵਜ਼ੀਰ ਨੂੰ ਮਾਰ ਦਿੱਤਾ ਜਾਵੇਗਾ। ਇਸ ਯੋਜਨਾ ਦੀ ਪੂਰਤੀ ਵਾਸਤੇ ਗ਼ਦਰੀ ਇਕੱਠੇ ਕਰਨ ਲਈ ਪੰਜਾਬ ਆ ਰਹੇ ਬਾਬਾ ਨਿਧਾਨ ਸਿੰਘ ਚੁੱਘਾ ਨੂੰ, ਲੁਧਿਆਣਾ ਜ਼ਿਲ੍ਹਾ ਦੇ ਪਿੰਡ ਕਮਾਲਪੁਰਾ ਤੋਂ ਫੜ ਲਿਆ ਗਿਆ। ਦੂਜੇ ਪਾਸੇ ਸਾਜ਼ਿਸ਼ ਰਚਣ ਦੇ ਦੋਸ਼ ਅਧੀਨ ਮੀਆਂ ਜਵਾਹਰ ਸਿੰਘ ਨੂੰ ਗ੍ਰਿਫਤਾਰ ਕਰ ਲ਼ਿਆ ਗਿਆ। ਰਾਣੀ ਨੂੰ ਕਿਲੇ ‘ਚ ਹੀ ਨਜ਼ਰਬੰਦ ਕਰ ਦਿੱਤਾ ਗਿਆ। ਗ਼ਦਰ 1915 ਦੇ ਇਤਿਹਾਸ ਵਿੱਚ ਇਹ ਮੁਕੱਦਮਾ ‘ਮੰਡੀ ਸਾਜ਼ਿਸ਼ ਕੇਸ’ ਦੇ ਨਾਂ ਵਜੋਂ ਪ੍ਰਸਿੱਧ ਹੈ।
ਗ਼ਦਰ ਲਹਿਰ ਦੇ ਇਨਕਲਾਬੀਆਂ ਨੂੰ ਵੱਡੀ ਗਿਣਤੀ ਵਿੱਚ ਫੜੇ ਜਾਣ ਮਗਰੋਂ ਹਿੰਦ ਰੱਖਿਆ ਕਾਨੂੰਨ (ਡਿਫੈਂਸ ਆਫ਼ ਇੰਡੀਆ ਐਕਟ ) ਦੀਆਂ ਧਾਰਾਵਾਂ ਅਨੁਸਾਰ ਬਹੁਤ ਸਾਰੇ ਮੁਕੱਦਮੇ ਚਲਾਏ ਗਏ। ਇਨਾਂ ਕੇਸਾਂ ਦਾ ਮੂਲ ਮੰਤਵ ਇਨਕਲਾਬੀਆਂ ਨੂੰ ਆਜ਼ਾਦੀ ਸੰਗਰਾਮੀਆਂ ਸਾਬਤ ਕਰ ਕੇ ਸਜ਼ਾਵਾਂ ਦੇਣ ਦਾ ਨਹੀਂ, ਬਲਕਿ ਲੁਟੇਰੇ ਤੇ ਕਾਤਲ ਦਰਸਾ ਕੇ ਫਾਂਸੀਆਂ ਦੇਣ ਦਾ ਸੀ। ਇਸ ਦੌਰਾਨ ਕਚਹਿਰੀ ਵਿੱਚ ਮੁਜਰਿਮਾਂ ਪਾਸੋਂ ਕੋਈ ਅਪੀਲ ਦੀ ਸੰਭਾਵਨਾਵਾਂ ਨਹੀਂ ਸੀ, ਕੇਵਲ ਸਰਕਾਰ ਅੱਗੇ ਹੀ ਰਹਿਮ ਦੀ ਅਪੀਲ ਹੋ ਸਕਦੀ ਸੀ। ਗ਼ਦਰ ਦੇ ਗ਼ਦਰ ਲਹਿਰ ਦੇ ਆਗੂਆਂ ‘ਤੇ ਦਾਇਰ ਕੇਸਾਂ ਵਿੱਚ ਸਭ ਤੋਂ ਪਹਿਲਾਂ ਜ਼ਿਕਰ ‘ਲਾਹੌਰ ਸਾਜ਼ਿਸ਼ ਕੇਸ’ ਦੇ ਪਹਿਲੇ ਮੁਕੱਦਮੇ ਵਜੋਂ ਆਉਂਦਾ ਹੈ। ਇਹ ਮੁਕੱਦਮਾ 26 ਅਪਰੈਲ 1915 ਈਸਵੀ ਨੂੰ ਸੈਂਟਰਲ ਜੇਲ ਲਾਹੌਰ ‘ਚ ਸ਼ੁਰੂ ਹੋਇਆ ਅਤੇ 13 ਸਤੰਬਰ 1915 ਈਸਵੀ ਨੂੰ ਬਾਦਸ਼ਾਹ ਬਨਾਮ ਆਨੰਦ ਕਿਸ਼ੋਰ ਤੇ ਹੋਰਨਾਂ ਦੇ ਨਾਂ ਅਧੀਨ ਅੰਕਿਤ ਇਸ ਕੇਸ ਦਾ ਫੈਸਲਾ ਸੁਣਾਇਆ ਗਿਆ। ਇਸ ਮੁਕੱਦਮੇ ਵਿੱਚ ਚੌਹਟ ਮੁਲਜ਼ਮ ਰੱਖੇ ਗਏ ਸਨ, ਜਿਹੜੀ ਗਿਣਤੀ ਉਸੇ ਵੇਲੇ ਪੂਰੇ ਦੇਸ਼ ‘ਚ ਹੋਏ ਕਿਸੇ ਵੀ ਕੇਸ ‘ਚ ਸ਼ਾਮਲ ਮੁਲਜ਼ਮਾਂ ਤੋਂ ਵੱਧ ਸੀ।
ਇਸ ਕੇਸ ਵਿੱਚ ਸੱਤ ਗ਼ਦਰੀ ਯੋਧਿਆਂ ਭਾਈ ਕਰਤਾਰ ਸਿੰਘ ਸਰਾਭਾ, ਹਰਨਾਮ ਸਿੰਘ ਭੱਟੀ ਗੁਰਾਇਆ, ਜਗਤ ਸਿੰਘ ਸੁਰਸਿੰਘ, ਭਾਈ ਬਖਸ਼ੀਸ਼ ਸਿੰਘ ਗਿੱਲਵਾਲੀ, ਭਾਈ ਵਿਸ਼ਨੂੰ ਗਣੇਸ਼ ਪਿੰਗਲੇ ਪੂਨਾ, ਭਾਈ ਸੁਰੈਣ ਸਿੰਘ ਗਿਲਵਾਲੀ ਤੇ ਇੱਕ ਹੋਰ ਯੋਧੇ ਭਾਈ ਸੁਰੈਣ ਸਿੰਘ ਨੂੰ 16 ਨਵੰਬਰ 1915 ਈਸਵੀ ਨੂੰ ਫਾਂਸੀ ਦੀ ਸਜ਼ਾ ਦਿੱਤੀ ਗਈ। ਇਨਾਂ ਤੋਂ ਇਲਾਵਾ ਚਾਲੀ ਹੋਰਾਂ ਨੂੰ ਉਮਰ ਕੈਦ, ਕਾਲੇ ਪਾਣੀ ਤੇ ਹੋਰ ਲੰਮੀਆਂ ਸਜ਼ਾਵਾਂ ਹੋਈਆਂ। ਇਨ੍ਹਾਂ ਯੋਧਿਆਂ ਬਾਬਾ ਸੋਹਣ ਸਿੰਘ ਭਕਨਾ, ਬਾਬਾ ਨਿਧਾਨ ਸਿੰਘ ਚੁੰਘਾ, ਬਾਬਾ ਜੁਆਲਾ ਸਿੰਘ, ਬਾਬਾ ਵਿਸਾਖਾ ਸਿੰਘ, ਪੰਡਿਤ ਜਗਤ ਰਾਮ ਤੇ ਭਾਈ ਪਰਮਾਨੰਦ ਸ਼ਾਮਲ ਸਨ। ”ਵਤਨ ਵਾਸੀਉ ਰੱਖਣਾ ਯਾਦ ਸਾਨੂੰ” ਸ਼ਹੀਦ ਭਾਈ ਕਰਤਾਰ ਸਿੰਘ ਸਰਾਭੇ ਦੀ ਮਸ਼ਹੂਰ ਕਵਿਤਾ ਹੈ। ਗਦਰੀਆਂ ਦੀ ਸਾਂਝੀ ਕਵਿਤਾ ਕਮਾਲ ਦੀ ਰਚਨਾ ਹੈ, ਜੋ ਇਨ੍ਹਾਂ ਗ਼ਦਰੀ ਯੋਧਿਆਂ ਨੇ ਫਾਂਸੀ ਦੇ ਰੱਸੇ ਚੁੰਮਣ ਤੋਂ ਕੁਝ ਦਿਨ ਪਹਿਲਾਂ ਸਾਂਝੇ ਤੌਰ ‘ਤੇ ਤਿਆਰ ਕੀਤੀ ਸੀ ਅਤੇ ਮਿਲ ਕੇ ਗਾਇਨ ਕਰਦੇ ਸਨ। ਇਨ੍ਹਾਂ ਵਿੱਚ ਸ਼ਹੀਦ ਕਰਤਾਰ ਸਿੰਘ ਸਰਾਭਾ ਅਤੇ ਬਾਕੀ ਸਾਰੇ ਯੋਧੇ ਸਿੱਖੀ ਦੀ ਮਹਾਨ ਵਿਰਾਸਤ, ਇਤਿਹਾਸ ਅਤੇ ਸ਼ਹਾਦਤਾਂ ਤੋਂ ਸੇਧ ਲੈਂਦੇ ਪ੍ਰਤੀਤ ਹੁੰਦੇ ਹਨ। ਇਸ ਕਵਿਤਾ ਨਾਲ ਸਿੱਖੀ ਵਿਰੋਧੀ ਲਿਖਾਰੀਆਂ ਨੇ ਚਤੁਰਾਈ ਕਰਦਿਆਂ ‘ਵਤਨ ਵਾਸੀਓ ਰੱਖਣਾ ਯਾਦ ਸਾਨੂੰ’ ਵਾਲਾ ਹਿੱਸਾ ਵੱਖ ਕਰ ਦਿੱਤਾ ਅਤੇ ‘ਹਿੰਦ ਵਾਸੀਓ ਰੱਖਣਾ ਯਾਦ ਸਾਨੂੰ’ ਹੀ ਜੋੜਿਆ ਤੇ ਉਹੀ ਪ੍ਰਚਲਿਤ ਹੋਇਆ। ਸਿੱਖੀ ਇਤਿਹਾਸ ਦੀਆਂ ਸ਼ਹਾਦਤਾਂ ਨੂੰ ਸਮਰਪਿਤ ਅਸਲ ਕਵਿਤਾ ਦੱਬੀ ਹੀ ਰਹੀ, ਜੋ ਕਿ ਮੂਲ ਰੂਪ ਵਿੱਚ ਇਸ ਤਰ੍ਹਾਂ ਸੀ ;
”ਸਦਾ ਜੀਵਣਾ ਨਹੀਂ ਜਹਾਨ ਅੰਦਰ,
ਖਿਲੀ ਰਹੇਗੀ ਸਦਾ ਗੁਲਜ਼ਾਰ ਨਾਹੀ
ਸਦਾ ਕੂੜ ਦੀ ਰਹੇ ਨਾਂ ਜਾਰਸ਼ਾਹੀ,
ਸਦਾ ਜਾਬਰਾ ਹੱਥ ਤਲਵਾਰ ਨਾਹੀ
ਰੰਗ ਬਦਲਦੀ ਰਹੇਗੀ ਸਦਾ ਕੁਦਰਤ,
ਬਣਦਾ ਵਖਤ ਕਿਸੇ ਦਾ ਯਾਰ ਨਾਹੀ
ਹੋਸੀ ਧਰਮ ਦੀ ਜਿੱਤ ਅਖੀਰ ਬੰਦੇ,
ਬੇੜੀ ਪਾਪ ਦੀ ਲੱਗਣੀ ਪਾਰ ਨਾਹੀ
ਸਾਡੇ ਵੀਰਨੋ ਤੁਸਾਂ ਨੇ ਖੁਸ਼ ਰਹਿਣਾ,
ਅਸੀ ਆਪਣੀ ਆਪ ਨਿਭਾ ਦਿਆਂਗੇ
ਦੁੱਖ ਝੱਲਾਂਗੇ ਹੱਸਕੇ ਵਾਂਗ ਮਰਦਾਂ,
ਨਾਲ ਖ਼ੁਸ਼ੀ ਦੇ ਸੀਸ ਲਹਾ ਦਿਆਂਗੇ
ਖ਼ਾਤਰ ਧਰਮ ਦੀ ਜਿੰਦ ਕੁਰਬਾਨ ਕਰਕੇ,
ਜੜ੍ਹ ਜ਼ੁਲਮ ਦੀ ਪੁੱਟ ਦਿਖਾ ਦਿਆਂਗੇ
ਥੋੜੇ ਦਿਨਾਂ ਤਾਂਈ ਬੇੜਾ ਪਾਰ ਹੋਸੀ,
ਸਰੋਂ ਹੱਥ ਤੇ ਅਸੀ ਜਮਾਂ ਦਿਆਂਗੇ।”
ਗ਼ਦਰੀ ਯੋਧਿਆਂ ਦੀਆਂ ਸ਼ਹੀਦੀਆਂ ਬਸਤੀਵਾਦ ਦੇ ਖਿਲਾਫ ਸਨ, ਪਰ ਅੱਜ ਵੀ ਫਾਸ਼ੀਵਾਦ ਜ਼ੋਰਾਂ ‘ਤੇ ਹੈ ਅਤੇ ‘ਅਖੌਤੀ ਆਜ਼ਾਦੀ’ ਦੇ ਬਾਵਜੂਦ ਭਾਰਤ ਅੰਦਰ ਘੱਟ- ਗਿਣਤੀਆਂ ‘ਤੇ ਜ਼ੁਲਮ ਦਿਨੋਂ-ਦਿਨ ਵਧ ਰਹੇ ਹਨ। ਸ਼ਹੀਦ ਭਾਈ ਕਰਤਾਰ ਸਿੰਘ ਸਰਾਭਾ ਤੇ ਉਨ੍ਹਾਂ ਦੇ ਸਾਥੀਆਂ ਦੀ ਰੂਹ ਅੱਜ ਦੇ ਅਖੌਤੀ ਲੋਕਤੰਤਰੀ ਆਗੂਆਂ ਨੂੰ ਲਾਅਣਤ ਪਾ ਰਹੀ ਹੈ ਕਿ ਉਨ੍ਹਾਂ ਨੂੰ ਕੋਈ ਹੱਕ ਨਹੀਂ ਅਜਿਹੇ ਯੋਧਿਆਂ ਦੇ ਸ਼ਹੀਦੀ ਦਿਨ ਮਨਾਉਣ ਦਾ, ਜਿਨ੍ਹਾਂ ਦੇ ਸਿਧਾਂਤਾਂ ਦੇ ਉਲਟ ਫਾਸ਼ੀਵਾਦੀ ਰਾਜ ਕਰ ਰਹੇ ਹਨ। ਇੱਥੇ ਵਿਚਾਰਨ ਵਾਲੀ ਗੱਲ ਇਹ ਵੀ ਹੈ ਕਿ ਮੈਟੀਸ ਭਾਈਚਾਰੇ ਦੇ ਕੈਨੇਡਾ ਦੇ ਸ਼ਹੀਦ ਲੁਈਸ ਰਿਆਲ ਵਾਂਗ ਹੀ ਕੈਨੇਡਾ ਦੇ ਮਹਾਨ ਸਿੱਖ ਗ਼ਦਰੀ ਯੋਧੇ ਭਾਈ ਮੇਵਾ ਸਿੰਘ ਲੋਪੋਕੇ ਨੂੰ ਵੀ ਸ਼ਹੀਦ ਕੀਤਾ ਗਿਆ ਸੀ। ਉਨ੍ਹਾਂ ਨੂੰ 11 ਜਨਵਰੀ 1915 ਵਿੱਚ ਨਿਊਵੈਸਟਮਨਿਸਟਰ, ਵੈਨਕੂਵਰ ‘ਚ ਫਾਂਸੀ ਦਿੱਤੀ ਗਈ। ਸਵਾਲ ਇਹ ਹੈ ਕਿ ਕੀ ਲੂਈਸ ਰਿਆਲ ਵਾਂਗ ਸ਼ਹੀਦ ਮੇਵਾ ਸਿੰਘ ਨੂੰ ਵੀ ਕਦੇ ਇਸੇ ਤਰ੍ਹਾਂ ਯਾਦ ਕੀਤਾ ਜਾਏਗਾ? ਕੀ ਸਾਡੀ ਕੌਮ ਅਤੇ ਮਨੁੱਖੀ ਅਧਿਕਾਰ ਕਾਰਕੁਨ ਇਸ ਗੱਲ ਲਈ ਲਾਮਬੰਦੀ ਕਰਨਗੇ? ਕੀ ਸਾਡੇ ਸਿਆਸਤਦਾਨ ਚੁੱਪ ਤੋੜਨਗੇ ਅਤੇ ਪਾਰਲੀਮੈਂਟ ਜਾਂ ਵਿਧਾਨ ਸਭਾਵਾਂ ‘ਚ ਕਦੇ ਭਾਈ ਮੇਵਾ ਸਿੰਘ ਦੀ ਸ਼ਹਾਦਤ ਸਮੇਤ, ਹੋਰਨਾਂ ਗਦਰੀ ਯੋਧਿਆਂ ਦੀਆਂ ਸ਼ਹੀਦੀਆਂ ਨੂੰ ਵੀ ਮਾਨਤਾ ਦੇਣਗੇ ਤੇ ਉਨ੍ਹਾਂ ਦੇ ਨਾਵਾਂ ਨਾਲ ਅਜੇ ਤੱਕ ਵਰਤੇ ਜਾ ਰਹੇ ‘ਕਾਤਲ’ ਸ਼ਬਦ ਹਟਾਉਣਗੇ? ਇਸ ਸਬੰਧ ਵਿਚ ਚਾਹੇ ਨਿਊਵੈਸਟਮਨਿਸਟਰ, ਬ੍ਰਿਟਿਸ਼ ਕੋਲੰਬੀਆ ਦੇ ਸਿਟੀ ਕੌਂਸਲਰ ਚੱਕਪਿੱਕਮਾਇਰ ਨੇ ਪਹਿਲਕਦਮੀ ਕਰਦਿਆਂ, ਸ਼ਹੀਦ ਭਾਈ ਮੇਵਾ ਸਿੰਘ ਲੋਪੋਕੇ ਦੇ ਨਾਂ ‘ਤੇ ਐਲਾਨਨਾਮਾ ਜਾਰੀ ਕਰਵਾਇਆ ਹੈ, ਪਰ ਹੁਣ ਇਸ ਕਾਰਜ ਨੂੰ ਬ੍ਰਿਟਿਸ਼ ਕੋਲੰਬੀਆ ਸੂਬਾਈ ਪੱਧਰ ਅਤੇ ਕੈਨੇਡਾ ਪੱਧਰ ‘ਤੇ ਲਿਜਾਣ ਲਈ, ਸਾਡੇ ਸਮੂਹ ਸਿਆਸਤਦਾਨਾਂ ਨੂੰ ਅੱਗੇ ਨਿੱਤਰਨਾ ਚਾਹੀਦਾ ਹੈ। 16 ਨਵੰਬਰ ਨੂੰ ‘ਲੁਈਸ ਡੇ’ ਦੇ ਮੌਕੇ ਪ੍ਰਣ ਕਰਨਾ ਚਾਹੀਦਾ ਹੈ ਕਿ ਕਦੇ ਸ਼ਹੀਦ ‘ਭਾਈ ਮੇਵਾ ਸਿੰਘ ਦਿਵਸ’ ਅਤੇ ਸ਼ਹੀਦ ਭਾਈ ਕਰਤਾਰ ਸਿੰਘ ਸਰਾਭਾ ਦਿਹਾੜਾ ਵੀ ਕੈਨੇਡਾ ਭਰ ਵਿੱਚ ਮਨਾਇਆ ਜਾਏ। ਸਾਡੇ ਸਿਆਸੀ ਆਗੂ ਚੁੱਪ ਤੋੜਦਿਆਂ, ਸ਼ਹੀਦ ਭਾਈ ਮੇਵਾ ਸਿੰਘ ਨੂੰ, ‘ਕੈਨੇਡਾ ਦਾ ਸ਼ਹੀਦ ਯੋਧਾ’ ਆਖਣ ਦੀ ਹਿੰਮਤ ਕਰਨ। ਆਓ ਇਸ ਮਕਸਦ ਲਈ ਸਾਰੇ ਇਕਮੁੱਠ ਹੋ ਕੇ ਯਤਨ ਕਰੀਏ ਅਤੇ ਇਨ੍ਹਾ ਯੋਧਿਆਂ ਦੀਆਂ ਕੁਰਬਾਨੀਆਂ ਨੂੰ ਚੇਤੇ ਕਰੀਏ। ਸ਼ਹੀਦ ਭਾਈ ਕਰਤਾਰ ਸਿੰਘ ਸਰਾਭਾ ਅਤੇ ਉਨ੍ਹਾਂ ਦੇ ਸਾਥੀਆਂ ਦੇ ਸ਼ਹੀਦੀ ਦਿਨ ‘ਤੇ ਪ੍ਰਣ ਕਰਨਾ ਚਾਹੀਦਾ ਹੈ ਕਿ ਭਾਰਤ ਅੰਦਰ ਫਾਸ਼ੀਵਾਦੀ ਤਾਕਤਾਂ ਦਾ ਮੂੰਹ ਭੰਨਿਆ ਜਾਏ ਅਤੇ ਹੱਕਾਂ ਲਈ ਜੂਝ ਰਹੇ ਪੀੜਤ ਵਰਗ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ, ਸੰਘਰਸ਼ ਜਾਰੀ ਰੱਖਿਆ ਜਾਏ। ਕੌਮਾਂਤਰੀ ਪੱਧਰ ਤੇ ਜਿਵੇਂ ਅੱਜ ਇਜ਼ਰਾਇਲ ਵੱਲੋਂ ਫਲਸਤੀਨ ‘ਤੇ ਹਮਲੇ ਕਰਕੇ, ਹਜ਼ਾਰਾਂ ਬੱਚਿਆਂ ਸਮੇਤ ਬੇਗੁਨਾਹ ਲੋਕਾਂ ਦੀ ਜਾਨ ਲਈ ਜਾ ਰਹੀ ਹੈ, ਉਸ ਖਿਲਾਫ਼ ਸੰਘਰਸ਼ ਛੇੜਿਆ ਜਾਏ ਅਤੇ ਗ਼ਦਰੀ ਯੋਧਿਆਂ ਦੇ ਸਿਧਾਂਤਾਂ ਦੀ ਡਟ ਕੇ ਪਹਿਰਾ ਦਿੱਤਾ ਜਾਏ। ਤਦ ਹੀ ਇਹ ਸ਼ਹੀਦੀ ਦਿਨ ਮਨਾਉਣੇ ਸਾਰਥਕ ਹੋ ਸਕਦੇ ਹਨ, ਨਹੀਂ ਤਾਂ ਇਹ ਸਿਰਫ ਰਸਮਾਂ ਹੀ ਹਨ, ਇਸ ਤੋਂ ਵੱਧ ਕੁਝ ਨਹੀਂ।
– ਡਾ. ਗੁਰਵਿੰਦਰ ਸਿੰਘ
(ਸਮਾਪਤ)

 

Check Also

ਇਜ਼ਰਾਈਲ-ਫਿਲਸਤੀਨ ਸੰਘਰਸ਼ ਬਾਰੇ ਕਹਾਣੀ

ਉਮੀਦ ਦੀ ਆਵਾਜ਼ ਡਾ. ਦੇਵਿੰਦਰ ਪਾਲ ਸਿੰਘ ਬਹੁਤੀ ਪੁਰਾਣੀ ਗੱਲ ਨਹੀਂ। ਮੱਧ ਪੂਰਬ ਦੇ ਧੁਰ …