13-0 ਦਾ ਦਾਅਵਾ ਪਹਿਲਾਂ ਹੀ ਹੋ ਚੁੱਕਾ ਹੈ ਫੇਲ੍ਹ
ਚੰਡੀਗੜ੍ਹ/ਬਿਊਰੋ ਨਿਊਜ਼
ਜਲੰਧਰ ਪੱਛਮੀ ਵਿਧਾਨ ਸਭਾ ਹਲਕੇ ’ਚ ਜ਼ਿਮਨੀ ਚੋਣ ਲਈ 10 ਜੁਲਾਈ ਨੂੰ ਵੋਟਾਂ ਪੈਣੀਆਂ ਹਨ ਅਤੇ ਨਤੀਜੇ 13 ਜੁਲਾਈ ਨੂੰ ਆਉਣੇ ਹਨ। ਇਹ ਜ਼ਿਮਨੀ ਚੋਣ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਲਈ ਪ੍ਰੀਖਿਆ ਦੀ ਘੜੀ ਬਣ ਗਈ ਹੈ। ਕਿਉਂਕਿ ਲੰਘੀਆਂ ਲੋਕ ਸਭਾ ਚੋਣਾਂ ਦੌਰਾਨ ਭਗਵੰਤ ਮਾਨ ਦਾ ਪੰਜਾਬ ਦੀਆਂ ਸਾਰੀਆਂ 13 ਸੀਟਾਂ ਜਿੱਤਣ ਦਾ ਦਾਅਵਾ ਫੇਲ੍ਹ ਹੋ ਚੁੱਕਾ ਹੈ। ਜਲੰਧਰ ਪੱਛਮੀ ਦੀ ਜ਼ਿਮਨੀ ਚੋਣ ਜਿੱਤਣ ਲਈ ਮੁੱਖ ਮੰਤਰੀ ਭਗਵੰਤ ਮਾਨ ਨੇ ਜਲੰਧਰ ਵਿਚ ਇਕ ਮਹਿਲਨੁਮਾ ਘਰ ਵੀ ਕਿਰਾਏ ’ਤੇ ਲਿਆ ਹੋਇਆ ਹੈ ਅਤੇ ਉਨ੍ਹਾਂ ਦੀ ਪਤਨੀ ਡਾ. ਗੁਰਪ੍ਰੀਤ ਕੌਰ ਵੀ ਆਮ ਆਦਮੀ ਪਾਰਟੀ ਦੇ ਉਮੀਦਵਾਰ ਮਹਿੰਦਰ ਭਗਤ ਲਈ ਵੋਟਾਂ ਮੰਗ ਰਹੇ ਹਨ। ਭਗਵੰਤ ਮਾਨ ਇਹ ਵਾਅਦਾ ਵੀ ਕਰ ਰਹੇ ਹਨ ਕਿ ਜੇਕਰ ‘ਆਪ’ ਉਮੀਦਵਾਰ ਮਹਿੰਦਰ ਭਗਤ ਜਲੰਧਰ ਪੱਛਮੀ ਤੋਂ ਚੋਣ ਜਿੱਤਦੇ ਹਨ ਤਾਂ ਉਨ੍ਹਾਂ ਨੂੰ ਪੰਜਾਬ ’ਚ ਮੰਤਰੀ ਵੀ ਬਣਾਇਆ ਜਾਵੇਗਾ। ਜੇਕਰ ਆਮ ਆਦਮੀ ਪਾਰਟੀ ਇਹ ਜ਼ਿਮਨੀ ਚੋਣ ਨਹੀਂ ਜਿੱਤਦੀ ਤਾਂ ਭਗਵੰਤ ਮਾਨ ਦੀ ਕਾਰਜਸ਼ੈਲੀ ’ਤੇ ਵੀ ਸਵਾਲ ਉਠਣਗੇ। ਉਧਰ ਦੂਜੇ ਪਾਸੇ ਕਾਂਗਰਸ, ਭਾਰਤੀ ਜਨਤਾ ਪਾਰਟੀ ਹੋਰ ਵੱਖ-ਵੱਖ ਸਿਆਸੀ ਪਾਰਟੀਆਂ ਵਲੋਂ ਆਪੋ ਆਪਣੇ ਉਮੀਦਵਾਰ ਨੂੰ ਜਿਤਾਉਣ ਲਈ ਪੂਰਾ ਜ਼ੋਰ ਲਗਾਇਆ ਜਾ ਰਿਹਾ ਹੈ।