27.2 C
Toronto
Sunday, October 5, 2025
spot_img
Homeਪੰਜਾਬਵਿਧਾਨ ਸਭਾ ਚੋਣਾਂ 'ਚ ਕਾਂਗਰਸ ਦੇ ਕਈ ਵਿਧਾਇਕਾਂ ਦੀਆਂ ਕੱਟੀਆਂ ਜਾਣਗੀਆਂ ਟਿਕਟਾਂ

ਵਿਧਾਨ ਸਭਾ ਚੋਣਾਂ ‘ਚ ਕਾਂਗਰਸ ਦੇ ਕਈ ਵਿਧਾਇਕਾਂ ਦੀਆਂ ਕੱਟੀਆਂ ਜਾਣਗੀਆਂ ਟਿਕਟਾਂ

ਨਵੇਂ ਚਿਹਰੇ ਸ਼ਾਮਲ ਕਰਨ ਦੀ ਹੋ ਰਹੀ ਹੈ ਚਰਚਾ
ਜਲੰਧਰ/ਬਿਊਰੋ ਨਿਊਜ਼ : ਪੰਜਾਬ ਵਿਚ ਸਭਾ ਚੋਣਾਂ ਵਿਚ ਕਾਂਗਰਸ ਦੇ ਕੁਝ ਮੌਜੂਦਾ ਵਿਧਾਇਕਾਂ ਦੀਆਂ ਟਿਕਟਾਂ ਕੱਟੀਆਂ ਜਾਣਗੀਆਂ ਅਤੇ ਨਵੇਂ ਚਿਹਰਿਆਂ ਨੂੰ ਵੀ ਸ਼ਾਮਲ ਕੀਤਾ ਜਾਵੇਗਾ। ਆਉਣ ਵਾਲੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿਚ ਜਿੱਤ ਬਾਰੇ ਕਿਸੇ ਗਲਤ ਫਹਿਮੀ ਤੋਂ ਬਚਣ ਲਈ ਕਾਂਗਰਸ ਵੱਖ-ਵੱਖ ਸਰਵੇ ਕਰਵਾ ਰਹੀ ਹੈ, ਜਿਸ ਵਿਚ ਪ੍ਰਸ਼ਾਂਤ ਕਿਸ਼ੋਰ ਵਲੋਂ ਕਰਵਾਇਆ ਜਾ ਰਿਹਾ ਸਰਵੇ ਵੀ ਸ਼ਾਮਲ ਹੈ। ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਨੇ ਵੀ ਇਸਦੀ ਪੁਸ਼ਟੀ ਕਰਦੇ ਹੋਏ ਕਿਹਾ ਹੈ ਕਿ ਵਿਧਾਨ ਸਭਾ ਚੋਣਾਂ ਵਿਚ ‘ਵਿਨੇਬਿਲਟੀ’ ਅਧਾਰ ਰਹੇਗਾ।
ਪੰਜਾਬ ਵਿਧਾਨ ਸਭਾ ਚੋਣਾਂ ਵਿਚ ਜਿੱਤ ਦੇ ਮਕਸਦ ਨਾਲ ਪੰਜਾਬ ਸਰਕਾਰ ਵਿਚ ਨਿਯੁਕਤ ਕੀਤੇ ਗਏ ਪ੍ਰਸ਼ਾਂਤ ਕਿਸ਼ੋਰ (ਪੀਕੇ) ਚੋਣਾਂ ਦੀ ਰਣਨੀਤੀ ‘ਤੇ ਪਹਿਲੀ ਬੈਠਕ ਕਰਕੇ ਦਿੱਲੀ ਪਰਤ ਚੁੱਕੇ ਹਨ। ਅਗਲੀ ਬੈਠਕ ਅਪ੍ਰੈਲ ਦੇ ਦੂਜੇ ਹਫਤੇ ਵਿਚ ਹੋ ਸਕਦੀ ਹੈ। ਪੀਕੇ ਦੀ ਟੀਮ ਨੇ ਪੰਜਾਬ ਵਿਚ ਸਰਵੇ ਸ਼ੁਰੂ ਕਰ ਦਿੱਤਾ ਹੈ। ਇਸਦੇ ਨਾਲ ਹੀ ਸੱਤਾਧਾਰੀ ਕਾਂਗਰਸ ਨੇ ਖੁਫੀਆ ਵਿਭਾਗ ਤੋਂ ਵੀ ਸਰਵੇ ਸ਼ੁਰੂ ਕਰਵਾਇਆ ਹੈ। ਕਾਂਗਰਸ ਹਾਈਕਮਾਨ ਵਲੋਂ ਆਪਣੇ ਪੱਧਰ ‘ਤੇ ਵੀ ਪੰਜਾਬ ਚੋਣਾਂ ਨੂੰ ਲੈ ਕੇ ਸਰਵੇ ਸ਼ੁਰੂ ਕਰਵਾਇਆ ਹੈ, ਜਦਕਿ ਪੰਜਾਬ ਕਾਂਗਰਸ ਵਲੋਂ ਵੀ ਵੱਖ-ਵੱਖ ਸੀਟਾਂ ਲਈ ਸਰਵੇ ਕਰਵਾਇਆ ਜਾ ਰਿਹਾ ਹੈ। ਫਿਲਹਾਲ ਕਾਂਗਰਸ ਇਸ ਵਿਚਾਰ ਵਿਚ ਹੈ ਕਿ ਪਿਛਲੀਆਂ ਵਿਧਾਨ ਸਭਾ ਚੋਣਾਂ ਵਿਚ ਪਾਰਟੀ ਦੇ ਉਮੀਦਵਾਰ ਜਿਥੋਂ ਚੋਣ ਹਾਰੇ ਸਨ, ਉਥੇ ਨਵੇਂ ਉਮੀਦਵਾਰਾਂ ਨੂੰ ਪ੍ਰੋਜੈਕਟ ਕੀਤਾ ਜਾਵੇ। ਇਸ ਵਿਚ ਕੁਝ ਸੀਟਾਂ ‘ਤੇ ਉਮੀਦਵਾਰ ਪੁਰਾਣੇ ਵਾਲੇ ਹੋ ਸਕਦੇ ਹਨ, ਪਰ ਜ਼ਿਆਦਾਤਰ ਚਿਹਰੇ ਨਵੇਂ ਹੋਣਗੇ। ਮੌਜੂਦਾ ਸਮੇਂ ਵਿਚ ਵੀ ਜੋ ਕਾਂਗਰਸ ਵਿਧਾਇਕ ਹਨ, ਉਨ੍ਹਾਂ ਵਿਚੋਂ ਕੁਝ ਦਾ ਪੱਤਾ ਕੱਟਣ ਦੀ ਤਿਆਰੀ ਹੈ। ਮਤਲਬ ਸਾਫ ਹੈ ਕਿ ਸਾਰੇ ਚਾਰ ਸਰਵਿਆਂ ‘ਤੇ ਵਿਚਾਰ ਹੋਵੇਗਾ ਅਤੇ ਇਸ ਤੋਂ ਬਾਅਦ ਹੀ ਉਮੀਦਵਾਰ ਦਾ ਫੈਸਲਾ ਹੋਵੇਗਾ। ਇਸ ਦੌਰਾਨ ਪੰਜਾਬ ਕਾਂਗਰਸ ਸਾਰੇ ਵਿਧਾਨ ਸਭਾ ਖੇਤਰਾਂ ਵਿਚ, ਬਲਾਕ ਅਤੇ ਜ਼ਿਲ੍ਹਾ ਕਾਂਗਰਸ ਕਮੇਟੀਆਂ ਵਲੋਂ ਟਿਕਟਾਂ ਦੇ ਦਾਅਵੇਦਾਰਾਂ ਤੋਂ ਅਰਜ਼ੀਆਂ ਮੰਗਣ ਦਾ ਪ੍ਰੋਸੈਸ ਸ਼ੁਰੂ ਕਰੇਗੀ। ਇਸ ਸਬੰਧ ਵਿਚ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਦਾ ਕਹਿਣਾ ਸੀ ਕਿ ਸੀਟਾਂ ਦੇ ਸਰਵੇ ਦਾ ਕੰਮ ਸ਼ੁਰੂ ਹੋ ਚੁੱਕਾ ਹੈ। ਪੰਜਾਬ ਤੋਂ ਟਿਕਟਾਂ ਦੇ ਦਾਅਵੇਦਾਰਾਂ ਦੇ ਪੈਨਲ ਪੰਜਾਬ ਤੋਂ ਭੇਜੇ ਜਾਣਗੇ ਅਤੇ ਪਾਰਟੀ ਹਾਈਕਮਾਨ ਇਸ ‘ਤੇ ਫੈਸਲੇ ਲਵੇਗੀ। ਜਾਖੜ ਨੇ ਕਿਹਾ ਕਿ ਪੰਜਾਬ ਵਿਚ ਲੋਕਾਂ ਦਾ ਭਰੋਸਾ ਸਿਰਫ ਕਾਂਗਰਸ ‘ਤੇ ਹੀ ਬਣਿਆ ਹੋਇਆ ਹੈ ਜਦਕਿ ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਆਪਣੀ ਭਰੋਸੇਯੋਗਤਾ ਗੁਆ ਚੁੱਕੇ ਹਨ। ਆਮ ਆਦਮੀ ਪਾਰਟੀ ‘ਤੇ ਤਨਜ਼ ਕੱਸਦੇ ਹੋਏ ਉਨ੍ਹਾਂ ਕਿਹਾ ਕਿ ‘ਆਪ’ 15 ਦਿਨਾਂ ਵਿਚ ਮੁੱਖ ਮੰਤਰੀ ਦਾ ਚਿਹਰਾ ਐਲਾਨ ਕਰਨ ਦੀ ਗੱਲ ਕਰ ਰਹੀ ਸੀ, ਪਰ ਦੋ ਮਹੀਨੇ ਲੰਘ ਜਾਣ ਤੋਂ ਬਾਅਦ ਵੀ ਪਾਰਟੀ ਅਜੇ ਤੱਕ ਨਾਮ ਹੀ ਤੈਅ ਨਹੀਂ ਕਰ ਸਕੀ।

RELATED ARTICLES
POPULAR POSTS