Breaking News
Home / Special Story / ਸਰਕਾਰ ਹੀ ਨਹੀਂ ਚਾਹੁੰਦੀ ਕਿ ਦਰਿਆਵਾਂ ਦਾ ਪਾਣੀ ਸਾਫ ਰਹੇ

ਸਰਕਾਰ ਹੀ ਨਹੀਂ ਚਾਹੁੰਦੀ ਕਿ ਦਰਿਆਵਾਂ ਦਾ ਪਾਣੀ ਸਾਫ ਰਹੇ

ਸੰਤ ਸੀਚੇਵਾਲ ਬੋਲੇ- ਸਰਕਾਰ ਵੀ ਇਨ੍ਹਾਂ ਦੀ, ਫੈਕਟਰੀਆਂ ਵੀ ਇਨ੍ਹਾਂ ਦੀਆਂ, ਕਾਨੂੰਨ ਵੀ ਇਨ੍ਹਾਂ ਦਾ ਅਤੇ ਮੰਤਰੀ ਵੀ, ਇਨ੍ਹਾਂ ਨੂੰ ਰੋਕੇ ਕੌਣ
ਪਦਮਸ੍ਰੀ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਬੇਬਾਕੀ ਨਾਲ ਕਿਹਾ ਕਿ ਸੂਬਾ ਸਰਕਾਰ ਨਹੀਂ ਚਾਹੁੰਦੀ ਕਿ ਰਾਜ ਦੇ ਜਲ ਸਰੋਤ ਸਾਫ ਰਹਿਣ। ਸੂਬੇ ਦੀਆਂ ਨਹਿਰਾਂ ਅਤੇ ਦਰਿਆਵਾਂ ਦੇ ਪਾਣੀ ਨੂੰ ਜ਼ਹਿਰੀਲਾ ਬਣਾਉਣ ਦੀ ਕੋਈ ਕਸਰ ਨਹੀਂ ਛੱਡੀ ਜਾ ਰਹੀ।
ਮਿਊਂਸੀਪਲ ਦਾ ਗੰਦਾ ਪਾਣੀ ਹੋਵੇ ਜਾਂ ਫਿਰ ਫੈਕਟਰੀਆਂ ਦਾ ਕੈਮੀਕਲਯੁਕਤ ਲਿਕਵਡ ਵੇਸਟ ਸਬ ਦਰਿਆਵਾਂ ‘ਚ ਗੈਰਕਾਨੂੰਨੀ ਢੰਗ ਨਾਲ ਸਿੱਟਿਆ ਜਾ ਰਿਹਾ ਹੈ। ਅਜੇ ਤਾਂ ਦਰਿਆ ਬਿਆਸ ‘ਚ ਇਕ ਫੈਕਟਰੀ ਵੱਲੋਂ ਸ਼ੀਰਾ ਸੁੱਟਣ ਨਾਲ ਦਰਿਆਵਾਂ ‘ਚ ਵਸਣ ਵਾਲੇ ਜਲ ਜੀਵ ਮਰ ਰਹੇ ਹਨ ਪ੍ਰੰਤੂ ਕਈ ਦਰਿਆ ਅਜਿਹੇ ਵੀ ਹਨ,ਜਿੱਥੇ ਜਲਜੀਵ ਹੁੰਦੇ ਹੀ ਨਹੀਂ।
ਸੰਤ ਸੀਚੇਵਾਲ ਨੇ ਕਿਹਾ ਕਿ ਉਹ ਪਿਛਲੇ 18 ਸਾਲ ਤੋਂ ਕਹਿ ਰਹੇ ਹਨ ਕਿ ਜਲ ਸੁਰੱਖਿਆ ਨੂੰ ਤਵੱਜੋ ਦਿਓ, ਨਹੀਂ ਤਾਂ ਮਨੁੱਖ ਦਾ ਅੰਤ ਸਮਾਂ ਨੇੜੇ ਹੈ ਪ੍ਰੰਤੂ ਵੋਟ ਦੀ ਰਾਜਨੀਤੀ ‘ਚ ਫਸੇ ਸਾਡੇ ਆਗੂਆਂ ਦੇ ਕੰਨ ‘ਤੇ ਜੂੰ ਨਹੀਂ ਸਰਕਦੀ। ਸੰਤ ਸੀਚੇਵਾਲ ਬੋਲੇ ਉਹ ਇਹ ਨਹੀਂ ਕਹਿੰਦੇ ਕਿ ਇੰਡਸਟਰੀ ਦਾ ਵਿਕਾਸ ਨਾ ਹੋਵੇ। ਬਿਲਕੁਲ ਇੰਡਸਟਰੀ ਨੂੰ ਪ੍ਰਫੁੱਲਤ ਕੀਤਾ ਜਾਵੇ ਪ੍ਰੰਤੂ ਇਸ ਦੇ ਲਈ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਪੈਰਾਮੀਟਰ ਦਾ ਵੀ ਪਾਲਣ ਕੀਤਾ ਜਾਵੇ। ਇੰਡਸਟਰੀ, ਜਲ ਜੀਵ ਅਤੇ ਮਨੁੱਖ ਦੀ ਗੱਲ ਤਾਂ ਇਹ ਹੀ ਹੈ ਕਿ ਸਰਕਾਰ ਵੀ ਇਨ੍ਹਾਂ ਦੀ ਹੈ ਅਤੇ ਫੈਕਟਰੀਆਂ ਵੀ ਇਨ੍ਹਾਂ ਦੀਆਂ ਹੀ ਹਨ, ਕਾਨੂੰਨ ਵੀ ਇਨ੍ਹਾਂ ਦਾ ਹੀ ਹੈ ਅਤੇ ਮੰਤਰੀ ਵੀ ਇਨ੍ਹਾਂ ਦੇ ਹੀ ਹਨ ਤਾਂ ਫਿਰ ਮਿਊਂਸੀਪਲ ਕਾਰਪੋਰੇਸ਼ਨ, ਫੈਕਟਰੀਆਂ ਅਤੇ ਸੀਵਰੇਜ਼ ਦਾ ਗੰਦਾ ਪਾਣੀ ਦਰਿਆਵਾਂ ‘ਚ ਡਿੱਗਣ ਤੋਂ ਕੌਣ ਰੋਕੇਗਾ।
ਸਭ ਤੋਂ ਵੱਡਾ ਸਵਾਲ ਤਾਂ ਇਹ ਹੈ ਕਿ ਕਰਨਾ ਤਾਂ ਪੰਜਾਬ ਸਰਕਾਰ ਨੇ ਹੀ ਹੈ। ਸਰਕਾਰ ਹੀ ਨਹੀਂ ਚਾਹੁੰਦੀ ਕਿ ਸੂਬੇ ਦਾ ਪਾਣੀ ਜ਼ਹਿਰੀਲਾ ਨਾ ਹੋਵੇ। ਉਨ੍ਹਾਂ ਨੇ ਸਵਾਲ ਕੀਤਾ ਕਿ ਤੁਸੀਂ ਸੁਣਿਆ ਹੈ ਕਿ ਸਤਲੁਜ ‘ਚ ਮੱਛੀਆਂ ਮਰੀਆਂ ਹੋਣ ਕਿਉਂਕਿ 30-35 ਸਾਲ ਪਹਿਲਾਂ ਸਤਲੁਜ ‘ਚ ਲੁਧਿਆਣਾ, ਜਲੰਧਰ ਅਤੇ ਫਗਵਾੜਾ ਦੀ ਇੰਡਸਟਰੀ ਦਾ ਪਾਣੀ ਡਿੱਗਣ ਨਾਲ ਮੱਛੀਆਂ ਮਰ ਗਈਆਂ ਸਨ ਅਤੇ ਕਈ ਦਿਨਾਂ ਤੱਕ ਸਤਲੁਜ ਦੇ ਕਿਨਾਰੇ ਮਰੀਆਂ ਹੋਈਆਂ ਮੱਛੀਆਂ ਦੀ ਬਦਬੂ ਫੈਲੀ ਰਹੀ। ਉਸ ਤੋਂ ਬਾਅਦ ਅੱਜ ਤੱਕ ਸਲਤੁਜ ‘ਚ ਮੱਛੀਆਂ ਅਤੇ ਜਲ ਜੀਵ ਨਹੀਂ ਮਰੇ ਕਿਉਂਕਿ ਉਸ ਜਹਿਰੀਲੇ ਪਾਣੀ ਨੇ ਸਤਲੁਜ ‘ਚ ਦੁਬਾਰਾ ਕਦੇ ਮੱਛੀਆਂ ਨੂੰ ਪੈਦਾ ਹੀ ਨਹੀਂ ਹੋਣ ਦਿੱਤਾ। ਜਦੋਂ ਮੱਛੀਆਂ ਪੈਦਾ ਹੀ ਨਹੀਂ ਹੋਣਗੀਆਂ ਤਾਂ ਮਰਨ ਦਾ ਤਾਂ ਸਵਾਲ ਹੀ ਪੈਦਾ ਨਹੀਂ ਹੁੰਦਾ। ਅਜਿਹਾ ਹੀ ਕੁਝ ਹੁਣ ਸੂਬੇ ਦੇ ਹੋਰ ਜਲ ਸਰੋਤਾਂ ਦੇ ਨਾਲ ਹੋ ਰਿਹਾ ਹੈ।
ਉਨ੍ਹਾਂ ਨੇ ਦੁੱਖ ਪ੍ਰਗਟ ਕੀਤਾ ਕਿ ਸੂਬੇ ‘ਚ ਵਾਟਰ ਐਕਟ ਲਾਗੂ ਹੈ ਪ੍ਰੰਤੂ ਅੱਜ ਤੱਕ ਗੈਰਕਾਨੂੰਨੀ ਢੰਗ ਨਾਲ ਗੰਦਾ ਪਾਣੀ ਨਹਿਰਾਂ ‘ਚ ਸੁੱਟਣ ਵਾਲਿਆਂ ਦੇ ਖਿਲਾਫ ਕਾਰਵਾਈ ਨਹੀਂ ਹੋਈ। ਜੇਕਰ ਕੋਈ ਪ੍ਰਸ਼ਾਸਨਿਕ ਅਧਿਕਾਰੀ ਹਿੰਮਤ ਕਰਦਾ ਵੀ ਹੈ ਤਾਂ ਸਰਕਾਰ ਉਸ ਦੀ ਤਤਕਾਲ ਬਦਲੀ ਕਰਵਾ ਦਿੰਦੀ ਹੈ। ਸੰਤ ਸੀਚੇਵਾਲ ਨੇ ਮੰਗ ਕੀਤੀ ਕਿ ਪੰਜਾਬ ਸਰਕਾਰ ਨੂੰ ਸੂਬੇ ਦੇ ਪਾਣੀ ਨੂੰ ਲੈ ਕੇ ਸ਼ਵੇਤ ਪੱਤਰ ਜਾਰੀ ਕਰਨਾ ਚਾਹੀਦਾ ਹੈ ਤਾਂ ਕਿ ਪਤਾ ਲਗਾਇਆ ਜਾ ਸਕੇ ਕਿ ਕਿਨ੍ਹਾਂ ਸਰਕਾਰੀ ਵਿਭਾਗਾਂ ਅਤੇ ਕਿਨ੍ਹਾਂ ਲੋਕਾਂ ਦੀ ਵਜ੍ਹਾ ਨਾਲ ਦਰਿਆਵਾਂ ਦਾ ਪਾਣੀ ਜ਼ਹਿਰੀਲਾ ਹੋ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਗੰਦੇ ਪਾਣੀ ਦੀ ਵਜ੍ਹਾ ਨਾਲ ਲੋਕ ਬਿਮਾਰ ਹੋਏ, ਉਨ੍ਹਾਂ ਨੂੰ ਵੀ ਮੁਆਵਜ਼ਾ ਦਿੱਤਾ ਜਾਵੇ।
ਮੱਛੀਆਂ ਮਰੀਆਂ, ਸਾਨੂੰ ਦੁੱਖ ਹੈ, ਜੋ ਲੋਕ ਮਰ ਰਹੇ ਨੇ, ਉਨ੍ਹਾਂ ਨੂੰ ਵੀ ਦੇਖੋ
ਸੰਤ ਬਲਬੀਰ ਸਿੰਘ ਸੀਚੇਵਾਲ ਨੇ ਕਿਹਾ ਕਿ ਅਸੀਂ ਸਾਰਿਆਂ ਨੇ ਦੇਖਿਆ ਹੈ ਕਿ ਮੱਛੀਆਂ ਮਰੀਆਂ ਹਨ, ਸਾਨੂੰ ਇਸ ਦਾ ਬਹੁਤ ਦੁੱਖ ਹੈ। ਜਿਸ ਕਾਰਨ ਇਹ ਘਟਨਾ ਹੋਈ, ਉਸ ਦੇ ਜ਼ਿੰਮੇਵਾਰ ਲੋਕਾਂ ‘ਤੇ ਕਾਰਵਾਈ ਕਾਨੂੰਨ ਦੇ ਹਿਸਾਬ ਨਾਲ ਹੋਣੀ ਚਾਹੀਦੀ ਹੈ। ਸੰਤ ਸੀਚੇਵਾਲ ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ। ਉਨ੍ਹਾਂ ਨੇ ਕਿਹਾ ਕਿ ਮੈਂ ਇਹ ਕਹਿਣਾ ਚਾਹੁੰਦਾ ਹਾਂ ਕਿ ਅਸੀਂ ਇੰਡਸਟਰੀ ਦਾ ਸਤਿਕਾਰ ਕਰਦਾ ਹਾਂ। ਇੰਡਸਟਰੀ ਲੱਗਣੀ ਚਾਹੀਦੀ ਹੈ, ਇੰਡਸਟਰੀ ਦਾ ਵਿਕਾਸ ਹੋਣਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਕਿ ਮੱਛੀਆਂ ਦਾ ਮਰਨਾ ਮੰਦਭਾਗਾ ਹੈ। ਗੰਦੇ ਪਾਣੀ ਦੇ ਕਾਰਨ ਜੋ ਮਨੁੱਖ ਮਰ ਰਹੇ ਹਨ, ਸਾਨੂੰ ਉਨ੍ਹਾਂ ਦੀ ਵੀ ਗੱਲ ਕਰਨੀ ਚਾਹੀਦੀ ਹੈ। ਉਨ੍ਹਾਂ ਨੇ ਕਿਹਾ ਕਿ ਮਾਲਵਾ ਦੇ ਲੋਕ ਜੋ ਪਾਣੀ ਪੀ ਰਹੇ ਹਨ, ਉਸ ਦੇ ਕਾਰਨ ਲੋਕਾਂ ਨੂੰ ਕੈਂਸਰ ਹੋ ਰਿਹਾ ਹੈ। ਫਿਰ ਵੀ ਅਜਿਹਾ ਪਾਣੀ ਪੀਣ ਲਈ ਮਜਬੂਰ ਹਨ। ਇਹ ਹੀ ਪਾਣੀ ਮੰਦਰਾਂ ‘ਚ ਵੀ ਜਾ ਰਿਹਾ ਹੈ। ਅਸੀਂ ਕਈ ਵਾਰ ਕਹਿ ਚੁੱਕੇ ਹਾਂ, ਸੁਧਾਰ ਹੋਇਆ ਹੈ ਪ੍ਰੰਤੂ ਅੱਜ ਵੀ ਲੋਕ ਪਾਣੀ ਦੇ ਕਾਰਨ ਹੋਣ ਵਾਲੀਆਂ ਬਿਮਾਰੀਆਂ ਨਾਲ ਮਰ ਰਹੇ ਹਨ। ਉਨ੍ਹਾਂ ਦੇਇਲਾਕੇ ‘ਚ 32 ਸਾਲ ਦਾ ਲੜਕਾ ਕੈਂਸਰ ਨਾਲ ਮਰ ਰਿਹਾ ਹੈ। ਡਾਕਟਰਾਂ ਨੇ ਕਹਿ ਦਿੱਤਾ ਕਿ ਸੇਵਾ ਕਰ ਲਓ। ਉਸ ਦੇ ਪਰਿਵਾਰ ‘ਚੋਂ ਪਹਿਲਾਂ ਵੀ ਇਕ ਵਿਅਕਤੀ ਦੀ ਕੈਂਸਰ ਨਾਲ ਮੌਤ ਹੋ ਚੁੱਕੀ ਹੈ। ਸੰਤ ਸੀਚੇਵਾਲ ਨੇ ਕਿਹਾ ਕਿ ਮੈਂ ਤਾਂ ਸਮਝਦਾ ਹਾਂ ਕਿ ਇਨ੍ਹਾਂ ਮੱਛੀਆਂ ਨੇ ਕੁਰਬਾਨੀ ਦਿੱਤੀ ਹੈ, ਲੋਕਾਂ ਦੀ ਆਤਮਾ ਨੂੰ ਜਗਾਉਣ ਦੇ ਲਈ, ਦੇਖੋ ਜੋ ਪਾਣੀ ‘ਚ ਗੰਦਗੀ ਫੈਲਆ ਰਹੇ ਹੋ ਉਸ ਦੇ ਕਾਰਨ ਲੋਕਾਂ ਦੀ ਮੌਤ ਹੋ ਰਹੀ ਹੈ। ਕਿਸ ਤਰ੍ਹਾਂ ਨਾਲ ਇਯ ਪਾਣੀ ਨੂੰ ਪੀਣ ਨਾਲ ਲੋਕਾਂ ਨੂੰ ਕੈਂਸਰ ਹੋ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਅਜਿਹਾ ਨਹੀਂ ਕਿ ਸਰਕਾਰ ਕੁਝ ਨਹੀਂ ਕਰ ਰਹੀ। ਸਤਲੁਜ ਐਕਸ਼ਨ ਪਲਾਨ ‘ਤੇ 1200 ਕਰੋੜ ਦੇ ਲਗਭਗ ਖਰਚ ਕੀਤਾ ਗਿਆ ਹੈ, ਉਹ ਚੱਲ ਹੀ ਨਹੀਂ ਸਕਿਆ। ਗੱਲ ਕੇਵਲ ਬਿਆਸ ਦਰਿਆ ਦੀ ਨਹੀਂ ਹੈ, ਚਿੱਟੀ ਵੇਈਂ, ਕਾਲਾ ਸੰਘਾ ਡਰੇਨ ਵੀ ਲੋਕਾਂ ਨੂੰ ਮਾਰ ਰਹੀ ਹੈ। ਉਨ੍ਹਾਂ ਕਿਹਾ ਕਿ ਅਸੀਂ ਸ਼ਾਹਕੋਟ ਚੋਣਾਂ ਦੇ ਦੌਰਾਨ ਸਰਕਾਰ ਤੋਂ ਪੁੱਛ ਰਹੇ ਹਾਂ ਕਿ ਸਾਡਾ ਕਸੂਰ ਕੀ ਹੈ। ਸਾਡਾ ਕਸੂਰ ਹੈ ਤਾਂ ਸਾਨੂੰ ਦੱਸੋ, ਨਹੀਂ ਤਾਂ ਸਾਡੇ ਇਲਾਕੇ ‘ਚ ਜੋ ਲੋਕ ਗੰਦੇ ਪਾਣੀ ਦੇ ਕਾਰਨ ਮਰ ਰਹੇ ਹਨ, ਉਨ੍ਹਾਂ ਨੂੰ ਬਚਾਇਆ ਜਾਵੇ।
ਹੁਣ ਅਬੋਹਰ ਦੀਆਂ ਨਹਿਰਾਂ ‘ਚ ਪਹੁੰਚਿਆ ਸ਼ੀਰਾ ਯੁਕਤ ਪਾਣੀ
ਚੱਢਾ ਸ਼ੂਗਰ ਮਿਲ ਤੋਂ ਲੀਕ ਹੋਏ ਲੱਖਾਂ ਲੀਟਰ ਸ਼ੀਰਾ ਬਿਆਸ ‘ਚ ਮਿਲਣ ਤੋਂ ਬਾਅਦ ਗੰਦਾ ਪਾਣੀ ਹੁਣ ਅਬੋਹਰ ਦੀਆਂ ਨਹਿਰਾਂ ‘ਚ ਪਹੁੰਚ ਗਿਆ। ਇਸ ਗੰਦੇ ਦੇ ਨਾਲ ਹੀ ਹਜ਼ਾਰਾਂ ਦੀ ਗਿਣਤੀ ‘ਚ ਮਰੀ ਹੋਈਆ ਮੱਛੀਆਂ ਵੀ ਆਈਆਂ। ਐਤਵਾਰ ਸਵੇਰੇ ਜਿਸ ਤਰ੍ਹਾਂ ਹੀ ਨਹਿਰਿਾਂ ‘ਚ ਇਹ ਕਾਲਾ ਪਾਣੀ ਪਹੁੰਚਿਆ ਤਾਂ ਦੇਖਣ ਦੇ ਲਈ ਕਿਸਾਨਾਂ ਅਤੇ ਪਿੰਡ ਵਾਸੀਆਂ ਦੀ ਭੀੜ ਇਕੱਠੀ ਹੋ ਗਈ। ਨਹਿਰੀ ਵਿਭਾਗ ਨੇ ਜਲ ਵਿਭਾਗ ਨੂੰ ਪਾਣੀ ਦਾ ਭੰਡਾਰਨ ਨਾ ਕਰਨ ਦੀ ਸਲਾਹ ਦਿੰਦੇ ਹੋਏ ਕਿਹਾ ਕਿ ਅਗਲੇ ਤਿੰਨ ਦਿਨਾਂ ‘ਚ ਸਾਫ਼ ਪਾਣੀ ਆਉਣ ਦੀ ਸੰਭਾਵਨਾ ਹੈ, ਪ੍ਰੰਤੂ ਅਜੇ ਤੱਕ ਇਹ ਪਾਣੀ ਪੀਣ ਦੇ ਲਈ ਪ੍ਰਯੋਗ ਨਾ ਕੀਤਾ ਜਾਵੇ। ਉਥੇ ਖੇਤੀ ਵਿਭਾਗ ਨੇ ਕਿਹਾ ਕਿ ਇਸ ਪਾਣੀ ਨੂੰ ਸਿੰਚਾਈ ਦੇ ਲਈ ਪ੍ਰਯੋਗ ਕੀਤਾ ਜਾ ਸਕਦਾ ਹੈ। ਜਾਣਕਾਰੀ ਦੇ ਅਨੁਸਾਰ ਸ਼ਨੀਵਾਰ ਸਾਮ ਤੱਕ ਖੇਤਰ ਦੀਆਂ ਨਹਿਰਾਂ ‘ਚ ਸਾਫ਼ ਪਾਣੀ ਆ ਰਿਹਾ ਸੀ ਪ੍ਰੰਤੂ ਐਤਵਾਰ ਸਵੇਰੇ ਕਾਲਾ ਪਾਣੀ ਆਉਣ ਨਾਲ ਲੋਕਾਂ ‘ਚ ਹੜਕੰਪ ਮਚ ਗਿਆ। ਸਿੰਚਾਈ ਵਿਭਾਗ ਦੇ ਐਕਸ਼ੀਅਨ ਮੁਖਤਿਆਰ ਸਿੰਘ ਰਾਣਾ ਨੇ ਕਿਹਾ ਕਿ ਅਜੇ ਜਲ ਆਪੂਰਤੀ ਵਿਭਾਗ ਨੂੰ ਅਗਲੇ ਹੁਕਮਾਂ ਤੱਕ ਪਾਣੀ ਨੂੰ ਜਮ੍ਹਾਂ ਨਾ ਕਰਨ ਦੀ ਸਲਾਹ ਦਿੱਤੀ ਗਈ ਹੈ। ਉਨ੍ਹਾਂ ਨੇ ਆਸ ਪ੍ਰਗਟ ਕੀਤੀ ਕਿ ਇਸ ਪਾਣੀ ਨੂੰ ਪੀਣ ਦੇ ਲਈ ਇਸਤੇਮਾਲ ਨਾ ਕੀਤਾ ਜਾਵੇ। ਜ਼ਿਲ੍ਹਾ ਖੇਤੀ ਅਧਿਕਾਰੀ ਬੇਅੰਤ ਸਿੰਘ ਨੇ ਦੱਸਿਆ ਕਿ ਇਸ ਪਾਣੀ ਨਾਲ ਸਿੰਚਾਈ ਕਰਨ ਨਾਲ ਖੇਤੀਬਾੜੀ ਨੂੰ ਕੋਈ ਨੁਕਸਾਨ ਨਹੀਂ ਹੋਵੇਗਾ ਕਿਉਂਕਿ ਸ਼ੂਗਰ ਮਿਲ ਦਾ ਸ਼ੀਰਾ ਖੇਤਾਂ ‘ਚ ਉਪਜਾਊ ਸ਼ਕਤੀ ਨੂੰ ਵਧਾਉਂਦਾ ਹੈ। ਉਨ੍ਹਾਂ ਨੇ ਕਿਸਾਨਾਂ ਨੂੰ ਪਸ਼ੂਪਾਲਕਾਂ ਨੂੰ ਅਪੀਲ ਕੀਤੀ ਕਿ ਪਸ਼ੂਆਂ ਨੂੰ ਇਸ ਪਾਣੀ ਤੋਂ ਦੂਰ ਰੱਖਿਆ ਜਾਵੇ।
ਪੰਜਾਬ ਦੇ ਸਰਕਾਰੀ ਸਕੂਲਾਂ ਦੇ ਨਤੀਜਿਆਂ ਤੋਂ ਬਾਅਦ ਛਿੜੀ ਚਰਚਾ
60 ਸਰਕਾਰੀ ਸਕੂਲਾਂ ਦੇ ਨਤੀਜੇ ਆਏ ਜ਼ੀਰੋ ਫੀਸਦ, ਮਾੜੇ ਨਤੀਜਿਆਂ ਵਾਲੇ ਸਕੂਲ ਮੁਖੀਆਂ ਦੀ ਲੱਗੇਗੀ ਕਲਾਸ
ਚੰਡੀਗੜ੍ਹ : ਪੰਜਾਬ ਦੇ 163 ਸਰਕਾਰੀ ਸਕੂਲਾਂ ਦੇ ਦਸਵੀਂ ਜਮਾਤ ਵਿੱਚੋਂ ਜ਼ੀਰੋ ਤੋਂ 10 ਫ਼ੀਸਦ ઠਤੱਕ ਨਤੀਜੇ ਆਉਣ ਕਾਰਨ ਚੁਫੇਰੇਂ ਬਹਿਸ ਛਿੜ ਗਈ ਹੈ ਅਤੇ ਸਿੱਖਿਆ ਵਿਭਾਗ ਵੱਲੋਂ ਇਨ੍ਹਾਂ 103 ਸਕੂਲਾਂ ਦੇ ਮੁਖੀਆਂ ਦੀ 31 ਮਈ ਨੂੰ ਮੀਟਿੰਗ ਸੱਦ ਕੇ ‘ਕਲਾਸ’ ਲਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ। ਪੰਜਾਬ ਦੇ 3545 ਸਰਕਾਰੀ ਸਕੂਲਾਂ ਵਿੱਚੋਂ 60 ਸਕੂਲਾਂ ਦੇ ਨਤੀਜੇ ਜ਼ੀਰੋ ਫ਼ੀਸਦ ਆਏ ਹਨ ਅਤੇ ਇਨ੍ਹਾਂ ਵਿੱਚ ਜ਼ਿਲ੍ਹਾ ਤਰਨ ਤਾਰਨ ਦੇ 36, ਅੰਮ੍ਰਿਤਸਰ ਦੇ 14, ਗੁਰਦਾਸਪੁਰ ਦੇ ਦੋ ਅਤੇ ਪਠਾਨਕੋਟ ਦਾ ਇੱਕ ਸਕੂਲ ਸ਼ਾਮਲ ਹੈ। ਸਿੱਖਿਆ ਵਿਭਾਗ ਅਨੁਸਾਰ ਪੰਜ ਸਰਹੱਦੀ ਜ਼ਿਲ੍ਹਿਆਂ ਅੰਮ੍ਰਿਤਸਰ, ਗੁਰਦਾਸਪੁਰ, ਪਠਾਨਕੋਟ, ਫ਼ਿਰੋਜ਼ਪੁਰ ਅਤੇ ਤਰਨਤਾਰਨ ઠਦੇ ਨਤੀਜੇ ਕਾਫੀ ਨਿਰਾਸ਼ਾਜਨਕ ਹਨ। ਇਸ ਦਾ ਮੁੱਖ ਕਾਰਨ ਇਸ ਵਾਰ ਸਰਕਾਰ ਵੱਲੋਂ ਨਕਲ ਉਪਰ ਮਿਸਾਲੀ ਨਕੇਲ ਕੱਸੀ ਦੱਸਿਆ ਜਾ ਰਿਹਾ ਹੈ। ਜੇ ਸਰਕਾਰ ਦਾ ਇਹ ਤੱਥ ਠੀਕ ਹੈ ਤਾਂ ਫਿਰ ਹੋਰ ਵੀ ਚਿੰਤਾ ਵਾਲੀ ਗੱਲ ਹੈ ਕਿਉਂਕਿ ਇਸ ਤੋਂ ਇਹ ਪ੍ਰਭਾਵ ਜਾਂਦਾ ਹੈ ਕਿ ਪਹਿਲਾਂ ਇਨ੍ਹਾਂ ਜ਼ਿਲ੍ਹਿਆਂ ਵਿੱਚ ਨਕਲ ਦੇ ਆਧਾਰ ‘ਤੇ ਹੀ ਨਤੀਜੇ ਠੀਕ ਆਉਂਦੇ ਰਹੇ ਸਨ। ਇਸ ਤੋਂ ਇਲਾਵਾ 10 ਫ਼ੀਸਦ ਤੋਂ ਘੱਟ ਨਤੀਜਿਆਂ ਵਾਲੇ ਸਰਕਾਰੀ ਸਕੂਲਾਂ ਦੀ ਗਿਣਤੀ 103 ਹੈ। ਇਨ੍ਹਾਂ ਵਿੱਚ ਜ਼ੀਰੋ ਫੀਸਦ ਨਤੀਜਿਆਂ ਵਾਲੇ 60 ਸਕੂਲ ਸ਼ਾਮਲ ਨਹੀਂ ਹਨ। 10 ਫੀਸਦ ਤੋਂ ਘੱਟ ਨਤੀਜਿਆਂ ਵਾਲੇ 103 ਸਕੂਲਾਂ ਵਿੱਚੋਂ ਤਰਨਤਾਰਨ ਦੇ 36, ਅੰਮ੍ਰਿਤਸਰ ਦੇ 25, ਗੁਰਦਾਸਪੁਰ ਦੇ 12, ਪਠਾਨਕੋਟ ਅਤੇ ਫਿਰੋਜ਼ਪੁਰ ਦੇ 4-4 ਸਕੂਲ ਸ਼ਾਮਲ ਹਨ। ਇਸ ਤਰ੍ਹਾਂ 10 ਫੀਸਦ ਤੋਂ ਘੱਟ ਨਤੀਜਿਆਂ ਵਾਲੇ 103 ਸਕੂਲਾਂ ਵਿੱਚੋਂ 81 ਸਕੂਲ ਇਨ੍ਹਾਂ ਪੰਜ ਜ਼ਿਲ੍ਹਿਆਂ ਵਿੱਚ ਹੀ ਹਨ। ਦੱਸਣਯੋਗ ਹੈ ਕਿ ਇਸ ਵਾਰ ਪ੍ਰੀਖਿਆਵਾਂ ਦੌਰਾਨ ਸਿੱਖਿਆ ਸਕੱਤਰ ਸਕੂਲ ਸਮੇਤ ਸਾਰੇ ਡੀਪੀਆਈਜ਼ ਅਤੇ ਹੋਰ ਅਧਿਕਾਰੀ ਖੁਦ ਫੀਲਡ ਵਿੱਚ ਨਕਲ ਰੋਕਣ ਲਈ ਤਾਇਨਾਤ ਸਨ ਅਤੇ ਸਰਕਾਰ ਨੇ ਨਕਲਾਂ ਕਰਵਾਉਣ ਵਾਲੇ ਕਈ ਸਕੂਲਾਂ ਅਤੇ ਸਟਾਫ ਵਿਰੁੱਧ ਵਿਆਪਕ ਪੱਧਰ ‘ਤੇ ਕਾਰਵਾਈ ਵੀ ਕੀਤੀ ઠਹੈ। ઠਸਿੱਖਿਆ ਵਿਭਾਗ ਇਨ੍ਹਾਂ ਸਰਹੱਦੀ ਜ਼ਿਲ੍ਹਿਆਂ ਦੇ ਸਕੂਲਾਂ ਦੇ ਮਾੜੇ ਨਤੀਜਿਆਂ ਦਾ ਕਾਰਨ ਇਹੋ ਦੱਸ ਰਿਹਾ ਹੈ।
ਪ੍ਰਾਪਤ ਅੰਕੜਿਆਂ ਅਨੁਸਾਰ ਸੂਬੇ ਵਿੱਚ 104 ਸਰਕਾਰੀ ਸਕੂਲਾਂ ਦੇ ਨਤੀਜੇ 100 ਫੀਸਦ ਆਏ ਹਨ, ਜਿਨ੍ਹਾਂ ਵਿੱਚ ਇਨ੍ਹਾਂ ਪੰਜ ਸਰਹੱਦੀ ਜ਼ਿਲ੍ਹਿਆਂ ਦੇ ਕੇਵਲ ਸੱਤ ਸਕੂਲ ਸ਼ਾਮਲ ਹਨ। ਇਨ੍ਹਾਂ ਵਿੱਚ ਅੰਮ੍ਰਿਤਸਰ ਦੇ 2, ਫ਼ਿਰੋਜ਼ਪੁਰ ਦੇ 3, ਗੁਰਦਾਸਪੁਰ ਤੇ ਪਠਾਨਕੋਟ ਦੇ 1-1 ਸਕੂਲ ਸ਼ਾਮਲ ਹਨ। ਇਸੇ ਤਰ੍ਹਾਂ 3545 ਸਰਕਾਰੀ ਸਕੂਲਾਂ ਵਿੱਚੋਂ 90 ਫੀਸਦ ਤੋਂ ਵੱਧ ਨਤੀਜਿਆਂ ਵਾਲੇ ਸਕੂਲਾਂ ਦੀ ਗਿਣਤੀ 418 ਹੈ, 80 ਫੀਸਦ ਤੋਂ ਵੱਧ ਨਤੀਜਿਆਂ ਵਾਲੇ ਸਕੂਲਾਂ ਦੀ ਗਿਣਤੀ 868 ਹੈ, 70 ਫੀਸਦ ਤੋਂ ਵੱਧ ਨਤੀਜਿਆਂ ਵਾਲੇ ਸਕੂਲਾਂ ਦੀ ਗਿਣਤੀ 1369 ਅਤੇ 60 ਫੀਸਦ ਤੋਂ ਵੱਧ ਨਤੀਜਿਆਂ ਵਾਲੇ ਸਕੂਲਾਂ ਦੀ ਗਿਣਤੀ 1869 ਹੈ।
ਪੰਜਾਬ ਸਕੂਲ ਸਿੱਖਿਆ ਬੋਰਡ ਦੇ ਦਸਵੀਂ ਦੇ ਰੈਗੂਲਰ ਵਿਦਿਆਰਥੀਆਂ ਦਾ ਨਤੀਜਾ ਇਸ ਵਰ੍ਹੇ 62.09 ਫੀਸਦ ਆਇਆ ਹੈ ਜਦਕਿ ਪਿਛਲੇ ਸਾਲ ਰੈਗੂਲਰ ਵਿਦਿਆਰਥੀਆਂ ਦਾ ਨਤੀਜਾ 57.50 ਫੀਸਦ ਸੀ। ਹੋਰ ਜਾਣਕਾਰੀ ਅਨੁਸਾਰ ਇਸ ਸਾਲ ਕੁੱਲ ਪੰਜਾਬ ਦੇ ਔਸਤ ਨਤੀਜੇ ਨਾਲੋਂ 15 ਜ਼ਿਲ੍ਹਿਆਂ ਦੇ ਨਤੀਜੇ ਵੱਧ ਹਨ ਜਦਕਿ ਪਿਛਲੇ ਸਾਲ ਪੰਜਾਬ ਦੇ ਔਸਤ ਨਤੀਜੇ ਨਾਲੋਂ ਕੇਵਲ ਪੰਜ ਜ਼ਿਲ੍ਹਿਆਂ ਦੇ ਨਤੀਜੇ ਵੱਧ ਸਨ, ਜਿਨ੍ਹਾਂ ਵਿੱਚ ਅੰਮ੍ਰਿਤਸਰ, ਫਿਰੋਜ਼ਪੁਰ, ਗੁਰਦਾਸਪੁਰ, ਪਠਾਨਕੋਟ ਅਤੇ ਤਰਨਤਾਰਨ ਸ਼ਾਮਲ ਸਨ। ਹੈਰਾਨੀਜਨਕ ਗੱਲ ਇਹ ਹੈ ਕਿ ਇਸ ਸਾਲ ਇਨ੍ਹਾਂ ਪੰਜ ਜ਼ਿਲ੍ਹਿਆਂ ਦੇ ਨਤੀਜੇ ਸੂਬੇ ਦੇ ਔਸਤ ਨਤੀਜਿਆਂ ਤੋਂ ਵੀ ਹੇਠਾਂ ਡਿੱਗ ਗਏ ਹਨ। ਪਿਛਲੇ ਸਾਲ 2017 ਵਿੱਚ ਇਨ੍ਹਾਂ ਪੰਜ ਸਰਹੱਦੀ ਜ਼ਿਲ੍ਹਿਆਂ ਦਾ ਔਸਤ ਨਤੀਜਾ 81.12 ਫੀਸਦ ਸੀ ਜਦਕਿ ਦੂਸਰੇ ਪਾਸੇ ਬਾਕੀ 17 ਜ਼ਿਲ੍ਹਿਆਂ ਦਾ ਔਸਤ ਨਤੀਜਾ ਕੇਵਲ 48.79 ਫੀਸਦ ਹੀ ਸੀ। ਇਸ ਵਰ੍ਹੇ ਪਿਛਲੇ ਸਾਲ ਦੇ ਉਲਟ ਇਨ੍ਹਾਂ ਪੰਜ ਸਰਹੱਦੀ ਜ਼ਿਲ੍ਹਿਆਂ ਦਾ ਔਸਤ ਨਤੀਜਾ ਘੱਟ ਕੇ 51.63 ਫੀਸਦ ‘ਤੇ ਆ ਡਿੱਗਿਆ ਹੈ ਜਦਕਿ ਬਾਕੀ 17 ਜ਼ਿਲ੍ਹਿਆਂ ਦਾ ਔਸਤ ਨਤੀਜਾ ਵੱਧ ਕੇ 66 ਫੀਸਦ ਹੋ ਗਿਆ ਹੈ। ਪੰਜ ਸਰਹੱਦੀ ਜ਼ਿਲ੍ਹਿਆਂ ਦਾ ਨਤੀਜਾ ਇਸ ਵਰ੍ਹੇ 29.49 ਫੀਸਦ ਘੱਟ ਗਿਆ ਹੈ ਅਤੇ ਦੂਸਰੇ ਪਾਸੇ ਬਾਕੀ 17 ਜ਼ਿਲ੍ਹਿਆਂ ਦਾ ਔਸਤ ਨਤੀਜਾ 18.21 ਫੀਸਦ ਵੱਧ ਗਿਆ ਹੈ। ਇਸੇ ਤਰ੍ਹਾਂ ਰੈਗੂਲਰ ਵਿਦਿਆਰਥੀਆਂ ਦਾ ਨਤੀਜਾ ਪਿਛਲੇ ਸਾਲ ਨਾਲੋਂ 4.59 ਫੀਸਦ ਵਧਿਆ ਹੈ ਪਰ ਪੰਜ ਸਰਹੱਦੀ ਜ਼ਿਲ੍ਹਿਆਂ ਦਾ ਨਤੀਜਾ ਘਟਿਆ ਹੈ। ਅੰਕੜਿਆਂ ਉਪਰ ਝਾਤ ਮਾਰਨ ਤੋਂ ਪਤਾ ਲੱਗਦਾ ਹੈ ਕਿ ਪਿਛਲੇ ਸਾਲ 5 ਸਰਹੱਦੀ ਜ਼ਿਲ੍ਹਿਆਂ ਗੁਰਦਾਸਪੁਰ, ਅੰਮ੍ਰਿਤਸਰ, ਤਰਨ ਤਾਰਨ, ਪਠਾਨਕੋਟ ਅਤੇ ਫਿਰੋਜ਼ਪੁਰ ਦਾ ਨਤੀਜਾ 60 ਫੀਸਦ ਤੋਂ ਵੱਧ ਸੀ ਅਤੇ 16 ਜ਼ਿਲ੍ਹਿਆਂ ਦਾ ਨਤੀਜਾ ਘੱਟ ਸੀ। ਇਸ ਦੇ ਉਲਟ ਇਸ ਵਰ੍ਹੇ 16 ਜ਼ਿਲ੍ਹਿਆਂ ਦਾ ਨਤੀਜਾ 60 ਫੀਸਦ ਤੋਂ ਵੱਧ ਆਇਆ ਹੈ, ਜਿਨ੍ਹਾਂ ਵਿੱਚ ਇਹ ਪੰਜ ਸਰਹੱਦੀ ਜਿਲ੍ਹੇ ਸ਼ਾਮਲ ਹੀ ਨਹੀਂ ਹਨ।
ਗਿੱਦੜਪਿੰਡੀ ਸਕੂਲ ਦੇ 80 ਵਿਚੋਂ 80 ਬੱਚੇ ਫੇਲ੍ਹ
ਜਲੰਧਰ : ਇਸ ਜ਼ਿਲ੍ਹੇ ਦੇ ਆਖਰੀ ਪਿੰਡ ਦੇ ਸਕੂਲ ਵਿੱਚ ਦਸਵੀਂ ਜਮਾਤ ਦਾ ਨਤੀਜਾ ਵੀ ਅਖੀਰਲੇ ਨੰਬਰ ‘ਤੇ ਰਿਹਾ ਹੈ। ਲੋਹੀਆਂ ਕਸਬੇ ਤੋਂ 7 ਕਿਲੋਮੀਟਰ ਅੱਗੇ ਪੈਂਦੇ ਪਿੰਡ ਗਿੱਦੜਪਿੰਡੀ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦਾ ਨਤੀਜਾ ਜ਼ੀਰੋ ਰਿਹਾ ਹੈ। ਇੱਥੇ ਦਸਵੀਂ ਜਮਾਤ ਦੇ 80 ਦੇ 80 ਬੱਚੇ ਹੀ ਫੇਲ੍ਹ ਹੋ ਗਏ ਹਨ। ਇੱਥੇ ਜਲੰਧਰ, ਕਪੂਰਥਲਾ ਤੇ ਫਿਰੋਜ਼ਪੁਰ ਜ਼ਿਲ੍ਹਿਆਂ ਦੇ ਬੱਚੇ ਪੜ੍ਹਦੇ ਹਨ।
ਇਸ ਸਕੂਲ ਵਿੱਚ ਗਣਿਤ, ਵਿਗਿਆਨ, ਅੰਗਰੇਜ਼ੀ, ਸਮਾਜਿਕ ਸਿੱਖਿਆ ਤੇ ਡਰਾਇੰਗ ਵਿਸ਼ਿਆਂ ਦੇ ਅਧਿਆਪਕਾਂ ਦੀਆਂ ਅਸਾਮੀਆਂ ਖਾਲੀ ਪਈਆਂ ਹਨ, ਜਦੋਂਕਿ ਪਿਛਲੇ ਸਮੇਂ ਸਰਕਾਰ ਨੇ ਸਕੂਲ ਨੂੰ ਬਿਊਟੀ ਪਾਰਲਰ ਦਾ ਅਧਿਆਪਕ ਜ਼ਰੂਰ ਦਿੱਤਾ ਹੈ। ਇਸ ਸਕੂਲ ਵਿਚ 29 ਅਸਾਮੀਆਂ ਹਨ, ਜਿਸ ਵਿਚੋਂ 21 ਅਸਾਮੀਆਂ ਖਾਲੀ ਹਨ। ઠਹਿਸਾਬ ਦਾ ਇਕ ਵੀ ਅਧਿਆਪਕ ਸਕੂਲ ‘ਚ ਨਹੀਂ ਹੈ ਤੇ ਚਾਰ ਦੀਆਂ ਚਾਰ ਅਸਾਮੀਆਂ ਖਾਲੀ ਹਨ। ਇਸੇ ਤਰ੍ਹਾਂ 3 ਅੰਗਰੇਜ਼ੀ, 3 ਵਿਗਿਆਨ, 4 ਸਮਾਜਿਕ ਸਿੱਖਿਆ ਤੇ ਡਰਾਇੰਗ ਦੇ ਅਧਿਆਪਕਾਂ ਦੀ ਇਕ ਅਸਾਮੀ ਖਾਲੀ ਹੈ। ਇਸੇ ਤਰ੍ਹਾਂ ਹੀ ਲੈਕਚਰਾਰਾਂ ਦੀਆਂ 4 ਅਸਾਮੀਆਂ ਹਨ ਅਤੇ ਸਾਰੀਆਂ ਹੀ ਖਾਲੀ ਹਨ। ਪੰਜਾਬੀ ਵਿਸ਼ੇ ਦੀ ਵੀ ਇਕ ਅਸਾਮੀ ਖਾਲੀ ਹੈ।
ਦਸਵੀਂ ਦੇ ਮਾੜੇ ਨਤੀਜੇ ਦਾ ਕਾਰਨ ਅਧਿਆਪਕਾਂ ਦੀ ਘਾਟ ਨੂੰ ਹੀ ਮੰਨਿਆ ਜਾ ਰਿਹਾ ਹੈ। ਇਸ ਸਕੂਲ ਵਿਚ 300 ਦੇ ਕਰੀਬ ਵਿਦਿਆਰਥੀ ਹਨ, ਜਦੋਂਕਿ ਵਿਸ਼ਾ ਮਾਹਿਰ ਅਧਿਆਪਕਾਂ ਦੀ ਗਿਣਤੀ ਸਿਰਫ਼ 5 ਹੈ ਤੇ ਤਿੰਨ ਕੰਪਿਊਟਰ ਦੇ ਅਧਿਆਪਕ ਹਨ। ਸਕੂਲ ਦੇ ਪ੍ਰਿੰਸੀਪਲ ਜਸਵੀਰ ਸਿੰਘ ਨੇ ਦੱਸਿਆ ਕਿ ਕੰਪਿਊਟਰ ਦੇ ਤਿੰਨ ਅਧਿਆਪਕਾਂ ਵਿੱਚ ਵੀ ਦੋ ਡੈਪੂਟੇਸ਼ਨ ‘ਤੇ ਹਨ। ਪ੍ਰਿੰਸੀਪਲ ਅਨੁਸਾਰ ਉਹ ਕਈ ਵਾਰ ਸਿੱਖਿਆ ਵਿਭਾਗ ਕੋਲ ਅਸਾਮੀਆਂ ਭਰਨ ਲਈ ਬੇਨਤੀ ਕਰ ਚੁੱਕੇ ਹਨ। ਉਨ੍ਹਾਂ ਕਿਹਾ ਕਿ ਇਸੇ ਸਾਲ ਜਨਵਰੀ ਵਿੱਚ ਹੀ ਉਹ ਸਕੂਲ ਦੇ ਪ੍ਰਿੰਸੀਪਲ ਬਣੇ ਸਨ ਅਤੇ ਉਨ੍ਹਾਂ ਨੇ ਟਰੇਨਿੰਗ ਕੈਂਪ ਦੌਰਾਨ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਅੱਗੇ ਇਹੀ ਮੰਗ ਰੱਖੀ ਸੀ। ਉਨ੍ਹਾਂ ਦੱਸਿਆ ਕਿ ਵਿਦਿਆਰਥੀਆਂ ਦੇ ਹਿਸਾਬ ਨਾਲ ਅਧਿਆਪਕਾਂ ਦੀ ਗਿਣਤੀ ਬਹੁਤ ਘੱਟ ਹੈ। ਉਨ੍ਹਾਂ ਕਿਹਾ ਕਿ ਦੂਜੇ ਵਿਸ਼ੇ ਦਾ ਮਾਹਿਰ ਗਣਿਤ, ਵਿਗਿਆਨ ਜਾਂ ਕਿਸੇ ਹੋਰ ਵਿਸ਼ੇ ਨਾਲ ਇਨਸਾਫ਼ ਨਹੀਂ ਕਰ ਸਕਦਾ। ਉਨ੍ਹਾਂ ਕਿਹਾ ਕਿ ਗਣਿਤ, ਵਿਗਿਆਨ ਤੇ ਅੰਗਰੇਜ਼ੀ ਵਿਸ਼ਿਆਂ ਵਿਚੋਂ ਹੀ ਬਹੁਤੇ ਬੱਚੇ ਫੇਲ੍ਹ ਹੋਏ ਹਨ। ਪ੍ਰਿੰਸੀਪਲ ਅਨੁਸਾਰ ਸਕੂਲ ਦੇ ਕਾਫ਼ੀ ਬੱਚੇ ਲਾਇਕ ਸਨ, ਪਰ ਉਨ੍ਹਾਂ ਨੂੰ ਅਧਿਆਪਕ ਹੀ ਨਹੀਂ ਮਿਲੇ ਤਾਂ ਫਿਰ ਇਸ ਵਿਚ ਬੱਚਿਆਂ ਦਾ ਕਸੂਰ ਵੀ ਨਹੀਂ ਕੱਢਿਆ ਜਾ ਸਕਦਾ। ਇਸ ਵੇਲੇ ਨੌਵੀਂ ਜਮਾਤ ਵਿਚ 75 ਅਤੇ ਦਸਵੀਂ ‘ਚ ਮੁੜ 65 ਬੱਚਿਆਂ ਨੇ ਦਾਖ਼ਲਾ ਲੈ ਲਿਆ ਹੈ ਅਤੇ ਮੁੜ ਇਹ ਗਿਣਤੀ 80 ਤੱਕ ਪਹੁੰਚਣ ਦੀ ਸੰਭਾਵਨਾ ਹੈ। ਪ੍ਰਿੰਸੀਪਲ ਜਸਵੀਰ ਸਿੰਘ ਅਨੁਸਾਰ ਜੇਕਰ ਉਨ੍ਹਾਂ ਨੂੰ ਅਧਿਆਪਕ ਮਿਲ ਜਾਣ ਤਾਂ ਸਕੂਲ ਦੇ ਨਤੀਜੇ ਚੰਗੇ ਆਉਣਗੇ।
ਉਧਰ, ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ) ਸਤਨਾਮ ਸਿੰਘ ਬਾਠ ਨੇ ਦੱਸਿਆ ਕਿ ਲੋਹੀਆਂ ਬਲਾਕ ਦੇ ਸਾਰੇ ਹੀ ਸਕੂਲਾਂ ਵਿੱਚ ਅਧਿਆਪਕਾਂ ਦੀ ਘਾਟ ਹੈ। ਉਨ੍ਹਾਂ ਮੰਨਿਆ ਕਿ ਗਿੱਦੜਪਿੰਡੀ ਸਕੂਲ ਵਿੱਚ ਅਧਿਆਪਕ ਲੋੜ ਤੋਂ ਕਾਫ਼ੀ ਘੱਟ ਹਨ। ਜਦੋਂ ਅਧਿਆਪਕਾਂ ਦੀਆਂ ਅਸਾਮੀਆਂ ਭਰਨ ਬਾਰੇ ਪੁੱਛਿਆ ਤਾਂ ਉਨ੍ਹਾਂ ਕਿਹਾ ਕਿ ਅਜੇ ਇਸ ਸਬੰਧੀ ਕੋਈ ਜਾਣਕਾਰੀ ਨਹੀਂ ਹੈ।
ਨਕਲ ਦੀ ਆਸ ਲਗਾਈ ਬੈਠੇ ਵਿਦਿਆਰਥੀ ਹੋਏ ਫੇਲ
ਅੰਮ੍ਰਿਤਸਰ : ਪੰਜਾਬ ਸਕੂਲ ਸਿੱਖਿਆ ਬੋਰਡ ਦੀ ਦਸਵੀਂ ਜਮਾਤ ਦੀ ਸਾਲਾਨਾ ਪ੍ਰੀਖਿਆ ਵਿੱਚ ਇਸ ਵਾਰ ਮਾਝੇ ਦੇ ਸਰਹੱਦੀ ਜ਼ਿਲ੍ਹਿਆਂ ਦੇ ਨਤੀਜੇ ਤਸੱਲੀਬਖ਼ਸ਼ ਨਹੀਂ ਰਹੇ ਹਨ। ਇਨ੍ਹਾਂ ਨਤੀਜਿਆਂ ਵਿੱਚ ਲਗਭਗ 60 ਸਰਕਾਰੀ ઠਸਕੂਲ ਅਜਿਹੇ ਹਨ, ਜਿਨ੍ਹਾਂ ਦੇ ਸਾਰੇ ਵਿਦਿਆਰਥੀ ਫੇਲ੍ਹ ਹੋ ਗਏ ਹਨ। ਅਜਿਹੇ ਸਕੂਲਾਂ ਵਿੱਚ ਮਾਝੇ ਦੇ ਚਾਰ ਜ਼ਿਲ੍ਹਿਆਂ ਦੇ ਕੁੱਲ 53 ਸਕੂਲ ਸ਼ਾਮਲ ਹਨ ਅਤੇ ਸਭ ਤੋਂ ਵੱਧ ਤਰਨ ਤਾਰਨ ਦੇ 36 ਅਤੇ ਅੰਮ੍ਰਿਤਸਰ ਜ਼ਿਲ੍ਹੇ ਦੇ 14 ਸਕੂਲ ਸ਼ਾਮਲ ਹਨ। ઠਹੈਰਾਨੀ ਦੀ ਗੱਲ ਹੈ ਕਿ ਜ਼ੀਰੋ ਫੀਸਦ ਨਤੀਜਿਆਂ ਵਾਲੇ ਇਨ੍ਹਾਂ ਸਕੂਲਾਂ ਵਿੱਚ ਸ਼ਹਿਰ ਦੇ ਸਕੂਲ ਵੀ ਸ਼ਾਮਲ ਹਨ, ਜਿੱਥੇ ਮੁੱਢਲੇ ਢਾਂਚੇ ਦੀ ਵੀ ਕੋਈ ਘਾਟ ਨਹੀਂ ਹੈ।
ਅੰਮ੍ਰਿਤਸਰ ਸ਼ਹਿਰ ਵਿੱਚ ਕੁਝ ਸਰਕਾਰੀ ਸਕੂਲ ਅਜਿਹੇ ਵੀ ਹਨ, ਜਿੱਥੇ ਅੱਜ ਵੀ ਦਸਵੀਂ ਤੋਂ ਬਾਅਦ ਅਗਲੀਆਂ ਜਮਾਤਾਂ ਵਿੱਚ ਚੰਗੇ ਅੰਕਾਂ ਨਾਲ ਹੀ ਸੀਟ ਮਿਲਦੀ ਹੈ, ਪਰ ਇਸ ਵਾਰ ਜ਼ੀਰੋ ਫੀਸਦ ਨਤੀਜੇ ਵਾਲੇ ਇਨ੍ਹਾਂ ਸਕੂਲਾਂ ਦੀ ਸੂਚੀ ਵਿੱਚ ਸ਼ਹਿਰ ਦੇ ਦੋ ਸਕੂਲ ਵੀ ਸ਼ਾਮਲ ਹਨ। ਇਨ੍ਹਾਂ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਰਾਮ ਬਾਗ ਅਤੇ ਸਰਕਾਰੀ ਹਾਈ ਸਕੂਲ ਸ਼ਰੀਫ ਪੁਰਾ ਸ਼ਾਮਲ ਹਨ। ਰਾਮਬਾਗ ਸਕੂਲ ਦੀ ਦਸਵੀਂ ਦੀ ਪ੍ਰੀਖਿਆ ਵਿੱਚ 62 ਵਿਦਿਆਰਥੀ ਸ਼ਾਮਲ ਹੋਏ ਸਨ ਅਤੇ ਇੱਕ ਵੀ ਵਿਦਿਆਰਥੀ ਪਾਸ ਨਹੀਂ ਹੋਇਆ ਹੈ। 50 ਵਿਦਿਆਰਥੀ ਫੇਲ੍ਹ ਹੋ ਗਏ ਹਨ ਅਤੇ 12 ਵਿਦਿਆਰਥੀਆਂ ਦੀ ਕੰਪਾਰਟਮੈਂਟ ਆਈ ਹੈ। ਇਸੇ ਤਰ੍ਹਾਂ ਸ਼ਰੀਫਪੁਰਾ ਹਾਈ ਸਕੂਲ ਦੇ ਕੁੱਲ 46 ਵਿਦਿਆਰਥੀਆਂ ਵਿੱਚੋਂ 18 ਫੇਲ੍ਹ ਹੋਏ ਅਤੇ 28 ਦੀ ਕੰਪਾਰਟਮੈਂਟ ਆਈ ਹੈ। ਬਾਕੀ 12 ਸਕੂਲ ਦਿਹਾਤੀ ਖੇਤਰ ਨਾਲ ਸਬੰਧਤ ਹਨ ਅਤੇ ਇਨ੍ਹਾਂ ਸਕੂਲਾਂ ਦਾ ਨਤੀਜਾ ਵੀ ਜ਼ੀਰੋ ਫੀਸਦ ਹੈ। ਇਨ੍ਹਾਂ ਵਿੱਚ ਪਿੰਡ ਖੱਬੇ ਰਾਜਪੂਤਾਂ, ਸਠਿਆਲਾ, ਮੋਦੇ, ਮੇਹਤਾ ਨੰਗਲ, ਨੰਗਲ ਸੋਹਲ, ਚਾਟੀਵਿੰਡ, ਠੋਠੀਆਂ, ਜੱਟਾਂ ਪਛੀਆਂ, ਖਾਪੜ ਖੇੜੀ, ਫਤਿਹਪੁਰ, ਪੰਧੇਰ ਕਲਾਂ ਅਤੇ ਰਸੂਲਪੁਰ ਕਲਾਂ ਸ਼ਾਮਲ ਹਨ।
ਰਾਮਬਾਗ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਐਨ ਸ਼ਹਿਰ ਵਿੱਚ ਬੱਸ ਅੱਡੇ ਦੇ ਨਾਲ ਹੈ, ਜਿੱਥੇ ਅਧਿਆਪਕਾਂ ਦੀ ਵੀ ਕੋਈ ਕਮੀ ਨਹੀਂ ਹੈ ਅਤੇ ਸਕੂਲ ਦਾ ਮੁੱਢਲਾ ਢਾਂਚਾ ਵੀ ਤਸੱਲੀਬਖ਼ਸ਼ ਹੈ। ਇਸ ਦੇ ਬਾਵਜੂਦ ਸਕੂਲ ਦੇ ਵਧੇਰੇ ਬੱਚਿਆਂ ਦਾ ਫੇਲ੍ਹ ਹੋ ਜਾਣਾ ਹੈਰਾਨੀ ਦੀ ਗੱਲ ਹੈ। ਮਿਲੇ ਵੇਰਵਿਆਂ ਮੁਤਾਬਿਕ ਪਿਛਲੇ ਵਰ੍ਹੇ ਸਕੂਲਾਂ ਵਿੱਚ ਪਾਠ ਪੁਸਤਕਾਂ ਸਮੇਂ ਸਿਰ ਨਾ ਮਿਲਣਾ ਅਤੇ ਸੈਸ਼ਨ ਦੇ ਆਖਰੀ ਦਿਨਾਂ ਵਿੱਚ ਅਧਿਆਪਕਾਂ ਦੀਆਂ ਡਿਊਟੀਆਂ ਬਾਹਰ ਲਾਏ ਜਾਣਾ ਵੀ ਮਾੜੇ ਨਤੀਜਿਆਂ ਦਾ ਇੱਕ ਕਾਰਨ ਰਿਹਾ ਹੈ। ਇਸ ਤੋਂ ਇਲਾਵਾ ਨਕਲ ਰੋਕਣ ਲਈ ਕੀਤੇ ਗਏ ਸਖ਼ਤ ਪ੍ਰਬੰਧਾਂ ਕਾਰਨ ਵੀ ਵਧੇਰੇ ਬੱਚੇ ਫੇਲ੍ਹ ਹੋਏ ਹਨ ਕਿਉਂਕਿ ਸਰਕਾਰੀ ਸਕੂਲਾਂ ਬਾਰੇ ਭਰਮ ਬਣਿਆ ਹੋਇਆ ਹੈ ਕਿ ਸਾਲਾਨਾ ਪੇਪਰਾਂ ਵਿੱਚ ਖੁੱਲ੍ਹ ਕੇ ਨਕਲ ਹੁੰਦੀ ਹੈ ਅਤੇ ਬੱਚੇ ਵਧੀਆ ਅੰਕ ਲੈ ਕੇ ਪਾਸ ਹੋ ਜਾਂਦੇ ਹਨ। ਇਸ ਵਾਰ ਅਧਿਆਪਕਾਂ ਵੱਲੋਂ ਬੱਚਿਆਂ ਨੂੰ ਅਗਾਊਂ ਸੁਚੇਤ ਵੀ ਕੀਤਾ ਗਿਆ ਸੀ ਕਿ ਨਕਲ ਦੀ ਆਸ ਨਾ ਰੱਖਣ ਅਤੇ ਆਪਣੀ ਪੜ੍ਹਾਈ ਵੱਲ ਵਧੇਰੇ ਧਿਆਨ ਦੇਣ ਪਰ ਵਿਦਿਆਰਥੀਆਂ ਨੇ ઠਇਸ ਚਿਤਾਵਨੀ ਨੂੰ ਅਣਗੌਲਿਆਂ ਕਰ ਦਿੱਤਾ ਅਤੇ ਨਤੀਜਾ ਜ਼ੀਰੋ ਵਿੱਚ ਆਇਆ ਹੈ।
ਸਕੂਲ ਦੀ ਪ੍ਰਿੰਸੀਪਲ ਅਰਵਿੰਦਰ ਕੌਰ ਨੇ ਦੱਸਿਆ ਕਿ ਪਿਛਲੇ ਸੈਸ਼ਨ ਦੌਰਾਨ ਸਮੇਂ ਸਿਰ ਪੁਸਤਕਾਂ ਨਹੀਂ ਮਿਲ ਸਕੀਆਂ ਸਨ। ਹਿਸਾਬ ਦੀਆਂ ਪਾਠ ਪੁਸਤਕਾਂ ਤਾਂ ਜਨਵਰੀ ਤੱਕ ਨਹੀਂ ਮਿਲੀਆਂ ਸਨ, ਜਿਸ ਕਾਰਨ ਕਈ ਵਿਸ਼ਿਆਂ ਦੀ ਪੜ੍ਹਾਈ ਪ੍ਰਭਾਵਿਤ ਹੋਈ ਸੀ।
ਇਸ ਤੋਂ ਇਲਾਵਾ ਆਖਰੀ ਦਿਨਾਂ ਵਿੱਚ ਸੈਮੀਨਾਰਾਂ ਸਮੇਤ ઠ’ਪੜ੍ਹੋ ਪੰਜਾਬ, ਪੜ੍ਹਾਓ ਪੰਜਾਬ’ ਮੁਹਿੰਮ ਕਾਰਨ ਅਧਿਆਪਕਾਂ ਦੀਆਂ ਡਿਊਟੀਆਂ ਬਾਹਰ ਲੱਗਦੀਆਂ ਰਹੀਆਂ ਹਨ, ਜਿਸ ਨਾਲ ਵੀ ਬੱਚਿਆਂ ਦੀ ਪੜ੍ਹਾਈ ਦਾ ਨੁਕਸਾਨ ਹੋਇਆ ਸੀ ।
ਫਿਰੋਜ਼ਪੁਰ ਦੇ ਪਿੰਡ ਕਾਲੂਵਾਲਾ ਦੇ ਪੰਜ ਬੱਚਿਆਂ ਦੀ ਜ਼ਿੱਦ
ਪਿੰਡ ਵਿਚ ਸਕੂਲ ਨਹੀਂ, ਪੜ੍ਹਨ ਲਈ ਕਿਸ਼ਤੀ ਚਲਾ ਕੇ
ਦੂਜੇ ਪਿੰਡ ਜਾਂਦੇ ਨੇ ਵਿਦਿਆਰਥੀ
ਫਿਰੋਜ਼ਪੁਰ/ਬਿਊਰੋ ਨਿਊਜ਼ : ਤਿੰਨ ਪਾਸਿਆਂ ਤੋਂ ਦਰਿਆ ਨਾਲ ਘਿਰਿਆ ਅਤੇ ਚੌਥੇ ਪਾਸੇ ਪਾਕਿਸਤਾਨ ਨਾਲ ਲਗਦੀ ਸਰਹੱਦ ਦੇ ਆਖਰੀ ਪਿੰਡ ਕਾਲੂਵਾਲਾ ‘ਚ ਕੋਈ ਸਕੂਲ ਨਹੀਂ ਹੈ। ਦਰਿਆ ਪਾਰ ਸਕੂਲ ਹੈ ਪ੍ਰੰਤੂ ਪੁਲ ਨਾ ਹੋਣ ਕਾਰਨ ਬੱਚੇ ਸਕੂਲ ਨਹੀਂ ਜਾ ਸਕਦੇ। ਅਜਿਹੇ ‘ਚ ਪਿੰਡ ਦੇ ਮਲਕੀਤ ਸਿੰਘ ਨੇ ਪੜ੍ਹਨ ਦੀ ਠਾਣ ਲਈ ਅਤੇ ਖੁਦ ਕਿਸ਼ਤੀ ਚਲਾ ਕੇ ਦਰਿਆ ਪਾਰ ਪਿੰਡ ਗਟੀ ਰਾਜੋਕੇ ਦੇ ਸਕੂਲ ‘ਚ ਪੜ੍ਹਨ ਲਈ ਜਾਂਦਾ ਹੈ। ਸਿਲਸਿਲਾ ਇਸ ਤਰ੍ਹਾਂ ਹੀ ਚਲਦਾ ਰਿਹਾ। ਮਲਕੀਤ ਸਿੰਘ ਨੂੰ ਦੇਖ ਚਾਰ ਹੋਰ ਬੱਚਿਆਂ ਨੇ ਵੀ ਸਕੂਲ ਜਾਣਾ ਸ਼ੁਰੂ ਕਰ ਦਿੱਤਾ। ਮਲਕੀਤ ਦੀ ਮਿਹਨਤ ਰੰਗ ਲਿਆਈ ਅਤੇ ਹਾਲ ਹੀ ‘ਚ ਉਸ ਨੇ ਦਸਵੀਂ ਕਲਾਸ ਫਸਟ ਡਵੀਜ਼ਨ ਨਾਲ ਪਾਸ ਕੀਤੀ ਹੈ। ਉਸ ਦੀ ਇਸ ਪ੍ਰਾਪਤੀ ‘ਤੇ ਪੂਰੇ ਪਿੰਡ ‘ਚ ਮਠਿਆਈ ਵੰਡੀ ਗਈ ਅਤੇ ਖੁਸ਼ੀ ਮਨਾਈ ਗਈ। ਮਲਕੀਤ ਸਿੰਘ ਤੋਂ ਇਲਾਵਾ ਮਨਦੀਪ, ਸੁਖਵਿੰਦਰ ਅਤੇ ਗਗਨਦੀਪ 9ਵੀਂ ਅਤੇ ਜਗਦੀਸ਼ 8ਵੀਂ ਕਲਾਸ ‘ਚ ਪੜ੍ਹ ਰਹੇ ਹਨ। ਨੰਬਰਦਾਰ ਬਚਨ ਸਿੰਘ ਨੇ ਦੱਸਿਆ ਕਿ ਕੁਝ ਸਾਲ ਪਹਿਲਾਂ ਪਿੰਡ ਦੇ 2 ਬੱਚਿਆਂ ਕੁਲਦੀਪ ਸਿੰਘ ਅਤੇ ਮੰਗਲ ਸਿੰਘ ਨੇ 10ਵੀਂ ਪਾਸ ਕੀਤੀ ਸੀ ਅਤੇ ਬਾਅਦ ‘ਚ ਉਹ ਬੀਏ ਵੀ ਕਰ ਗਏ, ਪ੍ਰੰਤੂ ਉਹ ਦੂਜੇ ਪਿੰਡਾਂ ‘ਚ ਰਹਿ ਕੇ ਪੜ੍ਹੇ। ਉਨ੍ਹਾਂ ਤੋਂ ਪਹਿਲਾਂ ਕੋਈ ਹੋਰ ਪੜ੍ਹਿਆ ਨਹੀਂ। ਇਨ੍ਹਾਂ ਬੱਚਿਆਂ ਦਾ ਹੌਸਲਾ ਦੇ ਕੇ ਸਾਨੂੰ ਮਾਣ ਹੁੰਦਾ ਹੈ। ਪੰਜ ਬੱਚਿਆਂ ਦਾ ਕਹਿਣਾ ਹੈ ਕਿ ਸਾਡਾ ਸੁਪਨਾ ਪੜ੍ਹਨਾ ਹੈ ਅਤੇ ਅਤੇ ਇਸ ਅੱਗੇ ਮੁਸ਼ਕਿਲਾਂ ਕੁਝ ਵੀ ਨਹੀਂ। ਮਲਕੀਤ ਨੇ ਦੱਸਿਆ ਕਿ ਹੁਣ 11ਵੀਂ ‘ਚ ਨਾਨ ਮੈਡੀਕਲ ਲਵੇਗਾ ਅਤੇ ਇੰਜੀਨੀਅਰ ਬਣਾਂਗੇ। ਗਟੀ ਰਾਜੋਕੇ ਸਕੂਲ ਦੇ ਪ੍ਰਿੰਸੀਪਲ ਡਾ. ਸਤਿੰਦਰ ਸਿੰਘ ਨੇ ਕਿਹਾ ਕਿ ਇਨ੍ਹਾਂ ਬੱਚਿਆਂ ਦਾ ਹੌਸਲਾ ਇਨ੍ਹਾਂ ਨੂੰ ਸਫ਼ਲਤਾ ਜ਼ਰੂਰ ਦਿਵਾਏਗਾ।

Check Also

ਖੇਤੀ ਕਾਨੂੰਨਾਂ ਖਿਲਾਫ ਭਾਰਤ ਬੰਦ ਨੂੂੰ ਮਿਲਿਆ ਭਰਪੂਰ ਹੁੰਗਾਰਾ

ਕਿਸਾਨਾਂ ਨੇ ਕੀਤੇ ਸ਼ਾਂਤੀਪੂਰਨ ਰੋਸ ਪ੍ਰਦਰਸ਼ਨ – ਮੋਦੀ ਸਰਕਾਰ ਖਿਲਾਫ ਜੰਮ ਕੇ ਹੋਈ ਨਾਅਰੇਬਾਜ਼ੀ ਪੰਜਾਬ, …