ਅੱਜ ਵੀ ਪਾਕਿਸਤਾਨ ‘ਚ ਵਸਦੇ ਲੋਕ ਪ੍ਰੀਤਲੜੀ ਨੂੰ ਯਾਦ ਕਰਦੇ ਨੇ
ਚੰਡੀਗੜ੍ਹ : ”ਪ੍ਰੀਤ ਨਗਰ ਮੇਰੇ ਸੁਫ਼ਨਿਆਂ ਦਾ ਖੰਡਰ ਹੈ।” 1947 ਵਿੱਚ ਹੋਈ ਦੇਸ਼ ਵੰਡ ਸਮੇਂ ਫ਼ਿਰਕੂ ਹਿੰਸਾ ਕਾਰਨ ਦਿੱਲੀ ਨੇੜੇ ਮਹਿਰੌਲੀ ਜਾ ਵੱਸਣ ਤੋਂ ਤਿੰਨ ਸਾਲ ਬਾਅਦ ਪ੍ਰੀਤ ਨਗਰ ਪੁੱਜੇ ਗੁਰਬਖ਼ਸ਼ ਸਿੰਘ ਪ੍ਰੀਤਲੜੀ ਦੀ ਇਹ ਟਿੱਪਣੀ ਉਨ੍ਹਾਂ ਦੇ ਦਰਦ ਦੀ ਗਹਿਰਾਈ ਦਾ ਪ੍ਰਤੀਕ ਹੈ।ਪੰਜਾਬ ਵਿੱਚ 1933 ਵਿੱਚ ‘ਪ੍ਰੀਤਲੜੀ’ ਰਸਾਲੇ ਰਾਹੀਂ ਹਜ਼ਾਰਾਂ ਨੌਜਵਾਨਾਂ ਦੇ ਮਨਾਂ ‘ਤੇ ਛਾਪ ਛੱਡਣ ਵਾਲੇ ਪ੍ਰੀਤ ਨਗਰ ਦੇ ਸੁਪਨਸਾਜ਼ ਗੁਰਬਖ਼ਸ਼ ਸਿੰਘ ਨੇ ਜਾਤ-ਪਾਤ, ਧਰਮਾਂ, ਨਸਲਾਂ ਸਮੇਤ ਹਰ ਤਰ੍ਹਾਂ ਦੀ ਊਚ-ਨੀਚ ਖ਼ਿਲਾਫ਼ ਬਰਾਬਰੀ ਦੀ ਧਾਰਨਾ ਨੂੰ ਅਮਲੀ ਰੂਪ ਦੇਣ ਲਈ ਸਾਂਝੀ ਰਸੋਈ, ਸਾਂਝੀ ਡੇਅਰੀ, ਕੁੜੀਆਂ-ਮੁੰਡਿਆਂ ਦੇ ਸਾਂਝੇ ਸਕੂਲ ਸਮੇਤ ਪੰਜਾਬ ਦੇ ਪਹਿਲੇ ਯੋਜਨਾਬੱਧ ਨਗਰ ਨੂੰ ‘ਪ੍ਰੀਤ ਨਗਰ’ ਦਾ ਨਾਮ ਦਿੱਤਾ। 1938 ਵਿੱਚ ਬਣੇ ਇਸ ਨਗਰ ਦੀ ਧੂਮ ਮਹਾਂਕਵੀ ਰਬਿੰਦਰ ਨਾਥ ਟੈਗੋਰ ਤੱਕ ਵੀ ਪੁੱਜੀ। ਪੰਜਾਬੀ ਨਾਟਕ ਦੀ ਨੱਕੜਦਾਦੀ ਨੋਰਾ ਰਿਚਰਡ ਅਤੇ ਕਲਾਕਾਰ ਸੋਭਾ ਸਿੰਘ ਇੱਥੇ ਵੱਸਣਾ ਚਾਹੁੰਦੇ ਸਨ। ਨਾਨਕ ਸਿੰਘ ਤਾਂ ਸਥਾਈ ਤੌਰ ‘ਤੇ ਵੱਸ ਗਏ ਸਨ। ਪੰਜਾਬ ਦੇ ਕਲਾ ਅਤੇ ਸਾਹਿਤ ਦੇ ਕੇਂਦਰ ਵਜੋਂ ਸਥਾਪਤ ਲਾਹੌਰ ਅਤੇ ਅੰਮ੍ਰਿਤਸਰ ਦੇ ਲਗਪਗ ਦਰਮਿਆਨ ਵਸਾਏ ਪ੍ਰੀਤ ਨਗਰ ਰਾਹੀਂ ਭਵਿੱਖ ਦੀ ਬੁਨਿਆਦ ਰੱਖੀ ਗਈ ਸੀ ਪਰ ਜੋਬਨ ਵੱਲ ਵਧਦਾ ਇਹ ਸੁਫ਼ਨਾ ਇਕ ਦਹਾਕੇ ਤੋਂ ਪਹਿਲਾਂ ਹੀ ਖੰਡਰ ਹੋ ਗਿਆ।
ਗੁਰਬਖ਼ਸ਼ ਸਿੰਘ ਦਾ ਬੇਟਾ ਹਿਰਦੇਪਾਲ ਸਿੰਘ ਇਸ ਵੇਲੇ ਉਨ੍ਹਾਂ ਦੇ ਪੁਸ਼ਤੈਨੀ ਘਰ ਵਿੱਚ ਰਹਿ ਰਿਹਾ ਹੈ। ਹਿਰਦੇਪਾਲ ਦੇ ਦੱਸਣ ਮੁਤਾਬਕ ਸ਼ੁਰੂਆਤੀ ਤੌਰ ‘ਤੇ 1938 ਵਿੱਚ ਵਸੇ ਇਸ ਨਗਰ ਵਿੱਚ 8 ਮਕਾਨਾਂ ਵਿੱਚ 16 ਪਰਿਵਾਰਾਂ ਨੇ ਰਿਹਾਇਸ਼ ਕੀਤੀ। ਉਨ੍ਹਾਂ ਦਾ ਦਾਅਵਾ ਹੈ ਕਿ ਮਕਾਨ ਬਣਾਉਣ ਤੋਂ ਲੈ ਕੇ ਹਰ ਕੰਮ ਲਈ ਸਾਰੇ ਮਿਸਤਰੀ, ਰਾਜ ਮਿਸਤਰੀ ਅਤੇ ਲੇਬਰ ਪ੍ਰੀਤ ਨਗਰ ਦੇ ਇਲਾਕੇ ਵਿੱਚੋਂ ਹੀ ਸਨ। ਆਪਣੇ ਆਲੇ-ਦੁਆਲੇ ਵਿੱਚੋਂ ਹੀ ਸਭ ਜ਼ਰੂਰਤਾਂ ਪੂਰੀਆਂ ਕਰਨ ਅਤੇ ਉਨ੍ਹਾਂ ਲਈ ਹੀ ਰੁਜ਼ਗਾਰ ਦੇ ਮੌਕੇ ਦੇਣ ਦਾ ਇਹ ਬਿਹਤਰੀਨ ਨਮੂਨਾ ਸੀ। ਲੰਗਰ, ਸੰਗਤ ਤੇ ਪੰਗਤ ਦੀ ਲੜੀ ਨੂੰ ਗੁਰਦੁਆਰਿਆਂ ਤੋਂ ਅੱਗੇ ਤੋਰਦਿਆਂ ਪ੍ਰੀਤ ਨਗਰ ਵਿੱਚ ਸਾਂਝੀ ਰਸੋਈ ਬਣਾਈ ਗਈ।
ਸਾਂਝੀ ਖੇਤੀ ਵਿੱਚੋਂ ਖਾਣ-ਪੀਣ ਦੇ ਸਾਮਾਨ ਦਾ ਬੰਦੋਬਸਤ ਵੀ ਇਸ ਯੋਜਨਾ ਦਾ ਹਿੱਸਾ ਸੀ। ਸਾਂਝੀ ਡੇਅਰੀ ਵਿੱਚੋਂ ਹਰੇਕ ਦੇ ਘਰ ਦੀ ਲੋੜ ਅਨੁਸਾਰ ਦੁੱਧ ਦੀ ਪਹੁੰਚ ਦੀ ਗਾਰੰਟੀ ਪਿੱਛੇ ਮਕਸਦ ਔਰਤ ਨੂੰ ਘਰੇਲੂ ਕੰਮਾਂ ਦੀ ਬਜਾਇ ਸਮਾਜਿਕ, ਸਾਹਿਤਕ ਤੇ ਹੋਰ ਕੰਮਾਂ ਲਈ ਸਮਾਂ ਦੇਣ ਦਾ ਰਿਹਾ। ਇਸ ਨਜ਼ਰੀਏ ਦੀ ਪ੍ਰੇਰਨਾ ਸੀ ਕਿ 1940 ਵਿੱਚ ਪੰਜਾਬ ਵਿੱਚ ਅੱਠ ਏਕੜ ਜ਼ਮੀਨ ਵਿੱਚ ਪਹਿਲਾ ਕੋ-ਐਜੂਕੇਸ਼ਨਲ ਸਕੂਲ ਬਣਿਆ। ਪਹਿਲੀ ਮਹਿਲਾ ਥੀਏਟਰ ਕਲਾਕਾਰ ਦੇ ਰੂਪ ਵਿੱਚ ਗੁਰਬਖ਼ਸ਼ ਸਿੰਘ ਹੋਰਾਂ ਨੇ ਆਪਣੀ ਬੇਟੀ ਉਮਾ ਨੂੰ ਅੱਗੇ ਲਿਆਂਦਾ। ਪਿੰਡ ਵਿੱਚ ਸਾਰੀਆਂ ਜ਼ਰੂਰੀ ਚੀਜ਼ਾਂ ਲਈ ਇਕ ਵੱਡੇ ਸਟੋਰ ਅਤੇ ਰੈਸਤਰਾਂ ਦਾ ਪ੍ਰਬੰਧ ਅਤੇ ਪ੍ਰਿੰਟਿੰਗ ਪ੍ਰੈੱਸ ਦਾ ਕਾਗਜ਼ ਵੀ ਪ੍ਰੀਤ ਨਗਰ ਨੇ ਆਪਣਾ ਬਣਾਇਆ। ਆਜ਼ਾਦੀ ਲਈ ਸਭ ਤੋਂ ਵੱਧ ਕੁਰਬਾਨੀਆਂ ਕਰਨ ਵਾਲੇ ਪੰਜਾਬੀਆਂ ‘ਤੇ ਵੰਡ ਦੀ ਕਤਲੋਗਾਰਦ ਭਾਰੀ ਪੈ ਗਈ। ਇਸ ਭਰਾ ਮਾਰੂ ਜੰਗ ਵਿੱਚ ਲਗਪਗ 10 ਲੱਖ ਮਾਸੂਮਾਂ ਦਾ ਖ਼ੂਨ ਡੁੱਲਿਆ, ਇਨ੍ਹਾਂ ਵਿੱਚੋਂ 8 ਲੱਖ ਪੰਜਾਬੀ ਸਨ। ਵੰਡ ਦੇ ਹਿੱਸੇ ਵਜੋਂ ਹੀ ਪ੍ਰੀਤ ਨਗਰ ਹੁਣ ਸਰਹੱਦੀ ਖੇਤਰ ਬਣ ਚੁੱਕਾ ਸੀ, ਜਿੱਥੇ ਹਰ ਲੜਾਈ ਵੇਲੇ ਗੋਲੀਆਂ ਦੀ ਬੁਛਾੜ ਘਰਾਂ ਦੀਆਂ ਚੂਲਾਂ ਹਿਲਾਉਂਦੀ ਰਹੀ। ਪ੍ਰੀਤਲੜੀ ਦੀ ਸੰਪਾਦਕ ਅਤੇ ਗੁਰਬਖ਼ਸ਼ ਸਿੰਘ ਦੀ ਪੋਤ ਨੂੰਹ ਪੂਨਮ ਸਿੰਘ ਦਾ ਕਹਿਣਾ ਹੈ ਕਿ ਅਜੇ ਤਕ ਵੀ ਪਾਕਿਸਤਾਨ ਤੋਂ ਲੋਕ ਪ੍ਰੀਤਲੜੀ ਨੂੰ ਯਾਦ ਕਰਦੇ ਹਨ। ਪ੍ਰੀਤਲੜੀ ਨੇ ਆਪਣੀ ਪੁਰਾਣੀ ਭਾਸ਼ਾ ਅਪਣਾਈ ਹੋਈ ਹੈ, ਜੋ ਉਰਦੂ ਦੇ ਜ਼ਿਆਦਾ ਨੇੜੇ ਹੈ। ਜੇ ਸਰਹੱਦਾਂ ਮੋਕਲੀਆਂ ਹੁੰਦੀਆਂ ਹਨ ਤਾਂ ਲਾਹੌਰ ਅਤੇ ਅੰਮ੍ਰਿਤਸਰ ਦੀ ਸੱਭਿਅਤਾ ਵਿੱਚ ਬੋਲੀ, ਵਿਰਸੇ ਅਤੇ ਸੱਭਿਆਚਾਰ ਦੀ ਸਾਂਝ ਮੁੜ ਪ੍ਰੀਤ ਨਗਰ ਦੇ ਸੁਫ਼ਨੇ ਵਿੱਚ ਜਾਨ ਪਾ ਸਕਦੀ ਹੈ।
ਪ੍ਰੀਤ ਨਗਰ ਦੇ ਸਰਕਾਰੀ ਸਕੂਲ ਵਿੱਚ ਅਧਿਆਪਕ ਲੱਗੇ ਲੇਖਕ ਮੁਖਤਾਰ ਗਿੱਲ ਨੇ ਸੇਵਾਮੁਕਤੀ ਤੋਂ ਬਾਅਦ ਪ੍ਰੀਤ ਨਗਰ ਵਿੱਚ ਹੀ ਸਥਾਈ ਤੌਰ ‘ਤੇ ਰਹਿਣ ਦਾ ਫ਼ੈਸਲਾ ਕਰ ਲਿਆ। ਉਨ੍ਹਾਂ ਦਾ ਕਹਿਣਾ ਸੀ ਕਿ ਜੇ ਇਹ ਸੁਫ਼ਨਾ ਕਾਮਯਾਬ ਹੋ ਜਾਂਦਾ ਤਾਂ ਪੰਜਾਬ ਵਿੱਚ ਇਹ ਇਕ ਅਜੂਬਾ ਹੋਣਾ ਸੀ। ਭਾਪਾ ਪ੍ਰੀਤਮ ਸਿੰਘ ਵਰਗੇ ਬੰਦੇ ਵੀ ਉਸ ਸਮੇਂ ਪ੍ਰੀਤਲੜੀ ਵਿੱਚ ਹੀ ਕੰਮ ਕਰਦੇ ਸਨ। ਕਿਸੇ ਸਰਕਾਰ ਨੇ ਇਸ ਵੱਲ ਧਿਆਨ ਨਹੀਂ ਦਿੱਤਾ। ਗੁਰਬਖ਼ਸ਼ ਸਿੰਘ ਦੇ ਪ੍ਰੀਤ ਨਗਰ ਵਿੱਚ ਤਾਂ ਅੱਠ ਦਹਾਕੇ ਪਹਿਲਾਂ ਸੌ ਫ਼ੀਸਦ ਸੀਵਰੇਜ ਸੀ, ਹੁਣ ਇਸ ਛੋਟੇ ਜਿਹੇ ਪਿੰਡ ਵਿੱਚ ਗੰਦੇ ਪਾਣੀ ਦੀ ਨਿਕਾਸੀ ਹੀ ਮੁਸੀਬਤ ਬਣੀ ਹੋਈ ਹੈ। ਆਉਣ ਵਾਲੀ 20 ਅਗਸਤ ਨੂੰ ਗੁਰਬਖ਼ਸ਼ ਸਿੰਘ ਪ੍ਰੀਤਲੜੀ ਦੀ ਵੀਹਵੀਂ ਬਰਸੀ ਹੈ। ਗੁਰਬਖ਼ਸ਼ ਸਿੰਘ-ਨਾਨਕ ਸਿੰਘ ਫਾਊਂਡੇਸ਼ਨ ਨੇ ਯਾਦ ਵਜੋਂ ਕੁਝ ਨਾ ਕੁਝ ਬਚਾ ਕੇ ਰੱਖਣ ਦਾ ਉਪਰਾਲਾ ਸ਼ੁਰੂ ਕਰ ਰੱਖਿਆ ਹੈ। ਹਰ ਮਹੀਨੇ ਦੇ ਤੀਜੇ ਬੁੱਧਵਾਰ ਨਾਟਕਾਂ ਅਤੇ ਕਲਾ ਦੇ ਹੋਰ ਰੰਗ ਵਿਖਾਈ ਦਿੰਦੇ ਹਨ।
ਸਰਹੱਦੀ ਪਿੰਡਾਂ ਦੇ ਲੋਕਾਂ ਦੀ ਜ਼ਿੰਦਗੀ ਅਜੇ ਵੀ ਗੁਲਾਮੀ ਵਾਲੀ
ਫ਼ਿਰੋਜ਼ਪੁਰ : ਸਰਹੱਦ ਦੇ ਕੰਢੇ ਵੱਸਦੇ ਲੋਕ ਅੱਜ ਵੀ ਆਜ਼ਾਦੀ ਦਾ ਆਨੰਦ ਮਾਣਨ ਦੀ ਬਜਾਏ ਇਸ ਦਾ ਸੰਤਾਪ ਹੰਢਾ ਰਹੇ ਹਨ।ਰਾਤ ਨੂੰ ਇਕ ਨਿਸ਼ਚਿਤ ਸਮੇਂ ਤੋਂ ਬਾਅਦ ਸਰਹੱਦ ਨਾਲ ਲੱਗਦੇ ਇਕ ਦਰਜਨ ਪਿੰਡਾਂ ਦੇ ਲੋਕ ਬੀਐਸਐਫ਼ ਦੀ ਇਜਾਜ਼ਤ ਤੋਂ ਬਗੈਰ ਨਾ ਪਿੰਡ ਵਿੱਚ ਦਾਖ਼ਲ ਹੋ ਸਕਦੇ ਹਨ ਅਤੇ ਨਾ ਪਿੰਡੋਂ ਬਾਹਰ ਜਾ ਸਕਦੇ ਹਨ।
ਕਿਸਾਨਾਂ ਨੂੰ ਵੀ ਤਾਰੋਂ ਪਾਰ ਖੇਤੀ ਕਰਨ ਲਈ ਜਾਣ ਤੇ ਵਾਪਸ ਆਉਣ ਵਾਸਤੇ ਬੀਐਸਐਫ਼ ਦੇ ਜਵਾਨਾਂ ਨੂੰ ਤਲਾਸ਼ੀ ਦੇਣੀ ਪੈਂਦੀ ਹੈ। ਬਹੁਤੇ ਪਿੰਡਾਂ ਦੀਆਂ ਕੁੜੀਆਂ ਅਜਿਹੀਆਂ ਹਨ, ਜਿਨ੍ਹਾਂ ਸ਼ਹਿਰ ਦੇ ਕਾਲਜਾਂ ਦਾ ਮੂੰਹ ਤੱਕ ਨਹੀਂ ਦੇਖਿਆ ਕਿਉਂਕਿ ਕਾਲਜਾਂ ਵਿੱਚ ਪੜ੍ਹਾਈ ਕਰਨ ਲਈ ਉਨ੍ਹਾਂ ਦੇ ਮਾਪਿਆਂ ਕੋਲ ਨਾ ਤਾਂ ਪੈਸੇ ਹਨ ਅਤੇ ਨਾ ਹੀ ਟਰਾਂਸਪੋਰਟ ਦੀ ਸੁਵਿਧਾ।
ਫ਼ਾਜ਼ਿਲਕਾ ਜ਼ਿਲ੍ਹੇ ਵਿੱਚ ਵੰਡ ਤੋਂ ਪਹਿਲਾਂ ਏਸ਼ੀਆ ਦੀ ਸਭ ਤੋਂ ਵੱਡੀ ਉੱਨ ਦੀ ਮੰਡੀ ਹੁੰਦੀ ਸੀ, ਜੋ ਖ਼ਤਮ ਹੋ ਗਈ। ਸੈਨਿਕ ਨਜ਼ਰੀਏ ਤੋਂ ਫ਼ਿਰੋਜ਼ਪੁਰ ਜ਼ਿਲ੍ਹਾ ਸੂਬੇ ਵਿੱਚ ਸਭ ਤੋਂ ਅਹਿਮ ਮੰਨਿਆ ਜਾਂਦਾ ਸੀ। ਅੰਗਰੇਜ਼ਾਂ ਦੇ ਜ਼ਮਾਨੇ ਵਿੱਚ ਬਣਿਆ ਰੇਲਵੇ ਦਾ ਡਿਵੀਜ਼ਨਲ ਦਫ਼ਤਰ ਅਜੇ ਵੀ ਇੱਥੇ ਸਥਿਤ ਹੈ। ਸਿੱਖਿਆ ਸੰਸਥਾਵਾਂ ਦੀ ਗੱਲ ਕਰੀਏ ਤਾਂ ਪੰਜਾਬ ਦਾ ਪਹਿਲਾ ਬੀਐੱਡ ਕਾਲਜ ਫ਼ਿਰੋਜ਼ਪੁਰ ਵਿੱਚ ਖੋਲ੍ਹਿਆ ਗਿਆ ਸੀ, ਜੋ ਅਜੇ ਵੀ ਚੱਲ ਰਿਹਾ ਹੈ ਪਰ ਹਿੰਦੂਆਂ ਤੇ ਸਿੱਖਾਂ ਦੀਆਂ ਲੜਕੀਆਂ ਲਈ ਉਚੇਚੇ ਤੌਰ ‘ਤੇ ਬਣਾਏ ਦੋ ਸਕੂਲਾਂ ਵਿੱਚੋਂ ਇਕ ਹਿੰਦੂ ਗਰਲਜ਼ ਸਕੂਲ ਬੰਦ ਹੋ ਗਿਆ ਹੈ ਤੇ ਸਿੱਖ ਕੰਨਿਆ ਮਹਾਂਵਿਦਿਆਲਿਆ ਬੰਦ ਹੋਣ ਕੰਢੇ ਹੈ।
ਫ਼ਿਰੋਜ਼ਪੁਰ ਵਿੱਚ ਵਪਾਰ ਦੀ ਮੰਦੀ ਹਾਲਤ ਸਾਲ 1971 ਤੋਂ ਸ਼ੁਰੂ ਹੋ ਗਈ ਸੀ। ਦੇਸ਼ ਦੀ ਵੰਡ ਤੋਂ ਬਾਅਦ ਵੀ 1971 ਤੱਕ ਇੱਥੋਂ ਹੁਸੈਨੀਵਾਲਾ ਬਾਰਡਰ ਤੋਂ ਪਾਕਿਸਤਾਨ ਨਾਲ ਵਪਾਰਕ ਸਾਂਝ ਬਣੀ ਰਹੀ। ਸ਼ਹਿਰ ਦੇ ਕਈ ਲੋਕਾਂ ਕੋਲ ਵਪਾਰ ਲਈ ਲਾਇਸੈਂਸ ਬਣੇ ਹੋਏ ਸਨ। ਇਸ ਬਾਰਡਰ ਤੋਂ ਜ਼ਿਆਦਾਤਰ ਸੁੱਕੇ ਮੇਵੇ, ਅੰਗੂਰ, ਚਾਹਪੱਤੀ ਤੇ ਹੋਰ ਘਰੇਲੂ ਵਸਤੂਆਂ ਦਾ ਵਪਾਰ ਹੁੰਦਾ ਸੀ, ਜਿਸ ਕਾਰਨ ਲੋਕ ਖ਼ੁਸ਼ਹਾਲ ਸਨ। 1971 ਦੀ ਹਿੰਦ-ਪਾਕਿ ਜੰਗ ਨੇ ਇਸ ਵਪਾਰ ਨੂੰ ਵੀ ਤਬਾਹ ਕਰ ਦਿੱਤਾ, ਜਿਸ ਦਾ ਖਮਿਆਜ਼ਾ ਪੰਜਾਬ ਦੇ ਸਰਹੱਦੀ ਜ਼ਿਲ੍ਹੇ ਅੱਜ ਤੱਕ ਭੁਗਤ ਰਹੇ ਹਨ।
ਵੰਡ ਦੌਰਾਨ ਬਹੁਤ ਸਾਰੇ ਮੁਸਲਿਮ ਪਰਿਵਾਰਾਂ ਨੇ ਮਲੇਰਕੋਟਲਾ ‘ਚ ਰਹਿਣਾ ਠੀਕ ਸਮਝਿਆ
ਮਾਲੇਰਕੋਟਲਾ : ਦੇਸ਼ ਵੰਡ ਦੇ ਉਜਾੜੇ ਦੌਰਾਨ ਜਦੋਂ ਲਹਿੰਦੇ ਪੰਜਾਬ ਦੀ ਤਰ੍ਹਾਂ ਚੜ੍ਹਦੇ ਪੰਜਾਬ ਵਿੱਚ ਵੀ ਵੱਢ-ਟੁੱਕ, ਲੁੱਟਾਂ-ਖੋਹਾਂ ਤੇ ਧੀਆਂ-ਭੈਣਾਂ ਦੀ ਪੱਤ ਲੁੱਟਣ ਦਾ ਘਿਨਾਉਣਾ ਸਿਲਸਿਲਾ ਚੱਲ ਰਿਹਾ ਸੀ ਤਾਂ ਉਸ ਵਕਤ ਮਾਲੇਰਕੋਟਲਾ ਰਿਆਸਤ ਵਿੱਚ ਅਮਨ-ਅਮਾਨ ਰਿਹਾ। ਇਸ ਰਿਆਸਤ ਦੀ ਹਦੂਦ ਵਿੱਚ ਕੋਈ ਮਾੜੀ ਘਟਨਾ ਨਹੀਂ ਵਾਪਰੀ, ਜਿਸ ਕਾਰਨ ਮਾਲੇਰਕੋਟਲਾ ਰਿਆਸਤ ਨਾਲ ਲੱਗਦੀਆਂ ਨੇੜਲੀਆਂ ਰਿਆਸਤਾਂ ਵਿੱਚ ਵਸਦੇ ਬਹੁਤ ਸਾਰੇ ਮੁਸਲਿਮ ਪਰਿਵਾਰਾਂ ਨੇ ਪਾਕਿਸਤਾਨ ਜਾਣ ਦੀ ਬਜਾਇ ਮਾਲੇਰਕੋਟਲਾ ਸ਼ਹਿਰ ਵਿੱਚ ਪਨਾਹ ਨੂੰ ਤਰਜੀਹ ਦਿੱਤੀ।
ਮਾਲੇਰਕੋਟਲਾ ਵੱਲ ਰੁਖ਼ ਕਰਨ ਦਾ ਇਕ ਕਾਰਨ ਇਸ ਇਕਲੌਤੀ ਮੁਸਲਿਮ ਰਿਆਸਤ ਨਾਲ ਧਾਰਮਿਕ ਤੇ ਜਜ਼ਬਾਤੀ ਸਾਂਝ ਹੋਣਾ ਵੀ ਸੀ ਅਤੇ ਦੂਜਾ ਇੱਥੇ ਪੁੱਜਣ ਲਈ ਪਾਕਿਸਤਾਨ ਨਾਲੋਂ ਪੈਂਡਾ ਵੀ ਘੱਟ ਸੀ। ਇਨ੍ਹਾਂ ਪਰਿਵਾਰਾਂ ਦੇ ਬਹੁਤ ਸਾਰੇ ਜੀਆਂ ਤੇ ਰਿਸ਼ਤੇਦਾਰਾਂ ਤੋਂ ਇਲਾਵਾ ਮਾਲੇਰਕੋਟਲਾ ਤੋਂ ਵੀ ਕਈ ਸਮੁੱਚੇ ਤੇ ਕਈ ਅੱਧ-ਪਚੱਧੇ ਪਰਿਵਾਰ, ਜਿਨ੍ਹਾਂ ਵਿੱਚ ਮਾਲੇਰਕੋਟਲਾ ਰਿਆਸਤ ਦੇ ਆਖ਼ਰੀ ਨਵਾਬ ਇਫ਼ਤਖਾਰ ਅਲੀ ਖ਼ਾਨ ਦਾ ਸਕਾ ਭਰਾ ਮੁਮਤਾਜ਼ ਅਲੀ ਖ਼ਾਨ ਤੇ ਮਤਰੇਆ ਭਰਾ ਅਲਤਾਫ਼ ਅਲੀ ਖ਼ਾਨ ਵੀ ਸ਼ਾਮਲ ਸਨ, ਪਾਕਿਸਤਾਨ ਚਲੇ ਗਏ। ਮੁਮਤਾਜ਼ ਅਲੀ ਖ਼ਾਨ ਭਾਵੇਂ ਡੇਢ-ਦੋ ਸਾਲ ਬਾਅਦ ਵਾਪਸ ਆ ਗਿਆ ਪਰ ਅਲਤਾਫ਼ ਅਲੀ ਖ਼ਾਨ ਨੇ ਪਾਕਿਸਤਾਨ ਵਿੱਚ ਹੀ ਰਿਹਾਇਸ਼ ਕਰ ਲਈ। ਟਿਕ-ਟਿਕਾਅ ਤੋਂ ਬਾਅਦ ਵਿੱਛੜੇ ਪਰਿਵਾਰਕ ਜੀਆਂ ਤੇ ਰਿਸ਼ਤੇਦਾਰਾਂ ਨੂੰ ਮਿਲਣ ਦੀ ਤਾਂਘ ਦੋਵੇਂ ਪਾਸੇ ਜ਼ੋਰ ਫੜਨ ਲੱਗੀ ਅਤੇ ਫਿਰ ਦੋਵੇਂ ਪੰਜਾਬਾਂ ਵਿੱਚ ਪਰਿਵਾਰਕ ਜੀਆਂ ਤੇ ਰਿਸ਼ਤੇਦਾਰਾਂ ਨੂੰ ਮਿਲਣ ਲਈ ਆਉਣ-ਜਾਣ ਦਾ ਸਿਲਸਿਲਾ ਸ਼ੁਰੂ ਹੋਇਆ। ਆਪਸੀ ਸਾਂਝ ਨੂੰ ਬਰਕਰਾਰ ਰੱਖਣ ਲਈ ਦੋਵੇਂ ਪਾਸੇ ਧੀਆਂ-ਪੁੱਤਾਂ ਦੇ ਰਿਸ਼ਤੇ ਹੋਣ ਲੱਗੇ। ਸਾਜਿਦ ਇਸਹਾਕ ਅਨੁਸਾਰ ਮਾਲੇਰਕੋਟਲਾ ਤੋਂ ਲਹਿੰਦੇ ਪੰਜਾਬ ਵਿੱਚ ਵਿਆਹੇ ਕੁੱਲ ਮੁੰਡੇ-ਕੁੜੀਆਂ ਵਿੱਚੋਂ ਕਰੀਬ 80 ਫ਼ੀਸਦੀ ਮੁੰਡੇ-ਕੁੜੀਆਂ ਲਾਹੌਰ, ਗੁੱਜਰਾਂਵਾਲਾ, ਸ਼ੇਖ਼ੂਪੁਰਾ, ਫ਼ੈਸਲਾਬਾਦ, ਮੁਲਤਾਨ ਸ਼ਹਿਰਾਂ ਜਾਂ ਇਸ ਦੇ ਨੇੜੇ-ਤੇੜੇ ਦੇ ਪਿੰਡਾਂ ਵਿੱਚ ਵਿਆਹੇ ਗਏ। ਰਿਸ਼ਤੇ ਕਰਨ ਦਾ ਇਹ ਸਿਲਸਿਲਾ ਭਾਰਤ-ਪਾਕਿ ਦੀਆਂ 1965 ਤੇ 1971 ਤੱਕ ਦੀਆਂ ਜੰਗਾਂ ਤੱਕ ਆਮ ਰਿਹਾ ਪਰ ਉਸ ਤੋਂ ਬਾਅਦ ਘਟਣਾ ਸ਼ੁਰੂ ਹੋ ਗਿਆ।ਸਾਬਕਾ ਜੇਲ੍ਹ ਮੰਤਰੀ ਮਰਹੂਮ ਨੁਸਰਤ ਅਲੀ ਖ਼ਾਂ ਦੇ ਲਹਿੰਦੇ ਪੰਜਾਬ ਦੇ ਸ਼ਹਿਰ ਕਮਾਲੀਆ ਦੀ ਵਸਨੀਕ ਬੁਸ਼ਰਾ ਨਾਲ 1996 ਵਿੱਚ ਵਿਆਹੇ ਪੁੱਤਰ ਮੁਸੱਰਤ ਅਲੀ ਖ਼ਾਨ ਅਤੇ 1996 ਵਿੱਚ ਹੀ ਮਾਲੇਰਕੋਟਲਾ ਦੀ ਨਵੀਂ ਆਬਾਦੀ ਦੇ ਲਾਹੌਰ ਦੀ ਧੀ ਬੁਸ਼ਰਾ ਮਲਿਕ ਨਾਲ ਵਿਆਹੇ ਮੁਹੰਮਦ ਮਹਿਮੂਦ ਨੇ ਦੱਸਿਆ ਕਿ ਇਨ੍ਹਾਂ ਜੰਗਾਂ ਤੋਂ ਬਾਅਦ ਦੋਵੇਂ ਮੁਲਕਾਂ ਵਿੱਚ ਪੈਦਾ ਹੋਏ ਕੁੜੱਤਣ ਭਰੇ ਸਬੰਧਾਂ ਕਾਰਨ ਦੋਵੇਂ ਦੇਸ਼ਾਂ ਨੇ ਵੀਜ਼ਾ ਪ੍ਰਣਾਲੀ ਸਖ਼ਤ ਕਰ ਦਿੱਤੀ, ਜਿਸ ਕਾਰਨ ਇਕ-ਦੂਜੇ ਮੁਲਕ ਵਿੱਚ ਰਿਸ਼ਤੇ ਕਰਨ ਦੇ ਸਿਲਸਿਲੇ ਵਿੱਚ ਖੜੋਤ ਆਉਣ ਲੱਗੀ। ਚੜ੍ਹਦੇ ਪੰਜਾਬ ਦੇ ਅੱਸੀਵਿਆਂ ਦੇ ਹਾਲਾਤ ਕਾਰਨ ਲਹਿੰਦੇ ਪੰਜਾਬ ਦੇ ਲੋਕਾਂ ਨੂੰ ਮਾਲੇਰਕੋਟਲਾ ਦਾ ਸਿੱਧਾ ਵੀਜ਼ਾ ਮਿਲਣਾ ਬੰਦ ਹੋ ਗਿਆ ਸੀ ਤੇ ਇਕ ਦੂਜੇ ਦੇ ਦੁੱਖ-ਸੁੱਖ ਵਿੱਚ ਸਮੇਂ ਸਿਰ ਪੁੱਜਣ ਵਿੱਚ ਦਿੱਕਤ ਆਉਣ ਲੱਗੀ ਸੀ। ਉਦੋਂ ਵੀਜ਼ਾ ਦਿੱਲੀ ਦਾ ਮਿਲਦਾ ਸੀ ਤੇ ਇਕ ਪ੍ਰਕਿਰਿਆ ਪੂਰੀ ਕਰਕੇ ਦਿੱਲੀ ਤੋਂ ਮਾਲੇਰਕੋਟਲਾ ਆਉਣਾ ਪੈਂਦਾ ਸੀ। ਹੁਣ ਵੀਜ਼ਾ ਭਾਵੇਂ ਮਾਲੇਰਕੋਟਲਾ ਦਾ ਮਿਲ ਜਾਂਦਾ ਹੈ ਪਰ ਇੱਥੇ ਆਇਆ ਪਾਕਿਸਤਾਨੀ ਬਗ਼ੈਰ ਪ੍ਰਸ਼ਾਸਨਿਕ ਪ੍ਰਵਾਨਗੀ ਤੋਂ ਮਾਲੇਰਕੋਟਲਾ ਤੋਂ ਬਾਹਰ ਨਹੀਂ ਜਾ ਸਕਦਾ। ઠਹੁਣ ਮੁਸਲਿਮ ਭਾਈਚਾਰੇ ਦੇ ਇਕ ਹਿੱਸੇ ਵਿੱਚ ਆਪਣੇ ਪੁੱਤ-ਧੀਆਂ ਦੇ ਰਿਸ਼ਤੇ ਉੱਤਰ ਪ੍ਰਦੇਸ਼, ਬਿਹਾਰ, ਦਿੱਲੀ ਤੇ ਰਾਜਸਥਾਨ ਵਿੱਚ ਕਰਨ ਦਾ ਰੁਝਾਨ ਸ਼ੁਰੂ ਹੋ ਗਿਆ ਹੈ। ਸ਼ਾਇਰਾ ਡਾ. ਰੁਬੀਨਾ ਸ਼ਬਨ ਤੇ ਡਾ. ਮੁਹੰਮਦ ਇਕਬਾਲ ਨੇ ਦਾਅਵਾ ਕੀਤਾ ਕਿ ਜੇ ਦੋਵੇਂ ਮੁਲਕ ਵੀਜ਼ਾ ਪ੍ਰਣਾਲੀ ਤੇ ਨਾਗਰਿਕਤਾ ਦੇਣ ਦੀ ਵਿਧੀ ਸੁਖਾਲੀ ਕਰ ਦੇਣ ਤਾਂ ਦੋਵੇਂ ਮੁਲਕਾਂ ਵਿੱਚ ਮੁੜ ਰਿਸ਼ਤੇ ਕਰਨ ਦੇ ਰੁਝਾਨ ਵਿੱਚ ਤੇਜ਼ੀ ਆ ਸਕਦੀ ਹੈ।
ਵੰਡ ਸਮੇਂ ਮਾਲੇਰਕੋਟਲਾ ਵਿੱਚ ਰਹਿ ਗਿਆ ਮੁਸਲਿਮ ਭਾਈਚਾਰਾ ਹਰ ਖੇਤਰ ਵਿੱਚ ਦੂਜੇ ਭਾਈਚਾਰਿਆਂ ਵਾਂਗ ਤਰੱਕੀ ਕਰ ਰਿਹਾ ਹੈ ਤੇ ਧਾਰਮਿਕ/ਸਮਾਜਿਕ ਸਹਿਹੋਂਦ ‘ਤੇ ਪਹਿਰਾ ਦੇ ਰਿਹਾ ਹੈ। ਇਹ ਸ਼ਹਿਰ ਵੰਡ ਤੋਂ ਪਹਿਲਾਂ ਵਾਲੇ ਸਾਂਝੇ ਪੰਜਾਬ ਦੀ ਸਾਂਝੀ ਤਹਿਜ਼ੀਬ ਦਾ ਨਮੂਨਾ ਪੇਸ਼ ਕਰਦਾ ਹੈ, ਪਰ ਸ਼ਹਿਰ ਦਾ ਇਕ ਅਹਿਮ ਤੇ ਉਦਾਸ ਕਰਨ ਵਾਲਾ ਪੱਖ ਇਹ ਹੈ ਕਿ ਹਾਅ ਦਾ ਨਾਅਰਾ ਮਾਰਨ ਵਾਲੇ ਨਵਾਬ ਸ਼ੇਰ ਮੁਹੰਮਦ ਖ਼ਾਂ ਦੀ ਅੱਠਵੀਂ ਪੁਸ਼ਤ ਤੇ ਰਿਆਸਤ ਦੇ ਆਖ਼ਰੀ ਨਵਾਬ ਮਰਹੂਮ ਇਫ਼ਤਖਾਰ ਅਲੀ ਖਾਂ ਦੀ ਤੀਜੀ ਬੇਗ਼ਮ ਮੁਨੱਵਰ-ਉਨ-ਨਿਸਾ (95) ਨਵਾਬੀ ਦੌਰ ਦੀ ઠ’ਮੁਬਾਰਕ ਮੰਜ਼ਿਲ’ ਦੀ ਹੁਣ ਖ਼ਸਤਾਹਾਲਤ ਇਮਾਰਤ ਵਿੱਚ ਸੰਕੋਚਵੀਂ ਤੇ ਗੁੰਮਨਾਮੀ ਦੀ ਜ਼ਿੰਦਗੀ ਬਸਰ ਕਰ ਰਹੀ ਹੈ। ਬੇਗ਼ਮ ਸਾਹਿਬਾ ਦਾ ਕਹਿਣਾ ਹੈ ਕਿ ਦੋਵੇਂ ਮੁਲਕਾਂ ਦੇ ਸਬੰਧ ਸੁਖਾਵੇਂ ਰਹਿਣ ਤੇ ਆਪਸੀ ਵਪਾਰ ਤੇ ਆਉਣ-ਜਾਣ ਦਾ ਸਿਲਸਿਲਾ ਬੇਰੋਕ ਜਾਰੀ ਰਹੇ।
1947 ਵੰਡ ਦੀ ਲਹੂ ਭਿੱਜੀ ਦਾਸਤਾਨ
ਬੇਸ਼ੱਕ ਭਾਰਤ-ਪਾਕਿ ਮੁਲਕਾਂ ਦੀਆਂ ਸਰਕਾਰਾਂ 70 ਸਾਲ ਪਹਿਲਾਂ ਬ੍ਰਿਟਿਸ਼ ਹਕੂਮਤ ਤੋਂ ਮਿਲੀ ਆਜ਼ਾਦੀ ਦੇ ਜਸ਼ਨਾਂ ਨੂੰ ਹਰ ਸਾਲ ਬੜੇ ਉਤਸ਼ਾਹ ਨਾਲ ਮਨਾ ਕੇ ਆਪਣੀ ਵੱਡੀ ਪ੍ਰਾਪਤੀ ‘ਤੇ ਮਾਣ ਮਹਿਸੂਸ ਕਰਦੀਆਂ ਹਨ। ਪਰ ਇਸਦੇ ਨਾਲ ਹੀ ਧਰਮ ਦੇ ਨਾਂ ‘ਤੇ ਦੇਸ਼ ਦੇ ਬਟਵਾਰੇ ਦਾ ਕਹਿਣ ਝੱਲਣ ਵਾਲੇ ਦੋਹਾਂ ਮੁਲਕਾਂ ਦੇ ਨਿਵਾਸੀ 14-15 ਅਗਸਤ 1947 ਦੇ ਮਜ਼ਹਬੀ ਨਫਰਤ, ਕਤਲੋ-ਗਾਰਤ, ਲੁੱਟ-ਖਸੁੱਟ ਤੇ ਹੈਵਾਨੀਅਤ ਨਾਲ ਭਰੇ ਹੋਏ ਦਿਨਾਂ ਦੀ ਕਾਲੀ ਤਸਵੀਰ ਨੂੰ ਅੱਜ ਵੀ ਆਪਣੇ ਦਿਲੋ ਦਿਮਾਗ ਅੰਦਰ ਸਮੋਈ ਬੈਠੇ ਹਨ। ਉਹ ਭਰੇ ਮਨ ਨਾਲ ਯਾਦ ਕਰਦੇ ਹਨ ਕਿ ਬਟਵਾਰੇ ਦੀ ਖੌਫਨਾਕ ਹਨ੍ਹੇਰੀ ਨੇ ਕਿਸ ਤਰ੍ਹਾਂ ਆਪਸੀ ਭਾਈਚਾਰੇ, ਸਦੀਆਂ ਦੇ ਜੁੜੇ ਵਸੇਬੇ ਦੀ ਕਿਤਾਬ ਦੇ ਪੰਨਿਆਂ ਨੂੰ ਕੁਝ ਪਲਾਂ ਵਿਚ ਹੀ ਖਿਲਾਰ ਕੇ ਰੱਖ ਦਿੱਤਾ। ਜਿਸ ਦੀ ਭਰਪਾਈ ਅੱਜ ਤੱਕ ਨਹੀਂ ਹੋ ਸਕੀ ਅਤੇ ਨਾ ਹੀ ਕਦੀ ਹੋ ਸਕਣ ਦੀ ਉਮੀਦ ਹੈ। ਪਰ ਇਸਦੇ ਬਾਵਜੂਦ ਬਟਵਾਰੇ ਦਾ ਦਰਦ ਤੇ ਆਪਣੇ ਸੀਨੇ ਉਪਰ ਫਿਰਕੂ ਮਜ਼ਹਬੀ ਕਹਿਰ ਝੱਲਣ ਵਾਲੀਆਂ ਕੁਝ ਬਜ਼ੁਰਗ ਰੂਹਾਂ ਅੱਜ ਵੀ ਆਪਣੇ ਬੀਤੇ ਹੋਏ ਵਕਤ ਨੂੰ ਯਾਦ ਕਰਕੇ ਰੱਬ ਅੱਗੇ ਅਰਦਾਸ ਕਰਦੀਆਂ ਹੋਈਆਂ ਨਜ਼ਰ ਆਉਂਦੀਆਂ ਹਨ ਕਿ ਦੋਹਾਂ ਮੁਲਕਾਂ ਦੀ ਸਰਹੱਦ ਉਪਰ ਲੱਗੀ ਕੰਡਿਆਲੀ ਤਾਰ ਲਾਹ ਕੇ ਭਾਰਤ-ਪਾਕਿ ਮੁਲਕਾਂ ਵਿਚ ਵਸਣ ਵਾਲੇ ਲੋਕਾਂ ਦੀ ਆਪਸੀ ਪਿਆਰ ਵਾਲੀ ਤੰਤ ਮੁੜ ਮਜ਼ਬੂਤ ਹੋ ਸਕੇ। ਸੰਨ 1947 ਦੌਰਾਨ ਹੋਏ ਦੇਸ਼ ਦੇ ਬਟਵਾਰੇ ਦਾ ਸੰਤਾਪ ਦੇਖਣ ਤੇ ਹੰਢਾਉਣ ਵਾਲੀਆਂ ਕੁਝ ਬਜ਼ੁਰਗ ਸ਼ਖ਼ਸੀਅਤਾਂ ਨਾਲ ਵਿਸ਼ੇਸ਼ ਤੌਰ ‘ਤੇ ਕੀਤੀ ਗਈ ਗੱਲਬਾਤ ਦੇ ਪੇਸ਼ ਹਨ ਕੁਝ ਅੰਸ਼ :
ਪੀੜ ਹੈ ਬਰਕਰਾਰ : ਭਾਰਤ-ਪਾਕਿ ਬਟਵਾਰੇ ਦਾ ਭਿਆਨਕ ਸੰਤਾਪ ਹੰਢਾਉਣ ਵਾਲੇ ਅਤੇ ਉਕਤ ਵੰਡ ਦੇ ਦੁਖਾਂਤ ਨੂੰ ਆਪਣੀ ਲਿਖੀ ਪੁਸਤਕ ‘ਸੱਚੀ ਕਹਾਣੀ ਬਟਵਾਰੇ ਦੀ’ ਰਾਹੀਂ ਲੋਕਾਂ ਦੇ ਸਨਮੁੱਖ ਬਿਆਨ ਕਰਨ ਵਾਲੇ ਉਤੇ ਵਿਦਵਾਨ ਲਿਖਾਰੀ ਸ. ਈਸ਼ਰ ਸਿੰਘ ਸੋਬਤੀ ਨੇ ਮੁਲਕ ਦੇ ਬਟਵਾਰੇ ਸਬੰਧੀ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਇਹ ਬਟਵਾਰਾ ਦੁਨੀਆ ਦਾ ਸਭ ਤੋਂ ਦੁਖਦਾਈ ਬਟਵਾਰਾ ਸੀ ਅਤੇ ਪਹਿਲੀ ਵਾਰ ਸੀ ਜਦੋਂ ਧਰਮ ਦੇ ਨਾਂ ‘ਤੇ ਦੇਸ਼ ਦੀ ਵੰਡ ਹੋਈ ਅਤੇ ਲੱਖਾਂ ਲੋਕ ਇਸ ਤੋਂ ਪ੍ਰਭਾਵਿਤ ਹੋਏ।
ਦਿਲਾਂ ਨੂੰ ਨਹੀਂ ਵੰਡ ਸਕਦੀ ਤਾਰ : ਇਸੇ ਤਰ੍ਹਾਂ ਹੀ 1947 ਦੌਰਾਨ ਹੋਈ ਦੇਸ਼ ਦੀ ਵੰਡ ਦੇ ਭਿਆਨਕ ਦੌਰ ਨੂੰ ਦੇਖਣ ਵਾਲੇ ਬਲਦੇਵ ਰਾਜ ਨੇ ਕਿਹਾ ਕਿ ਆਪਣਾ ਘਰ ਕੌਣ ਛੱਡਣਾ ਚਾਹੁੰਦਾ ਹੈ ਪਰ ਜਾਨ ਬਚਾਉਣ ਲਈ ਛੱਡਣਾ ਪਿਆ, ਜਿਸ ਦਾ ਦਰਦ ਅੱਜ ਤੱਕ ਸਤਾ ਰਿਹਾ ਹੈ। ਦੇਸ਼ ਦੀ ਵੰਡ ਦਾ ਸੰਤਾਪ ਭੋਗਣ ਵਾਲੇ ਜੰਮੂ ਕਸ਼ਮੀਰ ਦੇ ਜ਼ਿਲ੍ਹਾ ਬਾਰਾਮੂਲਾ ਦੇ ਨਿਵਾਸੀ ਮੁਹੰਮਦ ਮੁਸ਼ਤਾਕ ਨੇ ਕਿਹਾ ਕਿ ਸਿਆਸੀ ਆਗੂਆਂ ਦੀ ਵੱਡੀ ਨਲਾਇਕੀ ਸਦਕਾ ਉਹ ਮੁਲਕ ਦੇ ਬਟਵਾਰੇ ਦਾ ਸੰਤਾਪ ਅੱਜ ਵੀ ਭੋਗ ਰਹੇ ਹਨ। 1947 ਵਿਚ ਹੋਈ ਕਸ਼ਮੀਰ ਦੀ ਵੰਡ ਦੌਰਾਨ ਉਸਦੇ ਪਰਿਵਾਰਕ ਮੈਂਬਰ ਤੇ ਰਿਸ਼ਤੇਦਾਰ ਮਕਬੂਜਾ ਕਸ਼ਮੀਰ ਅੰਦਰ ਹੀ ਰਹਿ ਗਏ ਸਨ, ਜਿਨ੍ਹਾਂ ਨੂੰ ਮਿਲਣ ਦੀ ਚਾਹਤ ਹਰ ਦਮ ਬਰਕਰਾਰ ਰਹਿੰਦੀ ਹੈ, ਪਰ ਸਰਹੱਦਾਂ ਉਤੇ ਪਾਈਆਂ ਗਈਆਂ ਲਕੀਰਾਂ ਹਮੇਸ਼ਾ ਲਈ ਸਾਡੇ ਮਿਲਣ ਵਿਚ ਅੜਿੱਕਾ ਬਣ ਚੁੱਕੀਆਂ ਹਨ। ਉਹਨਾਂ ਕਿਹਾ ਕਿ ਕੰਡਿਆਲੀ ਤਾਰ ਦੋਹਾਂ ਮੁਲਕਾਂ ਨੂੰ ਤਾਂ ਵੰਡ ਸਕਦੀ ਹੈ, ਪਰ ਲੋਕਾਂ ਦੇ ਦਿਲਾਂ ਨੂੰ ਨਹੀਂ ਵੰਡ ਸਕਦੀ।
ਔਖਾ ਹੈ ਵੰਡ ਦੇ ਦਰਦ ਨੂੰ ਭੁੱਲਣਾ
ਦੇਸ਼ ਦੀ ਵੰਡ ਦੇ ਫਿਰਕੂ ਸੰਤਾਪ ਨੂੰ ਦੇਖਣ ਵਾਲੀ ਅਤੇ ਆਪਣਾ ਘਰ-ਬਾਹਰ, ਜ਼ਮੀਨ-ਜਾਇਦਾਦ ਛੱਡ ਕੇ ਕੇਵਲ ਪਰਿਵਾਰਕ ਮੈਂਬਰਾਂ ਨਾਲ ਆਪਣੀਆਂ ਕੀਮਤੀ ਜਾਨਾਂ ਬਚਾ ਕੇ ਪਾਕਿਸਤਾਨ ਦੇ ਸੂਬਾ ਸਿੰਧ ਤੋਂ ਉਜੜ ਕੇ ਲੌਡੂਵਾਲ (ਲੁਧਿਆਣਾ) ਵਿਖੇ ਪੁੱਜੀ ਬੀਬੀ ਹਰਸ਼ਰਨ ਕੌਰ ਨੇ ਆਪਣਾ ਦਰਦ ਬਿਆਨ ਕਰਦਿਆਂ ਕਿਹਾ ਕਿ ਦੇਸ਼ ਦੀ ਆਜ਼ਾਦੀ ਤੋਂ ਪਹਿਲਾਂ ਸਾਡੇ ਪਰਿਵਾਰ ਨੂੰ ਚਿੱਤ-ਚੇਤਾ ਵੀ ਨਹੀਂ ਸੀ ਕਿ ਇੰਨੀ ਵੱਡੀ ਜਾਗੀਰ, ਜਾਇਦਾਦ ਦੇ ਮਾਲਕਾਂ ਨੂੰ ਇਕ ਦਿਨ ਆਪਣਾ ਸਭ ਕੁਝ ਛੱਡ ਕੇ ਖਾਲੀ ਹੱਥ ਆਪਣੇ ਦੇਸ਼ ਅੰਦਰੋਂ ਨਿਕਲਣ ਲਈ ਮਜਬੂਰ ਹੋਣਾ ਪਵੇਗਾ। ਆਪਣੀ ਹੱਡ ਬੀਤੀ ਨੂੂੰ ਬਿਆਨ ਕਰਦਿਆਂ ਉਨ੍ਹਾਂ ਨੇ ਕਿਹਾ ਕਿ ਬਟਵਾਰੇ ਦੀ ਲੱਗੀ ਫਿਰਕੂ ਅੱਗ ਦੌਰਾਨ ਜੋ ਕਤਲੋ ਗਾਰਤ ਹੋਈ ਉਹ ਮਨੁੱਖਤਾ ਦੇ ਮੱਥੇ ਉਪਰ ਵੱਡਾ ਕਲੰਕ ਸੀ। ਸਮੇਂ ਦੇ ਚੱਲਦੇ ਅਨੁਸਾਰ ਬੇਸ਼ੱਕ ਦੋਹਾਂ ਮੁਲਕਾਂ ਵਿਚ ਕੁਝ ਹੱਦ ਤੱਕ ਆਪਸੀ ਕੁੜੱਤਣ ਘਟੀ ਹੈ ਅਤੇ ਆਪਸੀ ਭਾਈਚਾਰਕ ਸਾਂਝ ਵੀ ਵਧੀ ਹੈ। ਪਰ ਬਟਵਾਰੇ ਦੇ ਭਿਆਨਕ ਦਰਦ ਨੂੰ ਭੁਲਾਉਣਾ ਉਨ੍ਹਾਂ ਲਈ ਬਹੁਤ ਔਖਾ ਹੈ।ਖਾਸ ਕਰਕੇ ਆਜ਼ਾਦੀ ਵਾਲੇ ਦਿਨਾਂ ਦੌਰਾਨ ਹੋਈ ਕਤਲੋ ਗਾਰਤ ਦਾ ਖੌਫਨਾਕ ਸੀਨ ਅੱਜ ਉਨ੍ਹਾਂ ਦੇ ਦਿਲੋ ਦਿਮਾਗ ਅੰਦਰ ਘੁੰਮਦਾ ਹੋਇਆ ਨਜ਼ਰ ਆਉਂਦਾ ਹੈ।
ਵਤਨ ਵਿਛੋੜਾ
ਵੱਢ-ਟੁੱਕ, ਉਧਾਲੇ, ਜਬਰ-ਜਨਾਹ, ਲੁੱਟ-ਮਾਰ, ਖੂਨ-ਖਰਾਬਾ ਹੋ ਚੁੱਕਾ ਸੀ। ਜਿਹੜੇ ਮਾਰੇ ਗਏ, ਵੱਢੇ ਗਏ ਉਨ੍ਹਾਂ ਦਾ ਨਾ ਕਿਸੇ ਇਤਿਹਾਸ ਦੇ ਵਰਕੇ ‘ਤੇ ਨਹੀਂ ਸੀ। ਜਿਹੜੀਆਂ ਔਰਤਾਂ ਉਧਾਲੀਆਂ ਗਈਆਂ ਉਨ੍ਹਾਂ ਦੇ ਧਰਮ ਬਦਲ ਦਿੱਤੇ ਗਏ। ਕਿਤੇ ਉਨ੍ਹਾਂ ਦੇ ਨਿਕਾਹ ਹੋ ਰਹੇ ਸਨ ਕਿਤੇ ਉਹ ਕੌਰਾਂ ਬਣ ਗਈਆਂ। ਇਹ ਇਕ ਭਿਆਨਕ ਸੁਪਨਾ ਸੀ ਜਾਂ ਹਕੀਕਤ ਇਹਦਾ ਫੈਸਲਾ ਅਜੇ ਇਤਿਹਾਸ ਨੇ ਕਰਨਾ ਹੈ ਕਿ ਨਫਰਤ ਦੇ ਬੀਜ ਰਕਤਬੀਜ ਕਿਵੇਂ ਬਣਦੇ ਹਨ। ਹਮਸਾਇਆਂ ਵਿਚਕਾਰ ਦੀਵਾਰਾਂ ਕਿਵੇਂ ਉਸਰਦੀਆਂ ਹਨ। ਵਕਤ ਕੱਲ੍ਹ ਹੋਰ ਸਨ ਅੱਜ ਹੋਰ ਹਨ ਤੇ ਪਤਾ ਨਹੀਂ ਭਵਿੱਖ ਵਿਚ ਕਿਹੋ ਜਿਹੇ ਹੋਣਗੇ। ਇਹ ਸਾਰਾ ਕੁਝ ਵੈਦ ਪੰਡਿਤ ਭਵਾਨੀ ਦਾਸ ਕਸੂਰ ਵਾਲੇ ਦੀਆਂ ਅੱਖਾਂ ਸਾਹਮਣੇ ਵਾਪਰਿਆ ਸੀ। ਛੇ ਫੁੱਟ ਕੱਦ, ਸਿਰ ‘ਤੇ ਚਿੱਟੀ ਸਫੈਦ ਪਗੜੀ, ਕੰਨਾਂ ਵਿਚ ਨੱਤੀਆਂ, ਲੰਮੀ ਕਾਲੀ ਅਚਰਨ ਤੇ ਪੈਰੀਂ ਕਸੂਰੀ ਜੁੱਤੀ ਚੇਨ ਨਾਲ ਬੱਝੀ ਜੇਬੀ ਘੜੀ ਕਸੂਰ ਦੇ ਆਸੇ ਪਾਸੇ ਰੱਬ ਤੋਂ ਬਾਅਦ ਕੋਈ ਪਵਿੱਤਰ ਨਾਂ ਭਵਾਨੀ ਦਾਸ ਦਾ ਗੂੰਜਦਾ ਸੀ। ਕੋਈ ਵੀ ਬਿਮਾਰ ਅਜਿਹਾ ਨਹੀਂ ਸੀ ਜਿਹੜਾ ਉਹਦੀ ਦਵਾਈ ਬੂਟੀ ਨਾਲ ਰਾਜ਼ੀ ਨਾ ਹੋਇਆ ਹੋਵੇ। ਉਹਦੇ ਹੱਥਾਂ ਵਿਚ ਸ਼ਫਾ ਸੀ। ਉਹ ਹਰ ਇਕ ਦੀ ਨਬਜ਼ ਟੋਂਹਦਾ, ਅੱਖਾਂ ਦੇਖਦਾ, ਜੀਭ ਪਰਖਦਾ, ਪੇਟ ਵਿਚ ਉਂਗਲ ਖੋਭਦਾ ਤੇ ਝਟ ਉਸ ਨੂੰ ਮਰਜ਼ ਸਮਝ ਆ ਜਾਂਦਾ। ਉਹ ਆਪਣੇ ਹੱਥੀਂ ਪੁੜੀਆਂ ਬੰਨ੍ਹਦਾ। ਦਵਾਈ ਤੇ ਖਾਣ-ਪੀਣ ਦੀਆਂ ਹਦਾਇਤਾਂ ਦੇਂਦਾ ਮਰੀਜ਼ ਨੂੰ ਤੋਰ ਦਿੰਦਾ। ਉਜਾੜੇ ਨੇ ਸਭ ਕੁਝ ਤਬਾਹ ਕਰ ਦਿੱਤਾ। ਵੈਦ ਜੀ ਲੁੱਟੇ ਗਏ। ਸਾਰੀ ਸ਼ਫਾ ਜਿਵੇਂ ਇਕ ਵਾਰ ਕਫੂਰ ਹੋ ਗਈ। ਜਿਹੜੇ ਮਰੀਜ਼ਾਂ ਨੂੰ ਰਾਜ਼ੀ ਕੀਤਾ ਸੀ ਉਹ ਜਾਨ ਦਾ ਖੌਅ ਬਣ ਗਏ। ਭਵਾਨੀ ਦਾਸ ਬਾਲ ਬੱਚਾ, ਨਿੱਕ-ਸੁੱਕ ਦਵਾਈਆਂ ਦੀ ਸ਼ੀਸੀਆਂ ਪੋਟਲੀਆਂ ‘ਚ ਬੰਨ੍ਹ ਤੁਰ ਪਏ, ਪਤਾ ਨਹੀਂ ਸੀ ਕਿ ਕਿੱਥੇ ਜਾਣਾ ਹੈ। ਕਈ ਦਿਨਾਂ ਬਾਅਦ ਕਾਫਲੇ ਰੁਕਦੇ ਤੁਰਦੇ ਸਰਹੱਦ ਪਾਰ ਕਰ ਕੇ ਖਿੰਡ ਗਏ। ਆਰਜ਼ੀ ਕੈਂਪਾਂ ਵਿਚ ਗੁਆਚਿਆਂ ਦੀ ਭਾਲ ਹੋਣ ਲੱਗੀ। ਪੰਡਿਤ ਜੀ ਇਕ ਕੈਂਪ ਦੀ ਸ਼ਰਨ ‘ਚ ਆ ਗਏ। ਕੈਂਪਾਂ ਵਿਚ ਬਿਮਾਰਾਂ ਦੀਆਂ ਧਾੜਾਂ ਕੁਰਲਾ ਰਹੀਆਂ ਸਨ। ਉਨ੍ਹਾਂ ਪੋਟਲੀਆਂ ਖੋਲ੍ਹੀਆਂ ਤੇ ਦਵਾਵਾਂ ਵੰਡਣ ਲੱਗੇ ਦੁਆਵਾਂ ਇਕੱਠੀਆਂ ਕਰਨ ਲੱਗੇ। ਅੰਤ ਗੁਰੂ ਕੀ ਨਗਰੀ ਵਿਚ ਉਨ੍ਹਾਂ ਨੂੰ ਕਸੂਰ ਦੇ ਸਫਾਖਾਨੇ ਬਦਲੇ ਇਕ ਮੁਸਲਮਾਨ ਲੁਹਾਰ ਦੀ ਦੁਕਾਨ ਅਲਾਟ ਹੋ ਗਈ। ਉਨ੍ਹਾਂ ਨੇ ਫਿਰ ਦਵਾਵਾਂ ਬੀੜ ਲਈਆਂ। ਰੋਜ਼ ਦਵਾਈਆਂ ਕੁੱਟਦੇ, ਛਾਣਦੇ, ਕਾਹੜੇ ਬਣਾਂਦੇ। ਅਰਕ ਕੱਢਦੇ ਪਰ ਇਸ ਪਰਾਈ ਧਰਤੀ ‘ਤੇ ਉਨ੍ਹਾਂ ਦੇ ਮਰੀਜ਼ ਨਹੀਂ ਸਨ। ਸਵੇਰੇ ਨੇਮ ਨਾਲ ਉਹ ਆ ਜਾਂਦੇ। ਉਨ੍ਹਾਂ ਦਾ ਇਕੋ ਇਕ ਪੁੱਤ ਆਗਿਆ ਰਾਮ ਵੀ ਆ ਜਾਂਦਾ। ਵੈਦ ਜੀ ਦਰਸ਼ਨੀ ਕੁਰਸੀ ‘ਤੇ ਸਜ ਜਾਂਦੇ ਪਰ ਸਾਰਾ ਦਿਨ ਝਖ ਮਾਰਦਿਆਂ ਲੰਘ ਜਾਂਦਾ। ਦਿਨੇ ਉਹ ਕਸੂਰ ਨੂੰ ਯਾਦ ਕਰਦੇ। ਸੋਚਦੇ ਹੈ ਹੀ ਕਿੰਨਾ ਹੈ ਇਥੋਂ ਕਸੂਰ ਪੱਟੀਓਂ ਪਾਰ। ਕਈ ਵਾਰ ਪੱਟੀ ਗਏ। ਪਰ ਕਸੂਰ ਹੁਣ ਸਰਹੱਦ ਪਾਰ ਸੀ। ਵਤਨ ਵਿਛੋੜਾ ਉਨ੍ਹਾਂ ਲਈ ਘਾਤਕ ਰੋਗ ਬਣਦਾ ਜਾ ਰਿਹਾ ਸੀ। ਰਾਤ ਉਨ੍ਹਾਂ ਨੂੰ ਕਸੂਰ ਦੇ ਸੁਪਨੇ ਆਉਂਦੇ। ਦਿਨੇ ਉਹ ਭੁੱਖਣ ਭਾਣੇ ਸੁੱਕਣ ਲੱਗੇ। ਘਰ ਵਿਚ ਹੱਥ ਤੰਗ ਹੋਣ ਲੱਗਾ। ਕਿਤੋਂ ਕੋਈ ਮਰਦ ਦੀ ਆਸ ਨਹੀਂ ਸੀ। ਸ਼ਰਨਾਰਥੀ ਹੋਣਾ ਉਨ੍ਹਾਂ ਲਈ ਅਸਹਿ ਸੀ। ਗਲੀ ਗੁਆਂਢ ਉਨ੍ਹਾਂ ਦੇ ਘਰ ਨੂੰ ਸ਼ਰਨਾਰਥੀਆਂ ਦਾ ਵਸੇਬਾ ਕਹਿੰਦਾ। ਹੁਣ ਕਦੇ ਕਦਾਈਂ ਕੋਈ ਭੁੱਲਾ ਭਟਕਿਆ। ਮਰੀਜ਼ ਉਨ੍ਹਾਂ ਕੋਲ ਆਉਂਦਾ ਤਾਂ ਉਹ ਵਤਨ ਦੀਆਂ ਗੱਲਾਂ ਵਧੇਰੇ ਕਰਦੇ ਦਵਾਈ ਤੇ ਮਰਜ਼ ਦੀਆਂ ਘੱਟ। ਹੱਥਾਂ ਵਿਚੋਂ ਸ਼ਫਾ ਕਿਰਨ ਲੱਗੀ। ਭਾਵੇਂ ਆਗਿਆ ਰਾਮ ਨੇ ਦਵਾ ਬੂਟੀ ਦਾ ਗਿਆਨ ਹਾਸਲ ਕਰ ਲਿਆ ਸੀ ਪਰ ਸਮੇਂ ਬਦਲਣ ਲੱਗ ਪਏ ਸਨ। ਵੈਦਾਂ ਦੀ ਬਜਾਏ ਲੋਕ ਡਾਕਟਰਾਂ ਕੋਲ ਜਾਣ ਲੱਗੇ ਸਨ।
ਵੈਦ ਪੰਡਿਤ ਭਵਾਨੀ ਦਾਸ ਦਾ ਉਰਦੂ ਤੇ ਪੰਜਾਬੀ ਵਿਚ ਲਿਖਿਆ ਕਾਲੇ ਰੰਗ ‘ਤੇ ਚਿੱਟੇ ਅੱਖਰਾਂ ਵਾਲਾ ਬੋਰਡ ਮਟਮੈਲਾ ਹੋ ਗਿਆ ਸੀ। ਦਵਾਈਆਂ ਦੀਆਂ ਕੱਚ ਦੀਆਂ ਬੋਤਲਾਂ ‘ਤੇ ਲਿਖੇ ਨਾਂ ਫਿੱਕੇ ਪੈਣ ਲੱਗ ਪਏ ਸਨ। ਸਮੇਂ ਨੇ ਅੰਤਮ ਸਮਾਂ ਹੋਰ ਨੇੜੇ ਕਰ ਦਿੱਤਾ ਸੀ ਤੇ ਇਕ ਦਿਨ ਅਧਰੰਗ ਦੇ ਦੌਰੇ ਨੇ ਉਨ੍ਹਾਂ ਦੀ ਜਾਨ ਲੈ ਲਈ। ਜਿਵੇਂ ਰੂਹ ਵਤਨਾਂ ਨੂੰ ਮੁੜ ਗਈ ਹੋਵੇ। ਵਤਨ ਕਿਹੜਾ ਦੂਰ ਸੀ। ਪੱਟੀ ਦੇ ਸਾਹਮਣੇ ਕਸੂਰ ਸੀ। ਸਰਹੱਦ ਤਾਂ ਬੰਦਿਆਂ ਲਈ ਹੁੰਦੀ ਹੈ। ਰੂਹਾਂ ਲਈ ਕੋਈ ਸਰਹੱਦ ਨਹੀਂ ਹੁੰਦੀ।
ਅੰਗਰੇਜ਼ਾਂ ਦੇ ਅੱਤਿਆਚਾਰਾਂ ਦਾ ਪ੍ਰਤੱਖ ਗਵਾਹ ਜੱਲ੍ਹਿਆਂਵਾਲਾ ਬਾਗ
ਅਸੀਂ ਦੇਸ਼ ਦੀ ਅਜ਼ਾਦੀ ਦੇ 70 ਵਰ੍ਹੇ ਪੂਰੇ ਹੋਣ ਦੇ ਜਸ਼ਨ ਮਨਾ ਰਹੇ ਹਾਂ। ਇਸ ਅਜ਼ਾਦੀ ਨੂੰ ਸਾਕਾਰ ਰੂਪ ਦੇਣ ਲਈ ਭਾਰਤੀਆਂ ਨੇ ਇਕਮੁੱਠ ਹੋ ਕੇ ਆਪਣਾ ਖੂਨ ਵਹਾਇਆ ਤੇ ਜ਼ਾਲਮ ਗੋਰਿਆਂ ਨੂੰ ਭੱਜਣ ਲਈ ਮਜਬੂਰ ਕਰ ਦਿੱਤਾ। ਦੇਸ਼ ਦੀ ਅਜ਼ਾਦੀ ਲਈ ਯੋਧਿਆਂ ਨੇ ਮਹਾਨ ਕੁਰਬਾਨੀਆਂ ਕੀਤੀਆਂ। ਹਿੰਦੂ, ਸਿੱਖਾਂ, ਮੁਸਲਮਾਨਾਂ ਅਤੇ ਇਸਾਈਆਂ ਵਲੋਂ ਅੰਗਰੇਜ਼ ਹਕੂਮਤ ਖਿਲਾਫ ਕੀਤੀ ਗਈ ਜੱਦੋ ਜਹਿਦ ਦੀ ਪ੍ਰਤੱਖ ਮਿਸਾਲ ਹੈ ਜੱਲ੍ਹਿਆਂਵਾਲਾ ਬਾਗ ਜਿੱਥੇ ਬਰਤਾਨਵੀ ਸਰਕਾਰ ਨੇ ਨਿਹੱਥੇ ਭਾਰਤੀ ਜਿਨ੍ਹਾਂ ਵਿਚ ਔਰਤਾਂ ਤੇ ਬੱਚੇ ਵੀ ਸ਼ਾਮਲ ਸਨ, ਨੂੰ ਗੋਲੀਆਂ ਨਾਲ ਮਾਰ ਮੁਕਾਇਆ। ਅੰਗਰੇਜ਼ਾਂ ਦੇ ਇਸ ਗੈਰ ਮਨੁੱਖੀ ਕਾਰੇ ਨੇ, ਜਿੱਥੇ ਉਹਨਾਂ ਦੀ ਸੋਚ ਨੂੰ ਮੋਕਲਾ ਕੀਤਾ, ਉਥੇ ਉਹਨਾਂ ਦੇ ਸ਼ਾਸਨ ਦੀ ਕਬਰ ਵੀ ਪੁੱਟ ਦਿੱਤੀ ਅਤੇ 15 ਅਗਸਤ 1947 ਦੀ ਸਵੇਰ ਦੇਸ਼ ਵਾਸੀਆਂ ਲਈ ਅਜਿਹਾ ਸੂਰਜ ਲੈ ਕੇ ਆਈ, ਜਿਸ ਨੇ ਭਾਰਤੀਆਂ ਲਈ ਖੁੱਲ੍ਹੇ ਆਸਮਾਨ ਵਿਚ ਸਾਹ ਲੈਣ ਤੇ ਅਜ਼ਾਦ ਵਿਚਰਨ ਦਾ ਪਿੜ੍ਹ ਬੰਨ ਦਿੱਤਾ।
ਖੂਨੀ ਕਤਲੇਆਮ ਦੀ ਗਾਥਾ ਬਿਆਨ ਕਰਦੇ ਗੋਲੀਆਂ ਦੇ ਨਿਸ਼ਾਨ
ਜੱਲ੍ਹਿਆਂਵਾਲਾ ਬਾਗ ਵਿਚ ਸੱਜੇ ਤੇ ਖੱਬੇ ਪਾਸੇ ਅੱਗੇ ਜਾ ਕੇ ਕੰਧਾਂ ‘ਤੇ ਗੋਲੀਆਂ ਦੇ ਨਿਸ਼ਾਨ ਅਜੇ ਵੀ ਕਾਇਮ ਹਨ। ਅੰਗਰੇਜ਼ਾਂ ਦੇ ਘੋਰ ਅੱਤਿਆਚਾਰ ਦੀ ਇਤਿਹਾਸਕ ਘਟਨਾ ਦਾ ਪ੍ਰਤੱਖ ਦ੍ਰਿਸ਼ਟਾਂਤ ਪੇਸ਼ ਕਰਦੀਆਂ ਇਨ੍ਹਾਂ ਕੰਧਾਂ ਨੂੰ ਵਿਸ਼ੇਸ਼ ਰੂਪ ਵਿਚ ਸੰਭਾਲਿਆ ਗਿਆ ਹੈ। ਇਨ੍ਹਾਂ ਕੰਧਾਂ ਦੁਆਲੇ ਸ਼ੀਸ਼ੇ ਦੀ ਵਾੜ ਕੀਤੀ ਗਈ ਹੈ। ਇਕ ਕੰਧ ‘ਤੇ 28 ਤੇ ਇਕ ਕੰਧ ‘ਤੇ 36 ਦੇ ਕਰੀਬ ਗੋਲੀਆਂ ਦੇ ਨਿਸ਼ਾਨ ਅਜੇ ਵੀ ਸਜੀਵ ਹਨ। ਇਨ੍ਹਾਂ ਨਿਸ਼ਾਨਾਂ ਨੂੰ ਚਿੱਟੇ ਰੰਗ ਦੇ ਪੇਂਟ ਨਾਲ ਉਘਾੜਿਆ ਗਿਆ ਹੈ। ਇਕੱਠੇ ਹੋਏ ਨਿਹੱਥੇ ਭਾਰਤੀਆਂ ਨੂੰ ਭੁੰਨਣ ਲਈ ਗੋਰੇ ਸਿਪਾਹੀਆਂ ਨੇ 1650 ਰਾਊਂਡ ਫਾਇਰ ਕੀਤੇ। ਸ਼ਹੀਦੀ ਖੂਹ ਬਾਗ ਵਿਚ ‘ਸ਼ਹੀਦੀ ਖੂਹ’ ਨੂੰ ਲੋਕ ਸਿਜਦਾ ਕਰਨ ਤੋਂ ਨਹੀਂ ਭੁੱਲਦੇ। ਕਈ ਮਰਦ ਅਤੇ ਔਰਤਾਂ ਨੇ ਬੱਚਿਆਂ ਸਮੇਤ ਜਾਨਾਂ ਬਚਾਉਣ ਲਈ ਇਸ ਖੂਹ ਵਿਚ ਛਾਲਾਂ ਮਾਰ ਦਿੱਤੀਆਂ ਤੇ ਸ਼ਹੀਦ ਹੋ ਗਏ। ਲੂਕੰਡੇ ਖੜ੍ਹੇ ਕਰਨ ਵਾਲੀ ਘਟਨਾ ਤੋਂ ਭਾਰਤੀਆਂ ਦੀਆਂ ਕੁਰਬਾਨੀਆਂ ਦਾ ਪਤਾ ਲੱਗਦਾ ਹੈ। ਇਸ ਖੂਹ ਵਿਚੋਂ 120 ਲਾਸ਼ਾਂ ਮਿਲੀਆਂ ਸਨ।
ਭਾਰਤੀਆਂ ਨੇ ਡੋਲ੍ਹਿਆ ਖੂਨ
ਘਟਨਾ 13 ਅਪ੍ਰੈਲ 1919 ਦੀ ਵਿਸਾਖੀ ਵਾਲੇ ਦਿਨ ਦੀ ਹੈ। ਅੰਗਰੇਜ਼ਾਂ ਨੇ 21 ਮਾਰਚ 1919 ਦੀ ਵਿਸਾਖੀ ਵਾਲੇ ਦਿਨ ਦੀ ਹੈ। ਅੰਗਰੇਜ਼ਾਂ ਨੇ 21 ਮਾਰਚ 1919 ਨੂੰ ਰੋਲਟ ਐਕਟ ਨਾਂ ਦਾ ਕਾਲਾ ਕਾਨੂੰਨ ਲਾਗੂ ਕਰ ਦਿੱਤਾ। ਦੇਸ਼ ਭਰ ਵਿਚ ਇਸ ਖਿਲਾਫ ਆਵਾਜ਼ ਉਠੀ। ਅੰਮ੍ਰਿਤਸਰ ਤੇ ਲਾਹੌਰ ਵਿਚ ਵੱਡਾ ਤੂਫਾਨ ਉਠਿਆ ਤਾਂ ਲੈਫਟੀਨੈਂਟ ਗਵਰਨਰ ਮਾਈਵਲ ਓਡਵਾਇਰ ਨੇ ਪੰਜਾਬ ਵੱਲ ਚਾਲੇ ਪਾਉਣ ‘ਤੇ ਮਹਾਤਮਾ ਗਾਂਧੀ ਤੇ ਹੋਰ ਸਿਰਕੱਢ ਆਗੂਆਂ ਨੂੰ ਗ੍ਰਿਫਤਾਰ ਕਰ ਲਿਆ, ਪਰ ਮੁਜ਼ਾਹਰਾ ਕਰਨ ਲਈ ਅੰਮ੍ਰਿਤਸਰੀਏ ਨਾ ਟਲੇ। ਜਲ੍ਹਿਆਂਵਾਲਾ ਬਾਗ ਵਿਚ ਇਕੱਠ ਹੋਇਆ। ਪ੍ਰਸ਼ਾਸਨ ਬ੍ਰਿਗੇਡੀਅਰ ਰੇਜ਼ੀਨੋਲਡ ਐਡਵਰਡ ਹੈਰੀ ਡਾਇਰਨੇ ਲੋਕਾਂ ‘ਤੇ ਗੋਲੀਆਂ ਵਰ੍ਹਾਉਣ ਦਾ ਹੁਕਮ ਦੇ ਦਿੱਤਾ। ਬਾਗ ਵਿਚ ਦਾਖਲ ਹੋਣ ਤੇ ਬਾਹਰ ਨਿਕਲਣ ਦਾ ਇਕੋ ਰਾਹ ਤੰਗ ਗਲੀ ਸੀ, ਜਿਸ ਦੇ ਸਾਹਮਣੇ ਖਲੋ ਕੇ ਸਿਪਾਹੀਆਂ ਨੇ ਗੋਲੀਆਂ ਦੀ ਵਾਛੜ ਕਰ ਦਿੱਤੀ। ਇਸ ਹੱਤਿਆ ਕਾਂਡ ਵਿਚ 379 ਨਿਰਦੋਸ਼ ਵਿਅਕਤੀ ਮਾਰੇ ਗਏ।
ਸਾਂਭ ਸੰਭਾਲ ਨੂੰ ਤਰਸਦੀਆਂ ਸ਼ਹੀਦ ਊਧਮ ਸਿੰਘ ਦੀਆਂ ਅਸਥੀਆਂ
ਜੱਲ੍ਹਿਆਂਵਾਲਾ ਬਾਗ ਦੇ ਐਨ ਖੱਬੇ ਪਾਸੇ ਬਣੇ ਸੋਵੀਨੀਅਰ ਨਾਲ ਵਿਚ ਖੂਨੀ ਕਤਲੇਆਮ ਦੀ ਦਾਸਤਾਂ ਪੇਸ਼ ਕਰਦੀਆਂ ਉਦੋਂ ਦੀਆਂ ਅਖਬਾਰਾਂ ਦੀਆਂ ਸੁਰਖੀਆਂ ਦੀਆਂ ਕਟਿੰਗਾਂ, ਸ਼ਹੀਦਾਂ ਦੀਆਂ ਤਸਵੀਰਾਂ ਅਤੇ ਨਾਲ ਲਿਖੀ ਇਬਾਰਤ ਨੂੰ ਸੈਲਾਨੀ ਰੋਜ਼ਾਨਾ ਗਹੁ ਨਾਲ ਵੇਖਦੇ-ਪੜ੍ਹਦੇ ਹਨ। ਹਾਲ ਦੇ ਵਿਚਕਾਰ ਬਣੇ ਸ਼ੀਸ਼ੇ ਦੇ ਵੱਡੇ ਬਕਸੇ ਵਿਚ ਉਸ ਵੇਲੇ ਖੂਨੀ ਸਾਕੇ ਵਿਚ ਸ਼ਹੀਦ ਹੋਏ ਭਾਰਤੀਆਂ ਦੀਆਂ ਤਸਵੀਰਾਂ ਹਨ, ਜਿਨ੍ਹਾਂ ਦੇ ਕੁਝ ਨਾਂ ਹਨ-ਸ਼ਹੀਦ ਹਜ਼ਾਰੀ ਲਾਲ, ਲਾਲ ਦੂਣੀ ਚੰਦ, ਮੇਵਾ ਲਾਲ, ਮੰਗਲ ਸਿੰਘ, ਚਰਨ ਦਾਸ, ਹਰਨਾਮ ਦਾਸ, ਮਦਨ ਮੋਹਨ, ਗੁਰਬਖਸ਼ ਰਾਏ ਆਦਿ। ਘਟਨਾ ਨਾਲ ਸਬੰਧਤ ਪੱਤਰ ਅਤੇ ਧੁਰ ਸੱਜੇ ਪਾਸੇ ਸ਼ਹੀਦ ਊਧਮ ਸਿੰਘ ਦੀਆਂ ਅਸਥੀਆਂ ਦੀਆਂ ਭਸਮ ਵਾਲਾ ਕਲਸ਼ ਪਿਆ ਹੈ, ਜਿਸ ਨੂੰ ਲਾਲ ਰੰਗ ਦੇ ਕੱਪੜੇ ਨਾਲ ਲਪੇਟਿਆ ਹੋਇਆ ਹੈ। ਥੱਲੇ ਪੱਤਰੀ ‘ਤੇ ਲਿਖਿਆ, ‘ਸ. ਊਧਮ ਸਿੰਘ ਦੀਆਂ ਅਸਥੀਆਂ ਜਿਨ੍ਹਾਂ ਨੂੰ 19 ਜੁਲਾਈ, 1974 ਵਿਚ ਸੋਧ ਕਰਦਿਆਂ ਊਧਮ ਸਿੰਘ ਦੇ ਨਾਂ ਅੱਗੇ ‘ਸ਼ਹੀਦ’ ਜੋੜਿਆ ਜਾਵੇ।
ਮਿੱਥੀ ਯੋਜਨਾ ਸੀ ਡਾਇਰ ਦੀ
ਜੱਲ੍ਹਿਆਂਵਾਲਾ ਬਾਗ ਚਾਰ-ਚੁਫੇਰੇ ਇਮਾਰਤਾਂ ਨਾਲ ਘਿਰਿਆ ਹੈ, ਜਿੱਥੇ ਤੰਗ ਗਲੀ ਰਾਹੀਂ ਦਾਖਲ ਹੋਇਆ ਜਾਂਦਾ ਹੈ ਤੇ ਇੱਥੋਂ ਦੀ ਬਾਹਰ ਨਿਕਲਣਾ ਪੈਂਦਾ ਹੈ। ਇਸੇ ਕਰਕੇ ਹੀ ਡਾਇਰ ਨੇ ਮਿੱਥੀ ਯੋਜਨਾ ਤਹਿਤ ਹਜ਼ਾਰਾਂ ਦੀ ਤਾਦਾਦ ਵਿਚ ਇਕੱਠੇ ਹੋਏ ਨਿਹੱਥੇ ਹਿੰਦੂਆਂ, ਸਿੱਖਾਂ, ਇਸਾਈਆਂ ਤੇ ਮੁਸਲਮਾਨਾਂ ਨੂੰ ਘੇਰ ਕੇ ਮਾਰਿਆ। ਕੋਈ ਅਗਾਊਂ ਚਿਤਾਵਨੀ ਨਾ ਦਿੱਤੀ।
ਸੈਲਾਨੀਆਂ ‘ਚ ਨਜ਼ਰ ਆਇਆ ਉਤਸ਼ਾਹ
ਐਤਵਾਰ ਨੂੰ ਸਵੇਰ ਤੋਂ ਹੀ ਤਿੱਖੀ ਗਰਮੀ ਦੇ ਬਾਵਜੂਦ ਵੱਡੀ ਗਿਣਤੀ ਵਿਚ ਸੈਲਾਨੀਆਂ ਦੀ ਭੀੜ ਇਸ ਸ਼ਹੀਦੀ ਯਾਦਗਾਰ ਨੂੰ ਵੇਖਣ ਲਈ ਪੁੱਜੀ ਹੋਈ ਸੀ। ਮੁੱਖ ਗੇਟ ਦੇ ਸਾਹਮਣੇ ਖੱਬੇ ਹੱਥ ਖੂਨਦਾਨ ਕੈਂਪ ਲੱਗਾ ਹੋਇਆ ਸੀ, ਜਿੱਥੇ ਖੂਨਦਾਨ ਕਰਨ ਲਈ ਵੱਡੀ ਗਿਣਤੀ ਵਿਚ ਲੋਕ ਕਤਾਰ ਵਿਚ ਲੱਗੇ ਨਾਂ ਲਿਖਵਾ ਰਹੇ ਸਨ। ਆਜ਼ਾਦੀ ਦਿਹਾੜਾ ਹੋਣ ਕਰਕੇ ਜੱਲ੍ਹਿਆਂਵਾਲਾ ਬਾਗ ਦੀ ਯਾਦਗਾਰ ‘ਤੇ ਸਿਜਦਾ ਕਰਨ ਵਾਲੇ ਲੋਕਾਂ ਵਿਚ ਉਤਸ਼ਾਹ ਨਜ਼ਰ ਆਇਆ। ਕੁਝ ਸੈਲਾਨੀਆਂ ਨੇ ਕਿਹਾ ਕਿ ਉਹ ਸ਼ਹੀਦਾਂ ਦੇ ਇਸ ਅਸਥਾਨ ਨੂੰ ਵੇਖਣ ਕਰਨਾਟਕ ਤੋਂ ਆਏ ਹਨ। ਬਾਗ ਵਿਚ ਆਮ ਨਾਲੋਂ ਵੱਡੀ ਗਿਣਤੀ ਵਿਚ ਵੱਖ-ਵੱਖ ਸੂਬਿਆਂ ਵਿਚੋਂ ਆਏ ਲੋਕ ਇਸ ਗੱਲ ਦਾ ਸਬੂਤ ਹਨ ਕਿ ਸਾਡਾ ਦੇਸ਼, ਦੇਸ਼ ਲਈ ਆਪਾ ਵਾਰਨ ਵਾਲੇ ਸ਼ਹੀਦਾਂ ਨੂੰ ਭੁੱਲਿਆ ਨਹੀਂ ਹੈ।
ਸ਼ਹੀਦ ਊਧਮ ਸਿੰਘ ਦਾ ਯਾਦਗਾਰੀ ਚਿੱਤਰ
ਸੋਵੀਨੀਅਰ ਹਾਲ ਦੀ ਇਕ ਕੰਧ ਦੀ ਨੁੱਕਰ ਵਿਚ ਲੱਗਾ ਚਿੱਤਰ ਸ਼ਹੀਦ ਊਧਮ ਸਿੰਘ ਦੀ ਸੂਰਮਗਤੀ ਨੂੰ ਬਿਆਨ ਕਰਦਾ ਹੈ। ਇਸ ਚਿੱਤਰ ਵਿਚ ਕੋਟ ਪੈਂਟ ਤੇ ਸਿਰ ‘ਤੇ ਟੋਪੀ ਪਾਈ ਸ਼ਹੀਦ ਊਧਮ ਸਿੰਘ ਨੂੰ ਗੋਲੀ ਚਲਾਉਣ ਮਗਰੋਂ ਕੈਕਟਸ ਹਾਲ ਵਿਚੋਂ ਹੱਥਕੜੀ ਲਗਾ ਕੇ ਬਾਹਰ ਲਿਜਾਇਆ ਜਾ ਰਿਹਾ ਹੈ, ਪਰ ਸ਼ਹੀਦ ਦੇ ਚਿਹਰੇ ‘ਤੇ ਕੀਤੇ ਦਾ ਕੋਈ ਪਛਤਾਵਾ ਨਹੀਂ ਸਗੋਂ ਮੁਸਕਰਾ ਰਿਹਾ ਹੈ। ਅਜਿਹੇ ਸ਼ਹੀਦਾਂ ਦੀ ਕੁਰਬਾਨੀ ਨੇ ਹੀ ਅੰਗਰੇਜ਼ਾਂ ਦਾ ਮੂੰਹ ਮੋੜਿਆ।