Breaking News
Home / Special Story / ਭਾਰਤ ਦੇ ਨਾਮੀ ਸਨਅਤੀ ਸ਼ਹਿਰ ਲੁਧਿਆਣਾ ਦਾ ਖੀਸਾ ਖਾਲੀ

ਭਾਰਤ ਦੇ ਨਾਮੀ ਸਨਅਤੀ ਸ਼ਹਿਰ ਲੁਧਿਆਣਾ ਦਾ ਖੀਸਾ ਖਾਲੀ

ਨਾਮ ਮਿਲਿਆ ਸਮਾਰਟ ਸਿਟੀ ਦਾ ਸਹੂਲਤਾਂ ਪੱਛੜੇ ਪਿੰਡਾਂ ਵਰਗੀਆਂ
ਲੁਧਿਆਣਾ : ਸਨਅਤੀ ਮਹਾਨਗਰ ਲੁਧਿਆਣਾ ਭਾਵੇਂ ਕੇਂਦਰੀ ਯੋਜਨਾ ‘ਸਮਾਰਟ ਸਿਟੀ’ ਦੀ ਸੂਚੀ ਵਿੱਚ ਪਹਿਲੇ ਵੀਹ ਸ਼ਹਿਰਾਂ ਵਿੱਚ ਆਪਣੀ ਹਾਜ਼ਰੀ ਲਵਾਉਣ ਵਿੱਚ ਸਫ਼ਲ ਹੋ ਗਿਆ ਹੈ ਪਰ ਹਾਲੇ ਵੀ ਸ਼ਹਿਰ ਦੇ ਕਈ ਇਲਾਕਿਆਂ ਵਿੱਚ ਲੋਕ ਪਿੰਡਾਂ ਵਾਲੀਆਂ ਸਹੂਲਤਾਂ ਭੋਗਣ ਲਈ ਮਜਬੂਰ ਹਨ। ਸ਼ਹਿਰ ਦੇ ਕੁੱਝ ਚੋਣਵੇ ਇਲਾਕਿਆਂ ਨੂੰ ਛੱਡ ਬਾਕੀਆਂ ਵਿੱਚ ਸੜਕਾਂ, ਸੀਵਰੇਜ ਅਤੇ ਜਲ ਸਪਲਾਈ ਦਾ ਮਾੜਾ ਹਾਲ ਹੈ। ਬੇਸ਼ੁਮਾਰ ਸਨਅਤੀ ਯੂਨਿਟਾਂ ਹੋਣ ਦੇ ਬਾਵਜੂਦ ਫਾਇਰ ਬ੍ਰਿਗੇਡ ਅਮਲੇ ਕੋਲ ਹੰਗਾਮੀ ਸਥਿਤੀ ਨਾਲ ਨਜਿੱਠਣ ਲੋੜੀਂਦੀ ਸਮੱਗਰੀ ਨਹੀਂ ਹੈ। ਕਈ ਇਲਾਕਿਆਂ ਵਿੱਚ ਸੀਵਰੇਜ ਜਾਮ ਹੈ ਤੇ ਬਰਸਾਤ ਦੇ ਦਿਨਾਂ ਵਿੱਚ ਕਈ ਇਲਾਕੇ ਨਹਿਰ ਦਾ ਰੂਪ ਧਾਰਨ ਕਰ ਜਾਂਦੇ ਹਨ। ਜ਼ਿਕਰਯੋਗ ਹੈ ਕਿ ਨਗਰ ਨਿਗਮ ਲੁਧਿਆਣਾ ਸੂਬੇ ਦੀ ਸਭ ਤੋਂ ਵੱਡੀ ਨਿਗਮ ਹੈ, ਪਰ ਖ਼ਜ਼ਾਨਾ ਖਾਲੀ ਹੋਣ ਕਾਰਨ ਸਨਅਤੀ ਸ਼ਹਿਰ ਦੇ ਲੋਕ ਮੁੱਢਲੀਆਂ ਸਹੂਲਤਾਂ ਤੋਂ ਵਾਂਝੇ ਹਨ। ਸ਼ਹਿਰ ਦੀ ਮੌਜੂਦਾ ਆਬਾਦੀ ਇਸ ਵੇਲੇ ਲਗਭਗ 30 ਲੱਖ ਤੋਂ ਵੱਧ ਹੈ ਤੇ ਇਸ ਨੂੰ 95 ਵਾਰਡਾਂ ਵਿੱਚ ਵੰਡਿਆ ਹੋਇਆ ਹੈ। ਸ਼ਹਿਰ ਦੇ ਕਈ ਇਲਾਕੇ ਅਜਿਹੇ ਹਨ, ਜਿੱਥੇ ਪੁਰਾਣੀ ਆਬਾਦੀ ਦੇ ਹਿਸਾਬ ਨਾਲ ਸੀਵਰੇਜ ਦੀਆਂ ਲਾਈਨਾਂ ਪਈਆਂ ਗਈਆਂ ਹਨ। ਆਬਾਦੀ ਸਮਰੱਥਾ ਤੋਂ ਵੱਧ ਹੋਣ ਕਾਰਨ ਸੀਵਰੇਜ ਜਾਮ ਹੋਣ ਦੀ ਸਮੱਸਿਆ ਆਮ ਵਰਤਾਰਾ ਬਣ ਚੁੱਕਾ ਹੈ। ਰਿਹਾਇਸ਼ੀ ਆਬਾਦੀ ਦੇ ਨਾਲ ਹੀ ਸਨਅਤੀ ਯੂਨਿਟਾਂ ਦਾ ਪਾਣੀ ਵੀ ਇਸੇ ਸੀਵਰੇਜ ਵਿੱਚ ਪੈਂਦਾ ਹੈ। ਹਾਲਾਂਕਿ ਨਿਗਮ ਵੱਲੋਂ ਤਿੰਨ ਥਾਵਾਂ ‘ਤੇ ਪੰਜ ਸੀਵਰੇਜ ਟਰੀਟਮੈਂਟ ਪਲਾਂਟ ਲਗਾਏ ਗਏ ਹਨ। ਰੋਜ਼ਾਨਾ ਸੀਵਰੇਜ ਦਾ 466 ਮਿਲੀਅਨ ਲੀਟਰ ਪਾਣੀ ਇੱਥੇ ਸੋਧਿਆ ਜਾਂਦਾ ਹੈ। ਪਰ ਇਸ ਦੇ ਬਾਵਜੂਦ 150 ਮਿਲੀਅਨ ਲਿਟਰ ਸੀਵਰੇਜ ਦਾ ਪਾਣੀ ਬਿਨਾਂ ਟਰੀਟਮੈਂਟ ਤੋਂ ਹੀ ਦਰਿਆ ਅਤੇ ਬੁੱਢੇ ਨਾਲੇ ਵਿੱਚ ਪਾਇਆ ਜਾ ਰਿਹਾ ਹੈ। ਨਿਗਮ ਵੱਲੋਂ 750 ਵੱਡੇ ਟਿਊਬਵੈੱਲ ਤੇ 250 ਛੋਟੇ ਟਿਊਬਵੈੱਲ ਲਾਏ ਜਾਣ ਦੇ ਬਾਵਜੂਦ ਸ਼ਹਿਰ ਦੇ 15 ਫੀਸਦ ਵਾਰਡ ਪਾਈਪਾਂ ਰਾਹੀਂ ਸਪਲਾਈ ਲੈਣ ਲਈ ਮਜਬੂਰ ਹਨ। ਸਨਅਤੀ ਸ਼ਹਿਰ ਦੇ ਅੱਧੇ ਤੋਂ ਵੱਧ ਵਾਰਡਾਂ ਦੀਆਂ ਸੜਕਾਂ ਟੁੱਟੀਆਂ ਹੋਈਆਂ ਹਨ ਤੇ ਪੈਚਵਰਕ ਨਾਲ ਕੰਮ ਚਲਾਇਆ ਜਾ ਰਿਹਾ ਹੈ।
ਬੇਸ਼ੁਮਾਰ ਸਨਅਤਾਂ ਸਮੋਈ ਬੈਠੇ ਲੁਧਿਆਣਾ ਸ਼ਹਿਰ ਦੀ ਫਾਇਰ ਬ੍ਰਿਗੇਡ ਕੋਲ ਪੰਜ ਫਾਇਰ ਸਟੇਸ਼ਨ ਹਨ। ਮੌਜੂਦਾ ਸਮੇਂ 16 ਅੱਗ ਬੁਝਾਊ ਗੱਡੀਆਂ ਹਨ, ਜਿਨ੍ਹਾਂ ਵਿੱਚੋਂ 6 ਗੱਡੀਆਂ ਖ਼ਰਾਬ ਹਨ। ਹਾਲਾਂਕਿ 6 ਗੱਡੀਆਂ ਨਵੀਆਂ ਵੀ ਕੁੱਝ ਸਮਾਂ ਪਹਿਲਾਂ ਹੀ ਬ੍ਰਿਗੇਡ ਨੂੰ ਮਿਲੀਆਂ ਹਨ। ਬ੍ਰਿਗੇਡ ਕੋਲ 20 ਪੱਕੇ ਮੁਲਾਜ਼ਮ ਹਨ ਤੇ ਉਨ੍ਹਾਂ ਦੇ ਨਾਲ 52 ਮੁਲਾਜ਼ਮ ਆਰਜ਼ੀ ਤੌਰ ‘ਤੇ ਰੱਖੇ ਗਏ ਹਨ। ਕੁੱਲ 72 ਮੁਲਾਜ਼ਮ ਦੋ ਸ਼ਿਫਟਾਂ ਵਿੱਚ ਕੰਮ ਕਰਦੇ ਹਨ। ਇਨ੍ਹਾਂ ਮੁਲਾਜ਼ਮਾਂ ਦੇ ਸਿਰ ਹੀ ਘਰਾਂ ਤੇ ਸਨਅਤਾਂ ਨੂੰ ਅੱਗ ਤੋਂ ਬਚਾਉਣ ਦੀ ਜ਼ਿੰਮੇਵਾਰੀ ਹੈ। ਸ਼ਹਿਰ ਵਿੱਚ ਹਾਲਾਤ ਅਜਿਹੇ ਹਨ ਕਿ ਜਿੱਥੇ ਕਿਤੇ ਅੱਗ ਲੱਗਦੀ ਹੈ ਤਾਂ ਸਾਮਾਨ ਸੁਆਹ ਕਰਕੇ ਹੀ ਬੁੱਝਦੀ ਹੈ। ਫਾਇਰ ਬ੍ਰਿਗੇਡ ਕੋਲ ਨਵੀਨਤਮ ਸਾਜ਼ੋ-ਸਾਮਾਨ ਦੀ ਵੀ ਭਾਰੀ ਕਮੀ ਹੈ।
‘ਅਮਰੁਤ’ ਯੋਜਨਾ ਤਹਿਤ ਸੀਵਰੇਜ ਤੇ ਜਲ ਸਪਲਾਈ ਸਬੰਧੀ ਕੰਮ ਜਾਰੀ: ਮੇਅਰ
ਮੇਅਰ ਬਲਕਾਰ ਸਿੰਘ ਸੰਧੂ ਦਾ ਕਹਿਣਾ ਹੈ ਕਿ ਸ਼ਹਿਰ ਵਿੱਚ ਸੀਵਰੇਜ ਤੇ ਜਲ ਸਪਲਾਈ ਲਈ ਕੇਂਦਰ ਦੀ ‘ਅਮਰੁਤ’ ਸਕੀਮ ਤਹਿਤ ਕੰਮ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸੀਵਰੇਜ ਤੇ ਜਲ ਸਪਲਾਈ ਦੀ ਸਮੱਸਿਆ ਜਲਦੀ ਹੱਲ ਹੋਵੇਗੀ। ਇਸ ਤੋਂ ਇਲਾਵਾ ਸੜਕਾਂ ‘ਤੇ ਪੈਚਵਰਕ ਲਗਾਏ ਜਾ ਰਹੇ ਹਨ ਤੇ ਜ਼ਰੂਰਤ ਮੁਤਾਬਕ ਨਵੀਆਂ ਸੜਕਾਂ ਵੀ ਬਣਾਈਆਂ ਜਾਣਗੀਆਂ। ਨਿਗਮ ਕਮਿਸ਼ਨਰ ਜਸਕਿਰਨ ਸਿੰਘ ਦਾ ਕਹਿਣਾ ਹੈ ਕਿ ਫਾਇਰ ਬ੍ਰਿਗੇਡ ਦੇ ਨਵੀਨੀਕਰਨ ਲਈ ਯੋਜਨਾ ਬਣਾਈ ਗਈ ਤੇ ਤਿੰਨ ਨਵੇਂ ਫਾਇਰ ਸਟੇਸ਼ਨ ਵੀ ਬਣਾਏ ਜਾ ਰਹੇ ਹਨ।

Check Also

ਕੇਜਰੀਵਾਲ ਦੀ ਗ੍ਰਿਫ਼ਤਾਰੀ ਵਿਰੁੱਧ ਦੇਸ਼-ਵਿਦੇਸ਼ਾਂ ‘ਚ ਭੁੱਖ ਹੜਤਾਲ

ਭਾਰਤ ਦੀ ਆਜ਼ਾਦੀ ਅਤੇ ਸੰਵਿਧਾਨ ਖ਼ਤਰੇ ‘ਚ : ਮੁੱਖ ਮੰਤਰੀ ਭਗਵੰਤ ਮਾਨ ਚੰਡੀਗੜ੍ਹ : ਪੰਜਾਬ …