ਦੁਨੀਆ ਸ਼ਾਂਤੀ ਲਈ ਭਾਰਤ ਵੱਲ ਦੇਖ ਰਹੀ : ਮੋਹਨ ਭਾਗਵਤ
ਨਵੀਂ ਦਿੱਲੀ/ਬਿਊਰੋ ਨਿਊਜ਼
ਆਰ.ਐਸ.ਐਸ. ਦੇ ਮੁਖੀ ਮੋਹਨ ਭਾਗਵਤ ਨੇ ਕਿਹਾ ਹੈ ਕਿ ਦੁਨੀਆ ਵਿਚ ਤੀਜੇ ਵਿਸ਼ਵ ਯੁੱਧ ਦੀ ਸੰਭਾਵਨਾ ਬਣੀ ਹੋਈ ਹੈ। ਉਨ੍ਹਾਂ ਕਿਹਾ ਕਿ ਇਸ ਵਕਤ ਦੁਨੀਆ ਸ਼ਾਂਤੀ ਦੇ ਲਈ ਭਾਰਤ ਵੱਲ ਦੇਖ ਰਹੀ ਹੈ, ਪਰ ਕੁਝ ਲੋਕ ਅੜਿੱਕਾ ਬਣ ਰਹੇ ਹਨ। ਸੰਘ ਮੁਖੀ ਨੇ ਇਕ ਵਾਰ ਫਿਰ ਕਿਹਾ ਹੈ ਕਿ ਭਾਰਤ ਵਿਸ਼ਵ ਗੁਰੂ ਬਣਨ ਵੱਲ ਵਧ ਰਿਹਾ ਹੈ। ਮੋਹਨ ਭਾਗਵਤ, ਮੱਧ ਪ੍ਰਦੇਸ਼ ਦੇ ਜਬਲਪੁਰ ਵਿਚ ਸੰਘ ਦੀ ਆਗੂ ਡਾਕਟਰ ਉਰਮਿਲਾ ਜਾਮਦਾਰ ਦੀ ਯਾਦ ਵਿਚ ਹੋਏ ਸਮਾਗਮ ’ਚ ਬੋਲ ਰਹੇ ਸਨ। ਭਾਗਵਤ ਨੇ ਕਿਹਾ ਕਿ ਯੂਕਰੇਨ-ਰੂਸ ਅਤੇ ਇਜਰਾਈਲ-ਹਮਾਸ ਯੁੱਧ ਦੇ ਚੱਲਦਿਆਂ ਤੀਜੇ ਵਿਸ਼ਵ ਯੁੱਧ ਦੀ ਸੰਭਾਵਨਾ ਬਣ ਰਹੀ ਹੈ। ਉਨ੍ਹਾਂ ਕਿਹਾ ਕਿ ਦੁਨੀਆ ਵਿਚ ਵਿਗਿਆਨ ਨੇ ਬਹੁਤ ਤਰੱਕੀ ਕਰ ਲਈ ਹੈ, ਪਰ ਇਸਦੇ ਫਾਇਦੇ ਅਜੇ ਤੱਕ ਗਰੀਬਾਂ ਤੱਕ ਨਹੀਂ ਪਹੁੰਚ ਰਹੇ ਹਨ। ਸੰਘ ਮੁਖੀ ਨੇ ਵਾਤਾਵਰਣ ’ਤੇ ਵੀ ਚਿੰਤਾ ਜਤਾਈ ਅਤੇ ਕਿਹਾ ਕਿ ਵਾਤਾਵਰਣ ਅਜਿਹੀ ਸਥਿਤੀ ਵਿਚ ਪਹੁੰਚ ਗਿਆ ਹੈ, ਜੋ ਬਿਮਾਰੀਆਂ ਦਾ ਕਾਰਨ ਬਣ ਰਿਹਾ ਹੈ।