-5.8 C
Toronto
Thursday, January 22, 2026
spot_img
Homeਭਾਰਤਮਹਾਰਾਸ਼ਟਰ ਦੇ ਗ੍ਰਹਿ ਮੰਤਰੀ ਅਨਿਲ ਦੇਸ਼ਮੁਖ ਵੱਲੋਂ ਅਸਤੀਫਾ

ਮਹਾਰਾਸ਼ਟਰ ਦੇ ਗ੍ਰਹਿ ਮੰਤਰੀ ਅਨਿਲ ਦੇਸ਼ਮੁਖ ਵੱਲੋਂ ਅਸਤੀਫਾ

ਹਾਈਕੋਰਟ ਵੱਲੋਂ ਸੀਬੀਆਈ ਨੂੰ 15 ਦਿਨਾਂ ‘ਚ ਮੁੱਢਲੀ ਜਾਂਚ ਮੁਕੰਮਲ ਕਰਨ ਲਈ ਕਿਹਾ
ਮੁੰਬਈ/ਬਿਊਰੋ ਨਿਊਜ਼ : ਮੁੰਬਈ ਦੇ ਸਾਬਕਾ ਪੁਲਿਸ ਮੁਖੀ ਪਰਮਬੀਰ ਸਿੰਘ ਵੱਲੋਂ ਲਾਏ ਭ੍ਰਿਸ਼ਟਾਚਾਰ ਦੇ ਆਰੋਪਾਂ ਕਰਕੇ ਚਾਰੇ ਪਾਸਿਓਂ ਘਿਰੇ ਮਹਾਰਾਸ਼ਟਰ ਦੇ ਗ੍ਰਹਿ ਮੰਤਰੀ ਅਨਿਲ ਦੇਸ਼ਮੁਖ ਨੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਚੇਤੇ ਰਹੇ ਕਿ ਸੋਮਵਾਰ ਸਵੇਰੇ ਸੁਪਰੀਮ ਕੋਰਟ ਨੇ ਸੀਬੀਆਈ ਨੂੰ ਪਰਮਬੀਰ ਸਿੰਘ ਵੱਲੋਂ ਲਾਏ ਆਰੋਪਾਂ ਦੀ ਮੁੱਢਲੀ ਜਾਂਚ 15 ਦਿਨਾਂ ਅੰਦਰ ਮੁਕੰਮਲ ਕਰਨ ਦੀ ਤਾਕੀਦ ਕੀਤੀ ਸੀ। ਮੁੰਬਈ ਪੁਲਿਸ ਦੇ ਸਾਬਕਾ ਮੁਖੀ ਨੇ ਮੁੱਖ ਮੰਤਰੀ ਊਧਵ ਠਾਕਰੇ ਨੂੰ ਲਿਖੇ ਇਕ ਪੱਤਰ ਵਿੱਚ ਗ੍ਰਹਿ ਮੰਤਰੀ ਅਨਿਲ ਦੇਸ਼ਮੁਖ ‘ਤੇ ਜਬਰੀ ਵਸੂਲੀ ਲਈ ਪੁਲਿਸ ਅਧਿਕਾਰੀਆਂ ‘ਤੇ ਦਬਾਅ ਪਾਉਣ ਦਾ ਆਰੋਪ ਲਾਇਆ ਸੀ। ਚੀਫ਼ ਜਸਟਿਸ ਦੀਪਾਂਕਰ ਦੱਤਾ ਤੇ ਜਸਟਿਸ ਗਿਰੀਸ਼ ਕੁਲਕਰਨੀ ਨੇ ਕਿਹਾ ਕਿ ਪਟੀਸ਼ਨਰ ਵੱਲੋਂ ਲਾਏ ਗਏ ਆਰੋਪ ‘ਅਸਧਾਰਨ’ ਤੇ ‘ਨਿਵੇਕਲੇ’ ਹਨ, ਜਿਸ ਦੀ ਨਿਰਪੱਖ ਜਾਂਚ ਕਰਵਾਉਣੀ ਬਣਦੀ ਹੈ। ਜ਼ਿਕਰਯੋਗ ਹੈ ਕਿ ਹੁਣ ਐੱਨਸੀਪੀ ਆਗੂ ਅਤੇ ਮੰਤਰੀ ਦਿਲੀਪ ਵਾਲਸੇ ਪਾਟਿਲ ਨੂੰ ਗ੍ਰਹਿ ਵਿਭਾਗ ਦਾ ਜ਼ਿੰਮਾ ਸੌਂਪਿਆ ਗਿਆ ਹੈ। ਮੁੱਖ ਮੰਤਰੀ ਊਧਵ ਠਾਕਰੇ ਨੇ ਦੇਸ਼ਮੁਖ ਦਾ ਅਸਤੀਫਾ ਰਾਜਪਾਲ ਭਗਤ ਸਿੰਘ ਕੋਸ਼ਿਆਰੀ ਨੂੰ ਮਨਜ਼ੂਰੀ ਲਈ ਭੇਜ ਦਿੱਤਾ ਹੈ। ਦੇਸ਼ਮੁਖ ਨੇ ਅਸਤੀਫ਼ੇ ਦੀ ਕਾਪੀ ਟਵੀਟ ਕੀਤੀ ਹੈ ਜਿਸ ‘ਚ ਉਨ੍ਹਾਂ ਕਿਹਾ ਹੈ ਕਿ ਵਕੀਲ ਜਯਸ੍ਰੀ ਪਾਟਿਲ ਦੀ ਪਟੀਸ਼ਨ ‘ਤੇ ਹਾਈ ਕੋਰਟ ਨੇ ਸੀਬੀਆਈ ਜਾਂਚ ਦੇ ਹੁਕਮ ਦਿੱਤੇ ਹਨ।
ਆਪਣੇ ਅਸਤੀਫ਼ੇ ‘ਚ ਉਨ੍ਹਾਂ ਲਿਖਿਆ ਹੈ, ”ਅਦਾਲਤ ਦੇ ਹੁਕਮਾਂ ਤੋਂ ਬਾਅਦ ਮੇਰੇ ਕੋਲ ਅਹੁਦੇ ‘ਤੇ ਬਣੇ ਰਹਿਣ ਦਾ ਕੋਈ ਨੈਤਿਕ ਆਧਾਰ ਨਹੀਂ ਰਿਹਾ ਹੈ। ਮੈਂ ਅਹੁਦਾ ਛੱਡਣ ਦਾ ਫ਼ੈਸਲਾ ਲਿਆ ਹੈ। ਕ੍ਰਿਪਾ ਕਰਕੇ ਮੈਨੂੰ ਮੇਰੇ ਅਹੁਦੇ ਤੋਂ ਲਾਂਭੇ ਕਰੋ।”
ਧਿਆਨ ਰਹੇ ਕਿ ਮੁੰਬਈ ਦੇ ਸਾਬਕਾ ਪੁਲਿਸ ਕਮਿਸ਼ਨਰ ਪਰਮਬੀਰ ਸਿੰਘ ਨੇ 25 ਮਾਰਚ ਨੂੰ ਦੇਸ਼ਮੁਖ ਖਿਲਾਫ ਸੀਬੀਆਈ ਜਾਂਚ ਦੀ ਬੇਨਤੀ ਕਰਦਿਆਂ ਹਾਈਕੋਰਟ ‘ਚ ਅਪਰਾਧਿਕ ਜਨਹਿੱਤ ਪਟੀਸ਼ਨ ਦਾਖ਼ਲ ਕੀਤੀ ਸੀ ਜਿਸ ‘ਚ ਉਨ੍ਹਾਂ ਦਾਅਵਾ ਕੀਤਾ ਹੈ ਕਿ ਮਹਾਰਾਸ਼ਟਰ ਦੇ ਗ੍ਰਹਿ ਮੰਤਰੀ ਨੇ ਮੁਅੱਤਲ ਕੀਤੇ ਪੁਲਿੀਸ ਅਧਿਕਾਰੀ ਸਚਿਨ ਵਜ਼ੇ ਸਮੇਤ ਹੋਰ ਪੁਲਿਸ ਅਧਿਕਾਰੀਆਂ ਨੂੰ ਬਾਰ ਅਤੇ ਰੈਸਤਰਾਂ ਤੋਂ 100 ਕਰੋੜ ਰੁਪਏ ਦੀ ਵਸੂਲੀ ਕਰਨ ਨੂੰ ਕਿਹਾ ਸੀ।

RELATED ARTICLES
POPULAR POSTS