ਅੰਮ੍ਰਿਤਸਰ : ਗੁਰੂ ਨਗਰੀ ਨੂੰ ‘ਸਮਾਰਟ ਸਿਟੀ’ ਬਣਾਉਣ ਦੇ ਅਮਲ ਦੇ ਮੱਦੇਨਜ਼ਰ ਅਜੇ ਵੀ ਸ਼ਹਿਰ ਵਿੱਚ ਵੱਡੇ ਸੁਧਾਰਾਂ ਦੀ ਲੋੜ ਹੈ। ਜਿਵੇਂ-ਜਿਵੇਂ ਸ਼ਹਿਰ ਦੀ ਆਬਾਦੀ ਅਤੇ ਰਕਬਾ ਵਧ ਰਿਹਾ ਹੈ, ਉਸੇ ਮੁਤਾਬਕ ਲੋੜਾਂ ਵਧ ਰਹੀਆਂ ਹਨ ਤੇ ਲੋਕਾਂ ਲਈ ਸਹੂਲਤਾਂ ਦੀ ਘਾਟ ਹੈ। ਇਸ ਵੇਲੇ ਸ਼ਹਿਰ ਵਿੱਚ ਸੀਵਰੇਜ ਪ੍ਰਣਾਲੀ, ਪੀਣ ਵਾਲੇ ਸ਼ੁੱਧ ਪਾਣੀ, ਸਟਰੀਟ ਲਾਈਟਾਂ, ਸਾਫ਼-ਸਫ਼ਾਈ ਅਤੇ ਪਾਰਕਾਂ ਦੇ ਰੱਖ-ਰਖਾਅ ਸਬੰਧੀ ਭਾਵੇਂ ਉਪਰਾਲੇ ਕੀਤੇ ਜਾ ਰਹੇ ਹਨ, ਪਰ ਹੋਰ ਸੁਹਿਰਦ ਯਤਨ ਵੀ ਕੀਤੇ ਜਾ ਸਕਦੇ ਹਨ।
ਜ਼ਿਕਰਯੋਗ ਹੈ ਕਿ ਨਗਰ ਨਿਗਮ ਦੇ ਵਾਰਡਾਂ ਦੀ ਗਿਣਤੀ ਇਸ ਵਾਰ ਹੋਈਆਂ ਚੋਣਾਂ ਦੌਰਾਨ 65 ਤੋਂ ਵਧਾ ਕੇ 85 ਕਰ ਦਿੱਤੀ ਗਈ। ਸ਼ਹਿਰ ਨਾਲ ਖਹਿੰਦੇ ਕਈ ਪੇਂਡੂ ਇਲਾਕੇ ਅਤੇ ਨਵੀਆਂ ਅਬਾਦੀਆਂ ਨਗਰ ਨਿਗਮ ਵਿੱਚ ਸ਼ਾਮਲ ਕੀਤੀਆਂ ਗਈਆਂ ਹਨ। ਇਨ੍ਹਾਂ ਨਵੀਆਂ ਅਬਾਦੀਆਂ ਅਤੇ ਪੇਂਡੂ ਇਲਾਕਿਆਂ ਵਿੱਚ ਫ਼ਿਲਹਾਲ ਮੁਢਲੀਆਂ ਸਹੂਲਤਾਂ ਦੀ ਘਾਟ ਹੈ। ਸੀਵਰੇਜ ਵਿਵਸਥਾ, ਪੀਣ ਵਾਲੇ ਪਾਣੀ, ਸਟਰੀਟ ਲਾਈਟਾਂ ਤੇ ਸਾਫ਼-ਸਫ਼ਾਈ ਦੇ ਪ੍ਰਬੰਧਾਂ ਦੀ ਅਜੇ ਘਾਟ ਹੈ। ਦੋ ਹਿੱਸਿਆਂ ਵਿੱਚ ਵੰਡੇ ਅੰਮ੍ਰਿਤਸਰ ਸ਼ਹਿਰ ਦਾ ਇਕ ਹਿੱਸਾ ਪੁਰਾਣੀ ਚਾਰਦੀਵਾਰੀ ਦੇ ਅੰਦਰ ਹੈ, ਜਿਸ ਵਿੱਚ ਪੁਰਾਣੀਆਂ ਇਮਾਰਤਾਂ, ਤੰਗ ਗਲੀਆਂ ਵਾਲੇ ਮੁਹੱਲੇ ਸ਼ਾਮਲ ਹਨ। ਤੰਗ ਗਲੀਆਂ ਤੇ ਬਾਜ਼ਾਰਾਂ ਵਿੱਚ ਸਫ਼ਾਈ ਬਰਕਰਾਰ ਰੱਖਣਾ ਚੁਣੌਤੀ ਰਿਹਾ ਹੈ। ਸ਼ਹਿਰ ਦੇ ਦੂਜੇ ਹਿੱਸੇ ਵਿੱਚ ਨਵੀਆਂ ਅਬਾਦੀਆਂ ਸ਼ਾਮਲ ਹਨ, ਜਿਨ੍ਹਾਂ ਵਿੱਚ ਇਹ ਵਿਵਸਥਾ ਅੰਦਰੂਨੀ ਹਿੱਸੇ ਨਾਲੋਂ ਬਿਹਤਰ ਹੈ।
ਨਗਰ ਨਿਗਮ ਦੇ ਸਿਹਤ ਅਫ਼ਸਰ ਰਾਜੂ ਚੌਹਾਨ ਨੇ ਦੱਸਿਆ ਕਿ ਸਫ਼ਾਈ ਲਈ ઠਸ਼ਹਿਰ ਦੇ ਪੁਰਾਣੇ ਹਿੱਸੇ ਵਿੱਚ ਨਗਰ ਨਿਗਮ ਦੇ ਮੁਲਾਜ਼ਮ ਤਾਇਨਾਤ ਹਨ, ਜਦਕਿ ਚਾਰਦੀਵਾਰੀ ਤੋਂ ਬਾਹਰਲੇ ਵਾਰਡਾਂ ਵਿੱਚ ਸੌਲਿਡ ਵੇਸਟ ਮੈਨੇਜਮੈਂਟ ਕੰਪਨੀ ਨੂੰ ਸਫ਼ਾਈ ਦਾ ਕੰਮ ਸੌਂਪਿਆ ਗਿਆ ਹੈ। ਪੁਰਾਣੇ ਸ਼ਹਿਰ ਦੇ 12 ਵਾਰਡਾਂ ਵਿੱਚ 25 ਟਰਾਲੀਆਂ ਕੂੜੇ ਦੀ ਲਿਫ਼ਟਿੰਗ ਲਈ ਕੰਮ ਕਰ ਰਹੀਆਂ ਹਨ। ਛੋਟੀਆਂ ਅਤੇ ਤੰਗ ਗਲੀਆਂ ਵਿੱਚ ਛੋਟੇ ਵਾਹਨ ਕੰਮ ਕਰ ਰਹੇ ਹਨ। ਬਾਹਰਲੇ 73 ਵਾਰਡਾਂ ਵਿੱਚ 235 ਗੱਡੀਆਂ ਕੂੜੇ ਦੀ ਲਿਫ਼ਟਿੰਗ ਕਰ ਰਹੀਆਂ ਹਨ। ਸਫ਼ਾਈ ਦੇ ਕੰਮ ਲਈ ਕੁੱਲ 1714 ਕਰਮਚਾਰੀ ਤਾਇਨਾਤ ਹਨ, ਜਿਨ੍ਹਾਂ ਵਿੱਚ 29 ਇੰਸਪੈਕਟਰ ਤੇ 9 ਚੀਫ਼ ਸੈਨੇਟਰੀ ਇੰਸਪੈਕਟਰ ਸਫ਼ਾਈ ਪ੍ਰਬੰਧ ਦੇਖ ਰਹੇ ਹਨ। ਨਗਰ ਨਿਗਮ ਦੇ 85 ਵਾਰਡਾਂ ਵਿੱਚ ‘ਖੁੱਲ੍ਹੇ ਵਿੱਚ ਪਖ਼ਾਨੇ’ ਖਤਮ ਕਰਨ ਲਈ 8100 ਪਖ਼ਾਨਿਆਂ ਲਈ ਫੰਡ ਦਿੱਤੇ ਗਏ ਹਨ ਅਤੇ ਸ਼ਹਿਰ ਵਿੱਚ 500 ਵਪਾਰਕ ਕੂੜੇਦਾਨ ਵੀ ਲਾਏ ਗਏ ਹਨ।
ਸ਼ਹਿਰ ਦੀਆਂ ਸਟਰੀਟ ਲਾਈਟਾਂ ਨੂੰ ਐਲ.ਈ.ਡੀ ਲਾਈਟਾਂ ਵਿੱਚ ਤਬਦੀਲ ਕਰਨ ਦਾ ਕੰਮ ਫ਼ਿਲਹਾਲ ਲਟਕ ਗਿਆ ਹੈ। ਇਸ ਸਬੰਧੀ ਉਲੀਕਿਆ ਪ੍ਰਾਜੈਕਟ ‘ਸਮਾਰਟ ਸਿਟੀ’ ਯੋਜਨਾ ਅਧੀਨ ਆ ਗਿਆ ਹੈ। ਨਿਗਮ ਦਾ ਦਾਅਵਾ ਹੈ ਕਿ ਸਮੇਂ-ਸਮੇਂ ਲਾਈਟਾਂ ਦੀ ਮੁਰੰਮਤ ਕਰ ਦਿੱਤੀ ਜਾਂਦੀ ਹੈ। ਇਸ ਲਈ ਟੈਂਡਰ ਵੀ ਲਾਇਆ ਗਿਆ ਹੈ। ਪੀਣ ਵਾਲੇ ਪਾਣੀ ਦੀ ਸਪਲਾਈ ਅਤੇ ਸੀਵਰੇਜ ਸਿਸਟਮ ਬਾਰੇ ਐੱਸਸੀ ਅਨੁਰਾਗ ਮਹਾਜਨ ਨੇ ਦੱਸਿਆ ਕਿ ਨਗਰ ਨਿਗਮ ਦੀਆਂ 85 ਵਾਰਡਾਂ ਵਿੱਚ 383 ਟਿਊਬਵੈੱਲ ਲੱਗੇ ਹੋਏ ਹਨ, ਪਰ ਵਧਦੀ ਲੋੜ ਨੂੰ ਦੇਖਦਿਆਂ 100 ਟਿਊਬਵੈੱਲ ਹੋਰ ਲਾਉਣ ਦੀ ਯੋਜਨਾ ਹੈ। ਵਧੇਰੇ ਕਰਕੇ ਨਵੀਆਂ ਅਬਾਦੀਆਂ ਦੇ ਲੋਕਾਂ ਕੋਲ ਨਿਗਮ ਦੀ ਜਲ ਸਪਲਾਈ ਦੀ ਸਹੂਲਤ ਨਹੀਂ ਹੈ।
Check Also
ਲੋਕ ਸਭਾ ਚੋਣਾਂ ‘ਚ ਭਾਜਪਾ ਨੂੰ ਨਹੀਂ ਮਿਲਿਆ ਬਹੁਮਤ
ਭਾਜਪਾ ਨੂੰ ਸਿਰਫ਼ 241 ਸੀਟਾਂ ਨਾਲ ਕਰਨਾ ਪਿਆ ਸਬਰ ਚੋਣ ਨਤੀਜੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ …