ਭਾਈ ਹਰਪ੍ਰੀਤ ਸਿੰਘ ਤਖਤ ਸ੍ਰੀ ਦਮਦਮਾ ਸਾਹਿਬ ਦੇ ਕਾਰਜਕਾਰੀ ਜਥੇਦਾਰ ਨਿਯੁਕਤ
ਫਤਹਿਗੜ੍ਹ ਸਾਹਿਬ/ਬਿਊਰੋ ਨਿਊਜ਼
ਗੁਰਦੁਆਰਾ ਸ੍ਰੀ ਫਤਹਿਗੜ੍ਹ ਸਾਹਿਬ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤ੍ਰਿੰਗ ਕਮੇਟੀ ਦੀ ਮੀਟਿੰਗ ਵਿੱਚ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਗੁਰਮੁਖ ਸਿੰਘ ਨੂੰ ਜਥੇਦਾਰੀ ਤੋਂ ਫ਼ਾਰਗ ਕਰ ਦਿੱਤਾ ਗਿਆ। ਇਸ ਤੋਂ ਇਲਾਵਾ ਉਨ੍ਹਾਂ ਦੀ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੈੱਡ ਗ੍ਰੰਥੀ ਤੋਂ ਹੈੱਡ ਗ੍ਰੰਥੀ ਗੁਰਦੁਆਰਾ ਸ੍ਰੀ ਧਮਧਾਨ ਸਾਹਿਬ, ઠਜੀਂਦ (ਹਰਿਆਣਾ) ਵਿੱਚ ਬਦਲੀ ਕਰ ਦਿੱਤੀ ਗਈ। ਉਨ੍ਹਾਂ ਦੀ ਥਾਂ ਮੁਕਤਸਰ ਸਾਹਿਬ ਦੇ ਗੁਰਦੁਆਰਾ ਸ੍ਰੀ ਟੁੱਟੀ ਗੰਢੀ ਸਾਹਿਬ ਦੇ ਹੈੱਡ ਗ੍ਰੰਥੀ ਭਾਈ ਹਰਪ੍ਰੀਤ ਸਿੰਘ ਨੂੰ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਕਾਰਜਕਾਰੀ ਜਥੇਦਾਰ ਦਾ ਵਾਧੂ ਚਾਰਜ ਦਿੱਤਾ ਗਿਆ ਹੈ। ਗੁਰਦੁਆਰਾ ਬਾਬਾ ਦੀਪ ਸਿੰਘ ਸ਼ਹੀਦ ਦੇ ਹੈੱਡ ਗ੍ਰੰਥੀ ਭਾਈ ਮਲਕੀਤ ਸਿੰਘ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਹੈੱਡ ਗ੍ਰੰਥੀ ਲਾਇਆ ਗਿਆ ਹੈ। ਮੀਟਿੰਗ ਤੋਂ ਬਾਅਦ ਸ਼੍ਰੋਮਣੀ ਕਮੇਟੀ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ ਕਿ ਇਹ ਫ਼ੈਸਲੇ ਸਰਬਸੰਮਤੀ ਨਾਲ ਲਏ ਗਏ ਹਨ। ਉਨ੍ਹਾਂ ਗਿਆਨੀ ਗੁਰਮੁਖ ਸਿੰਘ ਉਪਰ ਅਨੁਸ਼ਾਸਨਹੀਣਤਾ ਦੇ ਦੋਸ਼ ਲਾਉਂਦਿਆਂ ਕਿਹਾ ਕਿ ਸਿੰਘ ਸਾਹਿਬਾਨ ਕਈ ਵਾਰ ਕਮੇਟੀ ਦੀਆਂ ਸੱਦੀਆਂ ਮੀਟਿੰਗਾਂ ਵਿੱਚ ਹਾਜ਼ਰ ਨਹੀਂ ਹੋਏ। ਉਨ੍ਹਾਂ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਮਾਣ-ਮਰਿਆਦਾ ਦਾ ਖ਼ਿਆਲ ਨਹੀਂ ਰੱਖਿਆ। ਉਨ੍ਹਾਂ ਕਿਹਾ ਕਿ ਸਿੰਘ ਸਾਹਿਬਾਨ ਦਾ ਰੁਤਬਾ ਵੱਡਾ ਹੁੰਦਾ ਹੈ ਪਰ ਜਥੇਦਾਰ ਗੁਰਮੁਖ ਸਿੰਘ ਕਿਸੇ ਵੀ ਮਾਮਲੇ ਉਪਰ ਬੱਚਿਆਂ ਵਾਂਗ ਜ਼ਿੱਦ ਕਰਦੇ ਸਨ।
ਜ਼ਿਕਰਯੋਗ ਹੈ ਕਿ ਡੇਰਾ ਸਿਰਸਾ ਮੁਖੀ ਨੂੰ ਦਿੱਤੀ ਮੁਆਫ਼ੀ ਬਾਰੇ ਗਿਆਨੀ ਗੁਰਮੁਖ ਸਿੰਘ ਖੁੱਲ੍ਹ ਕੇ ਬਾਦਲ ਪਰਿਵਾਰ ਅਤੇ ਹੋਰ ਆਗੂਆਂ ਬਾਰੇ ਬੋਲੇ ਸਨ। ਉਨ੍ਹਾਂ ਪੰਜ ਸਿੰਘ ਸਾਹਿਬਾਨ ਦੀ ਮੀਟਿੰਗ ਦਾ ਵੀ ਬਾਈਕਾਟ ਕੀਤਾ ਸੀ। 12 ਜਨਵਰੀ 2015 ਨੂੰ ਫਤਹਿਗੜ੍ਹ ਸਾਹਿਬ ਵਿੱਚ ਹੋਈ ਸ਼੍ਰੋਮਣੀ ਕਮੇਟੀ ਕਾਰਜਕਾਰਨੀ ਨੇ ਜਦੋਂ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਤਤਕਾਲੀ ਜਥੇਦਾਰ ਗਿਆਨੀ ਬਲਵੰਤ ਸਿੰਘ ਨੰਦਗੜ੍ਹ ਨੂੰ ਬੇਬਾਕ ਵਿਚਾਰਾਂ ਕਾਰਨ ਜਥੇਦਾਰੀ ਤੋਂ ਮੁਕਤ ਕੀਤਾ ਤਾਂ ਗਿਆਨੀ ਗੁਰਮੁਖ ਸਿੰਘ ਨੂੰ ਤਖ਼ਤ ਸਾਹਿਬ ਦਾ ਕਾਰਜਕਾਰੀ ਜਥੇਦਾਰ ਲਾਇਆ ਗਿਆ ਸੀ। ਕਾਰਜਕਾਰੀ ਜਥੇਦਾਰੀ ਦੇ ਮਹਿਜ਼ ਅੱਠ ਮਹੀਨੇ ਬਾਅਦ ਹੀ ਡੇਰਾ ਸਿਰਸਾ ਮੁਖੀ ਨੂੰ ਦਿੱਤੀ ਮੁਆਫ਼ੀ ਦੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਲਏ ਫ਼ੈਸਲੇ ਕਾਰਨ ਉਹ ਚਰਚਾ ਵਿੱਚ ਆਏ ઠਸਨ। ઠਇਹ ਵੀ ਇਤਫ਼ਾਕ ਹੀ ਹੈ ਕਿ ਕਾਰਜਕਾਰੀ ਜਥੇਦਾਰ ઠਵਜੋਂ ਉਨ੍ਹਾਂ ਦੀ ਨਿਯੁਕਤੀ (12 ਜਨਵਰੀ 2015) ਅਤੇ ਫ਼ਾਰਗ ਕੀਤੇ ਜਾਣ (21 ਅਪਰੈਲ 2017) ਦੇ ਦੋਵੇਂ ਫ਼ੈਸਲੇ ਫਤਹਿਗੜ੍ਹ ਸਾਹਿਬ ਵਿਖੇ ਹੋਈਆਂ ਮੀਟਿੰਗਾਂ ਵਿੱਚ ਲਏ ઠਗਏ।
ਪੀਐਚ ਡੀ ਦੇ ਵਿਦਿਆਰਥੀ ਹਨ ਭਾਈ ਹਰਪ੍ਰੀਤ ਸਿੰਘ
ਸ੍ਰੀ ਮੁਕਤਸਰ ਸਾਹਿਬ : ਤਖ਼ਤ ਸ੍ਰੀ ਦਮਦਮਾ ਸਾਹਿਬ ਦੀ ਕਾਰਜਕਾਰੀ ਜਥੇਦਾਰੀ ਦਾ ਵਾਧੂ ਭਾਰ ਸੰਭਾਲਣ ਜਾ ਰਹੇ ਭਾਈ ਹਰਪ੍ਰੀਤ ਸਿੰਘ, ਸ੍ਰੀ ਮੁਕਤਸਰ ਸਾਹਿਬ ਦੇ ਗੁਰਦੁਆਰਾ ਸ੍ਰੀ ਟੁੱਟੀ ਗੰਢੀ ਸਾਹਿਬ ਵਿਖੇ 1999 ਤੋਂ ਮੁੱਖ ਗ੍ਰੰਥੀ ਦੀ ਜ਼ਿੰਮੇਵਾਰੀ ਨਿਭਾਉਣ ਦੇ ਨਾਲ-ਨਾਲ ਅਕਾਦਮਿਕ ਪੱਖੋਂ ਵੀ ਉੱਚ ਯੋਗਤਾ ਪ੍ਰਾਪਤ ਹਨ। ਉਹ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਕੁਰਾਨ ਸ਼ਰੀਫ ਦੇ ਧਾਰਮਿਕ ਸੰਸਕਾਰਾਂ ਸਬੰਧੀ ਪੀਐਚਡੀ ਕਰ ਰਹੇ ਹਨ। ਉਨ੍ਹਾਂ ਇਸ ਤੋਂ ਪਹਿਲਾਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਧਰਮ ਸ਼ਾਸਤਰ ਵਿੱਚ ਐਮਏ ਤੇ ਡਿਪਲੋਮਾ ਕੀਤਾ ਹੋਇਆ ਹੈ।
ਐਸਜੀਪੀਸੀ ਦਾ ਫੈਸਲਾ ਨਾਦਰਸ਼ਾਹੀ : ਭਾਈ ਗੁਰਮੁਖ ਸਿੰਘ
ਅੰਮ੍ਰਿਤਸਰ/ਬਿਊਰੋ ਨਿਊਜ਼ : ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਦੇ ਅਹੁਦੇ ਤੋਂ ਅਚਨਚੇਤੀ ਹਟਾਏ ਗਏ ਭਾਈ ਗੁਰਮੁਖ ਸਿੰਘ ਨੇ ਆਖਿਆ ਕਿ ਸ਼੍ਰੋਮਣੀ ਕਮੇਟੀ ਨੇ ਇਹ ਫ਼ੈਸਲਾ ਲੈਣ ਤੋਂ ਪਹਿਲਾਂ ਉਨ੍ਹਾਂ ਦਾ ਪੱਖ ਜਾਨਣ ਦਾ ਯਤਨ ਵੀ ਨਹੀਂ ਕੀਤਾ। ਉਨ੍ਹਾਂ ਸ਼੍ਰੋਮਣੀ ਕਮੇਟੀ ਦੇ ਫ਼ੈਸਲੇ ਨੂੰ ਨਾਦਰਸ਼ਾਹੀ ਫ਼ਰਮਾਨ ਅਤੇ ਸਿਆਸਤ ਤੋਂ ਪ੍ਰੇਰਿਤ ਕਰਾਰ ਦਿੰਦਿਆਂ ਕਿਹਾ ਕਿ ਇਸ ਮਾਮਲੇ ਦੀ ਜਾਂਚ ਕਮੇਟੀ ਰਾਹੀਂ ਹੋਣੀ ਚਾਹੀਦੀ ਸੀ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਭਾਈ ਗੁਰਮੁਖ ਸਿੰਘ ਨੇ ਆਖਿਆ ਕਿ ਸ਼੍ਰੋਮਣੀ ਕਮੇਟੀ ਨੇ ਸਿਆਸੀ ਆਕਾ ਦੇ ਆਦੇਸ਼ ‘ਤੇ ਹੀ ਉਨ੍ਹਾਂ ਨੂੰ ਫਾਰਗ ਕਰਨ ਦਾ ਫ਼ੈਸਲਾ ਲਿਆ ਹੈ। ਉਨ੍ਹਾਂ ਮਰਿਆਦਾ ਦੀ ਉਲੰਘਣਾ ਨਾ ਹੋਣ ਦਾ ਦਾਅਵਾ ਕਰਦਿਆਂ ਕਿਹਾ ਕਿ ਸ਼੍ਰੋਮਣੀ ਕਮੇਟੀ ਨੇ ਉਨ੍ਹਾਂ ਦਾ ਪੱਖ ਨਾ ਸੁਣ ਕੇ ਇਕਪਾਸੜ ਕਾਰਵਾਈ ਕੀਤੀ ਹੈ। ਭਾਈ ਗੁਰਮੁਖ ਸਿੰਘ ਨੇ ਕਿਹਾ ਕਿ ਉਕਤ ਫ਼ੈਸਲਾ ਸਿੱਖ ਪੰਥ ਵਿਚ ਪੈਦਾ ਹੋਏ ਸੰਕਟ ਨੂੰ ਹੋਰ ਡੂੰਘਾ ਕਰੇਗਾ।
ਉਨ੍ਹਾਂ ਕਿਹਾ ਕਿ ਡੇਰਾ ਸਿਰਸਾ ਦੇ ਮੁਖੀ ਨੂੰ ਮੁਆਫ਼ ਕਰਨ ਲਈ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਵੱਲੋਂ ਆਦੇਸ਼ ਦਿੱਤੇ ਗਏ ਸਨ ਅਤੇ ਇਸ ਦਾ ਉਨ੍ਹਾਂ ਚੰਡੀਗੜ੍ਹ ਅਤੇ ਮੁੜ ਜਥੇਦਾਰਾਂ ਦੀ ਇਕੱਤਰਤਾ ਸਮੇਂ ਵੀ ਵਿਰੋਧ ਕੀਤਾ ਸੀ। ਉਨ੍ਹਾਂ ਇਹ ਵੀ ਖ਼ੁਲਾਸਾ ਕੀਤਾ ਕਿ ਪੰਜ ਪਿਆਰਿਆਂ ਨੂੰ ਨੌਕਰੀ ਤੋਂ ਫਾਰਗ ਕਰਨ ਦਾ ਫ਼ੈਸਲਾ ਵੀ ਸਿਆਸੀ ਪ੍ਰਭਾਵ ਹੇਠ ਕੀਤਾ ਗਿਆ ਸੀ। ਉਨ੍ਹਾਂ ਸੁਝਾਅ ਦਿੱਤਾ ਕਿ ਡੇਰਾ ਸਿਰਸਾ ਦੇ ਮੁਖੀ ਦੀ ਮੁਆਫ਼ੀ ਦਾ ਮਾਮਲਾ ਸਿਧਾਂਤਾਂ ਦੀ ਉਲੰਘਣਾ ਸੀ ਅਤੇ ਸਮੂਹ ਜਥੇਦਾਰਾਂ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ‘ਤੇ ਪਸ਼ਚਾਤਾਪ ਕਰਨਾ ઠਚਾਹੀਦਾ ਹੈ।
ਵਾਹਨ ਅਤੇ ਸੇਵਾਦਾਰਾਂ ਸਮੇਤ ਹੋਰ ਸਹੂਲਤਾਂ ਵਾਪਸ ਲਈਆਂ
ਸ਼੍ਰੋਮਣੀ ਕਮੇਟੀ ਨੇ ਭਾਈ ਗੁਰਮੁਖ ਸਿੰਘ ਨੂੰ ਜਥੇਦਾਰ ਦੇ ਅਹੁਦੇ ਤੋਂ ਫਾਰਗ ਕਰਨ ਮਗਰੋਂ ਉਨ੍ਹਾਂ ਨੂੰ ਦਿੱਤੀਆਂ ਸਹੂਲਤਾਂ ਵਾਪਸ ਲੈ ਲਈਆਂ ਹਨ, ਜਿਨ੍ਹਾਂ ਵਿੱਚ ਉਨ੍ਹਾਂ ਨੂੰ ਦਿੱਤੇ ਵਾਹਨ ਅਤੇ ਸੇਵਾਦਾਰ ਸ਼ਾਮਲ ਹਨ। ਜਾਣਕਾਰੀ ਅਨੁਸਾਰ ਸ਼੍ਰੋਮਣੀ ਕਮੇਟੀ ਵੱਲੋਂ ਕੀਤੇ ਫ਼ੈਸਲੇ ਸਬੰਧੀ ਹੁਕਮਾਂ ਦੀ ਕਾਪੀ ਭਾਈ ਗੁਰਮੁਖ ਸਿੰਘ ਨੂੰ ਭੇਜ ਦਿੱਤੀ ਗਈ ਹੈ, ਜਿਸ ਤਹਿਤ ਉਨ੍ਹਾਂ ਨੂੰ ਤਿੰਨ ਦਿਨਾਂ ਵਿੱਚ ਧਮਤਾਨ ਗੁਰਦੁਆਰੇ ਵਿਚ ਹਾਜ਼ਰ ਹੋਣ ਦੇ ਹੁਕਮ ਦਿੱਤੇ ਗਏ ਹਨ।
ਦਮਦਮਾ ਸਾਹਿਬ ਦੇ ਬਹੁਤੇ ਜਥੇਦਾਰ ਵਿਵਾਦਾਂ ਵਿੱਚ ਹੀ ਰਹੇ
ਬਠਿੰਡਾ/ਬਿਊਰੋ ਨਿਊਜ਼ : ਤਖ਼ਤ ਦਮਦਮਾ ਸਾਹਿਬ ਦੇ ਜਥੇਦਾਰ ਕਿਸੇ ਨਾ ਕਿਸੇ ਰੂਪ ਵਿੱਚ ਵਿਵਾਦਾਂ ਵਿੱਚ ਹੀ ਘਿਰੇ ਰਹੇ ਹਨ। ਸ਼੍ਰੋਮਣੀ ਕਮੇਟੀ ਦੀ ਅੰਤ੍ਰਿੰਗ ਕਮੇਟੀ ਵੱਲੋਂ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਗੁਰਮੁਖ ਸਿੰਘ ਦੀ ਛੁੱਟੀ ਕਰ ਦਿੱਤੀ ਗਈ। ਉਨ੍ਹਾਂ ਤੋਂ ਪਹਿਲੇ ਜਥੇਦਾਰ ਗਿਆਨੀ ਬਲਵੰਤ ਸਿੰਘ ਨੰਦਗੜ੍ਹ ਨੂੰ ਵੀ 17 ਜਨਵਰੀ 2015 ਨੂੰ ਜਥੇਦਾਰੀ ਤੋਂ ਹਟਾਇਆ ਗਿਆ ਸੀ। ਜਥੇਦਾਰ ਨੰਦਗੜ੍ਹ ਨੇ ਸਾਲ 2002 ਵਿੱਚ ਜਥੇਦਾਰੀ ਸੰਭਾਲੀ ਸੀ। ਉਨ੍ਹਾਂ ਵੱਲੋਂ ਸੋਧੇ ਹੋਏ ਨਾਨਕਸ਼ਾਹੀ ਕੈਲੰਡਰ ਦੇ ਮਾਮਲੇ ਉਤੇ ਲਏ ਸਟੈਂਡ ਮਗਰੋਂ ਬਖੇੜਾ ਖੜ੍ਹਾ ਹੋ ਗਿਆ ਸੀ। ਉਨ੍ਹਾਂ ਡੇਰਾ ਸਿਰਸਾ ਮੁਖੀ ਖ਼ਿਲਾਫ਼ ਵੀ ਸਖ਼ਤ ਸਟੈਂਡ ਲਿਆ ਸੀ। ਸ਼੍ਰੋਮਣੀ ਕਮੇਟੀ ਨੇ ਅਖੀਰ ਉਨ੍ਹਾਂ ਨੂੰ ਵੀ ਜਥੇਦਾਰੀ ਤੋਂ ਹਟਾ ਦਿੱਤਾ ਸੀ। ਨੰਦਗੜ੍ਹ ਤੋਂ ਪਹਿਲੇ ਜਥੇਦਾਰ ਗਿਆਨੀ ਕੇਵਲ ਸਿੰਘ ਆਪਣੇ ਪਰਿਵਾਰਕ ਮਾਮਲੇ ਵਿੱਚ ਉਲਝਣ ਕਰ ਕੇ ਅਸਤੀਫ਼ਾ ਦੇ ਗਏ ਸਨ। ਉਨ੍ਹਾਂ ਦੇ ਅਸਤੀਫ਼ੇ ਮਗਰੋਂ ਪ੍ਰੋ. ਮਨਜੀਤ ਸਿੰਘ ਨੂੰ ਵਾਧੂ ਚਾਰਜ ਦਿੱਤਾ ਗਿਆ ਸੀ ਅਤੇ ਉਸ ਮਗਰੋਂ ਜਥੇਦਾਰ ਨੰਦਗੜ੍ਹ ਨੂੰ ਤਾਇਨਾਤ ਕੀਤਾ ਗਿਆ ਸੀ। ਸੂਤਰ ਆਖਦੇ ਹਨ ਕਿ ਦਮਦਮਾ ਸਾਹਿਬ ਦੇ ਜਥੇਦਾਰ ਵਿਵਾਦਤ ਹੀ ਰਹੇ ਹਨ।
ਜਥੇਦਾਰਾਂ ਦੀ ਨਿਯੁਕਤੀ ਲਈ ਸੇਵਾ ਨਿਯਮ ਜ਼ਰੂਰੀ : ਦਲ ਖਾਲਸਾ
ਸ਼੍ਰੋਮਣੀ ਕਮੇਟੀ ਵਲੋਂ ਗਿਆਨੀ ਗੁਰਮੁਖ ਸਿੰਘ ਨੂੰ ਅਹੁਦੇ ਤੋਂ ਫਾਰਗ ਕਰਨ ਦੇ ਫੈਸਲੇ ‘ਤੇ ਸਵਾਲ ਖੜ੍ਹੇ ਕਰਦਿਆਂ ਦਲ ਖਾਲਸਾ ਨੇ ਕਿਹਾ ਕਿ ਗਿਆਨੀ ਗੁਰਬਚਨ ਸਿੰਘ ਸਮੇਤ ਬਾਕੀ ਦੇ ਜਥੇਦਾਰਾਂ ‘ਤੇ ਕਮੇਟੀ ਦੀ ਮਿਹਰਬਾਨੀ ਅਜੇ ਵੀ ਬਰਕਰਾਰ ਹੈ, ਜਦਕਿ ਤਿੰਨੋਂ ਜਥੇਦਾਰ ਇਕੋ ਜੁਰਮ ਦੇ ਬਰਾਬਰ ਦੇ ਕਸੂਰਵਾਰ ਹਨ। ਦਲ ਖਾਲਸਾ ਨੇ ਸ਼੍ਰੋਮਣੀ ਕਮੇਟੀ ਵਲੋਂ ਪੰਥਕ ਸੰਸਥਾਵਾਂ ਨਾਲ ਸਲਾਹ ਮਸ਼ਵਰਾ ਕਰਨ ਬਿਨਾ ਅਗਲਾ ਕਾਰਜਕਾਰੀ ਜਥੇਦਾਰ ਗ੍ਰੰਥੀ ਸ਼੍ਰੇਣੀ ਵਿਚੋਂ ਨਿਯੁਕਤ ਕਰਨ ਦੇ ਫੈਸਲੇ ਨੂੰ ਵੱਡੀ ਗਲਤੀ ਦੱਸਿਆ। ਦਲ ਖਾਲਸਾ ਨੇ ਦੁਹਰਾਇਆ ਕਿ ਜਦੋਂ ਤੱਕ ਸ਼੍ਰੋਮਣੀ ਕਮੇਟੀ ਮੌਜੂਦਾ ਸਾਰੇ ਜਥੇਦਾਰਾਂ ਨੂੰ ਬਰਖਾਸਤ ਕਰਕੇ ਜਥੇਦਾਰਾਂ ਦੀ ਨਿਯੁਕਤੀ ਕਾਰਜਪ੍ਰਣਾਲੀ ਤੇ ਸੇਵਾਮੁਕਤੀ ਲਈ ਕੋਈ ਸੇਵਾ ਨਿਯਮ ਨਹੀਂ ਬਣਾਓਗੇ, ਉਸ ਸਮੇਂ ਤੱਕ ਸਿੱਖ ਧਰਮ ਦੀ ਇਸ ਸਰਬਉਚ ਸੰਸਥਾ ਦੀ ਪਹਿਲਾਂ ਵਾਲੀ ਸ਼ਾਨ ਤੇ ਮਰਯਾਦਾ ਬਹਾਲ ਨਹੀਂ ਹੋਵੇਗੀ ਅਤੇ ਨਾ ਹੀ ਮੌਜੂਦਾ ਪੰਥਕ ਸੰਕਟ ਖਤਮ ਹੋਵੇਗਾ।
ਛੱਤ ‘ਤੇ ਖੁਦ ਮੰਜਾ ਡਾਹ ਤੇ ਫਰਾਟਾ ਲਗਾ ਕੇ ਸੁੱਤੇ ਹਰਜੀਤ ਸੱਜਣ
ਕਿਹਾ : ਕੈਨੇਡਾ ਦਾ ਮੰਤਰੀ ਹਾਂ ਪਰ ਪਿੰਡ ਦਾ ਤਾਂ ਸੱਜਣ ਹਾਂ, ਰਾਤ ਨੂੰ ਖਾਧੀ ਮੱਕੀ ਦੀ ਰੋਟੀ ਤੇ ਸ਼ੱਕਰ-ਘਿਓ, ਸਵੇਰੇ ਆਲੂ ਦੇ ਪਰਾਂਠੇ ਅਤੇ ਦਹੀਂ
ਬੰਬੇਲੀ (ਹੁਸ਼ਿਆਰਪੁਰ) : ਕੈਨੇਡਾ ਦੇ ਰੱਖਿਆ ਮੰਤਰੀ ਹਰਜੀਤ ਸਿੰਘ ਸੱਜਣ ਆਪਣੇ ਪਿੰਡ ਬੰਬੇਲੀ ਤੋਂ ਮਿੱਠੀਆਂ ਅਤੇ ਕੌੜੀਆਂ ਯਾਦਾਂ ਲੈ ਕੇ ਅੱਗੇ ਦੇ ਸਫ਼ਰ ਲਈ ਰਵਾਨਾ ਹੋ ਗਏ। ਜਾਂਦੇ-ਜਾਂਦੇ ਉਹ ਆਪਣੀ ਸਾਦਗੀ ਦੀ ਮਿਸਾਲ ਪੇਸ਼ ਕਰ ਗਏ। ਪੰਜਾਬ ਦਾ ਸ਼ਾਇਦ ਹੀ ਕੋਈ ਅਜਿਹਾ ਆਗੂ ਹੋਵੇਗਾ ਜਿਸ ਨੇ ਇੰਨੀ ਸਾਦਗੀ ਦਾ ਸਬੂਤ ਦਿੱਤਾ ਹੋਵੇ। ਬੇਸ਼ੱਕ ਸਰਕਾਰ ਨੇ ਰਾਤ ਨੂੰ ਬਿਜਲੀ ਕੱਟ ਦਾ ਸਿਲਸਿਲਾ ਜਾਰੀ ਰੱਖਿਆ ਪ੍ਰੰਤੂ ਸੱਜਣ ਆਪਣੇ ਘਰ ਦੀ ਛੱਤ ‘ਤੇ ਖੁਦ ਫਰਾਟਾ ਪੱਖਾ ਲਗਾ ਕੇ ਉਸ ਦੀ ਹਵਾ ‘ਚ ਮਸਤੀ ਨਾਲ ਸੁੱਤੇ ਰਹੇ। 4 ਘੰਟੇ ਦੀ ਨੀਂਦ ਤੋਂ ਬਾਅਦ ਰੱਬ ਦਾ ਸ਼ੁਕਰਾਨਾ ਕੀਤਾ ਅਤੇ ਆਪਣੇ ਪਿੰਡ ਬੰਬੇਲੀ ਤੋਂ ਵਿਦਾਈ ਲਈ।
ਹਰਜੀਤ ਸਿੰਘ ਸੱਜਣ ਦੇ ਮਨ ‘ਚ ਪਿੰਡ ਦੀਆਂ ਅਧੂਰੀਆਂ ਯਾਦਾਂ ਦੇ ਨਾਲ ਇਕ ਟੀਸ ਵੀ ਬਾਕੀ ਰਹਿ ਗਈ ਕਿ ਉਹ ਨਾ ਤਾਂ ਆਪਣੇ ਪਿੰਡ ਦੀ ਗਲੀਆਂ ‘ਚ ਘੁੰਮ ਸਕੇ ਅਤੇ ਨਾ ਹੀ ਖੇਤਾਂ ਦੀਆਂ ਬੱਟਾਂ ‘ਤੇ ਟਹਿਲ ਸਕੇ। ਸਿਰਫ ਆਪਣੇ ਘਰ ਦੇ ਚੁਬਾਰੇ ਤੋਂ ਹੀ ਪਿੰਡ ਦੇ ਖੇਤਾਂ ਨੂੰ ਦੇਖ ਕੇ ਸਬਰ ਕਰ ਲਿਆ। ਉਹ ਪਿੰਡ ਵਾਲਿਆਂ ਨੂੰ ਇਹ ਸੁਨੇਹਾ ਦੇ ਗਏ ਕਿ ਪਿੰਡ ਵਾਲਿਆਂ ਨੂੰ ਨਾ ਮਿਲ ਸਕਣ ਦਾ ਗਮ ਉਨਾਂ ਨੂੰ ਜ਼ਿੰਦਗੀ ਭਰ ਰਹੇਗਾ। ਐਤਵਾਰ ਨੂੰ ਜਦੋਂ ਹਰਜੀਤ ਸਿੰਘ ਸੱਜਣ ਗੁਰਦੁਆਰਾ ਸਾਹਿਬ ਤੋਂ ਸਿੱਧਾ ਆਪਣੇ ਘਰ ਗਏ ਤਾਂ ਉਥੇ ਉਨਾਂ ਨੇ ਜੁੱਤੀਆਂ ਉਤਾਰੀਆਂ ਅਤੇ ਚੱਪਲਾਂ ਪਹਿਨ ਲਈਆਂ। ਸਭ ਤੋਂ ਪਹਿਲਾਂ ਹਰਜੀਤ ਸਿੰਘ ਸੱਜਣ ਨੇ ਘਰ ਬਣੇ ਪਕੌੜੇ ਖੁਦ ਖਾਧੇ ਅਤੇ ਬਾਅਦ ਵਿਚ ਉਨਾਂ ਨਾਲ ਆਏ ਕੈਨੇਡਾ ਦੀਆਂ ਸੁਰੱਖਿਆ ਏਜੰਸੀਆਂ ਦੇ ਲੋਕਾਂ ਨੂੰ ਵੀ ਖੁਦ ਹੀ ਖਵਾਏ। ਉਨਾਂ ਨੇ ਕਿਹਾ ਕਿ ਉਹ ਹੁਣ ਉਨਾਂ ਦੇ ਘਰ ਦੇ ਮਹਿਮਾਨ ਹਨ। ਕੁਝ ਸਮਾਂ ਘਰ ਵਾਲਿਆਂ ਨਾਲ ਗੱਲਾਂ ਕਰਨ ਤੋਂ ਬਾਅਦ ਉਨਾਂ ਨੇ ਘਿਓ-ਸ਼ੱਕਰ ਦੇ ਨਾਲ ਮੱਕੀ ਦੀ ਰੋਟੀ ਖਾਣ ਦੀ ਇੱਛਾ ਪ੍ਰਗਟ ਕੀਤੀ। ਘਰ ਵਾਲਿਆਂ ਨੇ ਉਸੇ ਸਮੇਂ ਉਨਾਂ ਨੂੰ ਮੱਕੀ ਦੀ ਰੋਟੀ ਅਤੇ ਘਿਓ-ਸ਼ੱਕਰ ਪਰੋਸ ਦਿੱਤਾ। ਉਨਾਂ ਨੇ ਪਿੰਡ ਦੀ ਲੱਸੀ ਵੀ ਮੰਗੀ ਤਾਂ ਉਨਾਂ ਨੂੰ ਲੱਸੀ ਵੀ ਲਿਆ ਕੇ ਦਿੱਤੀ ਗਈ। ਸ਼ਾਮ ਨੂੰ ਬੇਹੱਦ ਸਾਦਾ ਖਾਣਾ ਖਾਣ ਤੋਂ ਬਾਅਦ ਘਰ ਦੀ ਰਸੋਈ ਦੇ ਕੰਮ ‘ਚ ਹੱਥ ਵਟਾ ਰਹੀਆਂ ਪਿੰਡ ਦੀਆਂ ਕੁੜੀਆਂ ਨੂੰ ਕਿਹਾ ਕਿ ਹੁਣ ਤੁਸੀਂ ਬੈਠ ਜਾਓ ਅਤੇ ਉਨਾਂ ਨੇ ਖੁਦ ਪਾਣੀ ਸਰਵ ਕੀਤਾ। ਬਾਅਦ ‘ਚ ਜਦੋਂ ਉਹ ਲੜਕੀਆਂ ਖਾਣਾ ਖਾ ਰਹੀਆਂ ਸਨ ਤਾਂ ਸੱਜਣ ਰਸੋਈ ‘ਚ ਗਏ ਅਤੇ ਉਨਾਂ ਦੇ ਲਈ ਦਹੀਂ ਲੈ ਕੇ ਆਏ। ਇਸ ਦੌਰਾਨ ਜਦੋਂ ਪਿੰਡ ਦੇ ਕੁੱਝ ਲੋਕ ਆਏ ਤਾਂ ਹਰਜੀਤ ਸਿੰਘ ਸੱਜਣ ਨੇ ਉਨਾਂ ਨਾਲ ਕਾਫ਼ੀ ਦੇਰ ਗੱਲਾਂ ਕੀਤੀਆਂ। ਜਦੋਂ ਰਾਤ ਨੂੰ ਸੌਣ ਦਾ ਸਮਾਂ ਹੋਇਆ ਤਾਂ ਸੱਜਣ ਦੇ ਘਰ ਵਾਲਿਆਂ ਨੇ ਉਨਾਂ ਦੇ ਲਈ ਬਾਕਾਇਦਾ ਏਸੀ ਵਾਲਾ ਇਕ ਕਮਰਾ ਤਿਆਰ ਕੀਤਾ ਹੋਇਆ ਸੀ ਪ੍ਰੰਤੂ ਉਨਾਂ ਨੇ ਏਸੀ ਰੂਮ ਨੂੰ ਛੱਡ ਕੇ ਘਰ ‘ਚ ਪਿਆ ਇਕ ਮੰਜਾ ਚੁੱਕਿਆ ਅਤੇ ਛੱਤ ‘ਤੇ ਲੈ ਗਏ ਅਤੇ ਚੁਬਾਰੇ ਦੀ ਬਣੀ ਬਾਲਕੋਨੀ ‘ਚ ਰੱਖ ਦਿੱਤਾ ਅਤੇ ਉਥੇ ਪਿਆ ਫਰਾਟਾ ਪੱਖਾ ਲਗਾਇਆ। ਇਸ ਤੋਂ ਪਹਿਲਾਂ ਉਨਾਂ ਨੇ ਆਪਣੇ ਨਾਲ ਆਏ ਸੁਰੱਖਿਆ ਕਰਮਚਾਰੀਆਂ ਦੇ ਲਈ ਸੌਣ ਦਾ ਪ੍ਰਬੰਧ ਕੀਤਾ। ਇਹ ਜਾਣਕਾਰੀ ਦਿੰਦੇ ਹੋਏ ਉਨਾਂ ਦੇ ਚਚੇਰੇ ਭਰਾ ਜਸਵੀਰ ਸਿੰਘ ਸੱਜਣ ਨੇ ਦੱਸਿਆ ਕਿ ਸਵੇਰੇ 4 ਵਜੇ ਹਰਜੀਤ ਸਿੰਘ ਸੱਜਣ ਉਠ ਗਏ ਅਤੇ ਆਪਣੇ ਕੱਪੜੇ ਖੁਦ ਪ੍ਰੈਸ ਕੀਤੇ ਅਤੇ 5 ਵਜੇ ਤਿਆਰ ਹੋ ਗਏ ਅਤੇ ਨਾਸ਼ਤਾ ਕਰਨ ਤੋਂ ਬਾਅਦ 6.20 ਵਜੇ ਉਹ ਚੰਡੀਗੜ ਦੇ ਲਈ ਰਵਾਨਾ ਹੋ ਗਏ।
ਪੰਜਾਬ ਪੁਲਿਸ ਨੇ ਨਹੀਂ ਨਿਭਾਈ ਡਿਊਟੀ, ਪਿੰਡ ਦੇ ਰਸਤੇ ‘ਚ 20 ਮਿੰਟ ਫਸੇ ਰਹੇ ਸੱਜਣ, ਸਮਾਗਮ ‘ਚ ਨਹੀਂ ਪਹੁੰਚ ਸਕੇ
ਬੰਬੇਲੀ (ਹੁਸ਼ਿਆਰਪੁਰ) : ਕੈਨੇਡਾ ਦੇ ਰੱਖਿਆ ਮੰਤਰੀ ਹਰਜੀਤ ਸਿੰਘ ਸੱਜਣ ਵੀਰਵਾਰ ਨੂੰ ਦੁਪਹਿਰੇ ਤਿੰਨ ਵਜੇ ਹੁਸ਼ਿਆਰਪੁਰ ਸਥਿਤ ਆਪਣੇ ਪਿੰਡ ਬੰਬੇਲੀ ਪਹੁੰਚੇ। ਪੰਜਾਬ ਪੁਲਿਸ ਨੇ ਕੈਨੇਡਾ ਦੀ ਸੁਰੱਖਿਆ ਏਜੰਸੀਆਂ ਨੂੰ ਸਹਿਯੋਗ ਨਹੀਂ ਦਿੱਤਾ, ਜਿਸ ਕਾਰਨ ਉਨ੍ਹਾਂ ਦੀ ਗੱਡੀਆਂ 20 ਮਿੰਟ ਤੱਕ ਪਿੰਡ ਦੀ ਫਿਰਨੀ ‘ਤੇ ਹੀ ਫਸੀਆਂ ਰਹੀਆਂ। ਕਾਫੀ ਦੇਰ ਬਾਅਦ ਭੀੜ ਨੂੰ ਹਟਾਇਆ ਗਿਆ ਅਤੇ ਹਰਜੀਤ ਸਿੰਘ ਸੱਜਣ ਪਿੰਡ ਦੇ ਗੁਰਦੁਆਰਾ ਸਾਹਿਬ ਪਹੁੰਚੇ, ਉਥੇ ਉਨ੍ਹਾਂ ਨੂੰ ਸਿਰੋਪਾਓ ਭੇਂਟ ਕੀਤਾ ਗਿਆ। ਇਸ ਤੋਂ ਬਾਅਦ ਉਨ੍ਹਾਂ ਨੇ ਸਮਾਗਮ ਵਾਲੀ ਥਾਂ ‘ਤੇ ਜਾਣਾ ਸੀ ਜਿੱਥੇ ਪਿੰਡ ਵਾਲਿਆਂ ਨੇ ਉਨ੍ਹਾਂ ਦਾ ਸਨਮਾਨ ਕਰਨਾ ਸੀ। ਪ੍ਰੰਤੂ ਪੁਲਿਸ ਦੇ ਪ੍ਰਬੰਧ ਠੀਕ ਨਾ ਹੋਣ ਕਾਰਨ ਉਹ ਉਥੇ ਪਹੁੰਚ ਨਾ ਸਕੇ। ਹਰਜੀਤ ਸਿੰਘ ਸੱਜਣ ਨੂੰ ਗੁਰਦੁਆਰਾ ਸਾਹਿਬ ਤੋਂ ਸਿੱਧੇ ਉਨ੍ਹਾਂ ਨੂੰ ਘਰ ਪਹੁੰਚਾਇਆ ਗਿਆ ਅਤੇ ਉਥੋਂ ਪੰਜਾਬ ਪੁਲਿਸ ਨੂੰ ਦੂਰ ਰੱਖਿਆ ਗਿਆ। ਘਰ ਸਥਿਤ ਸਿਰਫ਼ ਉਹੀ ਰਿਸ਼ਤੇਦਾਰ ਪਹੁੰਚ ਸਕੇ ਜਿਨ੍ਹਾਂ ਨੂੰ ਹਰਜੀਤ ਸਿੰਘ ਸੱਜਣ ਨੇ ਮਿਲਣ ਦੀ ਇਜਾਜ਼ਤ ਦਿੱਤੀ।
ਮਨੋਹਰ ਲਾਲ ਖੱਟਰ ਨੇ ਹਰਜੀਤ ਸਿੰਘ ਸੱਜਣ ਨਾਲ ਕੀਤੀ ਮੁਲਾਕਾਤ
ਖੱਟਰ ਨੇ ਸਿਰੋਪਾ ਭੇਟ ਕਰਕੇ ਸੱਜਣ ਦਾ ਕੀਤਾ ਸਵਾਗਤ
ਚੰਡੀਗੜ੍ਹ/ਬਿਊਰੋ ਨਿਊਜ਼
ਕੈਨੇਡਾ ਦੇ ਰੱਖਿਆ ਮੰਤਰੀ ਹਰਜੀਤ ਸਿੰਘ ਸੱਜਣ ਦੀ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨਾਲ ਲਗਭਗ 45 ਮਿੰਟ ਗੱਲਬਾਤ ਹੋਈ। ਮੀਟਿੰਗ ਚੰਡੀਗੜ੍ਹ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਕਮੇਟੀ ਰੂਮ ਵਿਚ ਹੋਈ। ਇਸ ਮੌਕੇ ਭਾਰਤ ਵਿਚ ਕੈਨੇਡਾ ਦੇ ਰਾਜਦੂਤ ਤੇ ਉਨ੍ਹਾਂ ਦੇ ਸਾਥੀ ਤੇ ਹਰਿਆਣਾ ਸਰਕਾਰ ਦੇ ਚੀਫ਼ ਸੈਕਟਰੀ ਡੀ.ਐਸ. ਢੇਸੀ ਤੇ ਹਰਿਆਣਾ ਦੇ ਇੱਕੋ ਇੱਕ ਸਿੱਖ ਚੀਫ਼ ਪਾਰਲੀਮੈਂਟਰੀ ਸੈਕਟਰੀ ਬਖ਼ਸ਼ੀਸ਼ ਸਿੰਘ ਵਿਰਕ ਵੀ ਮੌਜੂਦ ਸਨ। ਢੇਸੀ ਨੇ ਦੱਸਿਆ ਕਿ ਗੱਲਬਾਤ ਵਧੇਰੇ ਕਰਕੇ ਅੰਗਰੇਜ਼ੀ ਤੇ ਪੰਜਾਬੀ ਵਿਚ ਹੋਈ। ਉਨ੍ਹਾਂ ਕਿਹਾ ਕਿ ਜਦੋਂ ਖੱਟਰ ਜੋ ਪਾਕਿਸਤਾਨੀ ਪੰਜਾਬ ਦੇ ਜ਼ਿਲ੍ਹਾ ਝੰਗ ਦੇ ਜੰਮਪਲ ਹਨ ਨੇ ਪੰਜਾਬੀ ਵਿਚ ਬੋਲਣਾ ਸ਼ੁਰੂ ਕੀਤਾ ਤਾਂ ਸੱਜਣ ਕਹਿਣ ਲੱਗੇ ਕਿ ਤੁਸੀਂ ਬੇਸ਼ੱਕ ਪੰਜਾਬੀ ਵਿਚ ਹੀ ਬੋਲੋ ਪਰ ਕੈਨੇਡੀਅਨ ਰਾਜਦੂਤ ਦੀ ਸਹੂਲਤ ਲਈ ਅੰਗਰੇਜ਼ੀ ਵਿਚ ਵਾਰਤਾਲਾਪ ਕੀਤੀ ਜਾਵੇ ਤਾਂ ਬਿਹਤਰ ਰਹੇਗਾ। ਖੱਟਰ ਨੇ ਸੱਜਣ ਨੂੰ ਸਨਮਾਨ ਦੇ ਤੌਰ ‘ਤੇ ਹਰਿਆਣਾ ਸਰਕਾਰ ਤੇ ਹਰਿਆਣਾ ਨਿਵਾਸੀਆਂ ਵੱਲੋਂ ਸਿਰੋਪਾ ਭੇਟ ਕੀਤਾ। ਕੈਨੇਡਾ ਨੇ ਹਰਿਆਣਾ ਵਿਚ ਹਵਾਬਾਜ਼ੀ, ਕੌਸ਼ਲ ਵਿਕਾਸ, ਸਿੱਖਿਆ, ਰੱਖਿਆ ਤੇ ਸਮਾਰਟ ਸਿਟੀ ਪ੍ਰੀਯੋਜਨਾਵਾਂ ਦੇ ਖੇਤਰ ਵਿਚ ਨਿਵੇਸ਼ ਕਰਨ ‘ਚ ਡੂੰਘੀ ਰੁਚੀ ਵਿਖਾਈ ਹੈ। ਮਨੋਹਰ ਲਾਲ ਖੱਟਰ ਨੇ ਕਿਹਾ ਕਿ ਮੀਟਿੰਗ ਵਿਚ ਸਾਲ 2015 ਵਿਚ ਕੈਨੇਡਾ ਦੇ ਉਨ੍ਹਾਂ ਦੇ ਦੌਰੇ ਦੇ ਦੌਰਾਨ ਕੀਤੇ ਗਏ ਦੋ ਸਮਝੌਤੇ, ਜਿਸ ਦਾ ਹਰਿਆਣਾ ਤੇ ਕੈਨੇਡਾ ਵੱਲੋਂ ਸਾਂਝੇ ਤੌਰ ‘ਤੇ ਲਾਗੂ ਕੀਤਾ ਜਾਵੇਗਾ, ਦਾ ਐਗਜ਼ੀਕਿਊਸ਼ਨ ਯਕੀਨੀ ਕਰਨ ਲਈ ਵਰਕਿੰਗ ਗਰੁੱਪ ਸਥਾਪਤ ਕਰਨ ਦਾ ਫ਼ੈਸਲਾ ਕੀਤਾ ਹੈ।
ਹਰਜੀਤ ਸਿੰਘ ਸੱਜਣ ਵਲੋਂ ਸਮੁੰਦਰੀ ਫ਼ੌਜ ਦੀ ਪੱਛਮੀ ਕਮਾਨ ਦਾ ਦੌਰਾ
ਮੁੰਬਈ : ਕੈਨੇਡਾ ਦੇ ਰੱਖਿਆ ਮੰਤਰੀ ਹਰਜੀਤ ਸਿੰਘ ਸੱਜਣ ਨੇ ਇਥੇ ਸਮੁੰਦਰੀ ਫ਼ੌਜ ਦੀ ਪੱਛਮੀ ਕਮਾਨ ਦੇ ਮੁੱਖ ਦਫ਼ਤਰ ਦਾ ਦੌਰਾ ਕੀਤਾ।ઠਰੱਖਿਆ ਵਿਭਾਗ ਦੇ ਇਕ ਬੁਲਾਰੇ ਨੇ ਦਸਿਆ ਕਿ ਹਰਜੀਤ ਸਿੰਘ ਸੱਜਣ ਵਲੋਂ ਵਾਈਸ ਐਡਮਿਰਲ ਗਿਰੀਸ਼ ਲੂਥਰਾ ਨਾਲ ਗੱਲਬਾਤ ਕੀਤੀ ਜੋ ਪਛਮੀ ਕਮਾਨ ਦੇ ਫ਼ਲੈਗ ਅਫ਼ਸਰ ਕਮਾਂਡਿੰਗ ਇਨ ਚੀਫ਼ ਹਨ। ਉਨ੍ਹਾਂ ਕਿਹਾ, ”ਹਰਜੀਤ ਸਿੰਘ ਸੱਜਣ ਨੇ ਭਾਰਤ ਅਤੇ ਕੈਨੇਡਾ ਦਰਮਿਆਨ ਸਮਾਨਤਾ ਦਾ ਜ਼ਿਕਰ ਕੀਤਾ ਅਤੇ ਦੋਹਾਂ ਮੁਲਕਾਂ ਦਰਮਿਆਨ ਸਹਿਯੋਗ ਹੋਰ ਵਧਾਉਣ ‘ਤੇ ਜ਼ੋਰ ਦਿਤਾ। ਗੱਲਬਾਤ ਦੌਰਾਨ ਮੌਜੂਦਾ ਪੱਧਰ ‘ਤੇ ਫ਼ੌਜੀ ਸਰਗਰਮੀਆਂ ਜਾਰੀ ਰੱਖਣ ਅਤੇ ਸਹਿਯੋਗ ਵਧਾਉਣ ਦੀਆਂ ਸੰਭਾਵਨਾਵਾਂ ‘ਤੇ ਵਿਚਾਰ ਕੀਤਾ ਗਿਆ।” ਬੁਲਾਰੇ ਨੇ ਕਿਹਾ ਕਿ ਮੌਜੂਦਾ ਖੇਤਰੀ ਅਤੇ ਕੌਮਾਂਤਰੀ ਸੁਰੱਖਿਆ ਦੇ ਮਾਹੌਲ ਅਤੇ ਮੌਕਿਆਂ ਬਾਰੇ ਗੱਲਬਾਤ ਕੀਤੀ ਗਈ।ઠਸਮੁੰਦਰੀ ਖੇਤਰ ਅਤੇ ਸਮੁੰਦਰੀ ਫ਼ੌਜ ਦਰਮਿਆਨ ਸਹਿਯੋਗ ਨੂੰ ਵਧਾਉਣ ਅਤੇ ਕੈਨੇਡਾ ਦੇ ਜਹਾਜ਼ ਵਿਨੀਪੈਗ ਦੇ ਦੌਰੇ ਨੂੰ ਲੈ ਕੇ ਵੀ ਵਿਚਾਰ ਵਟਾਂਦਰਾ ਹੋਇਆ।
ਚੰਡੀਗੜ੍ਹ ‘ਚ ਨਵੇਂ ਕੌਂਸਲਖਾਨੇ ਦਾ ਸੱਜਣ ਨੇ ਕੀਤਾ ਉਦਘਾਟਨ
ਕਿਹਾ, ਰਿਸ਼ਤੇ ਰਾਸ਼ਟਰ ਨਹੀਂ ਲੋਕ ਕਾਇਮ ਕਰਦੇ ਹਨ
ਚੰਡੀਗੜ੍ਹ : ਭਾਰਤ ਦੇ ਸੱਤ ਰੋਜ਼ਾ ਦੌਰੇ ‘ਤੇ ਆਏ ਕੈਨੇਡਾ ਦੇ ਰੱਖਿਆ ਮੰਤਰੀ ਹਰਜੀਤ ਸਿੰਘ ਸੱਜਣ ਨੇ ਇੱਥੇ ਨਵੇਂ ਕੈਨੇਡੀਅਨ ਕੌਂਸਲਖਾਨੇ ਦਾ ਉਦਘਾਟਨ ਕੀਤਾ ਅਤੇ ਕਿਹਾ ਕਿ ਰਿਸ਼ਤੇ ਰਾਸ਼ਟਰ ਨਹੀਂ, ਲੋਕ ਕਾਇਮ ਕਰਦੇ ਹਨ। ਇਸ ਮਗਰੋਂ ਉਹ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੂੰ ਮਿਲੇ।
ਕੈਨੇਡਾ ਦੇ ਰੱਖਿਆ ਮੰਤਰੀ ਹਰਜੀਤ ਸਿੰਘ ਸੱਜਣ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਏਲਾਂਤੇ ਕੰਪਲੈਕਸ ਪੁੱਜੇ, ਜਿੱਥੇ ਨਵੇਂ ਕੈਨੇਡੀਅਨ ਕੌਂਸਲਖਾਨੇ ਦਾ ਉਦਘਾਟਨ ਕੀਤਾ। ਪਹਿਲਾਂ ਇਹ ਕੌਂਸਲਖਾਨਾ ਸੈਕਟਰ 17 ਵਿੱਚ ਸੀ। ਇਸ ਮੌਕੇ ਰੱਖਿਆ ਮੰਤਰੀ ਨੇ ਕਿਹਾ ਕਿ ਨਵੇਂ ਕੌਂਸਲਖਾਨੇ ਵਿੱਚ ਕੈਨੇਡਾ ਦੇ ਲੋਕਾਂ ਦੀ ਮਦਦ, ਕੈਨੇਡਾ ਨਾਲ ਵਪਾਰ ਲਈ ਇੱਛੁਕ ਕੰਪਨੀਆਂ ਦੀ ਮਦਦ ਤੇ ਵੀਜ਼ਿਆਂ ਸਣੇ ਹੋਰ ਕਈ ਸੇਵਾਵਾਂ ਦਿੱਤੀਆਂ ਜਾਣਗੀਆਂ।
Check Also
ਲੋਕ ਸਭਾ ਚੋਣਾਂ ‘ਚ ਭਾਜਪਾ ਨੂੰ ਨਹੀਂ ਮਿਲਿਆ ਬਹੁਮਤ
ਭਾਜਪਾ ਨੂੰ ਸਿਰਫ਼ 241 ਸੀਟਾਂ ਨਾਲ ਕਰਨਾ ਪਿਆ ਸਬਰ ਚੋਣ ਨਤੀਜੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ …