Breaking News
Home / ਕੈਨੇਡਾ / ਐੱਮ.ਪੀ. ਸੋਨੀਆ ਸਿੱਧੂ ਨੇ ਦੇਸ਼ ਵਿੱਚੋਂ ਗ਼ਰੀਬੀ ਘਟਾਉਣ ਸਬੰਧੀ ਕਮਿਊਨਿਟੀ ਲੀਡਰਾਂ ਨਾਲ ਵਿਚਾਰ-ਵਟਾਂਦਰਾ ਕੀਤਾ

ਐੱਮ.ਪੀ. ਸੋਨੀਆ ਸਿੱਧੂ ਨੇ ਦੇਸ਼ ਵਿੱਚੋਂ ਗ਼ਰੀਬੀ ਘਟਾਉਣ ਸਬੰਧੀ ਕਮਿਊਨਿਟੀ ਲੀਡਰਾਂ ਨਾਲ ਵਿਚਾਰ-ਵਟਾਂਦਰਾ ਕੀਤਾ

ਬਰੈਂਪਟਨ/ਬਿਊਰੋ ਨਿਊਜ਼
ਬੀਤੇ ਹਫ਼ਤੇ 18 ਅਪ੍ਰੈਲ ਨੂੰ ਬਰੈਂਪਟਨ ਵੈੱਸਟ ਦੀ ਮੈਂਬਰ ਪਾਰਲੀਮੈਂਟ ਸੋਨੀਆ ਸਿੱਧੂ ਨੇ ਕਮਿਊਨਿਟੀ ਦੇ ਨੇਤਾਵਾਂ ਨਾਲ ਕੈਨੇਡਾ ਵਿੱਚ ਗ਼ਰੀਬੀ ਘਟਾਉਣ ਸਬੰਧੀ ਸਲਾਹ-ਮਸ਼ਵਰਾ ਕੀਤਾ। ਇਸ ਰਾਊਂਡ-ਟੇਬਲ ਮੀਟਿੰਗ ਦਾ ਆਯੋਜਨ 24 ਕੁਈਨ ਸਟਰੀਟ (ਈਸਟ) ਦਫ਼ਤਰ ਵਿੱਚ ਕੀਤਾ ਗਿਆ ਜਿਸ ਵਿੱਚ ਬਰੈਂਪਟਨ ਅਤੇ ਸਾਰੇ ਦੇਸ਼ ਵਿੱਚ ‘ਕੈਨੇਡਾ ਪਾਵਰਟੀ ਰੀਡਕਸ਼ਨ ਸਟਰੈਟਿਜੀ’ ਬਾਰੇ ਸੋਚ-ਵਿਚਾਰਾਂ ਹੋਈਆਂ। ਮੀਟਿੰਗ ਵਿੱਚ ਬੁਲਾਰਿਆਂ ਨੇ ਗ਼ਰੀਬੀ ਦੇ ਪ੍ਰਭਾਵ, ਲੋਕਾਂ ਵਿੱਚ ਖਾਧ-ਪਦਾਰਥਾਂ ਤੋਂ ਲੈ ਕੇ ਘਰਾਂ ਦੀ ਬਣੀ ਅਨਿਸਚਤਤਾ, ਗ਼ਰੀਬੀ ਘਟਾਉਣ ਲਈ ਢੰਗ-ਤਰੀਕਿਆਂ ਅਤੇ ਕਈ ਹੋਰ ਮੁੱਦਿਆਂ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ। ਉਨ੍ਹਾਂ ਇਹ ਵੀ ਵਿਚਾਰਿਆ ਕਿ ਇਸ ਮੰਤਵ ਲਈ ਕਿੱਥੇ-ਕਿੱਥੇ ਵਧੇਰੇ ਕੋਸ਼ਿਸ਼ ਕਰਨ ਦੀ ਜ਼ਰੂਰਤ ਹੈ। ਇਸ ਮੌਕੇ ਬੋਲਦਿਆਂ ਸੋਨੀਆ ਨੇ ਕਿਹਾ,”ਗ਼ਰੀਬੀ ਸਾਰੇ ਕੈਨੇਡੀਅਨਾਂ ‘ਤੇ ਕਿਸੇ ਨਾ ਕਿਸੇ ਤਰ੍ਹਾਂ ਅਸਰ-ਅੰਦਾਜ਼ ਹੈ ਅਤੇ ਇਸ ਨੂੰ ਘਟਾਉਣ ਲਈ ਸਾਂਝੀ ਆਵਾਜ਼ ਅਤੇ ਸਾਂਝੇ ਯਤਨਾਂ ਦੀ ਲੋੜ ਹੈ। ਬਰੈਂਪਟਨ-ਵਾਸੀ ਨਵੀਆਂ ਖੋਜਾਂ ਅਤੇ ਈਜਾਦਾਂ ਲਈ ਜਾਣੇ ਜਾਂਦੇ ਹਨ ਜਿਸ ਦੇ ਬਾਰੇ ਮੈਂ ਇਸ ਬਹਿਸ ਵਿੱਚ ਵਿਸ਼ੇਸ਼ ਜ਼ਿਕਰ ਕਰਨਾ ਚਾਹੁੰਦੀ ਹਾਂ। ਗ਼ਰੀਬੀ ਵਾਲੀ ਇਸ ਮੁਸ਼ਕਲ ਨੂੰ ਹੱਲ ਕਰਨ ਲਈ ਸਾਨੂੰ ਨਵੇਂ ਵਿਚਾਰਾਂ, ਨਵੀਆਂ ਕੋਸ਼ਿਸ਼ਾਂ ਅਤੇ ਨਵੇਂ ਪੈਂਤੜਿਆਂ ਦੀ ਜ਼ਰੂਰਤ ਹੈ।” ਉਨ੍ਹਾਂ ਦੱਸਿਆ ਕਿ ਇਸ ਰਾਊਂਡ-ਟੇਬਲ ਮੀਟਿੰਗ ਵਿੱਚ ਕਈ ਵਧੀਆ ਵਿਚਾਰ ਸਾਹਮਣੇ ਆਏ ਜਿਨ੍ਹਾਂ ਵਿੱਚ ਸਕਿੱਲ ਡਿਵੈੱਲਪਮੈਂਟ ਵਿਸ਼ੇਸ਼ ਤੌਰ ‘ਤੇ ਸ਼ਾਮਲ ਹੈ ਅਤੇ ਜਿਸ ਨੂੰ ਵਧਾਉਣ ਲਈ ਸਾਡੀ ਫੈੱਡਰਲ ਸਰਕਾਰ ਬੱਜਟ-2017 ਵਿੱਚ ਪੂਰੀ ਤਰ੍ਹਾਂ ਵਚਨਬੱਧ ਹੈ। ਕਮਿਊਨਿਟੀ ਦੇ ਵੱਖ-ਵੱਖ ਵਰਗਾਂ ਕੋਲੋਂ ਇਸ ਦੇ ਬਾਰੇ ਉਸਾਰੂ ਅਤੇ ਵਧੀਆ ਸੁਣ ਕੇ ਸਾਨੂੰ ਖ਼ੁਸ਼ੀ ਹੈ ਕਿ ਅਸੀਂ ਸਹੀ ਰਸਤੇ ‘ਤੇ ਚੱਲ ਰਹੇ ਹਾਂ।ਮੀਟਿੰਗ ਵਿੱਚ ਬਹੁਤ ਸਾਰੀਆਂ ਸਥਾਨਕ ਸੰਸਥਾਵਾਂ ਨੇ ਸ਼ਿਰਕਤ ਕੀਤੀ ਜਿਨ੍ਹਾਂ ਵਿੱਚ ਰਿਜਨ ਆਫ਼ ਪੀਲ, ਮਸ਼ਹੂਰ ਕੰਪਿਊਟਰ ਟੈਕਨਾਲੋਜੀ ਅਦਾਰੇ, ਰੀ-ਜੈਨਰੇਸ਼ਨ ਬਰੈਂਪਟਨ ਆਊਟਰੀਚ, ਮਿਊਨਿਸਿਪਲ ਕਾਊਂਸਲਰ ਮਾਰਟਿਨ ਮੈਡੀਰੋਸ ਤੇ ਜੈੱਫ਼ ਬੋਮੈਨ ਆਦਿ ਸ਼ਾਮਲ ਸਨ। ਸੋਨੀਆ ਸਿੱਧੂ ਨੇ ਕਿਹਾ ਕਿ ਉਹ ਇਸ ਉਸਾਰੂ-ਬਹਿਸ ਤੋਂ ਬੜੇ ਖ਼ੁਸ਼ ਹਨ ਅਤੇ ਸਰਕਾਰ ਦੀ ਪਾਵਰਟੀ ਰੀਡਕਸ਼ਨ ਸਟਰੈਟਿਜੀ ਨੂੰ ਭਵਿੱਖ ਵਿੱਚ ਇੰਜ ਹੀ ਫੀਡ-ਬੈਕ ਦਿੰਦੇ ਰਹਿਣਗੇ। ਉਨ੍ਹਾਂ ਹੋਰ ਕਿਹਾ ਕਿ ਇਸ ਮੁਹਿੰਮ ਅਧੀਨ ਦੇਸ਼ ਵਿੱਚੋਂ ਗ਼ਰੀਬੀ ਖ਼ਤਮ ਕਰਨ ਦੇ ਨਾਲ ਨਾਲ ਦੇਸ਼ ਦੀ ਤਰੱਕੀ ਰਫ਼ਤਾਰ ਨੂੰ ਵੀ ਜਾਰੀ ਰੱਖਣ ਦੀ ਜ਼ਰੂਰਤ ਹੈ। ਅਸੀਂ ਕੈਨੇਡਾ ਵਿੱਚੋਂ ਗ਼ਰੀਬੀ ਘੱਟ ਕਰਨ ਦਾ ਕੰਮ ਸ਼ੁਰੂ ਕਰ ਦਿੱਤਾ ਹੈ, ਖ਼ਾਸ ਤੌਰ ‘ਤੇ ‘ਕੈਨੇਡਾ ਚਾਈਲਡ ਬੈਨੀਫ਼ਿਟ’ ਪ੍ਰੋਗਰਾਮ ਰਾਹੀਂ ਇਸ ਦਾ ਆਰੰਭ ਹੋ ਚੁੱਕਾ ਜਿਸ ਨਾਲ 300,000 ਬੱਚਿਆਂ ਨੂੰ ਗ਼ਰੀਬੀ ਦੇ ਪੱਧਰ ਤੋਂ ਉੱਪਰ ਲਿਆਂਦਾ ਗਿਆ ਹੈ, ਪਰੰਤੂ ਅਜੇ ਵੀ ਇਸ ਖ਼ੇਤਰ ਵਿੱਚ ਬਹੁਤ ਸਾਰਾ ਕੰਮ ਕਰਨ ਵਾਲਾ ਬਾਕੀ ਹੈ ਅਤੇ ਮੈਂ ਇਸ ਦੇ ਲਈ ਹੋਰ ਸਾਰਥਿਕ ਯਤਨਾਂ ਲਈ ਆਸਵੰਦ ਹਾਂ।

Check Also

ਇਨਸਾਨ ਦੇ ਸ਼ੈਤਾਨ ਬਣਨ ਦੀ ਰੌਂਗਟੇ ਖੜ੍ਹੇ ਕਰਨ ਵਾਲੀ ਦਾਸਤਾਨ

ਐਬਟਸਫੋਰਡ/ਡਾ. ਗੁਰਵਿੰਦਰ ਸਿੰਘ : ਐਬਟਸਫੋਰਡ ਸ਼ਹਿਰ ਦਾ ਵੈਗਨਰ ਰੋਡ। ਸ਼ੁੱਕਰਵਾਰ ਦੀ ਰਾਤ ਦੇ 10.30 ਵਜੇ …