ਟੋਰਾਂਟੋ/ਬਿਊਰੋ ਨਿਊਜ਼ : ਓਨਟਾਰੀਓ ਦੇ ਉੱਘੇ ਡਾਕਟਰ ਦਾ ਕਹਿਣਾ ਹੈ ਕਿ ਹੁਣ ਰੀਓਪਨਿੰਗ ਤੇ ਕੋਵਿਡ-19 ਨਾਲ ਨਜਿੱਠਣ ਲਈ ਸੰਤੁਲਿਤ ਪਹੁੰਚ ਅਪਨਾਉਣ ਦਾ ਸਮਾਂ ਆ ਗਿਆ ਹੈ। ਡਾ. ਕੀਰਨ ਮੂਰੇ ਨੇ ਆਖਿਆ ਕਿ ਸਾਨੂੰ ਇਸ ਵਾਇਰਸ ਨਾਲ ਰਹਿਣਾ ਸਿੱਖਣਾ ਹੋਵੇਗਾ। ਲਾਗੂ ਹੋਣ ਜਾ ਰਹੇ ਨਵੇਂ ਪਬਲਿਕ ਹੈਲਥ ਮਾਪਦੰਡਾਂ ਦਾ ਐਲਾਨ ਕਰਦੇ ਸਮੇਂ ਮੂਰ ਨੇ ਆਖਿਆ ਕਿ ਸਾਨੂੰ ਇਹ ਸਮਝਣਾ ਹੋਵੇਗਾ ਕਿ ਅਸੀਂ ਓਮਾਈਕ੍ਰੌਨ ਵਰਗੇ ਖਤਰੇ ਨੂੰ ਜੜ੍ਹ ਤੋਂ ਖਤਮ ਨਹੀਂ ਕਰ ਸਕਦੇ। ਪਿਛਲੇ ਦੋ ਸਾਲਾਂ ਤੋਂ ਸਾਡੀਆਂ ਜ਼ਿੰਦਗੀਆਂ ਡਰ ਦੇ ਸਾਏ ਵਿੱਚ ਨਿਕਲ ਰਹੀਆਂ ਹਨ ਤੇ ਵਾਇਰਸ ਸਾਨੂੰ ਨਿਯੰਤਰਿਤ ਕਰ ਰਿਹਾ ਹੈ, ਇਸ ਲਈ ਸਾਨੂੰ ਆਪਣੀ ਸੋਚ ਹੀ ਬਦਲਣੀ ਹੋਵੇਗੀ। ਪਾਬੰਦੀਆਂ ਵਿੱਚ ਦਿੱਤੀ ਜਾ ਰਹੀ ਢਿੱਲ ਤਹਿਤ ਓਨਟਾਰੀਓ ਵਾਸੀਆਂ ਨੂੰ ਹੁਣ ਕਾਨੂੰਨੀ ਤੌਰ ਉੱਤੇ ਘਰ ਤੋਂ ਕੰਮ ਕਰਨ ਦੀ ਲੋੜ ਨਹੀਂ ਹੋਵੇਗੀ ਤੇ ਬਿਜ਼ਨਸਿਜ਼ ਨੂੰ ਵੀ ਹੁਣ ਕਾਂਟੈਕਟ ਟਰੇਸਿੰਗ ਦੇ ਮਕਸਦ ਨਾਲ ਆਪਣੇ ਕਸਟਮਰਜ਼ ਦਾ ਰਿਕਾਰਡ ਨਹੀਂ ਰੱਖਣਾ ਹੋਵੇਗਾ। ਇੰਡੋਰ ਸੋਸ਼ਲ ਗੈਦਰਿੰਗਜ਼ ਦੀ ਹੱਦ 5 ਤੋਂ 10 ਕੀਤੀ ਜਾ ਰਹੀ ਹੈ ਜਦਕਿ ਆਊਟਡਰ ਗੈਦਰਿੰਗਜ਼ ਦੀ ਹੱਦ 25 ਕੀਤੀ ਜਾਵੇਗੀ। 50 ਫੀਸਦੀ ਸਮਰੱਥਾ ਨਾਲ ਰੈਸਟੋਰੈਂਟਸ ਆਪਣੇ ਡਾਈਨਿੰਗ ਰੂਮ ਖੋਲ੍ਹ ਸਕਣਗੇ। ਖੇਡਾਂ ਸਬੰਧੀ ਇੰਡੋਰ ਈਵੈਂਟਸ, ਕੰਸਰਟ ਵੈਨਿਊਜ਼, ਥਿਏਟਰਜ਼ ਤੇ ਸਿਨੇਮਾਜ਼ ਦੇ ਨਾਲ ਨਾਲ ਅਜਿਹੀਆਂ ਹੋਰਨਾਂ ਥਾਂਵਾਂ ਲਈ ਫੂਡ ਤੇ ਡਰਿੰਕ ਸਰਵਿਸ ਦੀ ਇਜਾਜ਼ਤ ਹੋਵੇਗੀ। ਜਦੋਂ ਲੋਕ ਇਨ੍ਹਾਂ ਥਾਂਵਾਂ ਉੱਤੇ ਖਾਣਾ ਨਹੀਂ ਖਾ ਰਹੇ ਹੋਣਗੇ ਜਾਂ ਕੁੱਝ ਪੀ ਨਹੀਂ ਰਹੇ ਹੋਣਗੇ ਤਾਂ ਉਨ੍ਹਾਂ ਨੂੰ ਮਾਸਕ ਲਾ ਕੇ ਰੱਖਣੇ ਹੋਣਗੇ।
ਮੂਰ ਨੇ ਆਖਿਆ ਕਿ ਅਸੀਂ ਅਜਿਹਾ ਕਰਕੇ ਰਿਸਕ ਘਟਾ ਰਹੇ ਹਾਂ ਪਰ ਅਸੀਂ ਇਸ ਨੂੰ ਮੁਕੰਮਲ ਤੌਰ ਉੱਤੇ ਖ਼ਤਮ ਨਹੀਂ ਕਰ ਸਕਦੇ। ਪ੍ਰੋਵਿੰਸ ਵੱਲੋਂ ਘਰ ਤੋਂ ਕੰਮ ਕਰਨ ਦੀ ਕਾਨੂੰਨੀ ਲੋੜ ਨੂੰ ਵੀ ਖ਼ਤਮ ਕੀਤਾ ਜਾ ਰਿਹਾ ਹੈ। ਬਸ਼ਰਤੇ ਅਜਿਹਾ ਕਰਨ ਦੀ ਬਹੁਤ ਜ਼ਿਆਦਾ ਲੋੜ ਨਾ ਹੋਵੇ। ਮੂਰ ਨੇ ਆਖਿਆ ਕਿ ਜਿਹੜੇ ਘਰ ਤੋਂ ਕੰਮ ਕਰ ਸਕਦੇ ਹਨ ਉਹ ਅਜਿਹਾ ਕਰਨਾ ਜਾਰੀ ਰੱਖ ਸਕਦੇ ਹਨ ਤਾਂ ਕਿ ਉਹ ਹੋਰਨਾਂ ਲੋਕਾਂ ਦੇ ਸੰਪਰਕ ਵਿੱਚ ਘੱਟ ਤੋਂ ਘੱਟ ਆਉਣ। ਮੂਰ ਨੇ ਆਖਿਆ ਕਿ ਵੈਕਸੀਨਜ਼ ਸੁਰੱਖਿਅਤ ਤੇ ਪ੍ਰਭਾਵਸ਼ਾਲੀ ਸਿੱਧ ਹੋ ਰਹੀਆਂ ਹਨ ਤੇ ਬੂਸਟਰ ਡੋਜ਼ਾਂ ਨਾਲ ਅਸੀਂ 88 ਤੋਂ 95 ਫੀਸਦੀ ਤੱਕ ਕੋਵਿਡ-19 ਤੋਂ ਪ੍ਰੋਟੈਕਸ਼ਨ ਹਾਸਲ ਕਰ ਚੁੱਕੇ ਹਾਂ। ਇਸਦੇ ਨਾਲ ਹੀ ਹੁਣ ਸਾਡੇ ਕੋਲ ਗੋਲੀ ਦੇ ਰੂਪ ਵਿੱਚ ਮੂੰਹ ਰਾਹੀਂ ਲਿਆ ਜਾਣ ਵਾਲਾ ਐਂਟੀਵਾਇਰਲ ਇਲਾਜ ਵੀ ਹੈ। ਸਾਨੂੰ ਆਸ ਹੈ ਕਿ ਮਈ ਤੱਕ ਸਾਨੂੰ ਮਾਸਕ ਤੇ ਫਿਜ਼ੀਕਲ ਡਿਸਟੈਂਸਿੰਗ ਵਰਗੇ ਨਿਯਮਾਂ ਦੀ ਵੀ ਲੋੜ ਨਹੀਂ ਹੋਵੇਗੀ।
Check Also
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ਵਿਚ ਸਵ. ਗੁਰਦਾਸ ਮਿਨਹਾਸ ਨੂੰ ਭੇਂਟ ਕੀਤੀ ਗਈ ਸ਼ਰਧਾਂਜਲੀ
‘ਪੰਜਾਬ ਦੀ ਕੋਇਲ’ ਸੁਰਿੰਦਰ ਕੌਰ ਦੇ ਜਨਮ-ਦਿਨ ‘ਤੇ ਕੀਤਾ ਗਿਆ ਯਾਦ ਤੇ ਕਵੀ-ਦਰਬਾਰ ਵੀ ਹੋਇਆ …