Home / ਕੈਨੇਡਾ / ਤਰਕਸ਼ੀਲ ਸੁਸਾਇਟੀ ਵਲੋਂ ਅਰਥ ਸ਼ਾਸ਼ਤਰੀ ਪ੍ਰੋ: ਸੁੱਚਾ ਸਿੰਘ ਗਿੱਲ ਨਾਲ ਰੂਬਰੂ

ਤਰਕਸ਼ੀਲ ਸੁਸਾਇਟੀ ਵਲੋਂ ਅਰਥ ਸ਼ਾਸ਼ਤਰੀ ਪ੍ਰੋ: ਸੁੱਚਾ ਸਿੰਘ ਗਿੱਲ ਨਾਲ ਰੂਬਰੂ

ਬਰੈਂਪਟਨ/ਬਿਊਰੋ ਨਿਊਜ਼ : ਨਾਰਥ ਅਮੈਰਿਕਨ ਤਰਕਸ਼ੀਲ ਸੁਸਾਇਟੀ ਵਲੋਂ ਪ੍ਰਸਿੱਧ ਅਰਥ ਸ਼ਾਸ਼ਤਰੀ ਪ੍ਰੋ: ਸੁੱਚਾ ਸਿੰਘ ਗਿੱਲ ਨਾਲ 2 ਜੁਲਾਈ ਨੂੰ ਮਰੋਕ ਲਾਅ ਆਫਿਸ ਵਿੱਚ ਬਣੇ ਪੰਜਾਬੀ ਭਵਨ ਵਿੱਚ ਰੂ ਬ ਰੂ ਕੀਤਾ ਗਿਆ। ਚਾਹ ਪਾਣੀ ਤੋਂ ਬਾਅਦ ਸੁਸਾਇਟੀ ਦੇ ਕੁਆਰਡੀਨੇਟਰ ਨਛੱਤਰ ਬਦੇਸ਼ਾ ਨੇ ਪ੍ਰੋ: ਸਾਹਿਬ ਦੀ ਸੰਖੇਪ ਵਿੱਚ ਜਾਣ ਪਹਿਚਾਣ ਕਰਵਾਈ ਅਤੇ ਉਹਨਾਂ ਨੂੰ ਸਟੇਜ ‘ਤੇ ਆਉਣ ਦਾ ਸੱਦਾ ਦਿੱਤਾ।
ਡਾ: ਸੁੱਚਾ ਸਿੰਘ ਗਿੱਲ ਨੇ ਜਮੀਨ ਦੀ ਮਾਲਕੀ ਦੇ ਹਿਸਾਬ ਕਿਸਾਨਾਂ ਦੇ ਵਰਗਾਂ ਅਨੁਸਾਰ ਬੜੇ ਵਿਸਥਾਰ ਨਾਲ ਕਿਸਾਨਾਂ ਨੂੰ ਪੇਸ਼ ਆ ਰਹੀਆਂ ਸਮੱਸਿਆਵਾਂ ਦੀ ਗੱਲ ਬਹੁਤ ਹੀ ਵਿਸਥਾਰ ਨਾਲ ਸਾਂਝੀ ਕੀਤੀ। ਵੱਖ ਵੱਖ ਸਮੇਂ ‘ਤੇ ਚੱਲੀਆਂ ਸਰਕਾਰੀ ਸਕੀਮਾਂ ਅਤੇ ਉਹਨਾਂ ਦਾ ਕਿਸਾਨੀ ਉੱਤੇ ਪਏ ਪਰਭਾਵ ਦੀ ਅੰਕੜੇ ਪੇਸ਼ ਕਰਕੇ ਵਿਗਿਆਨਕ ਢੰਗ ਨਾਲ ਵਿਆਖਿਆ ਕਰਦੇ ਹੋਏ ਕਿਹਾ ਕਿ ਇਹਨਾਂ ਸਕੀਮਾਂ ਪਿੱਛੇ ਕੰਮ ਕਰਦੇ ਰਾਜਸੀ ਹਿੱਤਾਂ ਕਾਰਣ ਕਿਸਾਨਾਂ ਨੂੰ ਲਾਭ ਨਹੀਂ ਹੋਇਆ। ਇਸਦੇ ਉਲਟ ਨਿੱਤ ਪ੍ਰਤੀ ਕਿਸਾਨ ਆਪਣੀਆਂ ਜਮੀਨਾਂ ਵੇਚਣ ਲਈ ਮਜਬੂਰ ਹੋ ਕੇ ਬ ੇਜਮੀਨੇ ਹੋ ਰਹੇ ਹਨ। ਉਹਨਾ ਕਿਸਾਨਾਂ ਪ੍ਰਤੀ ਬੈਂਕਾਂ ਦੇ ਰੋਲ ਅਤੇ ਸ਼ਾਹੂਕਾਰਾ ਕਰਜ਼ੇ ਬਾਰੇ ਵੀ ਵਿਚਾਰ ਪਰਗਟ ਕੀਤੇ। ਇਹ ਵਿਸ਼ਵ ਪੱਧਰ ਦਾ ਵਰਤਾਰਾ ਹੈ। ਸਰਕਾਰਾਂ ਦੇ ਕਾਰਪੋਰੇਟ ਪੱਖੀ ਹੋਣ ਕਾਰਣ ਉਸਦਾ ਨਤੀਜਾ ਕਿਸਾਨਾ ਨੂੰ ਬ ੇਜਮੀਨੇ ਅਤੇ ਕਰਜ਼ਾਈ ਹੋ ਕੇ ਝੱਲਣਾ ਪੈ ਰਿਹਾ ਹੈ। ਮਹਿੰਗੀਆਂ ਕੀੜੇਮਾਰ ਦਵਾਈਆਂ, ਰਸਾਇਣਕ ਖਾਦਾਂ ਇੱਕ ਪਾਸੇ ਕਿਸਾਨ ਨੂੰ ਸਿਰ ਚੁੱਕਣ ਨਹੀਂ ਦੇ ਰਹੀਆਂ ਦੂਜੇ ਪਾਸੇ ਵਾਤਾਵਰਣ ਅਤੇ ਖੁਰਾਕੀ ਪਦਾਰਥਾਂ ਨੂੰ ਦੂਸ਼ਿਤ ਕਰ ਰਹੀਆਂ ਹਨ ਜਿਸ ਨਾਲ ਕੈਂਸਰ ਵਰਗੇ ਭਿਆਨਕ ਰੋਗ ਮਹਾਂਮਾਰੀ ਦਾ ਰੂਪ ਧਾਰਨ ਕਰ ਰਹੇ ਹਨ। ਪ੍ਰੋ: ਸੁਖਪਾਲ ਸਿੰਘ ਦੀ ਰਿਪੋਰਟ ਮੁਤਾਬਕ ਪੰਜਾਬ ਵਿੱਚ ਆਰਥਿਕ ਤੌਰ ਤੇ ਟੁੱਟ ਕੇ ਕਰਜ਼ੇ ਦੀ ਮਾਰ ਹੇਠ ਆਏ ਹਰ ਸਾਲ 1000 ਤੋਂ ਵੱਧ ਕਿਸਾਨ ਖੁਦਕਸ਼ੀਆਂ ਕਰ ਰਹੇ ਹਨ। ਦੇਸ਼ ਨੂੰ ਅਨਾਜ ਦੇ ਮਾਮਲੇ ਵਿੱਚ ਆਤਮ ਨਿਰਭਰ ਕਰਨ ਵਾਲਾ ਪੰਜਾਬ ਖੁਦਕਸ਼ੀਆਂ ਵਾਲਾ ਪੰਜਾਬ ਬਣ ਗਿਆ ਹੈ। ਇਹ ਸਭ ਸਰਕਾਰ ਦੀਆਂ ਕਿਸਾਨ ਵਿਰੋਧੀ ਨੀਤੀਆਂ ਕਾਰਣ ਜਿਸ ਤਹਿਤ ਜਹਿਰੀਲੀਆਂ ਕੀੜੇਮਾਰ ਦਵਾਈਆਂ ਅਤੇ ਰਸਾਇਣਕ ਖਾਦਾਂ ਦੇ ਭਾਅ ਜਿਸ ਅਨੁਪਾਤ ਨਾਲ ਵਧ ਰਹੇ ਹਨ ਉਸ ਦੇ ਮੁਕਾਬਲੇ ਜਿਣਸਾਂ ਦੇ ਭਾਅ ਵਿੱਚ ਵਾਧਾਂ ਨਿਗੁਣਾ ਹੋ ਰਿਹਾ ਹੈ। ਆਮਦਨ ਨਾਲੋਂ ਵੱਧ ਖਰਚਾ ਹੋਣ ਕਾਰਨ ਕਿਸਾਨਾਂ ਦਾ ਕਰਜ਼ਾਈ ਹੋਣਾ ਲਾਜ਼ਮੀ ਹੈ।
ਉਹਨਾਂ ਜਪਾਨ ਵਿੱਚ ਸਰਕਾਰ ਵਲੋਂ ਹਮਾਇਤ ਪਰਾਪਤ ਚੱਲ ਰਹੀ ਕੋ-ਆਪਰੇਟਿਵ ਖੇਤੀ ਬਾਰੇ ਦਸਦਿਆਂ ਕਿਹਾ ਕਿ ਉੱਥੇ ਇਹ ਕਿਸਾਨਾਂ ਲਈ ਲਾਹੇਬੰਦ ਸਾਬਤ ਹੋਈ ਹੈ। ਪਰ ਸਾਡੇ ਇੱਥੇ ਕੋ-ਆਪਰੇਟਿਵ ਸੁਸਾਇਟੀਆਂ ਤਾਂ ਬਣੀਆਂ ਹਨ ਪਰ ਉਹਨਾਂ ਤੇ ਕਾਬਜ ਚੌਧਰੀ ਹੀ ਇਸ ਦਾ ਲਾਭ ਲੈ ਜਾਂਦੇ ਹਨ ਤੇ ਜਿੱਥੇ ਵਾਗਡੋਰ ਸਾਧਾਰਨ ਲੋਕਾਂ ਦੇ ਹੱਥ ਆ ਜਾਂਦੀ ਹੈ ਉੱਥੇ ਸਿਆਸੀ ਅਸਰ ਰਸੂਖ ਰੱਖਣ ਵਾਲਿਆਂ ਦੇ ਸਿਆਸੀ ਦਬਾਅ ਕਾਰਣ ਏ ਆਰ ਦੇ ਹੱਥ ਵਿੱਚ ਸ਼ਕਤੀ ਹੋਣ ਕਰਕੇ ਸੁਸਾਇਟੀ ਨੂੰ ਭੰਗ ਕਰ ਦਿੱਤਾ ਜਾਂਦਾ ਹੈ।
ਅਰਥ ਸ਼ਾਸ਼ਤਰੀ ਡਾ: ਸੁੱਚਾ ਸਿੰਘ ਗਿੱਲ ਦੇ ਵਿਚਾਰਾਂ ਤੋਂ ਬਾਦ ਬਹੁਤ ਸਾਰੇ ਹਾਜ਼ਰ ਲੋਕਾਂ ਜਿੰਨ੍ਹਾ ਵਿੱਚ ਪਰਮਜੀਤ ਬੜਿੰਗ, ਲਾਲ ਸਿੰਘ ਬੈਂਸ, ਪ੍ਰੋ: ਜੰਗੀਰ ਸਿੰਘ ਕਾਹਲੋਂ, ਪ੍ਰੋ ਨਿਰਮਲ ਧਾਰਨੀ, ਨਿਰਮਲ ਸੰਧੂ ਵਗੈਰਾ ਨੇ ਸੁਆਲ ਕੀਤੇ ਜਿੰਨ੍ਹਾ ਦਾ ਡਾ: ਸਾਹਿਬ ਨੇ ਬਹੁਤ ਹੀ ਢੁਕਵਾਂ ਜਵਾਬ ਦਿੱਤਾ। ਕਾਫੀ ਸਰੋਤਿਆਂ ਦਾ ਵਿਚਾਰ ਸੀ ਕਿ ਕਿਸਾਨ ਜਥੇਬੰਦੀਆਂ ਵਲੋਂ ਕਿਸਾਨਾ ਦੇ ਹੱਕਾਂ ਲਈ ਘੋਲ ਲੜੇ ਜਾਂਦੇ ਹਨ ਉੱਥੇ ਉਹਨਾਂ ਨੂੰ ਦਿਨੋਂ ਦਿਨ ਵਧ ਰਹੀਆਂ ਕੁਰੀਤੀਆਂ ਜਿਨ੍ਹਾਂ ਵਿੱਚ ਸਮਾਗਮਾਂ ਤੇ ਵਿਤੋਂ ਵੱਧ ਬੇਲੋੜਾ ਖਰਚ ਕੀਤਾ ਜਾਂਦਾ ਹੈ ਬਾਰੇ ਵੀ ਕਿਸਾਨਾ ਨੂੰ ਜਾਗਰੂਕ ਕਰਨਾ ਚਾਹੀਦਾ ਹੈ। ਜਿਹੜੇ ਬੇਜ਼ਮੀਨੇ ਕਿਸਾਨ ਜਾਂ ਦਲਿਤ ਠੇਕੇ ਤੇ ਲੈ ਕੇ ਕਿਸਾਨੀ ਦਾ ਕਿੱਤਾ ਕਰਦੇ ਹਨ ਉਹਨਾਂ ਦੀ ਕਰਜ਼ੇ ਦੀ ਮਾਰ ਹੇਠ ਆ ਕੇ ਖੁਦਕਸ਼ੀ ਕਰਨ ਤੇ ਜਾਂ ਹੋਰ ਨੁਕਸਾਨ ਹੋਣ ਤੇ ਸਰਕਾਰ ਵਲੋਂ ਕੋਈ ਮੁਆਵਜਾ ਨਹੀਂ ਮਿਲਦਾ ਜਥੇਬੰਦੀਆਂ ਨੂੰ ਇਸ ਪਾਸੇ ਵੀ ਧਿਆਨ ਦੇਣਾ ਬਣਦਾ ਹੈ।
ਇਸ ਮੌਕੇ ਐਨ ਡੀ ਪੀ ਦੇ ਪਰਮਜੀਤ ਸਿੰਘ ਗਿੱਲ, ਡਾ: ਬਲਜਿੰਦਰ ਸੇਖੌਂ ਅਤੇ ਬਹੁਤ ਸਾਰੀਆਂ ਜਥੇਬੰਦੀਆਂ ਦੇ ਨੁਮਾਇੰਦੇ ਸੁਮੀਤ ਬੈਂਸ, ਮਲੂਕ ਸਿੰਘ ਕਾਹਲੋਂ, ਹਰਿੰਦਰ ਹੁੰਦਲ,ਜੰਗੀਰ ਸਿੰਘ ਸੈਂਭੀ ਆਦਿ ਹਾਜ਼ਰ ਸਨ। ਮੀਡੀਏ ਵਲੋ ਸੁਖਦੇਵ ਝੰਡ, ਜਸਵੀਰ ਸ਼ਮੀਲ, ਹਰਜੀਤ ਗਿੱਲ, ਗੁਰਦਿਆਲ ਬੱਲ, ਤਲਵਿੰਦਰ ਮੰਡ ਅਤੇ ਹੋਰ ਨੁਮਾਇੰਦੇ ਹਾਜ਼ਰ ਸਨ। ਪਰੋਗਰਾਮ ਦੇ ਅੰਤ ਸੁਸਾਇਟੀ ਦੇ ਮੁੱਖ ਕੁਆਰਡੀਨੇਟਰ ਬਲਦੇਵ ਰਹਿਪਾ ਵਲੋਂ ਸਭ ਦਾ ਧੰਨਵਾਦ ਕੀਤਾ ਗਿਆ। ਸਟੇਜ ਤੋਂ ਮਰੌਕ ਲਾਅ ਦੇ ਬਿਪਨ ਮਰੌਕ ਦਾ ਮੀਟਿੰਗ ਦ ੇਸਥਾਨ ਅਤੇ ਚਾਹ ਪਾਣੀ ਦੀ ਸੇਵਾ ਲਈ ਸ਼ੁਕਰੀਆ ਅਦਾ ਕੀਤਾ ਗਿਆ। ਤਰਕਸ਼ੀਲ ਸੁਸਾਇਟੀ ਬਾਰੇ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲਈ ਬਲਦੇਵ ਰਹਿਪਾ 416-881-7202, ਨਛੱਤਰ ਬਦੇਸ਼ਾ 647-267-3397 ਜਾਂ ਨਿਰਮਲ ਸੰਧੂ 416 -835-3450 ਨਾਲ ਸੰਪਰਕ ਕੀਤਾ ਜਾ ਸਕਦਾ ਹੈ।

Check Also

ਕਿਸਾਨਾਂ ਦੇ ਹੱਕ ਵਿੱਚ ਆਈਆਂ ਸੀਨੀਅਰਜ਼ ਕਲੱਬਾਂ

ਬਰੈਂਪਟਨ/ਬਿਊਰੋ ਨਿਊਜ਼ : ਬੜੇ ਲੰਬੇ ਸਮੇਂ ਤੋਂ ਕਿਸਾਨ ਭਾਰਤ ਵਿਚ ਕੇਂਦਰ ਸਰਕਾਰ ਵਲੋਂ ਬਣਾਏ ਤਿੰਨ …