ਬਰੈਂਪਟਨ/ਡਾ ਝੰਡ
ਟੋਰਾਂਟੋ ਏਰੀਏ ਦੇ ਜਾਣੇ-ਪਛਾਣੇ ਵਾਰਤਕ ਲੇਖਕ ਪੂਰਨ ਸਿੰਘ ਪਾਂਧੀ ਜੀ ਬਾਰੇ ਪ੍ਰਿੰ. ਸਰਵਣ ਸਿੰਘ ਵੱਲੋਂ ਸੰਪਾਦਿਤ ਅਭਿਨੰਦਨ ਗ੍ਰੰਥ ‘ਸੁਰੀਲਾ ਤੇ ਰਸੀਲਾ ਸ਼ੈਲੀਕਾਰ: ਪੂਰਨ ਸਿੰਘ ਪਾਂਧੀ’ ਬਰੈਂਪਟਨ ਵਿੱਚ ਔਰਤਾਂ ਦੀ ਜੱਥੇਬੰਦੀ ‘ਦਿਸ਼ਾ’ ਵੱਲੋਂ 17 ਤੇ 18 ਜੂਨ ਨੂੰ ਕਰਵਾਈ ਜਾ ਰਹੀ ਦੋ-ਦਿਨਾਂ ਕਾਨਫ਼ਰੰਸ ਦੇ ਉਦਘਾਟਨ ਵਾਲੇ ਦਿਨ 17 ਜੂਨ ਨੂੰ 340, ਵੋਡਨ ਸਟਰੀਟ ਸਥਿਤ ਕਨਵੈੱਨਸ਼ਨ ਹਾਲ ਵਿੱਚ ਲੋਕ-ਅਰਪਿਤ ਕੀਤਾ ਜਾ ਰਿਹਾ ਹੈ। ਇਸ ਦੇ ਬਾਰੇ ਸੰਖੇਪ ਜਾਣਕਾਰੀ ਦਿੰਦੇ ਹੋਏ ਪ੍ਰਿੰ. ਸਰਵਣ ਸਿੰਘ ਨੇ ਕਿਹਾ ਕਿ ਇੱਕ ਗ਼ੈਰ-ਰਸਮੀ ਬੈਠਕ ਵਿੱਚ ਕੁਝ ਲੇਖਕ-ਦੋਸਤਾਂ ਦਰਮਿਆਨ ਹੋਈ ਮੁੱਢਲੀ ਗੱਲਬਾਤ ਵਿੱਚ ਫ਼ੈਸਲਾ ਕੀਤਾ ਗਿਆ ਕਿ 1933 ਵਿੱਚ ਜਨਮੇਂ ਪੂਰਨ ਸਿੰਘ ਪਾਂਧੀ ਜੋ ਅਣਵੰਡੇ ਅਤੇ 1966 ਵਿੱਚ ਵੰਡੇ ਗਏ ਪੰਜਾਬ ਦੇ ਵੱਖ-ਵੱਖ ਸਕੂਲਾਂ ਵਿੱਚ 36 ਕੁ ਸਾਲ ਪੰਜਾਬੀ ਅਧਿਆਪਕ ਅਤੇ ਪੰਜ ਸਾਲ ਥਾਈਲੈਂਡ ਵਿਖੇ ਗੁਰਦੁਆਰਾ ਸਾਹਿਬ ਦੇ ਗ੍ਰੰਥੀ, ਕਥਾਕਾਰ, ਰਾਗੀ ਤੇ ਲੜਕੀਆਂ ਦੇ ਸਕੂਲ ਵਿੱਚ ਵੀ ਪੰਜਾਬੀ ਅਧਿਆਪਕ ਵਜੋਂ ਸੇਵਾ ਨਿਭਾਉਣ ਤੋਂ ਬਾਅਦ ਇੱਥੇ ਬਰੈਂਪਟਨ ਵਿੱਚ ਰਹਿੰਦੇ ਆਪਣੇ ਸਪੁੱਤਰ ਨਵਤੇਜ ਸਿੰਘ ਕੋਲ ਆਏ, ਅਤੇ ਜਿਨ੍ਹਾਂ ਨੇ ਆਪਣੀ ਅਰਥ-ਭਰਪੂਰ ਵਾਰਤਕ ਲੇਖਣੀ ਵਿੱਚ ਵੱਖ-ਵੱਖ ਵਿਸ਼ਿਆਂ ਉੱਪਰ ਇੱਕ ਦਰਜਨ ਪੁਸਤਕਾਂ ਲਿਖ ਕੇ ਇੱਥੋਂ ਦੇ ਲੇਖਕਾਂ ਵਿੱਚ ਆਪਣੀ ਸਨਮਾਨ-ਯੋਗ ਥਾਂ ਬਣਾਈ, ਬਾਰੇ ਅਭਿਨੰਦਨ ਗ੍ਰੰਥ ਤਿਆਰ ਕੀਤਾ ਜਾਵੇ। ਇਸ ਦੀ ਸੰਪਾਦਨਾ ਦੀ ਜ਼ਿੰਮੇਂਵਾਰੀ ਵੀ ਉਨ੍ਹਾਂ ਨੂੰ ਹੀ ਸੌਂਪੀ ਗਈ। ਅਖ਼ਬਾਰਾਂ ਵਿੱਚ ਇਸ ਦੇ ਬਾਰੇ ਸੂਚਨਾ ਦੇਣ ਦੀ ਢਿੱਲ ਸੀ ਕਿ ਵੱਖ-ਵੱਖ ਲੇਖਕਾਂ ਵੱਲੋਂ ਉਨ੍ਹਾਂ ਦੇ ਜੀਵਨ, ਸੇਵਾਵਾਂ, ਪ੍ਰਾਪਤੀਆਂ, ਉਨ੍ਹਾਂ ਨਾਲ ਮੁਲਾਕਾਤਾਂ ਅਤੇ ਉਹਨਾਂ ਦੀਆ ਪੁਸਤਕਾਂ ਸਬੰਧੀ ਲਿਖੈ ਗਏ ਖ਼ੂਬਰੂਰਤ ਆਰਟੀਕਲ ਆਉਣੇ ਸ਼ੁਰੂ ਹੋ ਗਏ। ਇਨ੍ਹਾਂ ਵਿੱਚ ਕੁਝ ਕਵੀਆਂ ਵੱਲੋਂ ਉਨ੍ਹਾਂ ਸਬੰਧੀ ਲਿਖੀਆਂ ਕਵਿਤਾਵਾਂ ਵੀ ਸ਼ਾਮਲ ਸਨ। ਅਸਚਰਜਤਾ ਵਾਲੀ ਗੱਲ ਇਹ ਹੈ ਕਿ ਕਿਸੇ ਵੀ ਲੇਖਕ ਨੂੰ ਇਸ ਦੇ ਬਾਰੇ ਕੋਈ ਫ਼ੋਨ ਜਾਂ ਈ-ਮੇਲ ਵਗ਼ੈਰਾ ਨਹੀਂ ਕੀਤੀ ਗਈ, ਸਗੋਂ ਇਸ ਅਭਿਨੰਦਨ ਗ੍ਰੰਥ ਵਿੱਚ ਸ਼ਾਮਲ ਕੀਤੇ ਗਏ 30 ਲੇਖ ਅਤੇ 4 ਕਵਿਤਾਵਾਂ ਆਪਣੇ ਆਪ ਹੀ ਸੰਪਾਦਕ ਕੋਲ ਪਹੁੰਚੀਆਂ। ਇਸ ਤੋਂ ਲੇਖਕਾਂ ਲਈ ਪਾਂਧੀ ਸਾਹਿਬ ਲਈ ਪਿਆਰ ਤੇ ਸਤਿਕਾਰ ਦਾ ਅੰਦਾਜ਼ਾ ਭਲੀ-ਭਾਂਤ ਲਗਾਇਆ ਜਾ ਸਕਦਾ ਹੈ। ਪੁਸਤਕ ਵਿਚਲੀ ‘ਸੰਪਾਦਕ ਵੱਲੋਂ’ ਨਾਮਕ ਮੁੱਢਲੀ ਜਾਣਕਾਰੀ ਤੋਂ ਇਲਾਵਾ ਪ੍ਰਿੰ. ਸਰਵਣ ਸਿੰਘ ਦੀਆਂ ਪਾਂਧੀ ਸਾਹਿਬ ਨਾਲ 34 ਸਫ਼ਿਆਂ (ਪੰਨਾ 187 ਤੋਂ 221) ਵਿਚ ਸ਼ਾਮਲ ਕੀਤੀ ਗਈ ਵਿਸਥਾਰ-ਪੂਰਵਕ ਇੰਟਰਵਿਊ ਵਿੱਚ ਕੀਤੀਆਂ ਗਈਆਂ ‘ਖੁੱਲੀਆਂ ਗੱਲਾਂ’ ਅਤੇ ਪਾਂਧੀ ਸਾਹਿਬ ਦੀਆਂ ਵੰਨਗੀ-ਮਾਤਰ ਦੋ ਕਹਾਣੀਆਂ ਅਤੇ ਦੋ ਲੇਖ ਇਸ ਦੀ ਸ਼ੋਭਾ ਨੂੰ ਹੋਰ ਵੀ ਚਾਰ ਚੰਨ ਲਾਉਂਦੇ ਹਨ।
ਇੱਥੇ ਇਹ ਵਰਨਣਯੋਗ ਹੈ ਕਿ ਪਾਂਧੀ ਸਾਹਿਬ ਨੇ ਸ਼ੁਰੂ ਵਿੱਚ ਭਾਵੇਂ ਕਈ ਕਵਿਤਾਵਾਂ ਅਤੇ ਕਹਾਣੀਆਂ ਵੀ ਲਿਖੀਆਂ ਪਰ ਕੁਝ ਕਾਰਨਾਂ ਕਰਕੇ ਉਨ੍ਹਾਂ ਨੂੰ ਛਪਵਾਇਆ ਨਹੀਂ ਅਤੇ ਫਿਰ ਉਨ੍ਹਾਂ ਦਾ ਝੁਕਾਅ ਵਾਰਤਕ ਵੱਲ ਹੋ ਗਿਆ। ਉਨ੍ਹਾਂ ਦੀਆਂ ਵਾਰਤਕ-ਪੁਸਤਕਾਂ ਦਾ ਵਿਸ਼ਾਲ ਖ਼ੇਤਰ ਧਾਰਮਿਕ ਤੋਂ ਸ਼ੁਰੂ ਹੋ ਕੇ ਅਧਿਆਤਮਵਾਦ, ਇਤਿਹਾਸਕ, ਸਮਾਜਿਕ, ਸੱਭਿਆਚਾਰਕ, ਸਦਾਚਾਰਕ ਤੇ ਵਿਗਿਆਨਕ ਸੋਚ ਦੀ ਪ੍ਰਕਰਮਾ ਕਰਦਾ ਹੋਇਆ ਸੰਗੀਤ ਵੱਲ ਵੱਧਦਾ ਹੈ। ਜਿੱਥੇ ਉਨ੍ਹਾਂ ਨੇ ਸੰਤ ਚੰਦਾ ਸਿੰਘ, ਗਿਆਨੀ ਸ਼ੇਰ ਸਿੰਘ, ਗੁਰੂ ਅਰਜਨ ਦੇਵ ਜੀ ਦੀਆਂ ਜੀਵਨੀਆਂ ਲਿਖੀਆਂ, ਉੱਥੇ ‘ਵਿਸਾਖੀ ਤੇ ਸਿੱਖ’ ਵਰਗਾ ਇਤਿਹਾਸਕ ਦਸਤਾਵੇਜ਼, ‘ਕਿਵ ਸਚਿਆਰਾ ਹੋਈਐ’ ਵਰਗਾ ਸਮਾਜਿਕ ਤੇ ਸਦਾਚਾਰਕ ਗ੍ਰੰਥ, ‘ਹਰਮਨ ਦੇ ਦਿਲ ਦੀ ਕਹਾਣੀ’ ਵਰਗੀ ਵਿਗਿਆਨਕ ਸੋਚ ਦੀ ਪੁਸਤਕ, ‘ਤੇਰੀਆਂ ਗੱਲਾਂ ਤੇਰੇ ਨਾਲ ਵਰਗੀ’ ਪਿੰਡ ਰਾਮੂੰਵਾਲਾ ਬਾਰੇ ਵਿਸਤ੍ਰਿਤ ਜਾਣਕਾਰੀ ਦੇਣ ਵਾਲੀ ਗਿਆਨੀ ਗੁਰਦਿੱਤ ਸਿੰਘ ਦੀ ‘ਮੇਰਾ ਪਿੰਡ’ ਦੇ ਪੱਧਰ ਦੀ ਪੁਸਤਕ, ‘ਬੁਲੰਦ ਪਰਵਾਜ਼ ਰਣਧੀਰ ਸਿੰਘ’ ਵਰਗੀ ਜੱਥੇਬੰਦਕ ਨੇਤਾ ਦੀ ਰੇਖਾ-ਚਿੱਤਰ ਰੂਪੀ ਜੀਵਨੀ ਅਤੇ ਸੰਗੀਤ ਦੇ ਮਹਾਨ ਖ਼ੇਤਰ ਨਾਲ ਜੋੜਨ ਵਾਲੀ ‘ਸੰਗੀਤ ਦੀ ਦੁਨੀਆਂ’ ਵਰਗੀ ਐਨਸਾਈਕਲੋਪੀਡੀਆ-ਰੂਪੀ ਜਾਣਕਾਰੀ ਦੇਣ ਵਾਲੀ ਪੁਸਤਕ ਦੇ ਕੇ ਪੰਜਾਬੀ ਸਾਹਿਤ ਵਿੱਚ ਆਪਣਾ ਭਰਪੂਰ ਯੋਗਦਾਨ ਪਾਇਆ ਹੈ।
ਸਮੂਹ ਲੇਖਕਾਂ, ਸਾਹਿਤ-ਪ੍ਰੇਮੀਆਂ ਅਤੇ ਸ਼ੁਭ-ਚਿੰਤਕਾਂ ਨੂੰ ਇਸ ਵਿਸ਼ਵ-ਕਾਨਫ਼ਰੰਸ ਦੌਰਾਨ ਇਸ ਲੋਕ-ਅਰਪਨ ਸਮਾਗ਼ਮ ਵਿੱਚ ਪਹੁੰਚਣ ਲਈ ਬੇਨਤੀ ਕੀਤੀ ਜਾਂਦੀ ਹੈ। ਇਸ ਸਬੰਧੀ ਵਧੇਰੇ ਜਾਣਕਾਰੀ ਲਈ 905-799-1661, 905-789-6670 ਜਾਂ 647-567-9128 ਫ਼ੋਨ ਨੰਬਰ ‘ਤੇ ਕਾਲ ਕੀਤੀ ਜਾ ਸਕਦੀ ਹੈ ਜਾਂ ਫਿਰ ਤੁਸੀਂ ‘ਦਿਸ਼ਾ’ ਜੱਥੇਬੰਦੀ ਦੇ ਪ੍ਰਬੰਧਕਾਂ ਨਾਲ ਵੀ ਉਨ੍ਹਾਂ ਦੇ ਫ਼ੋਨਾਂ ‘ਤੇ ਸੰਪਰਕ ਕਰ ਸਕਦੇ ਹੋ।
Home / ਕੈਨੇਡਾ / ਪ੍ਰਿੰ. ਸਰਵਣ ਸਿੰਘ ਵੱਲੋਂ ਸੰਪਾਦਿਤ ਅਭਿਨੰਦਨ ਗ੍ਰੰਥ ‘ਸੁਰੀਲਾ ਤੇ ਰਸੀਲਾ ਸ਼ੈਲੀਕਾਰ: ਪੂਰਨ ਸਿੰਘ ਪਾਂਧੀ’ 17 ਜੂਨ ਨੂੰ ਲੋਕ-ਅਰਪਿਤ ਹੋਵੇਗਾ
Check Also
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ਵਿਚ ਸਵ. ਗੁਰਦਾਸ ਮਿਨਹਾਸ ਨੂੰ ਭੇਂਟ ਕੀਤੀ ਗਈ ਸ਼ਰਧਾਂਜਲੀ
‘ਪੰਜਾਬ ਦੀ ਕੋਇਲ’ ਸੁਰਿੰਦਰ ਕੌਰ ਦੇ ਜਨਮ-ਦਿਨ ‘ਤੇ ਕੀਤਾ ਗਿਆ ਯਾਦ ਤੇ ਕਵੀ-ਦਰਬਾਰ ਵੀ ਹੋਇਆ …