ਬਰੈਂਪਟਨ/ਡਾ. ਸੁਖਦੇਵ ਸਿੰਘ ਝੰਡ : ਬਰੈਂਪਟਨ ਵਿੱਚ ਔਰਤਾਂ ਦੀ ਸਰਗ਼ਰਮ ਜੱਥੇਬੰਦੀ ‘ਦਿਸ਼ਾ’ ਵੱਲੋਂ ਸਾਊਥ ਏਸ਼ੀਅਨ ਔਰਤਾਂ ਨੂੰ ਦਰਪੇਸ਼ ਮੁਸ਼ਕਲਾਂ ਸਬੰਧੀ 17 ਅਤੇ 18 ਜੂਨ ਨੂੰ ਦੋ-ਦਿਨਾਂ ਕਾਨਫ਼ਰੰਸ 340, ਵੋਡਨ ਸਟਰੀਟ ਸਥਿਤ ਸੈਂਚੁਰੀ ਗਾਰਡਨ ਕਨਵੈੱਨਸ਼ਨ ਹਾਲ ਵਿੱਚ ਕਰਵਾਈ ਜਾ ਰਹੀ ਹੈ। ਇਸ ਕਾਨਫ਼ਰੰਸ ਦੀ ਰੂਪ-ਰੇਖਾ ਅਤੇ ਪ੍ਰੋਗਰਾਮ ਬਾਰੇ ਗੱਲਬਾਤ ਕਰਦਿਆਂ ਪ੍ਰਬੰਧਕੀ ਕਮੇਟੀ ਵਿੱਚ ਸ਼ਾਮਲ ਸੁਰਜੀਤ ਕੌਰ ਨੇ ਦੱਸਿਆ ਕਿ ਕਾਨਫ਼ਰੰਸ ਦੇ ਦੋਹਾਂ ਦਿਨਾਂ ਵਿੱਚ 5-5 ਸੈਸ਼ਨ ਹੋਣਗੇ ਅਤੇ ਇਸ ਵਿੱਚ ਭਾਗ ਲੈਣ ਲਈ ਕੈਨੇਡਾ ਦੇ ਵੱਖ-ਵੱਖ ਭਾਗਾਂ ਤੋਂ ਇਲਾਵਾ ਅਮਰੀਕਾ, ਇੰਗਲੈਂਡ, ਭਾਰਤ, ਨੈਪਾਲ, ਪਾਕਿਸਤਾਨ, ਸ੍ਰੀਲੰਕਾ, ਬੰਗਲਾਦੇਸ਼, ਆਦਿ ਦੇਸ਼ਾਂ ਤੋਂ ਔਰਤ ਡੈਲੀਗੇਟਸ ਹੁੰਮ-ਹੁਮਾ ਕੇ ਪਹੁੰਚ ਰਹੀਆਂ ਹਨ।
ਉਨ੍ਹਾਂ ਦੱਸਿਆ ਕਿ ਕਾਨਫ਼ਰੰਸ ਵਿੱਚ ਪਹਿਲੇ ਦਿਨ ਉਦਘਾਟਨੀ ਸੈਸ਼ਨ ਵਿੱਚ ਨੁਜ਼ਹਤ ਸਿਦੀਕੀ ਵੱਲੋਂ ‘ਵੈੱਲਕਮ ਐੱਡਰੈੱਸ’ ਹੋਵੇਗਾ ਅਤੇ ਕੁੰਜੀਵੱਤ-ਭਾਸ਼ਨ ਯੌਰਕ ਯੂਨੀਵਰਸਿਟੀ ਦੇ ਡਾ. ਅਰੁਣ ਪ੍ਰਭਾ ਮੁਖਰਜੀ ਦੇਣਗੇ, ਜਦਕਿ ਪ੍ਰਧਾਨਗੀ ਭਾਸ਼ਨ ਡਾ. ਜੀਨ ਅਗਰਸਟੀਮ ਵੱਲੋਂ ਦਿੱਤਾ ਜਾਵੇਗਾ। ਇਸ ਉਦਘਾਟਨੀ-ਸੈਸ਼ਨ ਵਿੱਚ ਓਨਟਾਰੀਓ ਦੀ ਪ੍ਰੀਮੀਅਰ ਕੈਥਲਿਨ ਵਿੱਨ੍ਹ, ਮੈਂਬਰ ਪਾਰਲੀਮੈਂਟ ਸੋਨੀਆ ਸਿੱਧੂ ਤੇ ਰੂਬੀ ਸਹੋਤਾ ਅਤੇ ਭਾਰਤੀ ਕੌਂਸਲੇਟ ਜਨਰਲ ਦਿਨੇਸ਼ ਭਾਟੀਆ ਕਾਨਫ਼ਰੰਸ ਲਈ ਸ਼ੁਭ-ਇੱਛਾਵਾਂ ਦੇਣਗੇ। ਦੂਸਰੇ ਕੰਮ-ਕਾਜੀ ਸੈਸ਼ਨ ਦਾ ਵਿਸ਼ਾ ‘ਸਾਊਥ ਏਸ਼ੀਅਨ ਔਰਤਾਂ ਚੌਰਾਹੇ ਵਿੱਚ’ ਹੋਵੇਗਾ ਅਤੇ ਇਸ ਵਿੱਚ ਬਰੁੱਕਲਿਨ ਕਾਲਜ ਨਿਊਯਾਰਕ ਦੀ ਪ੍ਰੋਫ਼ੈਸਰ ਡਾ. ਕਿਰਨ ਮਾਥਰ ਗਰੇਵਾਲ ਅਤੇ ਭਾਰਤ, ਪਾਕਿਸਤਾਨ, ਨੈਪਾਲ, ਬੰਗਲਾਦੇਸ਼ ਤੇ ਸ੍ਰੀਲੰਕਾ ਦੇ ਡੈਲੀਗੇਟ ਆਪਣੇ ਪੇਪਰ ਪੇਸ਼ ਕਰਨਗੇ। ਤੀਸਰੇ ਸੈਸ਼ਨ ਵਿੱਚ ਮੁਟਿਆਰਾਂ ਆਪਣੀ ਗੱਲ ਕਰਨਗੀਆਂ ਅਤੇ ਚੌਥੇ ਵਿੱਚ ਔਰਤ ਲੇਖਕਾਂ ਵੱਲੋਂ ਲਿਖੇ ਜਾ ਰਹੇ ਲਿਟਰੇਚਰ ਬਾਰੇ ਗੱਲਬਾਤ ਹੋਵੇਗੀ। ਪੰਜਵੇਂ ਸੈਸ਼ਨ ਵਿੱਚ ਵੱਖ-ਵੱਖ ਦੇਸ਼ਾਂ ਦੀਆਂ ਕਵਿੱਤਰੀਆਂ ਆਪਣੀਆਂ ਰਚਨਾਵਾਂ ਹਾਜ਼ਰੀਨ ਨਾਲ ਸਾਂਝੀਆਂ ਕਰਨਗੀਆਂ। ਅਗਲੇ ਦਿਨ 18 ਜੂਨ ਐਤਵਾਰ ਨੂੰ ਪਹਿਲੇ ਸੈਸ਼ਨ ਵਿੱਚ ਸਾਊਥ ਏਸ਼ੀਅਨ ਕਲਚਰ ਅਤੇ ਕੈਨੇਡੀਅਨ ਜੀਵਨ ਵਿੱਚ ਸਭਿਆਚਾਰਕ ਟਕਰਾਵਾਂ ਬਾਰੇ ਚਰਚਾ ਹੋਵੇਗੀ ਅਤੇ ਲੰਚ ਤੋਂ ਬਾਅਦ ਦੂਸਰੇ ਸੈਸ਼ਨ ਵਿੱਚ ‘ਔਰਤਾਂ ਰਸੋਈ ਤੋਂ ਲੈ ਕੇ ਨਾਸਾ ਤੱਕ’ ਬਾਰੇ ਵਿਚਾਰ ਹੋਵੇਗੀ। ਤੀਸਰੇ ਸੈਸ਼ਨ ਵਿੱਚ ਆਮ ਫਿਲਮਾਂ, ਡਰਾਮਾ ਤੇ ਦਸਤਾਵੇਜ਼ੀ ਫਿਲਮਾਂ ਵਿੱਚ ਔਰਤਾਂ ਦੀਆਂ ਭੂਮੀਕਾਵਾਂ ਬਾਰੇ ਚਰਚਾ ਅਤੇ ਚੌਥੇ ਸੈਸ਼ਨ ਵਿੱਚ ਮਲਟੀਕਲਚਰਲ ਵਤੀਰੇ ਬਾਰੇ ਖੁੱਲ੍ਹੀ ਗੱਲਬਾਤ ਹੋਵੇਗੀ। ਆਖ਼ਰੀ ਪੰਜਵੇਂ ਸੈਸ਼ਨ ਵਿੱਚ ਕਾਨਫ਼ਰੰਸ ਦੇ ਸਿੱਟਿਆਂ ਵੱਖ-ਵੱਖ ਦੇਸ਼ਾਂ ਤੋਂ ਆਏ ਡੈਲੀਗੇਟ ਆਪਣੇ ਵਿਚਾਰ ਪ੍ਰਗਟ ਕਰਨਗੇ, ਮਾਣ-ਸਨਮਾਨ ਹੋਵੇਗਾ ਅਤੇ ਅਖ਼ੀਰ ਵਿੱਚ ਧੰਨਵਾਦੀ ਮਤਾ ਹੋਵੇਗਾ। ਇਸ ਤਰ੍ਹਾਂ ਇਸ ਕਾਨਫ਼ਰੰਸ ਦੇ ਦੋਵੇਂ ਦਿਨ ਹੀ ਬੜੇ ਰੁਝੇਵਿਆਂ ਭਰੇ ਅਤੇ ਸਾਰਥਕ ਤੇ ਉਸਾਰੂ ਗੱਲਬਾਤ ਵਾਲੇ ਹੋਣਗੇ। ਪ੍ਰਬੰਧਕਾਂ ਵੱਲੋਂ ਸਾਰਿਆਂ ਨੂੰ ਵੱਧ ਤੋਂ ਵੱਧ ਗਿਣਤੀ ਵਿੱਚ ਇਸ ਕਾਨਫ਼ਰੰਸ ਵਿੱਚ ਪਹੁੰਚਣ ਲਈ ਬੇਨਤੀ ਕੀਤੀ ਜਾਂਦੀ ਹੈ। ਇਸ ਸਬੰਧੀ ਹੋਰ ਜਾਣਕਾਰੀ ਲਈ ਸੁਰਜੀਤ ਕੌਰ ਨੂੰ ਉਨ੍ਹਾਂ ਦੇ ਸੈੱਲ 416-605-3784 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।
Check Also
ਪੀਲ ਪੁਲਿਸ ਵੱਲੋਂ ਕਰਵਾਈ ਗਈ ’24ਵੀਂ ਰੇਸ ਅਗੇਨਸਟ ਰੇਸਿਜ਼ਮ’ ਵਿਚ ਟੀ ਪੀ ਏ ਆਰ ਕਲੱਬ ਦੇ 97 ਮੈਂਬਰਾਂ ਨੇ ਲਿਆ ਹਿੱਸਾ
ਮਿਸੀਸਾਗਾ/ਡਾ. ਝੰਡ : ਲੰਘੇ ਸ਼ਨੀਵਾਰ 21 ਜੂਨ ਨੂੰ ਪੀਲ ਰਿਜਨ ਪੁਲਿਸ ਵੱਲੋਂ ਮਿਸੀਸਾਗਾ ਵੈਲੀ ਕਮਿਊਨਿਟੀ …