ਟੋਰਾਂਟੋ : ਵਿਕਟੋਰੀਆ ਡੇਅ ਲਾਂਗ ਵੀਕੈਂਡ ਤੱਕ ਟੋਰਾਂਟੋ ਵਾਸੀ ਕਾਨੂੰਨੀ ਤੌਰ ਉੱਤੇ ਪਾਰਕਾਂ ਵਿੱਚ ਬੀਅਰ ਤੇ ਵਾਈਨ ਆਦਿ ਪੀ ਸਕਣਗੇ। ਵੀਰਵਾਰ ਨੂੰ ਸਿਟੀ ਕਾਊਂਸਲ ਵੱਲੋਂ ਇਸ ਮਤੇ ਉੱਤੇ ਬਹਿਸ ਕੀਤੀ ਜਾਵੇਗੀ, ਜਿਸ ਤੋਂ ਬਾਅਦ 21 ਮਈ ਤੱਕ ਲੋਕਾਂ ਨੂੰ ਸਿਟੀ ਪਾਰਕਾਂ ਤੇ ਬੀਚਾਂ ਉੱਤੇ ਸ਼ਰਾਬ ਪੀਣ ਦੀ ਖੁੱਲ੍ਹ ਮਿਲ ਸਕਦੀ ਹੈ। ਇਹ ਮਤਾ ਕਾਊਂਸਲਰ ਜੋਸ ਮੈਟਲੋਅ ਵੱਲੋਂ ਪੇਸ ਕੀਤਾ ਗਿਆ ਤੇ ਅਕਤੂਬਰ ਦੇ ਅੰਤ ਤੱਕ ਇਸ ਤਹਿਤ ਸਵੇਰੇ 11:00 ਵਜੇ ਤੋਂ ਰਾਤ ਦੇ 9:00 ਵਜੇ ਤੱਕ ਪਾਰਕਾਂ ਤੇ ਬੀਚਾਂ ਉੱਤੇ ਸ਼ਰਾਬ ਪੀਣ ਦੀ ਖੁੱਲ੍ਹ ਦੇਣ ਦੀ ਗੱਲ ਕੀਤੀ ਗਈ। ਇਸ ਤਰ੍ਹਾਂ ਦਾ ਮਤਾ ਮੈਟਲੋਅ ਵੱਲੋਂ ਕੋਵਿਡ-19 ਮਹਾਂਮਾਰੀ ਦੇ ਸਿਖਰ ਉੱਤੇ ਰਹਿੰਦਿਆਂ ਪਿਛਲੀ ਬਸੰਤ ਵਿੱਚ ਵੀ ਪੇਸ਼ ਕੀਤਾ ਗਿਆ ਸੀ। ਮਤੇ ਨੂੰ ਅਗਲੇ ਵਿਚਾਰ ਵਟਾਂਦਰੇ ਲਈ ਸਟਾਫ ਨੂੰ ਰੈਫਰ ਕਰ ਦਿੱਤਾ ਗਿਆ। ਪਾਇਲਟ ਪ੍ਰੋਜੈਕਟ ਤਹਿਤ 15 ਫੀਸਦੀ ਜਾਂ ਇਸ ਤੋਂ ਵੀ ਘੱਟ ਸ਼ਰਾਬ ਵਾਲੀਆਂ ਡ੍ਰਿੰਕਸ ਪਾਰਕਸ ਤੇ ਬੀਚਾਂ (ਜਿੱਥੇ ਵਾਸਰੂਮ ਹੋਣ) ਉੱਤੇ ਪੀਣ ਦੀ ਇਜਾਜ਼ਤ ਦੇਣ ਦੀ ਮੰਗ ਕੀਤੀ ਗਈ ਸੀ। ਪਲੇਅਗ੍ਰਾਊਂਡਸ ਤੇ ਖੇਡ ਦੇ ਮੈਦਾਨਾਂ ਨੇੜੇ ਇਸ ਤਰ੍ਹਾਂ ਦੇ ਪਦਾਰਥਾਂ ਦੀ ਮਨਾਹੀ ਹੋਵੇਗੀ।ਕੁੱਝ ਰੈਜੀਡੈਂਟਸ ਦਾ ਮੰਨਣਾ ਹੈ ਕਿ ਇਸ ਤਰ੍ਹਾਂ ਦੀ ਇਜਾਜ਼ਤ ਦਿੱਤੇ ਜਾਣ ਨਾਲ ਪਾਰਕਾਂ ਵਿੱਚ ਗੰਦ ਫੈਲੇਗਾ ਤੇ ਗਲਤ ਕਿਸਮ ਦੇ ਵਿਵਹਾਰ ਨੂੰ ਹੱਲਾਸ਼ੇਰੀ ਮਿਲੇਗੀ।