ਪਰਵਾਸੀ ਪੰਜਾਬੀ ਪੈੱਨਸ਼ਨਰਜ਼ ਵੈੱਲਫੇਅਰ ਐਸੋਸੀਏਸ਼ਨ ਦੀਆਂ ਮੰਗਾਂ ਸਬੰਧੀ ਕੀਤੀ ਚਰਚਾ
ਬਰੈਂਪਟਨ/ਡਾ. ਝੰਡ : ਪਰਵਾਸੀ ਪੰਜਾਬੀ ਪੈੱਨਸ਼ਨਰਜ਼ ਵੈੱਲਫੇਅਰ ਐਸੋਸੀਏਸ਼ਨ ਦੀ ਕਾਰਜਕਾਰਨੀ ਦੀ ਬੀਤੇ ਦਿਨੀਂ ਹੋਈ ਮੀਟਿੰਗ ਵਿਚ ਤਿਆਰ ਕੀਤਾ ਮੰਗ-ਪੱਤਰ ‘ਆਮ ਆਦਮੀ ਪਾਰਟੀ’ (ਟੋਰਾਂਟੋ) ਦੇ ਵਾਲੰਟੀਅਰ ਸੁਦੀਪ ਸਿੰਗਲਾ, ਜੋ ਇਨ੍ਹੀਂ ਦਿਨੀਂ ਪੰਜਾਬ ਗਏ ਹੋਏ ਹਨ, ਵੱਲੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਚੰਡੀਗੜ੍ਹ ਮਿਲ ਕੇ ਉਨ੍ਹਾਂ ਨਾਲ ਸਾਂਝਾ ਕੀਤਾ ਗਿਆ।
ਇਸ ਮੰਗ-ਪੱਤਰ ਵਿਚ ਉਪਰੋਕਤ ਐਸੋਸੀਏਸ਼ਨ ਨੇ ਸਮੂਹ ਐੱਨ.ਆਰ.ਆਈ. ਪੈੱਨਸ਼ਨਰਾਂ ਵੱਲੋਂ ਪੰਜਾਬ ਸਰਕਾਰ ਦੇ ਕਰਮਚਾਰੀਆਂ ਨੂੰ ਪੰਜਾਬ ਪੇਅ ਕਮਿਸ਼ਨ ਵੱਲੋਂ 2016 ਤੋਂ ਦਿੱਤੇ ਗਏ 2.59 ਫਾਰਮੂਲੇ ਦੇ ਵਾਧੇ ਦੇ ਹਿਸਾਬ ਨਾਲ ਨਵੇਂ ਗਰੇਡਾਂ ਅਨੁਸਾਰ ਪੈੱਨਸ਼ਨ ਫਿਕਸ ਕਰਨ ਦੀ ਮੰਗ ਕੀਤੀ ਹੈ। ਇਸ ਦੇ ਨਾਲ ਹੀ ਉਨ੍ਹਾਂ ਵੱਲੋਂ ਪਿਛਲੇ ਕਾਫ਼ੀ ਸਮੇਂ ਤੋਂ ਡੀ.ਏ. ਦੀਆਂ ਬਕਾਇਆ ਕਿਸ਼ਤਾਂ ਵੀ ਜਾਰੀ ਕਰਨ ਦੀ ਮੰਗ ਕੀਤੀ ਗਈ ਹੈ। ਸੁਦੀਪ ਸਿੰਗਲਾ ਨੇ ਐਸੋਸੀਏਸ਼ਨ ਦੇ ਅਹੁਦੇਦਾਰਾਂ ਨੂੰ ਫੋਨ ‘ਤੇ ਜਾਣਕਾਰੀ ਦਿੰਦਿਆਂ ਹੋਇਆਂ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਦਾ ਰਵੱਈਆ ਇਸ ਸਬੰਧੀ ਹਾਂ-ਪੱਖੀ ਸੀ ਅਤੇ ਉਨ੍ਹਾਂ ਨੇ ਜੂਨ ਮਹੀਨੇ ਸਰਕਾਰ ਵੱਲੋਂ ਪੇਸ਼ ਕੀਤੇ ਜਾ ਰਹੇ ਬੱਜਟ ਵਿਚ ਇਸ ਸਬੰਧੀ ਲੋੜੀਂਦੀ ਰਾਸ਼ੀ ਉਪਲੱਭਧ ਕਰਵਾਉਣ ਦਾ ਯਕੀਨ ਦਿਵਾਇਆ। ਐਸੋਸੀਏਸ਼ਨ ਦੇ ਮੈਂਬਰਾਂ ਵੱਲੋਂ ਮੁੱਖ ਮੰਤਰੀ ਦੀ ਪੈੱਨਸ਼ਨਰਾਂ ਪ੍ਰਤੀ ਇਸ ਉਸਾਰੂ ਪਹੁੰਚ ਲਈ ਉਨ੍ਹਾਂ ਦਾ ਧੰਨਵਾਦ ਕੀਤਾ ਗਿਆ।