Breaking News
Home / ਕੈਨੇਡਾ / ਕਾਫਲੇ ਵੱਲੋਂ ਬਾਬਾ ਅਮਰ ਸਿੰਘ ਸੰਧਵਾਂ ਬਾਰੇ ਡਾਕੂਮੈਂਟਰੀ ਤੇ ਬ੍ਰਜਿੰਦਰ ਗੁਲਾਟੀ ਦੀ ਕਿਤਾਬ ਰਿਲੀਜ਼ ਕੀਤੀ ਗਈ

ਕਾਫਲੇ ਵੱਲੋਂ ਬਾਬਾ ਅਮਰ ਸਿੰਘ ਸੰਧਵਾਂ ਬਾਰੇ ਡਾਕੂਮੈਂਟਰੀ ਤੇ ਬ੍ਰਜਿੰਦਰ ਗੁਲਾਟੀ ਦੀ ਕਿਤਾਬ ਰਿਲੀਜ਼ ਕੀਤੀ ਗਈ

ਟੋਰਾਂਟੋ : ਪਿਛਲੇ ਦਿਨੀਂ ਹੋਈ ‘ਪੰਜਾਬੀ ਕਲਮਾਂ ਦਾ ਕਾਫ਼ਲਾ ਟੋਰਾਂਟੋ’ ਦੀ ਮਾਸਿਕ ਬੈਠਕ ਵਿੱਚ ਗ਼ਦਰੀ ਬਾਬਾ ਅਮਰ ਸਿੰਘ ਸੰਧਵਾਂ ਦੇ ਜੀਵਨ ‘ਤੇ ਆਧਾਰਿਤ ਦਸਤਾਵੇਜ਼ੀ ਫਿਲਮ ਰਿਲੀਜ਼ ਕੀਤੀ ਗਈ ਅਤੇ ਨਾਲ਼ ਹੀ ਬ੍ਰਜਿੰਦਰ ਗੁਲਾਟੀ ਵੱਲੋਂ ਅੰਗ੍ਰੇਜ਼ੀ ਵਿੱਚ ਅਨੁਵਾਦਤ ਪੰਜਾਬੀ ਕਹਾਣੀਆਂ ਦੀ ਕਿਤਾਬ, ‘ਫੁੱਟਪ੍ਰਿੰਟਸ’ ਵੀ ਰਿਲੀਜ਼ ਕੀਤੀ ਗਈ।
ਗ਼ਦਰ ਲਹਿਰ ਦੌਰਾਨ 1906 ਦੇ ਕਰੀਬ ਪੈਨਾਮਾ ਆਉਣ ਵਾਲ਼ੇ ਪਹਿਲੇ ਪੰਜਾਬੀਆਂ ‘ਚੋਂ ਇੱਕ, ਬਾਬਾ ਅਮਰ ਸਿੰਘ ਸੰਧਵਾਂ ਨੇ ਜਿੱਥੇ ਪੈਨਾਮਾ ਵਿੱਚ ਆਪਣਾ ਸਫ਼ਲ ਕਾਰੋਬਾਰ ਚਲਾਉਣ ਦੇ ਨਾਲ਼ ਨਾਲ਼ ਓਥੇ ਰਹਿੰਦਿਆਂ ਗ਼ਦਰ ਲਹਿਰ ਲਈ ਅਣਥੱਕ ਕੰਮ ਕੀਤਾ ਅਤੇ ਅਮਰੀਕਾ ਵੱਸਦੇ ਗ਼ਦਰੀਆਂ ਨਾਲ਼ ਤਾਲ਼-ਮੇਲ਼ ਰਾਹੀਂ ਇਸ ਲਹਿਰ ਨੂੰ ਪੈਨਾਮਾ ਵਿੱਚ ਸਥਾਪਤ ਕੀਤਾ ਓਥੇ ਆਜ਼ਾਦੀ ਤੋਂ ਬਾਅਦ ਜਲੰਧਰ ਸ਼ਹਿਰ ਵਿੱਚ ਗ਼ਦਰੀ ਯੋਧਿਆਂ ਨੂੰ ਸਮਰਪਿਤ ‘ਦੇਸ਼ ਭਗਤ ਯਾਦਗਰ ਹਾਲ’ ਉਸਾਰਨ ਵਿੱਚ ਵੀ ਉਨ੍ਹਾਂ ਦਾ ਬਹੁਤ ਵੱਡਾ ਆਤਮਿਕ ਤੇ ਆਰਥਿਕ ਯੋਗਦਾਨ ਸੀ। ਇਹ ਫਿਲਮ ਕੈਲਸਾਈਨ ਇੰਟਰਪ੍ਰਾਈਜ਼ ਦੇ ਜੋਗਿੰਦਰ ਕਲਸੀ ਅਤੇ ਦੀਦਾਰ ਸਿੰਘ ਵੱਲੋਂ ਤਿਆਰ ਕੀਤੀ ਗਈ ਸੀ ਜਿਸ ਵਿੱਚ ਸੂਤਰਧਾਰ ਦੀ ਭੂਮਿਕਾ ਲਈ ਆਵਾਜ਼ ਪੰਜਾਬੀ ਕਵਿੱਤਰੀ ਅਤੇ ਮੀਡੀਆਕਾਰ ਲਵੀਨ ਗਿੱਲ ਵੱਲੋਂ ਦਿੱਤੀ ਗਈ।
ਮੀਟਿੰਗ ਦੇ ਦੂਸਰੇ ਹਿੱਸੇ ਵਿੱਚ ਕਾਫ਼ ਦੇ ਰਹਿ ਚੁੱਕੇ ਸੰਚਾਲਕ, ਸਵ. ਬ੍ਰਜਿੰਦਰ ਗੁਲਾਟੀ ਵੱਲੋਂ ਅੰਗ੍ਰੇਜ਼ੀ ਵਿੱਚ ਅਨੁਵਾਦ ਕੀਤੀਆਂ ਗਈਆਂ ਪੰਜਾਬੀ ਕਹਾਣੀਆਂ ਦੀ ਕਿਤਾਬ ‘ਫੁੱਟਪਰਿੰਟਸ’ ਰਿਲੀਜ਼ ਕੀਤੀ ਗਈ। ਇਸ ਕਿਤਾਬ ਵਿੱਚ ਕੈਨੇਡਾ ਦੇ 12 ਪੰਜਾਬੀ ਕਹਾਣੀਕਾਰਾਂ ਦੀਆਂ ਚੋਣਵੀਆਂ ਕਹਾਣੀਆਂ ਸ਼ਾਮਿਲ ਕੀਤੀਆਂ ਗਈਆਂ ਸਨ। ਬੇਸ਼ੱਕ ਇਹ ਕਾਰਜ ਨੇਪਰੇ ਚੜ੍ਹਨ ਤੋਂ ਪਹਿਲਾਂ ਹੀ ਬ੍ਰਜਿੰਦਰ ਗੁਲਾਟੀ ਜੀ ਇੱਕ ਸੜਕ-ਹਾਦਸੇ ਵਿੱਚ ਵਿਛੋੜਾ ਦੇ ਗਏ ਸਨ ਪਰ ਉਨ੍ਹਾਂ ਦੇ ਪਤੀ ਮਨਮੋਹਨ ਸਿੰਘ ਗੁਲਾਟੀ ਨੇ ਕੁਲਵਿੰਦਰ ਖਹਿਰਾ ਦੇ ਸਹਿਯੋਗ ਨਾਲ਼ ਬਾਕੀ ਬਚਦੇ ਕੰਮ ਨੂੰ ਪੂਰਾ ਕਰਕੇ ਇਸ ਕਿਤਾਬ ਨੂੰ ਪੂਰਿਆਂ ਕੀਤਾ। ਇਸ ਕਿਤਾਬ ਬਾਰੇ ਬੋਲਦਿਆਂ ਕਹਾਣੀਕਾਰ ਵਰਿਆਮ ਸਿੰਘ ਸੰਧੂ ਹੁਰਾਂ ਨੇ ਬ੍ਰਜਿੰਦਰ ਗੁਲਾਟੀ ਜੀ ਦੀ ਸ਼ਖ਼ਸੀਅਤ ਬਾਰੇ ਗੱਲਾਂ ਸਾਂਝੀਆਂ ਕੀਤੀਆਂ ਅਤੇ ਕਿਹਾ ਕਿ ਬ੍ਰਜਿੰਦਰ ਵੱਲੋਂ ਚੁਣੀਆਂ ਗਈਆਂ ਕਹਾਣੀਆਂ ਪੰਜਾਬੀ ਕਹਾਣੀ ਦੀ ਪ੍ਰਤੀਨਿਧਤਾ ਕਰਦੀਆਂ ਹਨ ਅਤੇ ਇਹ ਜ਼ਰੂਰ ਉਨ੍ਹਾਂ ਪਾਠਕਾਂ ਦੇ ਮਨਾਂ ਅੰਦਰ ਪੰਜਾਬੀ ਕਹਾਣੀ ਪ੍ਰਤੀ ਸਨੇਹ ਪੈਦਾ ਕਰਨਗੀਆਂ ਜੋ ਪੰਜਾਬੀ ਨਹੀਂ ਪੜ੍ਹ ਸਕਦੇ। ਜਰਨੈਲ ਸਿੰਘ ਕਹਾਣੀਕਾਰ ਨੇ ਵੀ ਜਿੱਥੇ ਬ੍ਰਜਿੰਦਰ ਗੁਲਾਟੀ ਜੀ ਦੇ ਮਿਲਾਪੜੇ ਸੁਭਾਅ ਅਤੇ ਕਾਫ਼ਲੇ ਦੇ ਕੰਮਾਂ ਵਿੱਚ ਪਾਏ ਅਹਿਮ ਯੋਗਦਾਨ ਦਾ ਜ਼ਿਕਰ ਕੀਤਾ ਓਥੇ ਮਨਮੋਹਨ ਗੁਲਾਟੀ ਜੀ ਨੂੰ ਵਧਾਈ ਵੀ ਦਿੱਤੀ ਜਿਨ੍ਹਾਂ ਨੇ ਆਪਣੀ ਸਿਹਤ ਦੀਆਂ ਮੁਸ਼ਕਲਾਂ ਦੇ ਬਾਵਜੂਦ ਇਸ ਪ੍ਰੋਜੈਕਟ ਨੂੰ ਨੇਪਰੇ ਚਾੜ੍ਹਿਆ। ਕਹਾਣੀਕਾਰ ਕੁਲਜੀਤ ਮਾਨ ਨੇ ਸਾਹਿਤ ਦੇ ਗੁਣਾਂ ਦੀ ਗੱਲ ਕਰਦਿਆਂ ਕਿਹਾ ਕਿ ਜੋ ਲਿਖਤ ਸਮਾਜਿਕ ਸਰੋਕਾਰਾਂ ਨੂੰ ਸੰਬੋਧਤ ਨਹੀਂ ਹੁੰਦੀ, ਜੋ ਲਿਖਤ ਕੋਈ ਉਸਾਰੂ ਸੁਨੇਹਾ ਨਹੀਂ ਦਿੰਦੀ ਉਸਨੂੰ ਸਾਹਿਤ ਨਹੀਂ ਕਿਹਾ ਜਾ ਸਕਦਾ ਅਤੇ ਇਸ ਨਜ਼ਰੀਏ ਤੋਂ ‘ਫੁੱਟਪ੍ਰਿੰਟਸ’ ਕਿਤਾਬ ਵਿਚਲੀਆਂ ਕਹਾਣੀਆਂ ਨੂੰ ਪਰਖਦਿਆਂ ਉਨ੍ਹਾਂ ਕਿਹਾ ਕਿ ਬ੍ਰਜਿੰਦਰ ਗੁਲਾਟੀ ਆਪਣੀ ਚੋਣ ਲਈ ਵਧਾਈ ਦੀ ਪਾਤਰ ਹੈ। ਪ੍ਰਿੰਸੀਪਲ ਸਰਵਣ ਸਿੰਘ ਨੇ ਕਿਹਾ ਕਿ ਬ੍ਰਜਿੰਦਰ ਇੱਕ ਮਿਹਨਤੀ, ਮਿਲਣਸਾਰ ਅਤੇ ਕਾਫ਼ਲੇ ਨੂੰ ਅੱਗੇ ਲਿਜਾਣ ਵਿੱਚ ਅਹਿਮ ਰੋਲ਼ ਨਿਭਾਉਣ ਵਾਲ਼ੀ ਹਸਤੀ ਸੀ ਜਿਸਦੇ ਅਚਾਨਕ ਵਿੱਛੜ ਜਾਣ ਨਾਲ਼ ਬਹੁਤ ਧੱਕਾ ਲੱਗਾ ਹੈ। ਕੁਲਵਿੰਦਰ ਖਹਿਰਾ ਨੇ ਬ੍ਰਜਿੰਦਰ ਗੁਲਾਟੀ ਨਾਲ਼ ਜੁੜੀਆਂ ਯਾਦਾਂ ਸਾਂਝੀਆਂ ਕੀਤੀਆਂ ਅਤੇ ਕਿਹਾ ਕਿ ਇਸ ਕਿਤਾਬ ਨੂੰ ਅੰਤਿਮ ਛੋਹਾਂ ਦੇਣ ਲਈ ਮਨਮੋਹਨ ਸਿੰਘ ਗੁਲਾਟੀ ਹੁਰਾਂ ਨਾਲ਼ ਕੰਮ ਕਰਦਿਆਂ ਉਹ ਆਪਣੇ ਆਪ ਨੂੰ ਬ੍ਰਜਿੰਦਰ ਗੁਲਾਟੀ ਦੀ ਸੰਗਤ ਮਾਣਦੇ ਹੋਏ ਮਹਿਸੂਸ ਕਰ ਰਹੇ ਸਨ। ਇਸਤੋਂ ਇਲਾਵਾ ਭੂਪਿੰਦਰ ਦੂਲੇ, ਰਛਪਾਲ ਕੌਰ ਗਿੱਲ ਅਤੇ ਸੁਰਜੀਤ ਕੌਰ ਵੱਲੋਂ ਵੀ ਗੁਲਾਟੀ ਪਰਿਵਾਰ ਨੂੰ ਵਧਾਈ ਦਿੱਤੀ ਗਈ। ਪਰਿਵਾਰ ਵੱਲੋਂ ਬੋਲਦਿਆਂ ਮਨਮੋਹਨ ਸਿੰਘ ਗੁਲਾਟੀ ਦੀ ਭਾਣਜੀ ਸਿੰਮੀ ਨੇ ਸਭ ਦਾ ਧੰਨਵਾਦ ਕਰਦਿਆਂ ਕਿਹਾ ਸਾਰਿਆਂ ਵੱਲੋਂ ਬ੍ਰਜਿੰਦਰ ਨੂੰ ਮਿਲ ਰਿਹਾ ਪਿਆਰ ਉਨ੍ਹਾਂ ਦੇ ਪਰਿਵਾਰ ਲਈ ਬਹੁਤ ਮਾਅਨੇ ਰੱਖਦਾ ਹੈ। ਇਸ ਮੀਟਿੰਗ ਵਿੱਚ ਭਰਵਾਂ ਇਕੱਠ ਹੋਇਆ ਜਿਸ ਵਿੱਚ ਬਲਰਾਜ ਧਾਲੀਵਾਲ਼, ਪਰਮਜੀਤ ਦਿਓਲ, ਇਕਬਾਲ ਬਰਾੜ, ਕਿਰਪਾਲ ਸਿੰਘ ਪੰਨੂੰ, ਪੂਰਨ ਸਿੰਘ ਪਾਂਧੀ, ਪ੍ਰਤੀਕ, ਰਮਿੰਦਰ ਵਾਲੀਆ, ਸੁਰਿੰਦਰ ਖਹਿਰਾ, ਬਲਦੇਵ ਰਹਿਪਾ, ਡਾ. ਨਾਹਰ ਸਿੰਘ, ਪਰਵਿੰਦਰ ਗੋਗੀ, ਗੁਰਦੇਵ ਸਿੰਘ ਮਾਨ. ਸ਼ਮੀਲ ਅਤੇ ਡਾ. ਬਲਜਿੰਦਰ ਸੇਖੋਂ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਦੋਸਤ ਸ਼ਾਮਲ ਹੋਏ। ਮੀਟਿੰਗ ਦੀ ਸੰਚਾਲਨਾ ਭੂਪਿੰਦਰ ਦੂਲੇ ਵੱਲੋਂ ਕੀਤੀ ਗਈ।

Check Also

ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਸਟੀਲ ਪਲਾਂਟ ਦੇ ਵਰਕਰਾਂ ਨਾਲ ਕੀਤੀ ਗੱਲਬਾਤ

ਓਟਵਾ/ਬਿਊਰੋ ਨਿਊਜ਼ : ਲੰਘੇ ਦਿਨੀਂ ਨੂੰ ਟਰਾਂਜਿਟ ਕਰਮਚਾਰੀਆਂ ਅਤੇ ਸਥਾਨਕ ਮੇਅਰ ਮੈਥਿਊ ਸ਼ੂਮੇਕਰ ਨੂੰ ਮਿਲਣ …