ਬਰੈਂਪਟਨ/ਡਾ. ਝੰਡ : ਲੰਘੇ ਐਤਵਾਰ ਬਰੈਂਪਟਨ ਦੀ ਲੇਕਹੈੱਡ ਵਿਮੈੱਨਜ਼ ਕਲੱਬ ਦੀਆਂ 100 ਤੋਂ ਵਧੀਕ ਮੈਂਬਰ ਬੀਬੀਆਂ ਨੇ ਮਿਲ ਕੇ ਤੀਆਂ ਦਾ ਮੇਲਾ ਬੜੇ ਉਤਸ਼ਾਹ ਨਾਲ ਮਨਾਇਆ। ਪੰਜਾਬੀ ਕਮਿਊਨਿਟੀ ਤੋਂ ਇਲਾਵਾ ਉਨ੍ਹਾਂ ਵਿਚ ਗੁਜਰਾਤੀ ਅਤੇ ਮੁਸਲਿਮ ਕਮਿਊਨਿਟੀਆਂ ਦੀਆਂ ਔਰਤਾਂ ਵੀ ਸ਼ਾਮਲ ਸਨ। ਇਹ ਰੰਗਾ-ਰੰਗ ਸੱਭਿਆਚਾਰਕ ਪ੍ਰੋਗਰਾਮ 100 ਸ਼ੋਅਬੋਟ ਕਰੈਸੈਂਟ ਦੇ ਖੁੱਲ੍ਹੇ ਤੇ ਹਰੇ-ਭਰੇ ਮੈਦਾਨ ਵਿਚ ਆਯੋਜਿਤ ਕੀਤਾ ਗਿਆ। ਸਮਾਗਮ ਵਿਚ ਖਾਣ-ਪੀਣ ਦੀਆਂ ਵਸਤਾਂ ਦੀ ਭਰਮਾਰ ਸੀ।
‘ਕੇਵਲ ਔਰਤਾਂ ਲਈ’ ਰੱਖੇ ਗਏ ਇਸ ਸਮਾਗਮ ਵਿਚ ਕੰਵਾਰੀਆਂ ਕੁੜੀਆਂ, ਮਾਵਾਂ-ਧੀਆਂ ਅਤੇ ਨੂੰਹਾਂ-ਸੱਸਾਂ ਨੇ ਮਿਲ ਕੇ ਢੋਲਕੀ ਦੇ ਨਾਲ ਪੰਜਾਬੀ ਗੀਤ ਗਾਏ ਅਤੇ ਪੰਜਾਬੀ ਬੋਲੀਆਂ ਪਾ ਕੇ ਖ਼ੂਬ ਗਿੱਧਾ ਪਾਇਆ। ਇਸ ਦੇ ਨਾਲ ਹੀ ਗੁਜਰਾਤੀ ਬੀਬੀਆਂ ਨੇ ਕਈ ਗੁਜਰਾਤੀ ਗੀਤ ਗਾ ਕੇ ਅਤੇ ਗੁਜਰਾਤੀ ਡਾਂਸ ਕਰਕੇ ਨਾਲ ਵੱਖਰਾ ਹੀ ਰੰਗ ਬੰਨ੍ਹ ਦਿੱਤਾ।
‘ਲਹਿੰਦੇ ਪੰਜਾਬ’ ਦੀਆਂ ਮੁਸਲਿਮ ਬੀਬੀਆਂ ਵੱਲੋਂ ਗਿੱਧੇ ਵਿਚ ਪਾਈਆਂ ਗਈਆਂ ਬੋਲੀਆਂ ‘ਚੜ੍ਹਦੇ ਪੰਜਾਬ’ ਵਾਲੀਆਂ ਬੋਲੀਆਂ ਦੇ ਨਾਲ ਕਾਫ਼ੀ ਮੇਲ਼ ਖਾਂਦੀਆਂ ਸਨ ਅਤੇ ਉਨ੍ਹਾਂ ਵਿੱਚੋਂ ਦੋਹਾਂ ਪੰਜਾਬਾਂ ਦੇ ਸਾਂਝੇ ਸੱਭਿਆਚਾਰ ਦੀ ਖ਼ੁਸ਼ਬੂ ਆ ਰਹੀ ਸੀ। ਪ੍ਰੋਗਰਾਮ ਦੀ ਸ਼ੁਰੂਆਤ ਰਵਾਇਤੀ ‘ਓਪਨ ਢੋਲਕੀ’ ਦੇ ਨਾਲ ਕੀਤੀ ਗਈ ਜਿਸ ਵਿਚ ਨੌਜਵਾਨ ਲੜਕੀਆਂ ਨੇ ਵਾਰੀ-ਵਾਰੀ ਸਟੇਜ ‘ਤੇ ਆ ਕੇ ਢੋਲਕੀ ਦੀ ਤਾਲ ‘ਤੇ ਕਈ ਲੋਕ-ਗੀਤ ਅਤੇ ਪੰਜਾਬੀ ਗੀਤ ਗਾਏ। ਕਈ ਅਧੇੜ ਉਮਰ ਦੀਆਂ ਅਤੇ ਬਜ਼ੁਰਗ ਔਰਤਾਂ ਨੇ ਵੀ ਇਸ ਵਿਚ ਆਪਣਾ ਪੂਰਾ ਯੋਗਦਾਨ ਪਾਇਆ।
ਸਮਾਗਮ ਵਿਚ ਗੁਜਰਾਤੀ ਗੀਤਾਂ ਨੂੰ ਸੁਣਨ ਦਾ ਆਪਣਾ ਹੀ ਮਜ਼ਾ ਸੀ। ਸਮਾਗਮ ਵਿਚ ਆਈਆਂ ਬੀਬੀਆਂ ਇਉਂ ਮਹਿਸੂਸ ਕਰ ਰਹੀਆਂ ਹਨ, ਜਿਵੇਂ ਉਹ ਸਾਉਣ ਦੇ ਮਹੀਨੇ ਵਿਚ ਆਪਣੇ ਪੇਕੇ ਆ ਕੇ ਤੀਆਂ ਮਨਾ ਰਹੀਆਂ ਹੋਣ।
ਪੂਰਾ ਮਾਹੌਲ ਪੰਜਾਬ ਦੇ ਪਿੰਡਾਂ ਦੀਆਂ ਰਵਾਇਤੀ ਤੀਆਂ ਵਰਗਾ ਲੱਗ ਰਿਹਾ ਸੀ। ਸਮਾਗਮ ਦੇ ਅਖ਼ੀਰ ਵੱਲ ਵਧਦਿਆਂ ਪੇਸ਼ ਕੀਤੇ ਗਏ ਗਿੱਧੇ ਨੂੰ ਤਰਤੀਬ ਕਲੱਬ ਦੀ ਪ੍ਰਧਾਨ ਅਨੁਜ ਅਤੇ ਉਪ-ਪ੍ਰਧਾਨ ਕਮਲ ਵੱਲੋਂ ਦਿੱਤੀ ਗਈ।
ਗਿੱਧਾ ਸ਼ੁਰੂ ਹੁੰਦਿਆਂ ਹੀ ਲੱਗਭੱਗ ਸਾਰੀਆਂ ਹੀ ਬੀਬੀਆਂ ਗਿੱਧੇ ਦੇ ਪਿੜ ਵਿਚ ਆ ਗਈਆਂ ਅਤੇ ਉਨ੍ਹਾਂ ਨੇ ਉੱਚੀ-ਉੱਚੀ ਬੋਲੀਆਂ ਪਾ ਕੇ ਆਪਣੇ ਦਿਲਾਂ ਦੇ ਵਲਵਲੇ ਖ਼ੂਬ ਸਾਂਝੇ ਕੀਤੇ। ਤੀਆਂ ਦੇ ਇਸ ਯਾਦਗਾਰੀ ਸਮਾਗ਼ਮ ਵਿਚ ਖਾਣ-ਪੀਣ ਦਾ ਬਹੁਤ ਵਧੀਆ ਪ੍ਰਬੰਧ ਕੀਤਾ ਗਿਆ।
Check Also
ਸਮੂਹ ਕੈਨੇਡਾ-ਵਾਸੀਆਂ ਦੀਆਂ ਜੇਬਾਂ ‘ ਚ ਡਾਲਰ ਪਾਉਣ ਲਈ ਸਰਕਾਰ ਨੇ ਦਿੱਤੀਆਂ ਟੈਕਸ ਰਿਆਇਤਾਂ : ਸੋਨੀਆ ਸਿੱਧੂ
ਬਰੈਂਪਟਨ : ਪਿਛਲੇ ਕੁਝ ਸਾਲ ਲੋਕਾਂ ਲਈ ਚੁਣੌਤੀਆਂ ਭਰਪੂਰ ਰਹੇ ਹਨ ਅਤੇ ਇੰਜ ਲੱਗਦਾ ਹੈ, …