Breaking News
Home / ਕੈਨੇਡਾ / ਬਰੈਂਪਟਨ ਵਾਸੀਆਂ ਦੀ ਸਿਹਤ ਸੰਭਾਲ ਲਈ ਐਮਪੀ ਸੋਨੀਆ ਸਿੱਧੂ ਨੇ ਨਵੀਆਂ ਫ਼ੈਡਰਲ ਸਕੀਮਾਂ ਬਾਰੇ ਜਾਣਕਾਰੀ ਸਾਂਝੀ ਕੀਤੀ

ਬਰੈਂਪਟਨ ਵਾਸੀਆਂ ਦੀ ਸਿਹਤ ਸੰਭਾਲ ਲਈ ਐਮਪੀ ਸੋਨੀਆ ਸਿੱਧੂ ਨੇ ਨਵੀਆਂ ਫ਼ੈਡਰਲ ਸਕੀਮਾਂ ਬਾਰੇ ਜਾਣਕਾਰੀ ਸਾਂਝੀ ਕੀਤੀ

ਬਰੈਂਪਟਨ : ਕੈਨੇਡਾ-ਵਾਸੀਆ ਲਈ ਆਲਮੀ ਪੱਧਰ ਦੀਆਂ ਮਿਆਰੀ ਸਿਹਤ-ਸੇਵਾਵਾਂ ਦੀ ਸਖ਼ਤ ਜ਼ਰੂਰਤ ਹੈ। ਪ੍ਰੰਤੂ, ਬਦਕਿਸਮਤੀ ਨਾਲ ਲੋਕਾਂ ਨੂੰ ਐਮਰਜੈਂਸੀ ਦੇ ਲਈ ਲੰਮੇਂ ਇੰਤਜ਼ਾਰਾਂ ਅਤੇ ਸਰਜਰੀਆਂ ਨੂੰ ਅੱਗੇ ਪਾਉਣ ਤੇ ਕਈ ਵਾਰ ਇਹ ਕੈਂਸਲ ਹੋ ਜਾਣ ਦਾ ਵੀ ਸਾਹਮਣਾ ਕਰਨਾ ਪੈ ਰਿਹਾ ਹੈ। ਸਿਹਤ-ਸੇਵਾਵਾਂ ਦੇਣ ਵਾਲੇ ਕਰਮਚਾਰੀ ਇਸ ਸਮੇਂ ਭਾਰੀ ਚਿੰਤਾ ਅਤੇ ਦਿਮਾਗ਼ੀ ਬੋਝ ਦੇ ਆਲਮ ਵਿੱਚੋਂ ਗ਼ੁਜ਼ਰ ਰਹੇ ਹਨ। ਕੈਨੇਡਾ-ਵਾਸੀਆ ਨੂੰ ਵਧੀਆ ਸਿਹਤ-ਸੇਵਾਵਾਂ ਦੇਣ ਲਈ ਫ਼ੌਰੀ ਕਦਮ ਚੁੱਕਣ ਦੀ ਜ਼ਰੂਰਤ ਹੈ। ਏਸੇ ਲਈ ਕੈਨੇਡਾ ਦੇ ਹੈੱਲਥ ਸਿਸਟਮ ਵਿਚ ਵਾਧਾ ਤੇ ਇਸ ਵਿੱਚ ਸੁਧਾਰ ਕਰਨ ਲਈ ਫ਼ੈੱਡਰਲ ਸਰਕਾਰ ਵੱਲੋਂ ਵੱਖ-ਵੱਖ ਪ੍ਰਾਜੈੱਕਟਾਂ ਲਈ ਜੋ ਨਵੀਂ ਰਾਸ਼ੀ ਮੁਹੱਈਆ ਕੀਤੀ ਜਾ ਰਹੀ ਹੈ, ਦੇ ਬਾਰੇ ਬਰੈਂਪਟਨ ਸਾਊਥ ਤੋਂ ਪਾਰਲੀਮੈਂਟ ਮੈਂਬਰ ਸੋਨੀਆ ਸਿੱਧੂ ਜਾਣਕਾਰੀ ਸਾਂਝੀ ਕਰਨ ਦਾ ਮਾਣ ਹਾਸਲ ਕਰ ਰਹੀ ਹੈ। ਇਸ ਦਾ ਵੇਰਵਾ ਇਸ ਪ੍ਰਕਾਰ ਹੈ।
*ਹੈੱਲਥ ਕੇਅਰ ਸਿਸਟਮ ਤੇ ਮੌਜੂਦਾ ਦਬਾਅ ਨੂੰ ਘਟਾਉਣ ਲਈ 2 ਬਿਲੀਅਨ ਡਾਲਰ ਦਾ ਫ਼ੌਰੀ ਫ਼ੰਡ ਕੈਨੇਡਾ ਹੈੱਲਥ ਟ੍ਰਾਂਸਫ਼ਰ ਜਾਰੀ ਕੀਤਾ ਜਾ ਰਿਹਾ ਹੈ।
*ਪ੍ਰੋਵਿੰਸਾਂ ਅਤੇ ਟੈਰੀਟਰੀਆਂ ਨਾਲ ਵੱਖ-ਵੱਖ ਸਮਝੌਤਿਆਂ ਰਾਹੀ ਆਉਂਦੇ 10 ਸਾਲਾਂ ਵਿਚ ਇਨ੍ਹਾਂ ਚਾਰ ਪ੍ਰਮੁੱਖ ਖ਼ੇਤਰਾਂ ਲਈ 25 ਬਿਲੀਅਨ ਡਾਲਰ ਦੀ ਰਾਸ਼ੀ ਮੁਹੱਈਆ ਕੀਤੀ ਜਾਏਗੀ:
1. ਪਰਿਵਾਰਕ ਸਿਹਤ-ਸੇਵਾਵਾਂ ਲਈ
2. ਸਿਹਤ ਸੇਵਾਵਾਂ ਦੇ ਵਰਕਰਾਂ ਤੇ ਪਿਛਲੇ ਬਕਾਇਆ ਕੰਮਾਂ ਲਈ
3. ਮੈਂਟਲ ਹੈੱਲਥ ਅਤੇ ਅਜਿਹੇ ਹੋਰ ਕਾਰਜਾਂ ਲਈ
4. ਮਾਡਰਨ ਹੈੱਲਥ ਸਿਸਟਮ ਉਸਾਰਨ ਲਈ
*ਪਰਸਨਲ ਸੁਪੋਰਟ ਵਰਕਰਾਂ ਅਤੇ ਇਨ੍ਹਾਂ ਦੇ ਨਾਲ ਸਬੰਧਿਤ ਪੇਸ਼ਿਆਂ ਵਿਚ ਨਵੀਂ ਭਰਤੀ, ਰੱਖ-ਰਖਾਅ ਅਤੇ ਤਨਖ਼ਾਹਾਂ ਆਦਿ ਲਈ ਆਉਂਦੇ ਪੰਜ ਸਾਲਾਂ ਲਈ 1.7 ਬਿਲੀਅਨ ਡਾਲਰ ਦੀ ਰਾਸ਼ੀ ਜਾਰੀ ਕੀਤੀ ਜਾਏਗੀ। ਫ਼ੈੱਡਰਲ ਸਰਕਾਰ ਦੀ ਇਸ ਫ਼ੰਡਿੰਗ ਨਾਲ ਐਮਰਜੈਂਸੀ ਸੇਵਾਵਾਂ ਵਿਚ ਸੁਧਾਰ ਹੋਵੇਗਾ, ਸਰਜਰੀਆਂ ਦੀ ਲੰਮੀਂ ਲਾਈਨ ਘਟੇਗੀ ਅਤੇ ਜਿਹੜੇ ਲੋਕ ਦਿਮਾਗ਼ੀ ਪ੍ਰੇਸ਼ਾਨੀਆਂ ਨਾਲ ਜੂਝ ਰਹੇ ਹਨ, ਉਨ੍ਹਾਂ ਨੂੰ ਰਾਹਤ ਮਿਲੇਗੀ। ਪਰਸਨਲ ਸੁਪੋਰਟ ਸਿਸਟਮ ਜਿਸ ਦੀ ਜ਼ਰੂਰਤ ਸਾਡੇ ਸੀਨੀਅਰਾਂ ਨੂੰ ਅਕਸਰ ਪੈਂਦੀ ਹੈ, ਵਿਚ ਵਾਧੇ ਤੇ ਸੁਧਾਰ ਦੀ ਲੋੜ ਹੈ। ਹੋਮ ਕੇਅਰ ਅਤੇ ਲੰਮੀੰ ਤੇ ਸੁਰੱਖ਼ਿਅਤ ਸਿਹਤ ਸੰਭਾਲ ਨਾਲ ਬਰੈਂਪਟਨ-ਵਾਸੀਆਂ ਦੀ ਉਮਰ ਲੰਮੇਰੀ ਹੋਵੇਗੀ। ਬਜ਼ੁਰਗ ਮਾਣ ਤੇ ਸਤਿਕਾਰ ਨਾਲ ਆਪਣੀ ਉਮਰ ਹੰਢਾਅ ਸਕਣਗੇ। ਪਾਰਲੀਮੈਂਟ ਵਿਚ ਹੈੱਲਥ ਕਮੇਟੀ ਦੀ ਮੈਂਬਰ ਹੋਣ ਦੇ ਨਾਤੇ ਅਤੇ ਸਿਆਸਤ ਵਿਚ ਆਉਣ ਤੋਂ ਪਹਿਲਾਂ ਸਿਹਤ-ਸੇਵਾਵਾਂ ਦੇ ਖ਼ੇਤਰ ਵਿਚ 18 ਸਾਲ ਦਾ ਲੰਮਾਂ ਤਜਰਬਾ ਹੋਣ ਸਦਕਾ ਮੈਂਬਰ ਪਾਰਲੀਮੈਂਟ ਸੋਨੀਆ ਸਿੱਧੂ ਭਲੀ-ਭਾਂਤ ਜਾਣਦੇ ਹਨ ਕਿ ਸਿਹਤ-ਸੰਭਾਲ ਲੋੜ ਦੇ ਆਧਾਰਿਤ ਹੈ, ਨਾ ਕਿ ਇਹ ਇਨਸਾਨ ਵੱਲੋਂ ਪੈਸਾ ਖ਼ਰਚ ਸਕਣ ਦੀ ਸਮਰੱਥਾ ਤੇ ਨਿਰਭਰ ਕਰਦੀ ਹੈ। ਸਿਹਤ-ਸੇਵਾਵਾਂ ਲਈ ਰਾਸ਼ੀ ਮੁਹੱਈਆ ਕਰਨ ਦੇ ਇਨ੍ਹਾਂ ਵਾਅਦਿਆਂ ਦੇ ਨਾਲ਼ ਨਾਲ਼ ਫ਼ੈੱਡਰਲ ਸਰਕਾਰ ਨੇ ਪ੍ਰੋਵਿੰਸਾਂ ਤੇ ਟੈਰੀਟਰੀਆਂ ਨੂੰ ਇਹ ਵੀ ਕਿਹਾ ਹੈ ਕਿ ਉਹ ਸਿਹਤ ਸਬੰਧੀ ਜਾਣਕਾਰੀ ਇਕੱਠੀ ਕਰਨ, ਇਸ ਨੂੰ ਲੋਕਾਂ ਦੇ ਨਾਲ ਸਾਂਝੇ ਕਰਨ ਅਤੇ ਇਸ ਦੀ ਸੁਚੱਜੀ ਵਰਤੋਂ ਵਿਚ ਵੀ ਸੁਧਾਰ ਕਰਨ ਤਾਂ ਜੋ ਕੈਨੇਡਾ-ਵਾਸੀਆਂ ਤੀਕ ਇਨ੍ਹਾਂ ਸੇਵਾਵਾਂ ਤੱਕ ਆਸਾਨੀ ਨਾਲ ਪਹੁੰਚ ਹੋ ਸਕੇ ਅਤੇ ਉਹ ਇਨ੍ਹਾਂ ਦਾ ਹੋਰ ਵਧੇਰੇ ਲਾਭ ਉਠਾ ਸਕਣ।
ਪਬਲਿਕ ਹੈੱਲਥ ਕੇਅਰ ਨੂੰ ਹੋਰ ਮਜ਼ਬੂਤ ਕਰਨ ਅਤੇ ਇਸ ਨੂੰ ਲੋਕਾਂ ਦੀਆਂ ਆਸਾਂ ਮੁਤਾਬਿਕ ਬਨਾਉਣ ਲਈ ਫ਼ੈੱਡਰਲ ਸਰਕਾਰ ਵੱਲੋਂ ਇਹ ਅਹਿਮ ਕਦਮ ਉਠਾਏ ਜਾ ਰਹੇ ਹਨ। ਸੋਨੀਆ ਸਿੱਧੂ ਨੇ ਕਿਹਾ ਕਿ ਕੈਨੇਡਾ-ਵਾਸੀਆਂ, ਉਨ੍ਹਾਂ ਦੇ ਪਰਿਵਾਰਾਂ ਅਤੇ ਹੈੱਲਥ ਵਰਕਰਾਂ ਦੇ ਹਿੱਤਾਂ ਨੂੰ ਧਿਆਨ ਵਿਚ ਰੱਖਦਿਆਂ ਹੋਇਆਂ ਸਰਕਾਰ ਪ੍ਰੋਵਿੰਸਾਂ ਅਤੇ ਟੈਰੀਟਰੀਆਂ ਦੇ ਨਾਲ ਸਹਿਯੋਗ ਅਤੇ ਤਾਲਮੇਲ ਜਾਰੀ ਰੱਖੇਗੀ ਤਾਂ ਜੋ ਦੇਸ਼-ਵਾਸੀਆਂ ਨੂੰ ਭਵਿੱਖ ਵਿਚ ਹੋਰ ਵੀ ਮਿਆਰੀ ਸਿਹਤ-ਸੇਵਾਵਾਂ ਦਿੱਤੀਆਂ ਜਾ ਸਕਣ।

 

Check Also

ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ਵਿਚ ਸਵ. ਗੁਰਦਾਸ ਮਿਨਹਾਸ ਨੂੰ ਭੇਂਟ ਕੀਤੀ ਗਈ ਸ਼ਰਧਾਂਜਲੀ

‘ਪੰਜਾਬ ਦੀ ਕੋਇਲ’ ਸੁਰਿੰਦਰ ਕੌਰ ਦੇ ਜਨਮ-ਦਿਨ ‘ਤੇ ਕੀਤਾ ਗਿਆ ਯਾਦ ਤੇ ਕਵੀ-ਦਰਬਾਰ ਵੀ ਹੋਇਆ …