16.4 C
Toronto
Monday, September 15, 2025
spot_img
Homeਕੈਨੇਡਾਕਿਸਾਨਾਂ ਦੀ ਇਤਿਹਾਸਕ ਜਿੱਤ ਲਈ ਕੈਨੇਡਾ'ਚ ਵੀ ਜਸ਼ਨ ਮਨਾਏ ਗਏ

ਕਿਸਾਨਾਂ ਦੀ ਇਤਿਹਾਸਕ ਜਿੱਤ ਲਈ ਕੈਨੇਡਾ ’ਚ ਵੀ ਜਸ਼ਨ ਮਨਾਏ ਗਏ

ਸਰੀ/ਪਰਮਿੰਦਰ ਸਵੈਚ : ਤਰਕਸ਼ੀਲ ਰੈਸ਼ਨੇਲਿਸਟ ਸੁਸਾਇਟੀ ਕੈਨੇਡਾ ਸਰ੍ਹੀ ਵਲੋਂ ਭਾਰਤੀ ਕਿਸਾਨਾਂ ਦੇ ਮਹਾਂ ਅੰਦੋਲਨ ਦੀ ਹਮਾਇਤ ਕਰਦੇ ਹੋਏ, ਸੰਯੁਕਤ ਮੋਰਚੇ ਦੇ ਸੱਦੇ ‘ਤੇ ਭਰਾਤਰੀ ਜਥੇਬੰਦੀ ਈਸਟ ਇੰਡੀਅਨ ਡੀਫੈਂਸ ਕਮੇਟੀ ਅਤੇ ਬਹੁਤ ਸਾਰੇ ਅੰਦੋਲਨ ਦੀ ਵਚਨਵੱਧਤਾ ਨਾਲ ਜੁੜੇ ਲੋਕ ਜੋ ਹਮੇਸ਼ਾਂ ਹੀ ਸਰ੍ਹੀ ਦੇ ਇਸ ਚੌਂਕ (ਕਿੰਗ ਜੌਰਜ਼ ਤੇ 88 ਐਵੇਨਿਊ) ਵਿੱਚ ਹਰ ਐਤਵਾਰ 11 ਵਜੇ ਤੋਂ 2 ਵਜੇ ਤੱਕ ਭਾਰਤ ਦੀ ਫਾਸ਼ੀਵਾਦੀ ਮੋਦੀ ਸਰਕਾਰ ਵਿਰੁੱਧ ਰੋਸ ਪ੍ਰਦਰਸ਼ਨ ਕਰਦੇ ਰਹੇ ਹਨ, ਨੇ ਰਲ਼ ਕੇ ਜਸ਼ਨ ਮਨਾਏ ਤੇ ਮੁਜ਼ਾਹਰਾ ਕੀਤਾ। ਬੇਸ਼ੱਕ ਬੀ.ਸੀ. ਵਿੱਚ ਆ ਰਹੇ ਹੜ੍ਹਾਂ ਦੇ ਕਾਰਣ ਸਰਕਾਰ ਵਲੋਂ ਬਹੁਤ ਜ਼ਿਆਦਾ ਬਾਰਸ਼ ਹੋਣ ਦੀ ਚਿਤਾਵਨੀ ਦਿੱਤੀ ਗਈ ਸੀ ਤਾਂ ਵੀ ਹਰ ਵਿਚਾਰਧਾਰਾ ਦੇ ਲੋਕਾਂ ਨੇ ਇਸ ਇਕੱਠ ਵਿੱਚ ਸ਼ਾਮਲ ਹੋ ਕੇ ਸੰਸਾਰ ਦੇ ਇਸ ਇਤਿਹਾਸਕ ਸੰਘਰਸ਼ ਵਿੱਚ ਆਪਣੀ ਵਚਨਬੱਧਤਾ ਦਾ ਪ੍ਰਗਟਾਵਾ ਕੀਤਾ। ਯਾਦ ਰਹੇ ਜਿੱਥੇ ਭਾਰਤੀ ਲੋਕਾਂ ਨੇ ਦਿੱਲੀ ਦੀਆਂ ਬਰੂਹਾਂ ‘ਤੇ ਬੈਠ ਕੇ ਗਰਮੀਆਂ, ਸਰਦੀਆਂ, ਬਰਸਾਤਾਂ ਝੱਲਦੇ ਹੋਏ ਇਸ ਸੰਘਰਸ਼ ਨੂੰ ਜਿੱਤ ਦਾ ਜਾਮਾ ਪਹਿਨਾਉਣ ਦਾ ਹਰ ਯਤਨ ਕੀਤਾ ਹੈ, ਉੱਥੇ ਵਿਦੇਸ਼ਾਂ ਵਿੱਚ ਵਸਦੇ ਭਾਰਤੀਆਂ ਨੇ ਵੀ ਧੁੱਪਾਂ, ਠੰਢਾਂ, ਬਰਫਾਂ, ਬਾਰਸ਼ਾਂ ਵਿੱਚ ਆਪਣਾ ਬਣਦਾ ਯੋਗਦਾਨ ਰੈਲੀਆਂ, ਮੁਜ਼ਾਹਰੇ, ਸੈਮੀਨਾਰ, ਵੈਬੀਨਾਰ, ਕੌਂਸਲਖਾਨਿਆਂ ਅੱਗੇ ਰੋਸ ਪ੍ਰਦਰਸ਼ਨ, ਈ-ਮੇਲਾਂ, ਗੀਤ, ਕਵਿਤਾਵਾਂ, ਲੇਖ, ਕਹਾਣੀਆਂ ਲਿਖ ਕੇ ਜਾਂ ਵਿਦੇਸ਼ੀ ਹਕੂਮਤਾਂ ਤੱਕ ਪਹੁੰਚ ਕਰਕੇ, ਮਿਊਸੀਪੈਲਟੀਆਂ ਵਿੱਚ ਮਤੇ ਪਵਾ ਕੇ, ਤਨੋਂ-ਮਨੋਂ ਜਾਂ ਫੰਡਾਂ ਰਾਹੀਂ ਮੱਦਦ ਕਰਕੇ ਇਸ ਸੰਘਰਸ਼ ਦਾ ਹਿੱਸਾ ਬਣਕੇ ਮਨੁੱਖਤਾ ਪ੍ਰਤੀ ਫਰਜ਼ ਨੂੰ ਪੂਰਾ ਕੀਤਾ ਹੈ। ਇਸ ਕਰਕੇ ਹੀ ਲੋਕਾਂ ਦੇ ਏਕੇ ਦੀ ਜਿੱਤ ਹੋਈ ਹੈ ਤੇ ਜੋ ਅਜੇ ਅਧੂਰੀ ਹੈ ਉਹ ਵੀ ਪੂਰੀ ਕਰਕੇ ਹੀ ਲੋਕ, ਸਰਕਾਰਾਂ ਨੂੰ ਲੋਕਤੰਤਰ ਕੀ ਹੁੰਦਾ ਹੈ ਦਾ ਪਾਠ ਜ਼ਰੂਰ ਪੜ੍ਹਾ ਦੇਣਗੇ ਅਤੇ ਅਧੂਰੀ ਨੂੰ ਪੂਰੀ ਜਿੱਤ ਵਿੱਚ ਬਦਲ ਦੇਣਗੇ। ਸ਼ੁਰੂ ਵਿੱਚ ਇਕਬਾਲ ਸਿੰਘ ਢੱਟ ਅਤੇ ਉਹਨਾਂ ਦੇ ਸਮੁੱਚੇ ਪਰਿਵਾਰ ਤੇ ਸਾਥੀ ਜੋ ਲਗਾਤਾਰਤਾ ਨਾਲ ਇਸ ਕਿਸਾਨੀ ਸੰਘਰਸ਼ ਵਿੱਚ 11 ਮਹੀਨਿਆਂ ਤੋਂ ਇੱਥੇ ਹਾਜ਼ਰੀ ਦਿੰਦੇ ਹਨ, ਉਹਨਾਂ ਵਲੋਂ ਅਰਦਾਸ ਕੀਤੀ ਗਈ ਤੇ ਕੜਾਹ ਪ੍ਰਸ਼ਾਦ ਵਰਤਾਇਆ ਗਿਆ। ਤਰਕਸ਼ੀਲ ਸੁਸਾਇਟੀ ਦੇ ਪ੍ਰਧਾਨ ਅਵਤਾਰ ਗਿੱਲ ਨੇ ਕਿਹਾ ਕਿ ਦੁਸ਼ਮਣ ਨੇ ਸਾਡੇ ਕਿਸਾਨਾਂ ਵਿੱਚ ਬਹੁਤ ਕਿਸਮ ਦੇ ਫਲੂਹੇ ਸੁੱਟ ਕੇ ਅੱਗਾਂ ਲਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਕਿ ਉਹ ਆਪ ਹੀ ਆਪਸ ਵਿੱਚ ਲੜ ਭਿੜ ਕੇ ਰਹਿ ਜਾਣ ਪਰ ਕਿਸਾਨਾਂ ਦੀ ਲੀਡਰਸ਼ਿੱਪ ਦੀ ਕਾਰਗੁਜ਼ਾਰੀ ਸਰਾਹੁਣਯੋਗ ਹੈ ਜਿਨ੍ਹਾਂ ਬਹੁਤ ਹੀ ਸ਼ਾਂਤ ਢੰਗ ਨਾਲ ਆਪਣੀ ਲੜਾਈ ਜਾਰੀ ਰੱਖੀ ਅਤੇ ਸਰਕਾਰ ਨੂੰ ਲੋਕਾਂ ਦੇ ਸੰਗਠਿਤ ਰੂਪ ਅੱਗੇ ਝੁਕਣਾ ਪਿਆ ਹੈ।

 

RELATED ARTICLES
POPULAR POSTS