15.2 C
Toronto
Monday, September 15, 2025
spot_img
Homeਕੈਨੇਡਾਪ੍ਰਿੰ. ਸਰਵਣ ਸਿੰਘ ਦੀ ਪੁਸਤਕ 'ਮੇਰੇ ਵਾਰਤਕ ਦੇ ਰੰਗ' ਰਿਲੀਜ਼

ਪ੍ਰਿੰ. ਸਰਵਣ ਸਿੰਘ ਦੀ ਪੁਸਤਕ ‘ਮੇਰੇ ਵਾਰਤਕ ਦੇ ਰੰਗ’ ਰਿਲੀਜ਼

ਮੁਕੰਦਪੁਰ : ਅਮਰਦੀਪ ਸਿੰਘ ਸ਼ੇਰਗਿੱਲ ਮੈਮੋਰੀਅਲ ਕਾਲਜ ਮੁਕੰਦਪੁਰ ਦੇ ਸਾਬਕਾ ਪ੍ਰਿੰਸੀਪਲ ਸਰਵਣ ਸਿੰਘ ਦੇ ਚੋਣਵੇਂ ਲੇਖਾਂ ਦੀ ਪੁਸਤਕ ‘ਮੇਰੇ ਵਾਰਤਕ ਦੇ ਰੰਗ’ ਡਾ. ਸਰਦਾਰਾ ਸਿੰਘ ਜੌਹਲ, ਚਾਂਸਲਰ, ਕੇਂਦਰੀ ਯੂਨੀਵਰਸਿਟੀ, ਪੰਜਾਬ ਨੇ ਅਮਰਦੀਪ ਮੇਲੇ ਵਿਚ ਰਿਲੀਜ਼ ਕੀਤੀ। ਸਰਵਣ ਸਿੰਘ ਦੀ ਇਹ 36ਵੀਂ ਪੁਸਤਕ ਹੈ ਜੋ ਵਿਦਵਤਾ ਦੇ ਬੁਰਜ ਡਾ. ਸਰਦਾਰਾ ਸਿੰਘ ਜੌਹਲ ਨੂੰ ਹੀ ਸਮਰਪਿਤ ਹੈ। ਪਿਛਲੇ ਸਾਲ ਉਸ ਦੀਆਂ ਦੋ ਪੁਸਤਕਾਂ ‘ਪੰਜਾਬ ਦੇ ਕੋਹੇਨੂਰ’ ਤੇ ‘ਰੰਗਾਂ ਦੀ ਗਾਗਰ ਵਾਲਾ ਸਰਦਾਰਾ ਸਿੰਘ ਜੌਹਲ’ ਪ੍ਰਕਾਸ਼ਿਤ ਹੋਈਆਂ ਅਤੇ ਅਮਰਦੀਪ ਮੇਲੇ ਵਿਚ ਹੀ ਰਿਲੀਜ਼ ਕੀਤੀਆਂ ਗਈਆਂ। ਸਰਵਣ ਸਿੰਘ ਜਦੋਂ ਤੋਂ ਪ੍ਰਿੰਸੀਪਲੀ ਤੋਂ ਰਿਟਾਇਰ ਹੋਇਆ ਹੈ ਹਰ ਸਾਲ ਅਮਰਦੀਪ ਮੇਲੇ ਵਿਚ ਨਵੀਂ ਪੁਸਤਕ ਲਿਆਉਂਦਾ ਹੈ। 78ਵੇਂ ਸਾਲ ਦੀ ਉਮਰ ਵਿਚ ਉਹ ਰੋਜ਼ 7-8 ਕਿਲੋਮੀਟਰ ਤੁਰਦਾ ਤੇ 7-8 ਘੰਟੇ ਪੜ੍ਹਦਾ/ਲਿਖਦਾ ਹੈ। ‘ਮੇਰੇ ਵਾਰਤਕ ਦੇ ਰੰਗ’ ਪੀਪਲਜ਼ ਫੋਰਮ ਬਰਗਾੜੀ ਨੇ ਪ੍ਰਕਾਸ਼ਿਤ ਕੀਤੀ ਹੈ ਜਿਸ ਵਿਚ ਖੇਡਾਂ, ਖਿਡਾਰੀਆਂ, ਸਿਹਤ, ਸਭਿਆਚਾਰ, ਰੇਖਾ ਚਿੱਤਰ, ਕਹਾਣੀਆਂ, ਸਫ਼ਰਨਾਮੇ, ਜੀਵਨੀ, ਸਵੈਜੀਵਨੀ ਤੇ ਹਾਸ ਵਿਅੰਗ ਦੇ ਰੰਗ ਹਨ। ਪੁਸਤਕ ਵਿਚ ਸਰਵਣ ਸਿੰਘ ਦੀ ਵਾਰਤਕ ਬਾਰੇ ਡਾ. ਹਰਿਭਜਨ ਸਿੰਘ ਅਤੇ ਵਰਿਆਮ ਸਿੰਘ ਸੰਧੂ ਦੇ ਲੇਖ ਵੀ ਸ਼ਾਮਲ ਹਨ। ਡਾ. ਹਰਿਭਜਨ ਸਿੰਘ ਦਾ ਕਹਿਣਾ ਹੈ ਕਿ ਜੇ ਤੁਸੀਂ ਕੁੜੀ-ਮੁੰਡੇ ਦੇ ਘਿਸੇ-ਪਿਟੇ ਇਸ਼ਕ-ਪੇਚੇ ਦੇ ਬਗ਼ੈਰ ਸਰੋਦੀ ਰਚਨਾ ਦਾ ਅਨੰਦ ਲੈਣਾ ਚਾਹੁੰਦੇ ਹੋ, ਕਹਾਣੀ-ਪਲਾਟ ਤੋਂ ਬਗ਼ੈਰ ਬਿਰਤਾਂਤ ਨੂੰ ਸੰਭਵ ਹੋਇਆ ਵੇਖਣਾ ਚਾਹੁੰਦੇ ਹੋ ਤਾਂ ਸਰਵਣ ਸਿੰਘ ਦੇ ਖੇਡ ਸੰਸਾਰ ਵਿਚ ਪ੍ਰਵੇਸ਼ ਕਰੋ। ਵਰਿਆਮ ਸੰਧੂ ਦਾ ਕਥਨ ਹੈ ਕਿ ਕਾਮ ਤੇ ਕਰੁਣਾ ਦਾ ਬਿਆਨ ਅਤੇ ਵਰਨਣ ਕਿਸੇ ਵੀ ਲਿਖਤ ਨੂੰ ਸਭ ਤੋਂ ਵੱਧ ਪੜ੍ਹਨਯੋਗ ਬਨਾਉਣ ਦੀ ਢੁਕਵੀਂ ਜੁਗਤ ਹੈ। ਪਰ ਇਹ ਸਰਵਣ ਸਿੰਘ ਦੀ ਲਿਖਤ ਦਾ ਕਮਾਲ ਹੀ ਹੈ ਕਿ ਉਸ ਨੇ ਆਪਣੀ ਰਚਨਾ ਵਿਚ ਇਹਨਾਂ ਸੰਦਾਂ ਦੀ ਵਰਤੋਂ ਤੋਂ ਬਗ਼ੈਰ ਹੀ ਲਟ-ਲਟ ਬਲਦੇ ਜਲੌਅ ਵਾਲੀ ਅਜਿਹੀ ਸੋਹਣੀ ਤੇ ਸੁਹੰਢਣੀ ਵਾਰਤਕ ਸਿਰਜੀ ਹੈ ਕਿ ਪੜ੍ਹਨਯੋਗਤਾ ਦਾ ਇੱਕ ਨਵਾਂ ਤੇ ਨਿਆਰਾ ਮਿਆਰ ਸਥਾਪਤ ਕਰ ਦਿੱਤਾ ਹੈ।

RELATED ARTICLES
POPULAR POSTS