Breaking News
Home / ਕੈਨੇਡਾ / ‘ਪਬਲਿਕ ਸੇਫਟੀ ਰਿਪੋਰਟ’ ਸਬੰਧੀ ਅਸੀਂ ਆਪਣੀਆਂ ਸਿੱਖ ਕਦਰਾਂ ਕੀਮਤਾਂ ਦਾ ਪ੍ਰਗਟਾਵਾ ਕਰਦੇ ਹੋਏ ਇੱਕ ਵਧੀਆ ਕੈਨੇਡੀਅਨ ਬਣੀਏ : ਰਮੇਸ਼ ਸੰਘਾ

‘ਪਬਲਿਕ ਸੇਫਟੀ ਰਿਪੋਰਟ’ ਸਬੰਧੀ ਅਸੀਂ ਆਪਣੀਆਂ ਸਿੱਖ ਕਦਰਾਂ ਕੀਮਤਾਂ ਦਾ ਪ੍ਰਗਟਾਵਾ ਕਰਦੇ ਹੋਏ ਇੱਕ ਵਧੀਆ ਕੈਨੇਡੀਅਨ ਬਣੀਏ : ਰਮੇਸ਼ ਸੰਘਾ

ਬਰੈਂਪਟਨ ਸੈਂਟਰ ਤੋਂ ਮੈਂਬਰ ਪਾਰਲੀਮੈਂਟ ਰਮੇਸ਼ ਸੰਘਾ ਨੇ ਮੀਡੀਆ ਰਿਲੀਜ਼ ਜਾਰੀ ਕਰਦੇ ਕਿਹਾ ਹੈ ਕਿ ਪਿਛਲੇ ਕੁੱਝ ਦਿਨ ਪਹਿਲਾਂ ‘ਪਬਲਿਕ ਰਿਪੋਰਟ ਆਨ ਟੈਰੋਰਿਸਮ ਥਰੈੱਟ ਕੈਨੇਡਾ 2018’ ਪੇਸ਼ ਕੀਤੀ ਗਈ ਜਿਸ ਵਿੱਚ ਸ਼ਬਦ ‘ਸਿੱਖ’ ਦੇ ਕਾਰਣ, ਸਿੱਖ ਕਮਿਊਨਿਟੀ ਵਿੱਚ ਇੱਕ ਬਹੁਤ ਹੀ ਚਰਚਾ ਦਾ ਵਿਸ਼ਾ ਬਣਿਆ। ਕੈਨੇਡਾ ਸਕਿਉਰਟੀਜ਼ ਅਤੇ ਇੰਟੈਲੀਜੈਂਸ ਏਜੰਸੀਆਂ ਹਰ ਸਾਲ ਦੀ ਤਰ੍ਹਾਂ ਕੈਨੇਡਾ ਦੀ ਸਕਿਉਰਟੀ ਬਾਰੇ ਬਰੀਕੀ ਅਤੇ ਡੂੰਘਾਈਆਂ ਵਿੱਚ ਕੀਤੀ ਆਪਣੀਂ ਰਿਪੋਰਟ ਦਿੰਦੀਆਂ ਹਨ। ਸਾਲ 2018 ਦੀ ਰਿਪੋਰਟ ਵਿੱਚ ਏਜੰਸੀਆਂ ਨੇ ਆਪਣੀ ਰਿਪੋਰਟ ਵਿੱਚ ‘ਸਿੱਖ’ (ਖਾਲਿਸਤਾਨੀ) ਐਕਸਟ੍ਰੀਮਸਟ ਦਾ ਸਿੱਧਾ ਜ਼ਿਕਰ ਕੀਤਾ। ਇੱਥੇ ਇਹ ਵਰਨਣਯੋਗ ਹੈ ਕਿ ਇਹ ਸਿੱਖ ਅਤੇ ਮੁਸਲਿਮ ਧਰਮਾਂ ਦਾ ਨਾਂ ਲੈ ਕੇ ਵਿਆਖਣ ਕੀਤਾ ਗਿਆ। ਪਬਲਿਕ ਰਿਪੋਰਟ ਆਨ ਟੈਰੋਰਿਸਮ ਥਰੈੱਟ ਕੈਨੇਡਾ 2018 ਵਿੱਚ ਇਸ ਤਰ੍ਹਾਂ ਬਾਕੀ ਧਰਮਾਂ ਦੇ ਨਾਲ-ਨਾਲ ‘ਸਿੱਖ’ ਨਾਂ ਲੈ ਕੇ ਅੱਤਵਾਦੀਆਂ ਅਤੇ ਖਾਲਿਸਤਾਨੀਆਂ ਦੇ ਨਾਲ ਸਿੱਖ ਕੌਮ ਨੂੰ ਸਿੱਧਾ ਜੋੜਿਆ ਪ੍ਰਤੀਤ ਹੁੰਦਾ ਸੀ। ਇਸ ਨੂੰ ਲੈ ਕੇ ਸਿੱਖ ਮੈਂਬਰ ਪਾਰਲੀਮੈਂਟਾਂ ਨੇ ਇਸ ਭਖਦੇ ਮੁੱਦੇ ਨੂੰ ਪਬਲਿਕ ਸੇਫਟੀ ਮਨਿਸਟਰ ਰਾਲਫ ਗੁਡੇਲ ਨਾਲ ਰੂਬਰੂ ਕੀਤਾ। ਇੱਥੇ ਇਹ ਵੀ ਵਰਨਣਯੋਗ ਹੈ ਕਿ ਮਨਿਸਟਰ ਗੁਡੇਲ ਨੇ ਹੰਗਾਮੀ ਮੀਟਿੰਗ ਬੁਲਾਈ ਜਿਸ ਵਿੱਚ ਪ੍ਰਭਾਵਿਤ ਐਮ ਪੀਜ਼ ਸ਼ਾਮਿਲ ਹੋਏ। ਇਸ ਮੀਟਿੰਗ ਦੌਰਾਨ ਸਾਰੇ ਮਨਿਸਟਰ ਅਤੇ ਮੈਂਬਰ ਪਾਰਲੀਮੈਂਟਾਂ ਨੇ ਆਪਣੇ-ਆਪਣੇ ਵਿਚਾਰ ਪੇਸ਼ ਕੀਤੇ। ਮੀਟਿੰਗ ਸ਼ੁਰੂ ਹੋਣ ਉਪਰੰਤ ਮਨਿਸਟਰ ਗੁਡੇਲ ਨੇ ਕੋਈ ਹੋਰ ਗੱਲ ਕਰਨ ਤੋਂ ਪਹਿਲਾਂ ਆਪਣਾ ਪੱਖ ਰੱਖਦੇ ਹੋਏ ਦੱਸਿਆ ਕਿ ਇਹ ਟਰਮੀਨੋਲੋਜ਼ੀ ਕਾਫੀ ਸਾਲਾਂ ਤੋਂ ਵਰਤੋਂ ਵਿੱਚ ਲਿਆਂਦੀ ਜਾ ਰਹੀ ਸੀ। ਸ਼ਾਇਦ ਇਸੇ ਕਰਕੇ ਸਕਿਉਰਟੀ ਏਜੰਸੀਆਂ ਨੇ ਰਿਪੋਰਟ ਵਿੱਚ ‘ਸਿੱਖ’ ਸ਼ਬਦ ਦੀ ਵਰਤੋਂ ਕਰ ਲਈ ਹੈ। ਪਰ ਉਹਨਾਂ ਕਿਹਾ ਕਿ ਇਸ ਤਰ੍ਹਾਂ ਦੀ ਸ਼ਬਦਾਵਲੀ ਦੀ ਵਰਤੋਂ ਸਾਡੀਆਂ ਕੈਨੇਡੀਅਨ ਕਦਰਾਂ ਕੀਮਤਾਂ ਦੇ ਪੱਖ ਵਿੱਚ ਨਹੀਂ ਹੈ। ਇਸ ਕਰਕੇ ਮੈਂ ਇਸ ਦੀ ਵਰਤੋਂ ਤੋਂ ਨਾਂ-ਖੁਸ਼ ਹਾਂ। ਉਹਨਾਂ ਨੇ ਇਸ ਸਬੰਧੀ ਐਮ ਪੀਜ਼ ਨੂੰ ਗੁਜਾਰਿਸ਼ ਕੀਤੀ ਕਿ ਆਪਣੇ-ਆਪਣੇ ਸੁਝਾਅ ਦੇਣ ਤਾਂ ਜੋ ਵਧੀਆ ਤਰਮੀਮ ਕੀਤੀ ਜਾ ਸਕੇ। ਆਪਣੇ ਵਿਚਾਰ ਪੇਸ਼ ਕਰਦੇ ਹੋਏ ਉਹਨਾਂ ਨੇ ਕਿਹਾ ਕਿ ਮੈਂ ਆਪਣੇ ਸਬੰਧਿਤ ਅਧਿਕਾਰੀਆਂ ਨੂੰ ਜਿਹਨਾਂ ਨੇ ਇਹ ਸ਼ਬਦਾਵਲੀ ਇਸਤੇਮਾਲ ਕੀਤੀ ਹੈ ਤੁਰੰਤ ਕਹਾਂਗਾ ਕਿ ਉਹ ਇਹ ਵਿਵਾਦਗ੍ਰਸਤ ਰਿਪੋਰਟ ਵਿੱਚ ਤਰਮੀਮ ਕਰਕੇ ‘ਸਿੱਖ’ ਅਤੇ ਬਾਕੀ ਧਰਮਾਂ ਦੇ ਨਾਂ ਹਟਾਉਣ। ਅੱਗੇ ਚੱਲ ਕੇ ਉਹਨਾਂ ਨੇ ਆਪਣੇਂ ਵਾਅਦੇ ਮੁਤਾਬਿਕ 14 ਦਸੰਬਰ 2018 ਨੂੰ ਇੱਕ ਬਹੁਤ ਵਧੀਆ ਅਤੇ ਵਿਸਥਾਰਪੂਰਵਕ ਤਰੀਕੇ ਨਾਲ ਹੁਕਮ ਜਾਰੀ ਕੀਤੇ ਹਨ। ਬਰੈਂਪਟਨ ਸੈਂਟਰ ਤੋਂ ਮੈਂਬਰ ਪਾਰਲੀਮੈਂਟ ਰਮੇਸ਼ ਸੰਘਾ ਨੇ ਅੱਗੇ ਕਿਹਾ ਕਿ ਮਨਿਸਟਰ ਰਾਲਫ ਗੁਡੇਲ ਨੇ ਸਿੱਖ ਅਤੇ ਮੁਸਲਿਮ ਕਮਿਊਨਿਟੀ ਵਾਸਤੇ ਆਪਣਾ ਬਣਦਾ ਕਰਤਵ ਪੂਰਾ ਕਰਨ ਲਈ ਤੁਰੰਤ ਹੁਕਮ ਜਾਰੀ ਕਰ ਦਿੱਤੇ। ਮਨਿਸਟਰ ਗੁਡੇਲ ਇੱਕ ਬਹੁਤ ਸੂਝਵਾਨ, ਦੂਰਦਰਸ਼ੀ, ਤਜਰਬੇਕਾਰ ਹੁੰਦੇ ਹੋਏ ਆਪਣੇਂ ਵਾਅਦੇ ਦੇ ਪੱਕੇ ਹਨ। ਮੈਨੂੰ ਕੋਈ ਸੱਕ ਨਹੀਂ ਹੈ ਕਿਉਂਕਿ ਮੈਂ ਉਹਨਾਂ ਨੂੰ ਨਿੱਜੀ ਤੌਰ ‘ਤੇ ਜਾਣਦਾ ਹਾਂ। ਉਹ ਸਾਰੇ ਕੰਮ ਦਿਲੋਂ ਕਰਦੇ ਹਨ। ਮਨਿਸਟਰ ਗੁਡੇਲ ਸਾਹਿਬ ਆਪਣੀ ਦੂਰ ਅੰਦੇਸ਼ੀ, ਸਿਆਣਪ ਨਾਲ ਕੈਨੇਡੀਅਨ ਕਦਰਾਂ ਕੀਮਤਾਂ ਕਾਇਮ ਰੱਖਣ ਲਈ ਤਤਪਰ ਰਹਿੰਦੇ ਹਨ ਜਿਹਨਾਂ ਕਦਰਾਂ ਕੀਮਤਾਂ ਦਾ ਅਸੀਂ ਹਮੇਸ਼ਾਂ ਆਨੰਦ ਮਾਣਦੇ ਹਾਂ। ਰੈਲਫ ਗੁਡੇਲ ਨੇ ਆਪਣਾ ਵਾਅਦਾ ਪੂਰਾ ਕਰਕੇ ਇਹ ਦੱਸਿਆ ਕਿ ਅਸੀਂ ਕੈਨੇਡੀਅਨ ਕਿੰਨੇ ਲਚਕੀਲੇ ਅਤੇ ਹਾਲਾਤ ਅਨੁਸਾਰ ਢਲ ਜਾਣ ਦੀ ਸਮਰੱਥਾ ਰਖੱਦੇ ਹਾਂ। ਇਸੇ ਤਰ੍ਹਾਂ ਹੁਣ ਸਾਡਾ ਵੀ ਇਹ ਫਰਜ਼ ਬਣਦਾ ਹੈ ਕਿ ਅਸੀਂ ਆਪਣੀਆਂ ਸਿੱਖ ਕਦਰਾਂ ਕੀਮਤਾਂ ਦਾ ਪ੍ਰਗਟਾਵਾ ਕਰਦੇ ਹੋਏ ਇੱਕ ਵਧੀਆ ਕੈਨੇਡੀਅਨ ਹੋਣ ਦੀ ਉਦਾਹਰਣ ਕਾਇਮ ਕਰੀਏ। ਮਿਨਿਸਟਰ ਗੁਡੇਲ ਦੀਆਂ ਸਾਰੀਆਂ ਕੋਸ਼ਿਸ਼ਾਂ ਦੇ ਬਾਵਜੂਦ ਇਹ ਦੇਖਣ ਵਿੱਚ ਆਇਆ ਹੈ ਕਿ ਕਈਆਂ ਨੇ ਆਪਣੇਂ ਵੱਖਰੇ-ਵੱਖਰੇ ਵਿਚਾਰ ਪੇਸ਼ ਕੀਤੇ ਹਨ। ਇਹ ਪਤਾ ਲੱਗਿਆ ਅਤੇ ਦੇਖਣ, ਸੁਣਨ ਵਿੱਚ ਆਇਆ ਹੈ ਕਿ ਕੁੱਝ ਸੰਸਥਾਵਾਂ ਹਾਲੇ ਵੀ ਆਪਣੀਂ ਨਰਾਜ਼ਗ਼ੀ ਜਾਹਿਰ ਕਰ ਰਹੀਆਂ ਹਨ ਜਦੋਂ ਕਿ ਇਹ ਮੁੱਦਾ ਹੱਲ ਹੋ ਚੁੱਕਾ ਹੈ।
ਮੈਂ ਆਪਣੇਂ ਤੌਰ ‘ਤੇ ਕਮਿਊਨਿਟੀ ਵਿੱਚ ਪ੍ਰਮੁੱਖ ਸੰਸਥਾਵਾਂ ਦੇ ਅਹੁਦੇਦਾਰਾਂ ਅਤੇ ਸਰਬੱਤ ਸਿੱਖ ਭਾਈਚਾਰੇ ਨੂੰ ਬੇਨਤੀ ਕਰਨਾਂ ਚਾਹੁੰਦਾ ਹਾਂ ਕਿ ਇਸ ਮੁੱਦੇ ਨੂੰ ਜ਼ਿਆਦਾ ਹੋਰ ਨਾਂ ਉਭਾਰਦੇ ਹੋਏ ਇੱਕ ਵਧੀਆ ਸਿੱਖ ਹੋਣ ਦਾ ਪ੍ਰਗਟਾਵਾ ਕਰੀਏ। ਕੈਨੇਡਾ ਵਿੱਚ, ਇੱਥੋਂ ਦੀਆਂ ਖੁਫੀਆ ਅਤੇ ਸਕਿਉਰਟੀ ਏਜੰਸੀਆਂ ਦੇ ਕਾਰਕੁੰਨ ਇੱਕ ਬਹੁਤ ਵਧੀਆ ਡਿਊਟੀਆਂ ਅਤੇ ਜਿੰਮੇਵਾਰੀਆਂ, ਨਿਪੁੰਨਤਾ ਨਾਲ ਨਿਭਾਉੇਂਦੇ ਹਨ। ਸਾਨੂੰ ਉਹਨਾਂ ਦੇ ਕੰਮ ਉੱਤੇ ਯਕੀਨ ਕਰਨ ਦੇ ਨਾਲ-ਨਾਲ ਉਹਨਾਂ ‘ਤੇ ਮਾਣ ਹੋਣਾ ਚਾਹੀਦਾ ਹੈ। ਇਸ ਸੰਗੀਨ ਮੌਕੇ ‘ਤੇ ਇਹ ਜ਼ਰੂਰਤ ਹੈ ਕਿ ਅਸੀਂ ਉਹਨਾਂ ਏਜੰਸੀਆਂ ਨੂੰ ਨਿਰਪੱਖਤੌਰ ‘ਤੇ ਕੰਮ ਕਰਨ ਲਈ ਛੱਡ ਦੇਈਏ ਅਤੇ ਕੋਈ ਦਬਾਅ ਨਾ ਪਾਇਆ ਜਾਵੇ। ਮੈਨੂੰ ਪੱਕਾ ਯਕੀਂਨ ਹੈ ਕਿ ਉਹਨਾਂ ਨੂੰ ਸਹੀ ਵਕਤ ਦਿੰਦੇ ਹੋਏ ਠੀਕ ਵਾਜਿਬ ਮੌਕਾ ਦੇਣਾ ਬਹੁਤ ਜ਼ਰੂਰੀ ਹੈ ਤਾਂ ਜੋ ਉਹ ਵਧੀਆ, ਨਿਰਪੱਖ ਅਤੇ ਸਪੱਸ਼ਟ ਫੈਸਲਾ ਕਰ ਸਕਣ।

Check Also

ਕੈਨੇਡਾ ਦੇ ਇਤਿਹਾਸ ਵਿਚ ਪਬਲਿਕ ਟਰਾਂਜ਼ਿਟ ‘ਚ ਸਭ ਤੋਂ ਵੱਡਾ ਨਿਵੇਸ਼ : ਸੋਨੀਆ ਸਿੱਧੂ

ਬਰੈਂਪਟਨ : ਪਬਲਿਕ ਟਰਾਂਜ਼ਿਟ ਲੋਕਾਂ ਲਈ ਅਤੀ ਜ਼ਰੂਰੀ ਹੈ। ਇਹ ਆਉਣ-ਜਾਣ ਦੇ ਸਮੇਂ ਨੂੰ ਘਟਾਉਂਦਾ …