-12.6 C
Toronto
Tuesday, January 20, 2026
spot_img
Homeਕੈਨੇਡਾਅਨੋਖ ਔਜਲਾ ਵੱਲੋਂ ਪੇਸ਼ ਮਿਆਰੀ ਸਭਿਆਚਾਰਕ-ਗੀਤਾਂ ਨਾਲ 'ਦੋਹਾਂ ਪੰਜਾਬਾਂ ਦੀ ਸਾਂਝੀ ਸ਼ਾਮ'...

ਅਨੋਖ ਔਜਲਾ ਵੱਲੋਂ ਪੇਸ਼ ਮਿਆਰੀ ਸਭਿਆਚਾਰਕ-ਗੀਤਾਂ ਨਾਲ ‘ਦੋਹਾਂ ਪੰਜਾਬਾਂ ਦੀ ਸਾਂਝੀ ਸ਼ਾਮ’ ਬੇਹੱਦ ਸਫ਼ਲ ਰਹੀ

ਬਰੈਂਪਟਨ/ਡਾ. ਝੰਡ : ਲੰਘੇ ਐਤਵਾਰ 5 ਅਗਸਤ ਨੂੰ ਲਹਿੰਦੇ ਪੰਜਾਬ ਦੇ ਜਨਾਬ ਮਕਸੂਦ ਚੌਧਰੀ ਅਤੇ ਚੜ੍ਹਦੇ ਪੰਜਾਬ ਦੇ ਪਰਮਜੀਤ ਗਿੱਲ ਦੇ ਸਾਂਝੇ ਉੱਦਮ ਨਾਲ 2250 ਬੋਵੇਰਡ ਡਰਾਈਵ (ਈਸਟ) ਸਥਿਤ ਬੇਸਮੈਂਟ ਹਾਲ ਵਿਚ ਸ਼ਾਮ 7.30 ਵਜੇ ਸ਼ੁਰੂ ਹੋਏ ਸਮਾਗ਼ਮ ਵਿਚ ਜਿੱਥੇ ਦੋਹਾਂ ਪੰਜਾਬਾਂ ਦੇ ਕਵੀਆਂ ਤੇ ਗੀਤਕਾਰਾਂ ਨੇ ਖ਼ੂਬਸੂਰਤ ਸਮਾਂ ਬੰਨ੍ਹਿਆ, ਉੱਥੇ ‘ਔਜਲਾ ਬ੍ਰਦਰਜ਼’ ਫ਼ੇਮ ਦੇ ਗਾਇਕ ਅਨੋਖ ਔਜਲਾ ਨੇ ਆਪਣੇ ਮਿਆਰੀ ਸਭਿਆਚਾਰਕ ਗੀਤਾਂ ਨਾਲ ਇਸ ਸੰਗੀਤਕ-ਮਹਿਫ਼ਲ ਨੂੰ ਹੋਰ ਵੀ ਚਾਰ-ਚੰਨ ਲਾਏ। ਇਸ ਮੌਕੇ ਕਰਨ ਅਜਾਇਬ ਸਿੰਘ ਸੰਘਾ ਵੱਲੋਂ ਦੋਹਾਂ ਪੰਜਾਬਾਂ ਦੇ ਆਏ ਹੋਏ ਮਹਿਮਾਨਾਂ ਦੇ ਸੁਆਗ਼ਤ ਵਿਚ ਬੜੇ ਭਾਵਪੂਰਤ ਸ਼ਬਦਾਂ ਵਿਚ ਇਸ ਸਾਂਝ ਨੂੰ ਹੋਰ ਪਕੇਰਾ ਕਰਨ ਦੀ ਗੱਲ ਕੀਤੀ ਗਈ।
ਇਸ ਸੰਗੀਤ-ਸਮਾਗ਼ਮ ਦੀ ਆਰੰਭਤਾ ਮੰਚ-ਸੰਚਾਲਿਕਾ ਸੁੰਦਰਪਾਲ ਰਾਜਾਸਾਂਸੀ ਨੇ ਮੀਤਾ ਖੰਨਾ ਵੱਲੋਂ ‘ਪੰਜਾਬ ਦੀ ਕੋਇਲ’ ਸੁਰਿੰਦਰ ਕੌਰ ਦੇ ਗਾਏ ਗੀਤ ‘ਜੁੱਤੀ ਕਸੂਰੀ ਪੈਰੀਂ ਨਾ ਪੂਰੀ’ ਨਾਲ ਕੀਤੀ ਗਈ। ਉਪਰੰਤ, ਲਹਿੰਦੇ ਪੰਜਾਬ ਦੇ ਰਾਜਾ ਅਸ਼ਰਫ਼ ਨੇ ਆਪਣੀ ਬੁਲੰਦ ਆਵਾਜ਼ ਵਿਚ ਅਨਾਇਤ ਭੱਟੀ ਦਾ ਗਾਇਆ ‘ਸਾਡੀ ਨਜ਼ਰਾਂ ਤੋਂ ਹੋਈਉਂ ਕਾਹਨੂੰ ਦੂਰ ਦੱਸ ਜਾ’ ਨੇ ਸਰੋਤਿਆਂ ਦੀਆਂ ਖ਼ੂਬ ਤਾੜੀਆਂ ਖੱਟੀਆਂ। ਬਾਅਦ ਵਿਚ ਪਰਮਜੀਤ ਗਿੱਲ ਅਤੇ ਹੋਰ ਦੋ-ਤਿੰਨ ਗਾਇਕਾਂ ਨੇ ਵੀ ਆਪਣੇ ਗੀਤ ਸੁਣਾਏ।
ਪ੍ਰੋਗਰਾਮ ਦੀ ਅਸਲ ਖਿੱਚ ਅਨੋਖ ਔਜਲਾ ਸੀ ਜਿਸ ਨੇ ਹੱਥ ਵਿਚ ਚਿਮਟਾ ਫੜ੍ਹੀ ਢੋਲਕ ਦੀ ਖ਼ੂਬਸੂਰਤ ਤਾਲ ‘ਤੇ ਹਾਲ ਦੇ ਇਕ ਪਾਸਿਉਂ ਪ੍ਰਵੇਸ਼ ਕੀਤਾ ਅਤੇ ਇਸ ਨੂੰ ਪੂਰੀ ਸੁਰ-ਤਾਲ ਨਾਲ ਵਜਾਉਂਦਾ ਅਤੇ ਭੰਗੜਾ ਪਾਉਂਦਾ ਹੋਇਆ ਦੂਸਰੀ ਨੁੱਕਰ ਵਿਚ ਸਜੀ ਸਟੇਜ ਤੱਕ ਪਹੁੰਚਾ। ਇਕ ਧਾਰਮਿਕ ਗੀਤ ਨਾਲ ਆਪਣੇ ਪ੍ਰੋਗਰਾਮ ਦੀ ਸ਼ੁਰੂ ਕਰਦਿਆਂ ਹੋਇਆਂ ਔਜਲਾ ਨੇ ਮਰਹੂਮ ਲੋਕ-ਗਾਇਕ ਲਾਲ ਚੰਦ ਯਮਲਾ ਦੀ ਆਵਾਜ਼ ਅਤੇ ਉਨ੍ਹਾਂ ਦੇ ਨਿਵੇਕਲੇ ਅੰਦਾਜ਼ ਵਿਚ ਦੋ ਗੀਤ ਅਤੇ ‘ਕਲੀਆਂ ਦੇ ਬਾਦਸ਼ਾਹ’ ਕੁਲਦੀਪ ਮਾਣਕ ਦਾ ਇਕ ਗੀਤ ‘ਨੀ ਮੈਂ ਚਾਦਰ ਕੱਢਦੀ ਨੀ’ ਬੜੇ ਵਧੀਆ ਸੁਰ-ਤਾਲ ਵਿਚ ਪੇਸ਼ ਕੀਤੇ। ਇਸ ਦੌਰਾਨ ਹਾਰਮੋਨੀਅਮ ‘ਤੇ ਇਕਬਾਲ ਬਰਾੜ ਬਾਖ਼ੂਬੀ ਸਾਥ ਦਿੱਤਾ ਅਤੇ ਢੋਲਕ ਮਾਸਟਰ ਨੱਥੂ ਖ਼ਾਨ ਨੇ ਵੀ ਆਪਣੇ ਖ਼ੂਬ ਕਮਾਲ ਵਿਖਾਏ। ਸਮਾਗ਼ਮ ਵਿਚ ‘ਪੰਜਾਬ ਸਪੋਰਟਸ’ ਦੇ ਬਲਬੀਰ ਸੰਧੂ, ‘ਯੂਨਾਈਟਿਡ ਆਟੋ’ ਦੇ ਸੁਰਜੀਤ ਸਿੰਘ, ਮਲੂਕ ਸਿੰਘ ਕਾਹਲੋਂ, ਪਰਮਪਾਲ ਸੰਧੂ, ਜਗਮੋਹਨ ਸੰਘਾ, ਤਲਵਿੰਦਰ ਸਿੰਘ ਮੰਡ, ਸੁਖਦੇਵ ਸਿੰਘ ਝੰਡ, ਹਰਪਾਲ ਸਿੰਘ ਭਾਟੀਆ, ਬਸ਼ੱਰਤ ਰੇਹਾਨ, ਰਿਆਜ਼ ਚੀਮਾ, ਰਾਜਾ ਅਸ਼ਰਫ਼, ਅੱਤਾ ਰਸ਼ੀਦ, ਸਮੀਉੱਲਾ, ਵਿਸਾਖ ਅਲੀ, ਜ਼ਫ਼ਰ ਮਲਿਕ, ਰਾਣਾ ਸਾਹਿਬ, ਜਗਜੀਤ ਸਿੰਘ ਗਰੇਵਾਲ, ਕੁਲਦੀਪ ਕੌਰ ਗਰੇਵਾਲ, ਰਿੰਟੂ ਭਾਟੀਆ, ਰਛਪਾਲ ਗਿੱਲ ਸਮੇਤ ਕਈ ਹੋਰ ਸ਼ਾਮਲ ਸਨ।

RELATED ARTICLES
POPULAR POSTS