ਪੰਜਾਬ ਸਪੋਰਟਸ ਕਲੱਬ ਕੈਮਲੂਪਸ, ਬੀ. ਸੀ., ਕੈਨੇਡਾ ਦਾ ਸਾਲਾਨਾ ਟੂਰਨਾਮੈਂਟ 22-23 ਜੁਲਾਈ (ਸਨਿੱਚਰਵਾਰ-ਐਤਵਾਰ) 2023 ਨੂੰ ਮਕਾਰਥਰ ਆਈਲੈਂਡ ਪਾਰਕ ਦੇ ਖੁੱਲ੍ਹੇ ਡੁੱਲ੍ਹੇ ਖੇਡ-ਮੈਦਾਨਾਂ ਵਿੱਚ ਧੂਮ-ਧਾਮ ਨਾਲ਼ ਕਰਵਾਇਆ ਗਿਆ। ਟੂਰਨਾਮੈਂਟ ਨੂੰ ਘੱਟੋ ਘੱਟ ਪੰਜ ਸੌ ਦੇ ਕਰੀਬ ਦਰਸ਼ਕਾਂ ਨੇ ਥਾਮਸਨ ਦਰਿਆ ਦੇ ਕਿਨਾਰੇ ਵਿਸ਼ਾਲ ਖੇਡ-ਮੈਦਾਨਾਂ ਵਿੱਚ ਦੇਖਿਆ ਅਤੇ ਮਾਣਿਆਂ। ਦਰਸ਼ਕਾਂ ਦੇ ਨਾਲ਼ ਨਾਲ਼ ਕੂੰਜਾਂ ਦੀਆਂ ਡਾਰਾਂ, ਸੰਗੀਤਮਈ ਕਿਲਕਾਰੀਆਂ ਨਾਲ਼ ਖਿਡਾਰੀਆਂ ਨੂੰ ਸਲਾਮ ਕਰ ਰਹੀਆਂ ਜਾਪਦੀਆਂ ਸਨ! ਇਸ ਸ਼ਾਨਦਾਰ ਟੂਰਨਾਮੈਂਟ ਵਿੱਚ ਕੈਮਲੂਪਸ ਤੋਂ ਇਲਾਵਾ ਕਲੋਨਾ, ਸਰੀ ਅਤੇ ਐਬਸਫੋਰਡ ਸ਼ਹਿਰਾਂ ਦੀਆਂ ਟੀਮਾਂ ਨੇ ਵੀ ਭਾਗ ਲਿਆ। ਕੈਮਲੂਪਸ ਇਲਾਕੇ ਵਿੱਚ ਜੰਗਲ ਦੀ ਅੱਗ ਜਾਂ ਕੋਵਿਡ ਮਹਾਂਮਾਰੀ ਨਾਲ ਸੰਬੰਧਤ ਸੰਕਟ ਦੇ ਕੁਝ ਕੁ ਵਰ੍ਹਿਆਂ ਨੂੰ ਛੱਡ ਕੇ, ਪੰਜਾਬ ਸਪੋਰਟਸ ਕਲੱਬ ਕੈਮਲੂਪਸ, 1984 ਤੋਂ ਲੈ ਕੇ ਹੁਣ ਤੱਕ ਪਿਛਲੇ 39 ਸਾਲਾਂ ਤੋਂ ਕੈਮਲੂਪਸ ਇਲਾਕਾ ਨਿਵਾਸੀਆਂ ਦਾ ਮਨੋਰੰਜਨ ਵੀ ਕਰ ਰਹੀ ਹੈ, ਅਤੇ ਨਵੀਂ ਪੀੜ੍ਹੀ ਦੇ ਨਾਲ਼ ਨਾਲ਼ 3-4 ਸਾਲ ਦੇ ਬੱਚਿਆਂ ਤੋਂ ਲੈ ਕੇ ਸੱਤਰਵਿਆਂ ਨੂੰ ਪਾਰ ਕਰ ਰਹੀ ਪੀੜ੍ਹੀ ਤੱਕ ਨੂੰ, ਸਰੀਰਕ ਅਤੇ ਮਾਨਸਿਕ ਤਾਕਤ ਦੀ ਮਹੱਤਤਾ ਦੇ ਅਹਿਸਾਸ ਨਾਲ਼ ਵੀ ਲਗਾਤਾਰ ਜੋੜ ਰਹੀ ਹੈ। ਖੇਡਾਂ ਦੇ ਨਾਲ਼ ਨਾਲ਼, ਦੋਵੇਂ ਦਿਨ ਪੰਜਾਬ ਸਪੋਰਟਸ ਕਲੱਬ ਕੈਮਲੂਪਸ ਦੀ ਮਹਿਮਾਨ ਨਿਵਾਜ਼ੀ ਦਾ ਜਲੌਅ ਵੀ ਪੂਰੇ ਜੋਬਨ ‘ਤੇ ਸੀ। ਦੋਵੇਂ ਦਿਨ ਦਰਸ਼ਕਾਂ ਨੇ ਪਰਸ਼ਾਦਿਆਂ, ਮਿੱਠੀਆਂ ਸੇਵੀਆਂ, ਮਿੱਠੇ ਚੌਲਾਂ, ਨਮਕੀਨ ਚੌਲਾਂ, ਦਾਲ਼, ਸ਼ਬਜ਼ੀ, ਕੜ੍ਹੀ, ਬੇਸਣ, ਜਲੇਬੀਆਂ, ਕੇਲਿਆਂ, ਬਰਫ਼ ਵਾਲੇ ਠੰਢੇਠਾਰ ਪਾਣੀ ਅਤੇ ਤੱਤੀ ਤੱਤੀ ਚਾਹ ਦਾ ਵੀ ਭਰਪੂਰ ਅਨੰਦ ਮਾਣਿਆਂ।
ਖਾਣੇ ਦੀ ਇਸ ਸੇਵਾ ਵਿੱਚ, ਹਰ ਸਾਲ ਗੁਪਤ ਸੇਵਾ ਕਰਨ ਵਾਲੇ ਪਰਿਵਾਰਾਂ ਦੀ ਸੇਵਾ ਤੋਂ ਇਲਾਵਾ, ਕੈਮਲੂਪਸ ਦੀਆਂ ਬੀਬੀਆਂ ਅਤੇ ਕੈਂਬ੍ਰਿਜ਼ ਗੁਰੂ ਘਰ ਵਾਲੀ ਸਿੱਖ ਕਲਚਰਲ ਸੁਸਾਇਟੀ (ਕੈਮਲੂਪਸ) ਦੀਆਂ ਨਿਸ਼ਕਾਮ ਸੇਵਾਵਾਂ ਅਤੇ ਮਾਣ-ਸਤਿਕਾਰ ਵੀ ਸ਼ਾਮਲ ਸੀ। ਹੋਰ ਵਧੇਰੇ ਜਾਣਕਾਰੀ ਲਈ ਕੁਲਵਿੰਦਰ ਸਿੰਘ ਕੁਲਾਰ (250-376-8285) ਨਾਲ ਸੰਪਰਕ ਕੀਤਾ ਜਾ ਸਕਦਾ ਹੈ।