ਬਰੈਂਪਟਨ/ਬਿਊਰੋ ਨਿਊਜ਼
ਜੇਮਜ਼ ਪੌਟਰ ਸੀਨੀਅਰਜ਼ ਕਲੱਬ ਬਰੈਂਪਟਨ ਵਲੋਂ ਕੈਨੇਡਾ ਦਾ 150ਵਾਂ ਜਨਮ ਦਿਨ ਅਤੇ ਕਮਿਊਨਿਟੀ ਮੇਲਾ ਦਮੋਟਾ ਪਾਰਕ ਬਰੈਂਪਟਨ ਵਿੱਚ ਬੜੇ ਹੀ ਜੋਸ਼ੋ-ਖਰੋਸ਼ ਅਤੇ ਧੂਮ-ਧਾਮ ਨਾਲ ਮਨਾਇਆ ਗਿਆ। ਕਲੱਬ ਦੇ ਪ੍ਰਧਾਨ ਪ੍ਰੀਤਮ ਸਿੰਘ ਸਰਾਂ ਵਲੋਂ ਭੇਜੀ ਜਾਣਕਾਰੀ ਮੁਤਾਬਕ ਪ੍ਰੋਗਰਾਮ ਦੀ ਸ਼ੁਰੂਆਤ ਕੈਨੇਡਾ ਦਾ ਫਲੈਗ ਲਹਿਰਾਉਣ ਤੋਂ ਬਾਅਦ ਕੌਮੀ ਗੀਤ ‘ਓ ਕੈਨੇਡਾ’ ਅਤੇ ਸ਼ਬਦ ਗਾ ਕੇ ਕੀਤੀ ਗਈ। ਸਭ ਤੋਂ ਪਹਿਲਾਂ ਬੱਚਿਆਂ ਦੀਆਂ ਖੇਡਾਂ ਕਰਵਾਈਆਂ ਗਈਆਂ। ਬੱਚਿਆਂ ਨੇ ਬੜੇ ਹੀ ਉਤਸ਼ਾਹ ਨਾਲ ਦੌੜਾਂ ਆਦਿ ਵਿੱਚ ਭਾਗ ਲਿਆ। ਇਸ ਉਪਰੰਤ ਔਰਤਾਂ ਦੀ ਚਾਟੀ ਰੇਸ ਅਤੇ ਮਿਊਜੀਕਲ ਰੇਸ ਕਰਵਾਈ ਗਈ ਜਿਸ ਵਿੱਚ ਭਾਗ ਲੈਣ ਵਾਲਿਆਂ ਤੋਂ ਵੱਧ ਦਰਸ਼ਕਾਂ ਨੇ ਖੁਸ਼ੀ ਪ੍ਰਾਪਤ ਕੀਤੀ। ਸੀਨੀਅਰ ਮਰਦਾਂ ਦੇ ਗੋਲਾ ਸੁੱਟਣ ਅਤੇ ਰੱਸਾ-ਕਸ਼ੀ ਦੇ ਮੁਕਾਬਲੇ ਹੋਏ ਜੋ ਕਿ ਬਹੁਤ ਹੀ ਦਿਲਚਸਪ ਸਨ। ਜੇਤੂ ਔਰਤਾਂ ਨੂੰ ਸੋਨੇ ਦੇ ਕੋਕੇ ਅਤੇ ਬੱਚਿਆਂ ਅਤੇ ਸੀਨੀਅਰ ਮਰਦਾਂ ਨੂੰ ਸ਼ਾਨਦਾਰ ਟਰਾਫੀਆਂ ਦੇ ਕੇ ਸਨਮਾਨਤ ਕੀਤਾ ਗਿਆ।ਕਮਿਊਨਿਟੀ ਦੇ ਨੁਮਾਇੰਦਿਆਂ ਐਮ ਪੀਜ਼ ਕਮਲ ਖਹਿਰਾ, ਸੋਨੀਆ ਸਿੱਧੂ, ਰਾਜ ਗਰੇਵਾਲ, ਐਮ ਪੀ ਪੀ ਵਿੱਕ ਢਿੱਲੋਂ, ਮੇਅਰ ਲਿੰਡਾ ਜਾਫਰੀ, ਕੌਸਲਰ ਗੁਰਪ੍ਰੀਤ ਢਿੱਲੋਂ ਅਤੇ ਸਕੂਲ ਟਰੱਸਟੀ ਹਰਕੀਰਤ ਸਿੰਘ ਨੇ ਕੈਨੇਡਾ ਡੇਅ ਦੀ ਵਧਾਈ ਦਿੰਦਿਆਂ ਕਲੱਬ ਵਲੋਂ ਇਹੋ ਜਿਹਾ ਸ਼ਾਨਦਾਰ ਅਤੇ ਵੱਡਾ ਪ੍ਰੋਗਰਾਮ ਕਰਵਾਉਣ ਲਈ ਕਲੱਬ ਦੀ ਪ੍ਰਬੰਧਕ ਕਮੇਟੀ ਦੀ ਭਰਪੂਰ ਸ਼ਲਾਘਾ ਕੀਤੀ। ਜਯੋਤੀ ਅਤੇ ਮਲਿਕਾ ਭੈਣਾਂ ਦੀ ਜੋੜੀ ਨੇ ਦਰਸ਼ਕਾਂ ਦਾ ਸਭਿੱਆਚਾਰਕ ਗੀਤ ਗਾ ਕੇ ਖੂਬ ਮਨੋਰੰਜਨ ਕੀਤਾ। ਇਸ ਤੋਂ ਬਿਨਾਂ ਕੁਲਵੰਤ ਸੇਖੋਂ ਨੇ ਕਾਮੇਡੀ ਰਾਹੀਂ ਖੁਸ਼ ਕੀਤਾ। ਸਵੇਰੇ 11 ਵਜੇ ਤੋਂ ਸ਼ੁਰੂ ਹੋਏ ਇਸ ਮੇਲੇ ਦਾ ਦਰਸ਼ਕਾਂ ਨੇ ਖੂਬ ਆਨੰਦ ਮਾਣਿਆਂ। ਖੇਡਾਂ, ਮਨੋਰੰਜਨ ਲਈ ਗੀਤਾਂ, ਕਾਮੇਡੀ ਦੇ ਨਾਲ ਹੀ ਉਹਨਾਂ ਚਾਹ-ਪਾਣੀ ਅਤੇ ਸੁਆਦਲੇ ਖਾਣਿਆਂ ਨਾਲ ਮਾਨਸਿਕ ਅਤੇ ਸਰੀਰਕ ਤ੍ਰਿਪਤੀ ਕੀਤੀ। ਇਸ ਦੇ ਨਾਲ ਹੀ ਸਾਰਾ ਸਮਾਂ ਪਿਆਸ ਬੁਝਾਉਣ ਲਈ ਛਬੀਲ ਚਲਦੀ ਰਹੀ। ਆਏ ਹੋਏ ਮਹਿਮਾਨਾਂ ਅਤੇ ਦਰਸ਼ਕਾਂ ਨੇ ਵਧੀਆ ਪਰਬੰਧ ਦੀ ਤਾਰੀਫ਼ ਕੀਤੀ। ਹੋਰਨਾਂ ਤੋਂ ਬਿਨਾਂ ਪ੍ਰੋ: ਨਿਰਮਲ ਸਿੰਘ ਧਾਰਨੀ, ਜੰਗੀਰ ਸਿੰਘ ਸੈਂਭੀ, ਨਿਰਮਲ ਸਿੰਘ ਸੰਧੂ,ਜਗਜੀਤ ਸਿੰਘ ਗਰੇਵਾਲ, ਹਰਚੰਦ ਸਿੰਘ ਬਾਸੀ, ਸੱਤਪਾਲ ਜੌਹਲ, ਸਰੋਕਾਰਾਂ ਦੀ ਆਵਾਜ਼ ਦੇ ਹਰਬੰਸ ਸਿੰਘ, ਸ਼ੁਭਾਸ਼ ਖੁਰਮੀ ਅਤੇ ਕੁਲਦੀਪ ਕੌਰ ਗਰੇਵਾਲ ਵੀ ਹਾਜ਼ਰ ਸਨ। ਅਜਮੇਰ ਸਿੰਘ ਪਰਦੇਸੀ ਨੇ ਸਟੇਜ ਸਕੱਤਰ ਦੀ ਭੁਮਿਕਾ ਬਹੁਤ ਅੱਛੇ ਢੰਗ ਨਾਲ ਨਿਭਾਈ। ਵਧੀਆ ਆਵਾਜ ਦੇ ਨਾਲ ਹੀ ਕੁਮੈਂਟਰੀ ਕਰਨ ਦਾ ਅੰਦਾਜ ਵੀ ਬਹੁਤ ਵਧੀਆ ਸੀ। ਸੁਭਾਸ਼ ਸ਼ਰਮਾ ਨੇ ਸਾਰੇ ਪਰੋਗਰਾਮ ਦੀ ਫੋਟੋਗਰਾਫੀ ਕੀਤੀ।
ਪ੍ਰੋਗਰਾਮ ਦੇ ਅੰਤ ਵਿੱਚ ਕਲੱਬ ਦੇ ਪ੍ਰਧਾਨ ਨੇ ਸਮੂਹ ਹਾਜ਼ਰੀਨ, ਦਰਸ਼ਕਾਂ, ਆਏ ਹੋਏ ਪਤਵੰਤਿਆਂ ਅਤੇ ਵਾਲੰਟੀਅਰਜ਼ ਦਾ ਇਸ ਈਵੈਂਟ ਨੂੰ ਸਫਲ ਬਣਾਉਣ ਲਈ ਧੰਨਵਾਦ ਕੀਤਾ।
Check Also
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਸਟੀਲ ਪਲਾਂਟ ਦੇ ਵਰਕਰਾਂ ਨਾਲ ਕੀਤੀ ਗੱਲਬਾਤ
ਓਟਵਾ/ਬਿਊਰੋ ਨਿਊਜ਼ : ਲੰਘੇ ਦਿਨੀਂ ਨੂੰ ਟਰਾਂਜਿਟ ਕਰਮਚਾਰੀਆਂ ਅਤੇ ਸਥਾਨਕ ਮੇਅਰ ਮੈਥਿਊ ਸ਼ੂਮੇਕਰ ਨੂੰ ਮਿਲਣ …