ਬਰੈਂਪਟਨ/ਬਿਊਰੋ ਨਿਊਜ਼
”ਹੈਲਪਿੰਗ ਹੈਂਡਜ਼” ਜਥੇਬੰਦੀ ਵੱਲੋਂ ਮਈ ਦਿਵਸ ਮਨਾਇਆ ਗਿਆ ਜਿਸ ਦੌਰਾਨ ਮਈ ਦਿਵਸ ਦੀ ਮਹਾਨਤਾ ਅਤੇ ਅੱਜ ਦੇ ਸੰਦਰਭ ਵਿੱਚ ਇਸਦੀ ਅਹਿਮੀਅਤ ਨੂੰ ਕਵਿਤਾਵਾਂ, ਭਾਸ਼ਣਾਂ, ਅਤੇ ਨੁੱਕੜ ਨਾਟਕ ਰਾਹੀਂ ਬਿਆਨ ਕੀਤਾ ਗਿਆ। ਸਭ ਤੋਂ ਪਹਿਲਾਂ ਇਕਬਾਲ ਸੁੰਬਲ ਵੱਲੋਂ ਸਭ ਨੂੰ ਜੀ-ਅਇਆਂ ਕਿਹਾ ਗਿਆ। ਸਮਾਗਮ ਦੇ ਸ਼ੁਰੂਆਤੀ ਸੰਬੋਧਨ ਦੌਰਾਨ ਹੈਲਪਿੰਗ ਹੈਂਡਜ਼ ਦੀ ਪ੍ਰਧਾਨ ਹਰਦੀਪ ਕੌਰ ਨੇ ਆਪਣੀ ਜਥੇਬੰਦੀ ਦੇ ਕੰਮਾਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਜਥੇਬੰਦੀ ਪਿਛਲੇ ਕਈ ਸਾਲਾਂ ਤੋਂ ਕਮਿਊਨਿਟੀ ਨੂੰ ਸੇਵਾਵਾਂ ਪ੍ਰਦਾਨ ਕਰਨ ਦੇ ਨਾਲ਼ ਨਾਲ਼ ਪੰਜਾਬੋਂ ਆਏ ਵਿਦਿਆਰਥੀਆਂ ਨੂੰ ਵੀ ਸੇਵਾਵਾਂ ਦੇ ਰਹੀ ਹੈ। ਇੰਟਰਨੈਸ਼ਨਲ ਯੂਨੀਅਨ ਦੇ ਪ੍ਰਤੀਨਿਧ ਬੈਰੀ ਫੌਲੀ ਨੇ 1886 ਵਿੱਚ ਵਾਪਰੀ ਘਟਨਾ ਦਾ ਇਤਿਹਾਸ ਸਾਂਝਾ ਕਰਦਿਆਂ ਇਸ ਗੱਲ ‘ਤੇ ਅਫ਼ਸੋਸ ਜ਼ਾਹਿਰ ਕੀਤਾ ਕਿ ਅੱਜ ਵੀ ਆਰਥਿਕ ਸਥਿਤੀ ਅਜਿਹੀ ਬਣੀ ਹੋਈ ਹੈ ਕਿ ਆਮ ਆਦਮੀ ਲਈ ਅੱਠ ਘੰਟੇ ਕੰਮ ਕਰਕੇ ਗੁਜ਼ਾਰਾ ਕਰਨਾ ਬਹੁਤ ਔਖਾ ਹੈ। ਉਨ੍ਹਾਂ ਦੱਸਿਆ ਕਿ ਜਿੱਥੇ 1886 ਤੋਂ ਪਹਿਲਾਂ ਮਈ ਦਿਵਸ ਕਿਸਾਨੀ ਜੀਵਨ ਨਾਲ਼ ਜੜਿਆ ਹੋਣ ਕਰਕੇ ਵਿਸਾਖੀ ਦੇ ਤਿਉਹਾਰ ਵਾਂਗ ਹੀ ਨਵੀਂ ਫ਼ਸਲ ਦੇ ਘਰ ਆਉਣ ਦਾ ਸੁਨੇਹਾ ਦਿੰਦਾ ਸੀ ਓਥੇ ਮਈ 1886 ਦੇ ਕਾਂਡ ਤੋਂ ਬਾਅਦ ਇਹ ਦਿਨ ਮਜ਼ਦੂਰ ਮਸਲਿਆਂ ਨਾਲ਼ ਜੂੜ ਗਿਆ। ਉਨ੍ਹਾਂ ਕਿਹਾ ਕਿ ਭਾਵੇਂ ਅੱਜ ਉਨਟਾਰੀਓ ਵਿੱਚ 15 ਡਾਲਰ ਪ੍ਰਤੀ ਘੰਟਾ ਘੱਟੋ-ਘੱਟ ਭੱਤਾ ਕੀਤੇ ਜਾਣ ਦੀ ਮੰਗ ਕੀਤੀ ਜਾ ਰਹੀ ਓਥੇ ਇਹ ਗੱਲ ਵੀ ਸਪਸ਼ਟ ਹੈ ਕਿ ਅੱਜ ਦੇ ਦੌਰ ਵਿੱਚ 15 ਡਾਲਰ ਨਾਲ਼ ਗੁਜ਼ਾਰਾ ਕਰਨਾ ਵੀ ਮੁਸ਼ਕਲ ਹੈ। ਯੌਰਕ ਯੂਨੀਵਸਿਟੀ ਤੋਂ ਸੋਸੀਔਲੋਜੀ ਦੀ ਪ੍ਰੋਫੈਸਰ ਪਾਰਬਤੀ ਰਾਮਸਰਨ ਨੇ ਦੱਸਿਆ ਕਿ ਅੱਜ ਦੀ ਆਰਥਿਕਤਾ ਅੰਦਰ ਮਾਪਿਆਂ ਨੂੰ ਏਨੀ ਮਿਹਨਤ ਕਰਨੀ ਪੈਂਦੀ ਹੈ ਕਿ ਆਪਣੇ ਬੱਚਿਆਂ ਨੂੰ ਪੂਰਾ ਸਮਾਂ ਨਾ ਦੇ ਸਕਣ ਕਾਰਨ ਮਾਪੇ ਆਪਣੇ ਬੱਚਿਆਂ ਤੋਂ ਦੂਰ ਹੁੰਦੇ ਜਾ ਰਹੇ ਹਨ।
ਉਨ੍ਹਾਂ ਕਿਹਾ ਕਿ ਸਾਡੇ ਬੱਚਿਆਂ ਨੂੰ ਇਹ ਗੱਲ ਸਮਝਣ ਦੀ ਬਹੁਤ ਲੋੜ ਹੈ ਕਿ ਅਸੀਂ ਕਿਸ ਤਰ੍ਹਾਂ ਔਖੇ ਹੋ ਕੇ ਉਨ੍ਹਾਂ ਨੂੰ ਯੂਨਵਰਸਿਟੀ ਕੌਲਜ ਤੱਕ ਭੇਜ ਰਹੇ ਹਾਂ। ਡਾ. ਬਲਜਿੰਦਰ ਸੇਖੋਂ ਨੇ ਇਸ ਗੱਲ ‘ਤੇ ਚਾਨਣਾ ਪਾਇਆ ਕਿ ਕਿਵੇਂ ਕੰਪਨੀਆਂ ਵੱਲੋਂ ਸ਼ੇਅਰਡ ਇਕੌਨਮੀ ਦੇ ਨਾਂ ਹੇਠ ਮਜ਼ਦੂਰ ਜਮਾਤ ਨੂੰ ਕਮਜ਼ੋਰ ਕੀਤਾ ਜਾ ਰਿਹਾ ਹੈ ਅਤੇ ਉਨ੍ਹਾਂ ਨੂੰ ਯੂਨੀਅਨਾਂ ਬਣਾਉਣ ਦੇ ਅਧਿਕਾਰ ਤੋਂ ਵਾਂਝਿਆਂ ਰੱਖਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜਦੋਂ ਤੱਕ ਰਸ਼ੀਆਂ ਵਿੱਚ ਇਨਕਲਾਬੀ ਨਿਜ਼ਾਮ ਕਾਇਮ ਸੀ ਉਦੋਂ ਤੱਕ ਕੈਨੇਡਾ ਅਮਰੀਕਾ ਵਰਗੇ ਦੇਸ਼ ਵੀ ਆਪਣੇ ਮਜ਼ਦੂਰਾਂ ਨੂੰ ਬਣਦੇ ਹੱਕ ਤੇ ਸਹੂਲਤਾਂ ਦੇ ਰਹੇ ਸਨ ਪਰ ਰਸ਼ੀਆ ਦੇ ਟੁਟਦਿਆਂ ਹੀ ਇਹ ਸਭ ਅਧਿਕਾਰ ਇੱਕ ਇੱਕ ਕਰਕੇ ਖੋਹੇ ਜਾ ਰਹੇ ਨੇ। ਨਾਹਰ ਔਜਲਾ ਦੀ ਨਿਰਦੇਸ਼ਨਾ ਹੇਠ ”ਚੇਤਨਾ ਕਲਚਰਲ ਸੈਂਟਰ” ਵੱਲੋਂ ‘ਪੈਗਾਮ ਸ਼ਹੀਦਾਂ ਦਾ” ਨੁੱਕੜ ਨਾਟਕ ਪੇਸ਼ ਕੀਤਾ ਗਿਆ ਜਿਸ ਵਿੱਚ ਅਵਤਾਰ ਔਜਲਾ, ਨਾਹਰ ਔਜਲਾ, ਜਸਵੰਤ ਸਿੰਘ, ਕਮਲ, ਅਤੇ ਸੁਖਜੀਤ ਸਿੰਘ ਨੇ ਰੋਲ ਅਦਾ ਕੀਤੇ। ਕੁਲਵਿੰਦਰ ਖਹਿਰਾ ਅਤੇ ਉਂਕਾਰਪ੍ਰੀਤ ਵੱਲੋਂ ਕਵਿਤਾਵਾਂ ਪੇਸ਼ ਕੀਤੀਆਂ ਗਈਆਂ। ਸਟੇਜ ਦੀ ਜ਼ਿੰਮੇਵਾਰੀ ਇੰਦਰਦੀਪ ਸਿੱਧੂ ਵੱਲੋਂ ਨਿਭਾਈ ਗਈ।
Check Also
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ਵਿਚ ਸਵ. ਗੁਰਦਾਸ ਮਿਨਹਾਸ ਨੂੰ ਭੇਂਟ ਕੀਤੀ ਗਈ ਸ਼ਰਧਾਂਜਲੀ
‘ਪੰਜਾਬ ਦੀ ਕੋਇਲ’ ਸੁਰਿੰਦਰ ਕੌਰ ਦੇ ਜਨਮ-ਦਿਨ ‘ਤੇ ਕੀਤਾ ਗਿਆ ਯਾਦ ਤੇ ਕਵੀ-ਦਰਬਾਰ ਵੀ ਹੋਇਆ …