ਬਰੈਂਪਟਨ/ਹਰਜੀਤ ਸਿੰਘ ਬਾਜਵਾ : ਟੋਰਾਂਟੋ ਰੀਅਲ ਅਸਟੇਟ ਬੋਰਡ ਦੇ ਸਾਲ 2018/2019 ਲਈ ਚੁਣੇ ਗਏ ਪ੍ਰੈਜ਼ੀਡੈਂਟ ਅਤੇ ਸੈਂਚੁਰੀ ਟਵੰਟੀ ਵੰਨ ਪ੍ਰਜ਼ੀਡੈਂਟ ਰਿਆਲਟੀ ਇੰਕ: ਦੇ ਸੰਚਾਲਕ ਗੁਰਚਰਨ ਗੈਰੀ ਭੌਰਾ ਅਤੇ ਸੁਖਵਿੰਦਰ ਭੌਰਾ ਵੱਲੋਂ ਸਮਾਜ ਸੇਵਾ ਦੇ ਖੇਤਰ ਵਿੱਚ ਇੱਕ ਹੋਰ ਪੁਲਾਂਘ ਪੁੱਟਦਿਆਂ 7200 ਡਾਲਰ ਦੀ ਰਾਸ਼ੀ ਵੱਖ-ਵੱਖ ਸੰਸਥਾਵਾਂ ਨੂੰ ਭੇਟ ਕੀਤੀ ਗਈ। ਸੰਸਥਾ ਵੱਲੋਂ ਬਰੈਂਪਟਨ ਵਿਖੇ ਕਰਵਾਏ ਗਏ ਇੱਕ ਸਮਾਗਮ ਦੌਰਾਨ ਗੱਲਬਾਤ ਕਰਦਿਆਂ ਗੁਰਚਰਨ ਗੈਰੀ ਭੌਰਾ ਨੇ ਆਖਿਆ ਕਿ ਜਿਵੇਂ ਸਾਡੇ ਸਾਰੇ ਭਾਈਚਾਰੇ ਨੇ ਸਾਡੇ ਬਿਜ਼ਨਿਸ(ਵਪਾਰ) ਨੂੰ ਬੁਲੰਦੀਆਂ ਤੇ ਪਹੁੰਚਾਇਆ ਹੈ ਇਸੇ ਤਰ੍ਹਾਂ ਸਾਡੀ ਵੀ ਭਾਈਚਾਰੇ ਪ੍ਰਤੀ ਇੱਕ ਜੁੰਮੇਵਾਰੀ ਬਣਦੀ ਹੈ ਜਿਸ ਤਹਿਤ ਅਸੀਂ ਵੀ ਆਪਣੀ ਬਣਦਾ ਯੋਗਦਾਨ ਪਾਉਣ ਦੀ ਇੱਕ ਛੋਟੀ ਜਿਹੀ ਕੋਸ਼ਿਸ਼ ਕਰ ਰਹੇ ਹਾਂ। ਭੌਰਾ ਭਰਾਵਾਂ ਵੱਲੋਂ ਸਬੰਧਤ ਬਰੋਕਰੇਜ਼ ਦੀ ਸਮੁੱਚੀ ਸੇਲਜ਼ ਪ੍ਰਸ਼ਨ ਦੀ ਟੀਮ ਦੇ ਸਹਿਯੋਗ ਨਾਲ ਇਕੱਤਰ ਕੀਤੀ ਗਈ ਰਾਸ਼ੀ ਵਿੱਚੋਂ 5100 ਡਾਲਰ ਦਾ ਚੈੱਕ ਸੇਵਾ ਫੂਡ ਬੈਂਕ ਦੇ ਕੁਲਬੀਰ ਸਿੰਘ ਗਿੱਲ ਨੂੰ ਭੇਟ ਕੀਤਾ ਗਿਆ ਜਦੋਂ ਕਿ ਨਾਲ ਦੀ ਨਾਲ ਹੀ 2100 ਡਾਲਰ ਦੀ ਰਾਸ਼ੀ ਅੰਗਹੀਣ ਅਤੇ ਮੰਦਬੁੱਧੀ ਬੱਚਿਆਂ ਦੀ ਭਲਾਈ ਲਈ ਕੰਮ ਕਰਨ ਵਾਲੀ ਸੰਸਥਾ ‘ਈਸਟਰ ਸੀਲਜ਼ ਕੈਨੇਡਾ’ ਨੂੰ ਭੇਟ ਕੀਤੀ ਗਈ। ਦੱਸਣਯੋਗ ਹੈ ਕਿ ਸੈਂਚੁਰੀ ਟਵੰਟੀ ਵੰਨ ਰਿਆਲਟੀ ਇੰਕ: 2009 ਤੋਂ ਹੀ ਸਮਾਜ ਸੇਵਾ ਦੇ ਵੱਖ-ਵੱਖ ਖੇਤਰਾਂ ਵਿੱਚ ਚੰਗਾ ਯੋਗਦਾਨ ਪਾ ਕੇ ਮੋਹਰੀ ਰੋਲ ਅਦਾ ਕਰ ਰਹੀ ਹੈ।