Breaking News
Home / ਕੈਨੇਡਾ / ‘ਛੇਵੀਂ ਇੰਸਪੀਰੇਸ਼ਨਲ ਸਟੈੱਪਸ’ ਲਈ ਰੈਕਸਡੇਲ ਗੁਰੂਘਰ ਵੱਲੋਂ 66 ਵਿਦਿਆਰਥੀਆਂ ਨੂੰ ਕੀਤਾ ਗਿਆ ਸਪਾਂਸਰ

‘ਛੇਵੀਂ ਇੰਸਪੀਰੇਸ਼ਨਲ ਸਟੈੱਪਸ’ ਲਈ ਰੈਕਸਡੇਲ ਗੁਰੂਘਰ ਵੱਲੋਂ 66 ਵਿਦਿਆਰਥੀਆਂ ਨੂੰ ਕੀਤਾ ਗਿਆ ਸਪਾਂਸਰ

ਬਰੈਂਪਟਨ/ਡਾ. ਝੰਡ : 20 ਮਈ ਨੂੰ ਹੋਣ ਜਾ ਰਹੀ ‘ਛੇਵੀਂ ਇੰਸਪੀਰੇਸ਼ਨਲ ਸਟੈੱਪਸ’ ਲਈ ਚਾਹਵਾਨ ਦੌੜਾਕਾਂ ਦੇ ਨਾਲ ਨਾਲ ਇਸ ਵਾਰ ਵਿਦਿਆਰਥੀਆਂ ਵਿਚ ਵੀ ਬੜਾ ਉਤਸ਼ਾਹ ਵੇਖਣ ਵਿਚ ਆ ਰਿਹਾ ਹੈ। ਗੁਰੂ ਤੇਗ਼ ਬਹਾਦਰ ਇੰਟਰਨੈਸ਼ਨਲ ਸਕੂਲ ਦੇ 50 ਵਿਦਿਆਰਥੀਆਂ ਨੇ ਇਸ ਵਿਚ 5 ਕਿਲੋ ਮੀਟਰ ਦੌੜਨ ਲਈ ਆਪਣੀ ਰਜਿਸਟ੍ਰੇਸ਼ਨ ਕਰਵਾਈ ਹੈ ਅਤੇ ਕਈ ਹੋਰ ਵੀ ਇਸ ਦੇ ਇੱਛਕ ਹਨ। ਉਨ੍ਹਾਂ ਦੇ ਨਾਲ ਸਕੂਲ ਦੇ 15 ਅਧਿਆਪਕ ਵੀ ਇਸ ਉਤਸ਼ਾਹ ਭਰਪੂਰ ਈਵੈਂਟ ਵਿਚ ਭਾਗ ਲੈ ਰਹੇ ਹਨ। ਇਨ੍ਹਾਂ ਤੋਂ ਇਲਾਵਾ ਹੋਰ ਸਕੂਲਾਂ ਦੇ 16 ਵਿਦਿਆਰਥੀਆਂ ਨੇ ਵੀ ਆਪਣੇ ਰਜਿਸਟ੍ਰੇਸ਼ਨ ਫ਼ਾਰਮ ਭਰ ਕੇ ਇਸ ਮੈਰਾਥਨ ਈਵੈਂਟ ਦੇ ਆਯੋਜਿਕ ਗੁਰੂ ਗੋਬਿੰਦ ਸਿੰਘ ਚਿਲਡਰਨ ਫ਼ਾਊਡੇਸ਼ਨ ਦੇ ਆਫ਼ਿਸ ਵਿਚ ਜਮ੍ਹਾਂ ਕਰਵਾ ਦਿੱਤੇ ਹਨ।
ਇਹ ਸਾਡੇ ਸਾਰਿਆਂ ਲਈ ਬੜੇ ਉਤਸ਼ਾਹ, ਖ਼ੁਸ਼ੀ ਅਤੇ ਤਸੱਲੀ ਵਾਲੀ ਗੱਲ ਹੈ ਕਿ ਇਨ੍ਹਾਂ 66 ਵਿਦਿਆਰਥੀਆਂ ਨੂੰ ਗੁਰਦੁਆਰਾ ਸਾਹਿਬ ਸਿੱਖ ਸਪਿੱਰਿਚੂਅਲ ਸੈਂਟਰ ਜਿਸ ਨੂੰ ‘ਰੈਕਸਡੇਲ ਗੁਰੂਘਰ’ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ, ਵੱਲੋਂ ਸਪਾਂਸਰ ਕੀਤਾ ਜਾ ਰਿਹਾ ਹੈ। ਇਸ ਵਿਚ ਇਨ੍ਹਾਂ ਵਿਦਿਆਰਥੀਆਂ ਦੀ ਰਜਿਸਟ੍ਰੇਸ਼ਨ ਫ਼ੀਸ ਅਤੇ ਉਨ੍ਹਾਂ ਵੱਲੋਂ ਇਸ ਮੌਕੇ ਪਹਿਨੀ ਜਾਣ ਵਾਲੀ ਨੇਵੀ ਬਲਿਊ ਟੀ-ਸ਼ਰਟ ਸ਼ਾਮਲ ਹੈ। ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਵੱਲੋਂ 20 ਡਾਲਰ ਪ੍ਰਤੀ ਵਿਦਿਆਰਥੀ ਦੇ ਹਿਸਾਬ ਨਾਲ ਬਣਦੀ ਰਕਮ ਦਾ ਚੈੱਕ ਗੁਰੂ ਗੋਬਿੰਦ ਸਿੰਘ ਚਿਲਡਰਨ ਫ਼ਾਊਡੇਸ਼ਨ ਦੇ ਨਾਂ ਬਣਾ ਕੇ ਭੇਜ ਦਿੱਤਾ ਗਿਆ ਹੈ ਇਸ ਦੇ ਨਾਲ ਹੀ ‘ਟੋਰਾਂਟੋ ਪੀਅਰਸਨ ਏਅਰਪੋਰਟ ਰੱਨਰਜ਼ ਕਲੱਬ’ (ਟੀ.ਪੀ.ਏ.ਆਰ.) ਦੇ 200 ਤੋਂ ਵਧੀਕ ਮੈਂਬਰ ਜੋ ਇਸ ਛੇਵੀਂ ਇੰਸਪੀਰੇਸ਼ਨਲ ਸਟੈੱਪਸ ਮੈਰਾਥਨ ਵਿਚ ਭਾਗ ਲੈ ਰਹੇ ਹਨ, ਲਈ ਇੱਕੋ ਰੰਗ ਦੀਆਂ ਦਸਤਾਰਾਂ ਅਤੇ ਪੱਟਕੇ ਬਣਾਉਣ ਲਈ ਓਨਟਾਰੀਓ ਖਾਲਸਾ ਦਰਬਾਰ ਭਾਵ ਡਿਕਸੀ ਗੁਰੂਘਰ ਵੱਲੋਂ ਸਹਿਯੋਗ ਦਿੱਤਾ ਗਿਆ ਹੈ। ਇਹ ਸਾਰੇ ਦੌੜਾਕ ਕਲੱਬ ਦੀਆਂ ਇੱਕੇ ਰੰਗ ਦੀਆਂ ਟੀ-ਸ਼ਰਟਾਂ ਦੇ ਨਾਲ ਇੱਕੋ ਜਿਹੀਆਂ ਦਸਤਾਰਾਂ ਅਤੇ ਪੱਟਕੇ ਸਜਾ ਕੇ 42-ਕਿਲੋਮੀਟਰ ਮੈਰਾਥਨ ਤੇ 21-ਕਿਲੋਮੀਟਰ ਹਾਫ਼ ਮੈਰਾਥਨ ਲਈ ਦੌੜਨਗੇ ਅਤੇ ਦਰਸ਼ਕਾਂ ਨੂੰ ਇਸ ਵਾਰ ਇਸ ਮੈਰਾਥਨ ਦੌੜ ਵਿਚ ਇਕ ਵੱਖਰਾ ਹੀ ਨਜ਼ਾਰਾ ਵੇਖਣ ਨੂੰ ਮਿਲੇਗਾ। ਡਿਕਸੀ ਗੁਰੂਘਰ ਵੱਲੋਂ ਟੀ.ਪੀ.ਏ.ਆਰ. ਕਲੱਬ ਦੇ ਮੈਂਬਰਾਂ ਅਤੇ ਹੋਰ ਵਾਲੰਟੀਅਰਾਂ ਲਈ ਦਸਤਾਰਾਂ ਅਤੇ ਪਟਕਿਆਂ ਲਈ ਇਸ ਗੁਰੂਘਰ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਬੱਲ ਵੱਲੋਂ ਬੜਾ ਉਤਸ਼ਾਹ ਵਿਖਾਇਆ ਗਿਆ ਹੈ।

Check Also

ਇਨਸਾਨ ਦੇ ਸ਼ੈਤਾਨ ਬਣਨ ਦੀ ਰੌਂਗਟੇ ਖੜ੍ਹੇ ਕਰਨ ਵਾਲੀ ਦਾਸਤਾਨ

ਐਬਟਸਫੋਰਡ/ਡਾ. ਗੁਰਵਿੰਦਰ ਸਿੰਘ : ਐਬਟਸਫੋਰਡ ਸ਼ਹਿਰ ਦਾ ਵੈਗਨਰ ਰੋਡ। ਸ਼ੁੱਕਰਵਾਰ ਦੀ ਰਾਤ ਦੇ 10.30 ਵਜੇ …