ਟੋਰਾਂਟੋ/ਬਿਊਰੋ ਨਿਊਜ਼
ਇਕ ਨਵੇਂ ਆਏ ਸਰਵੇ ਦੇ ਮੁਤਾਬਕ ਟੋਰਾਂਟੋਂ ਦੇ ਬਹੁਤੇ ਲੋਕ ਮਿਨੀਮਮ ਵੇਜ ਨੂੰ ਵਧਾਕੇ ਪੰਦਰਾਂ ਡਾਲਰ ਕਰਨ ਦੇ ਹੱਕ ਵਿੱਚ ਹਨ। ਵਰਕਰਜ ਯੂਨੀਅਨਾਂ ਤੇ ਹੋਰ ਕਈ ਗਰੁੱਪਾਂ ਵਲੋਂ ਚਲਾਈ ਇਹ ਕੰਮਪੇਨ ਹੁਣ ਪੂਰੇ ਨਾਰਥ ਅਮਰੀਕਾ ‘ਚ ਹੀ ਜੋਰ ਫੜਦੀ ਜਾ ਰਹੀ ਹੈ। ਫੈਡਰਲ ਤੇ ਉਨਟਾਰੀਓ ਐਨ ਡੀ ਪੀ, ਕਿਊਬੈਕ ਸੋਲੀਡੇਅਰ ਅਤੇ ਗਰੀਨ ਪਾਰਟੀ ਨੇ ਵੀ ਇਸ ਕੰਮਪੇਨ ਨੂੰ ਆਪਣਾ ਪੂਰਾ ਸਮਰਥਨ ਦੇ ਦਿੱਤਾ ਹੈ। ਅਮਰੀਕਾ ਦੀ ਡੈਮੋਕਰੇਟਿਕ ਪਾਰਟੀ ਦੇ ਉੱਘੇ ਲੀਡਰ ਬਾਰਨੀ ਸੈਂਡਰਸ ਨੇ ਵੀ ਦੋ ਦਰਜਨ ਤੋਂ ਵੱਧ ਸੇਨੇਟਰਜ ਦੀ ਸਪੋਰਟ ਨਾਲ ਇਸ ਮੰਗ ਨੂੰ ਬੜੀ ਉੱਚੀ ਸੁਰ ‘ਚ ਉਠਾਇਆ ਹੈ। ਨਿਊਯਾਰਕ, ਕੇਲੈਫੋਰਨੀਆ ਤੇ ਬਹੁਤ ਸਾਰੇ ਸ਼ਹਿਰਾਂ ਵਿੱਚ ਇਸ ਮੰਗ ਨੂੰ ਮੰਨ ਲਿਆ ਗਿਆ ਹੈ, ਜਿਸ ਨਾਲ 10 ਮਿਲੀਅਨ ਦੇ ਕਰੀਬ ਵਰਕਰਾਂ ਨੂੰ ਇਸ ਦਾ ਲਾਭ ਪਹੁੰਚੇਗਾ, ਜਿਸ ਉੱਪਰ 61.5 ਬਿਲੀਅਨ ਦਾ ਖਰਚਾ ਆਵੇਗਾ। ਸਿਆਟਲ ਵਿਚ ਮਿਨੀਮਮ ਵੇਜ ਵਧਾਏ ਜਾਣ ਤੋਂ ਬਾਅਦ ਇਕ ਸਰਵੇ ਸਾਹਮਣੇ ਆਇਆ ਹੈ ਜਿਸ ਅਨੁਸਾਰ ਮਿਨੀਮਮ ਵੇਜ ਦੇ ਵੱਧਣ ਨਾਲ ਜਿੱਥੇ ਵਰਕਰਾਂ ਦੀ ਜ਼ਿੰਦਗੀ ‘ਚ ਸੁਧਾਰ ਆਇਆ ਹੈ ਉੱਥੇ ਬਿਜਨਿਸ ਵੀ ਹੋਰ ਪ੍ਰਫੁਲੱਤ ਹੋਏ ਹਨ ਤੇ ਰੁਜਗਾਰਾਂ ‘ਚ ਵੀ ਚੌਖਾ ਵਾਧਾ ਹੋਇਆ ਹੈ। ਮਿਨੀਮਮ ਵੇਜ ਘੱਟ ਹੋਣ ਨਾਲ ਜਿਹੜੇ ਲੋਕ ਗਰੀਬੀ ਦੀ ਰੇਖਾ ਤੋਂ ਹੇਠਾਂ ਚਲੇ ਜਾਂਦੇ ਹਨ ਉਹਨਾਂ ਦਾ ਸਮਾਜ ਦੇ ਕਿਸੇ ਵੀ ਹਿੱਸੇ ਨੂੰ ਕੋਈ ਲਾਭ ਨਹੀਂ ਪਹੁੰਚਦਾ। ਉਨਟਾਰੀਓ ਵਿਚ ਵੀ 16% ਵਰਕਰ ਅਜਿਹੇ ਹਨ ਜੋ ਗਰੀਬੀ ਰੇਖਾ ਤੋਂ ਹੇਠਾਂ ਵਾਲੀ ਜ਼ਿੰਦਗੀ ਜਿਉਂਦੇ ਹਨ। ਇਹ ਤਾਂ ਉਹ ਲੋਕ ਹਨ ਜਿਨ੍ਹਾਂ ਨੂੰ ਕੰਮ ਦੇ ਪੂਰੇ ਘੰਟੇ ਮਿਲਦੇ ਹਨ। ਜਿਹੜੇ ਵਰਕਰਾਂ ਨੂੰ ਕੰਮ ਦੇ ਘੰਟੇ ਪੂਰੇ ਨਹੀਂ ਮਿਲਦੇ ਉਹਨਾਂ ਦੀ ਜ਼ਿੰਦਗੀ ਹੋਰ ਵੀ ਬਦਤਰ ਹੈ। ਕੁਝ ਅਲੋਚਕ ਮਿਨੀਮਮ ਵੇਜ ‘ਚ ਵਾਧੇ ਦਾ ਵਿਰੋਧ ਕਰਦੇ ਹੋਏ ਦਲੀਲ ਦਿੰਦੇ ਹਨ ਕਿ ਇਸ ਨਾਲ ਮੁਲਕ ਦੀ ਆਰਥਿਕਤਾ ਨੂੰ ਵੱਡਾ ਧੱਕਾ ਲੱਗੇਗਾ ਤੇ ਇਸ ਨਾਲ ਰੁਜਗਾਰ ਵੀ ਘਟਣੇ ਸ਼ੁਰੂ ਹੋ ਜਾਣਗੇ। ਮਿਨੀਮਮ ਵੇਜ ‘ਚ ਵਾਧੇ ਨੂੰ ਲੈ ਕੇ ਕੰਮਪੇਨ ਚਲਾਉਣ ਵਾਲੇ ਲੋਕਾਂ ਦਾ ਕਹਿਣਾ ਹੈ ਕਿ ਅਗਰ ਵਰਕਰਾਂ ਦੀ ਜੇਬ ‘ਚ ਵੱਧ ਪੈਸੇ ਆਉਣਗੇ ਤਾਂ ਉਹਨਾਂ ਨੂੰ ਬਜ਼ਾਰ ‘ਚ ਖਰਚਣ ਨਾਲ ਬਿਜਨਿਸ ਹੋਰ ਵੱਧਣਗੇ ਜਿਸ ਨਾਲ ਬੇਰੁਜਗਾਰੀ ਵੀ ਘਟਦੀ ਹੈ। ਅੱਜ ਕੱਲ੍ਹ ਤਾਂ ਕਾਫੀ ਬਿਜਨਿਸ ਮਾਲਕਾਂ ਨੇ ਵੀ ਇਸ ਵਾਧੇ ਨੂੰ ਜਾਇਜ ਕਹਿਣਾ ਸ਼ੁਰੂ ਕਰ ਦਿੱਤਾ ਹੈ, ਉਹਨਾਂ ਦਾ ਵੀ ਕਹਿਣਾ ਹੈ ਕਿ ਵੱਧ ਤਨਖਾਹ ਦੇਣ ਨਾਲ ਆਰਥਿਕਤਾ ਨੂੰ ਵੀ ਹੁਲਾਰਾ ਮਿਲਦਾ ਹੈ। ਅਣਗਿਣਤ ਆਰਜੀ ਰੁਜਗਾਰ ਏਜੰਸੀਆਂ ਦੇ ਖੁੱਲ੍ਹਣ ਕਾਰਨ ਵਰਕਰਾਂ ਦੀ ਜ਼ਿੰਦਗੀ ਹੋਰ ਵੀ ਦੁੱਭਰ ਬਣ ਗਈ ਹੈ। ਹੁਣ ਨਾ ਤਾਂ ਉਹਨਾਂ ਦੇ ਕੰਮ ਦੇ ਘੰਟਿਆਂ ਦੀ ਕੋਈ ਗਰੰਟੀ ਹੈ ਤੇ ਨਾ ਹੀ ਕੰਮ ‘ਤੇ ਪੱਕੇ ਹੋਣ ਦੀ। ਏਜੰਸੀ ਵਰਕਰਾਂ ਦੇ ਕੰਮ ‘ਤੇ ਸੱਟ ਲੱਗ ਜਾਣ ਤੇ ਕੰਮ ਦੇ ਮਾਲਕ ਕਿਸੇ ਕਿਸਮ ਦੀ ਕੋਈ ਵੀ ਜੁੰਮੇਵਾਰੀ ਲੈਣ ਲਈ ਤਿਆਰ ਨਹੀਂ ਹੁੰਦੇ ਤੇ ੲੰਜੇਸੀ ਵੀ ਕਈ ਵਾਰ ਟਾਲਾ ਹੀ ਵੱਟ ਜਾਂਦੀ ਹੈ। ਬਿਮਾਰੀ ਦੀ ਹਾਲਤ ਸਮੇਂ ਵੀ ਬਹੁਤਿਆਂ ਨੂੰ ਸਿੱਕ ਡੇਜ ਨਹੀਂ ਮਿਲਦੇ ਜਿਸ ਕਾਰਨ ਉਹਨਾਂ ਨੂੰ ਬਿਮਾਰੀ ਦੀ ਹਾਲਤ ਵਿਚ ਵੀ ਮਜਬੂਰੀ ਵੱਸ ਕੰਮ ਤੇ ਜਾਣਾ ਪੈਂਦਾ ਹੈ। ਇਸ ਸਾਲ ਉਨਟਾਰੀਓ ਦੀ ਸਰਕਾਰ ਕੋਈ ਦੋ ਦਹਾਕੇ ਪਹਿਲਾਂ ਬਣੇ ਲੇਬਰ ਕਾਨੂੰਨਾ ਦਾ ਰਿਵਿਊ ਕਰਨ ਜਾ ਰਹੀ ਹੈ। ਹੁਣ ਇਹ ਇਕ ਢੁੱਕਵਾਂ ਸਮਾਂ ਹੈ ਕਿ ਸਰਕਾਰ ‘ਤੇ ਦਬਾਅ ਪਾ ਕੇ ਇਹਨਾਂ ਕਾਨੂੰਨਾ ‘ਚ ਸੁਧਾਰ ਕਰਵਾਏ ਜਾ ਸਕਣ। ਅਗਲੇ ਸਾਲ ਉਨਟਾਰੀਓ ਪਰੋਵਿੰਸ ‘ਚ ਅਲੈਕਸ਼ਨ ਵੀ ਹੋਣੇ ਹਨ, ਜੇ ਲਿਬਰਲ ਐਮ ਪੀ ਪੀ ਦੁਬਾਰਾ ਸੱਤਾ ‘ਚ ਆਉਂਣਾ ਚਾਹੁੰਦੇ ਹਨ ਤਾਂ ਉਹਨਾਂ ਨੂੰ ਇਸ ਮੰਗ ਵੱਲ ਉਚੇਚਾ ਧਿਆਨ ਦੇਣਾ ਪਵੇਗਾ। ਆਉ ਸਾਰੇ ਰਲਕੇ ਆਪੋ ਆਪਣੇ ਏਰੀਏ ਦੇ ਐਮ ਪੀ ਪੀ ਤੋਂ ਇਸ ਮੰਗ ਨੂੰ ਪੂਰਾ ਕਰਵਾਉਣ ਲਈ ਆਪਣਾ ਬਣਦਾ ਯੋਗਦਾਨ ਪਾਈਏ। ਦਿਨ ਐਤਵਾਰ 7 ਮਈ ਨੂੰ ਮਾਲਟਨ ਵਿਖੇ ਹੋ ਰਹੇ ਨਗਰ ਕੀਰਤਨ ਸਮੇਂ ਇਸ ਮੰਗ ਲਈ ਇਕ ਪਟੀਸ਼ਨ ਤੇ ਦਸਤਖਤ ਕਰਵਾਏ ਜਾ ਰਹੇ ਹਨ ਅਗਰ ਤੁਸੀਂ ਇਸ ਕੰਪੈਨ ਦਾ ਹਿੱਸਾ ਬਣਨਾ ਚਾਹੁੰਦੇ ਹੋ ਤਾਂ ਇਸ ਈ ਮੇਲ ਤੇ ਰਾਬਤਾ ਕਰ ਸਕਦੇ ਹੋ।
Check Also
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ਵਿਚ ਸਵ. ਗੁਰਦਾਸ ਮਿਨਹਾਸ ਨੂੰ ਭੇਂਟ ਕੀਤੀ ਗਈ ਸ਼ਰਧਾਂਜਲੀ
‘ਪੰਜਾਬ ਦੀ ਕੋਇਲ’ ਸੁਰਿੰਦਰ ਕੌਰ ਦੇ ਜਨਮ-ਦਿਨ ‘ਤੇ ਕੀਤਾ ਗਿਆ ਯਾਦ ਤੇ ਕਵੀ-ਦਰਬਾਰ ਵੀ ਹੋਇਆ …