1.1 C
Toronto
Thursday, December 25, 2025
spot_img
Homeਜੀ.ਟੀ.ਏ. ਨਿਊਜ਼ਕੈਨੇਡਾ ਦੀ ਫ਼ੈੱਡਰਲ ਸਰਕਾਰ ਨੇ ਸਪਾਊਜ਼ਲ ਸਪਾਂਸਰਸ਼ਿਪ ਕੀਤੀ ਸੁਰੱਖਿਅਤ

ਕੈਨੇਡਾ ਦੀ ਫ਼ੈੱਡਰਲ ਸਰਕਾਰ ਨੇ ਸਪਾਊਜ਼ਲ ਸਪਾਂਸਰਸ਼ਿਪ ਕੀਤੀ ਸੁਰੱਖਿਅਤ

ਇਹ ਤਬਦੀਲੀ ‘ਦੰਪਤੀ-ਚੌਧਰ’ ਨੂੰ ਖ਼ਤਮ ਕਰੇਗੀ ਤੇ ਨਵੇਂ ਆਉਣ ਵਾਲਿਆਂ ਲਈ ਵਧੀਆ ਵਾਤਾਵਰਣ ਸਿਰਜੇਗੀ : ਸੋਨੀਆ ਸਿੱਧੂ
ਬਰੈਂਪਟਨ/ਬਿਊਰੋ ਨਿਊਜ਼
ਬਰੈਂਪਟਨ ਸਾਊਥ ਦੀ ਮੈਂਬਰ ਪਾਲੀਮੈਂਟ ਨੇ ਫ਼ੈੱਡਰਲ ਸਰਕਾਰ ਵੱਲੋਂ ‘ਸਪਾਊਜ਼ਲ ਸਪਾਂਸਰਸ਼ਿਪ’ ਕੇਸਾਂ ਵਿੱਚ ਨਵੇਂ ਜੋੜਿਆਂ ਦੇ ਕੈਨੇਡਾ ਵਿੱਚ ਦੋ ਸਾਲ ਇਕੱਠੇ ਰਹਿਣ ਦੀ ਸ਼ਰਤ ਨੂੰ ਹਟਾਉਣ ਵਾਲੀ ਕੀਤੀ ਗਈ ਤਬਦੀਲੀ ਉੱਪਰ ਖ਼ੁਸ਼ੀ ਦਾ ਇਜ਼ਹਾਰ ਕੀਤਾ ਹੈ। ਇਸ ਨਵੀਂ ਤਬਦੀਲੀ ਅਨੁਸਾਰ ਸਰਕਾਰ ਨੇ ਪਰਿਵਾਰਾਂ ਨੂੰ ਮੁੜ ਜੋੜਨ ਵਾਲੇ ਆਪਣੇ ਵਾਅਦੇ ਦੇ ਇੱਕ ਭਾਗ ਨੂੰ ਪੂਰਾ ਕਰਨ ਅਤੇ ਲਿੰਗ-ਸਮਾਨਤਾ ਦਾ ਸਮਰਥਨ ਕਰਦਿਆਂ ਹੋਇਆਂ ਨਵੇਂ ਜੋੜਿਆਂ ਵੱਲੋਂ ਆਪਣਾ ਪੀ. ਆਰ. ਸਟੇਟੱਸ ਕਾਇਮ ਰੱਖਣ ਲਈ ਦੋ ਸਾਲ ਲਈ ਇਕੱਠੇ ਰਹਿਣ ਦੀ ਸ਼ਰਤ ਨੂੰ ਹੁਣ ਖ਼ਤਮ ਕਰ ਦਿੱਤਾ ਹੈ। ਇਸ ‘ਤੇ ਆਪਣੀ ਖ਼ੁਸ਼ੀ ਦਾ ਇਜ਼ਹਾਰ ਕਰਦਿਆਂ ਹੋਇਆਂ ਸੋਨੀਆ ਨੇ ਕਿਹਾ,”ਸਪਾਂਸਰ ਕੀਤੇ ਗਏ ਸਪਾਊਜ਼ਾਂ ਜਾਂ ਪਾਰਟਨਰਾਂ ਲਈ ਆਪਣੇ ਸਾਥੀ ਨਾਲ ਦੋ ਸਾਲ ਇਕੱਠੇ ਰਹਿਣਾ ਕਈ ਵਾਰ ਦੰਪਤੀ-ਜੀਵਨ ਵਿੱਚ ‘ਤਾਕਤ ਦੇ ਅਸਾਵੇਂਪਨ’ ਦਾ ਕਾਰਨ ਬਣਦਾ ਸੀ। ਇਸ ਸਬੰਧੀ ਕਈਆਂ ਵਿਅੱਕਤੀਆਂ ਨੇ ਸਾਨੂੰ ਦੱਸਿਆ ਕਿ ਉਨ੍ਹਾਂ ਨੂੰ ਖ਼ਦਸ਼ਾ ਹੈ ਕਿ ਇਸ ਤਰ੍ਹਾਂ ਦੋਹਾਂ ਜੀਆਂ ਵਿੱਚ ਕਈ ਦਫ਼ਾ ਗਾਲੀ-ਗਲੋਚ ਵਾਲੀ ਸਥਿਤੀ ਵੀ ਬਣ ਜਾਂਦੀ ਹੈ ਜਿਸ ਤੋਂ ਦੂਰ ਰਹਿਣ ਦੀ ਵੱਧ ਤੋਂ ਵੱਧ ਕੋਸ਼ਿਸ਼ ਹੋਣੀ ਚਾਹੀਦੀ ਹੈ।”
ਇੱਥੇ ਇਹ ਜ਼ਿਕਰਯੋਗ ਹੈ ਕਿ ਨਵੀਂ ਦੰਪਤੀ ਦੇ ਦੋ ਸਾਲ ਇਕੱਠੇ ਰਹਿਣ ਵਾਲੀ ਸ਼ਰਤ ਕੈਨੇਡਾ ਵਿੱਚ ਗ਼ਲਤ ਢੰਗਾਂ-ਤਰੀਕੀਆਂ ਨਾਲ ਆਉਣ ਵਾਲਿਆਂ ਨੂੰ ਰੋਕਣ ਲਈ 2012 ਵਿੱਚ ਲਾਗੂ ਕੀਤੀ ਗਈ ਸੀ। ਅਲਬੱਤਾ, ਕੈਨੇਡਾ ਦੇ ਇਮੀਗਰੇਸ਼ਨ, ਰਿਫ਼ਿਊਜੀ ਅਤੇ ਸਿਟੀਜ਼ਨਸ਼ਿਪ ਮੰਤਰਾਲੇ ਵੱਲੋਂ ਇੱਕ ਜਾਇਜ਼ੇ ਤੋਂ ਬਾਅਦ ਇਹ ਗੱਲ ਪੱਕੀ ਕੀਤੀ ਗਈ ਕਿ ਇਹ ਸ਼ਰਤ ਗ਼ਲਤ ਅਨਸਰਾਂ ਦੇ ਦਾਖ਼ਲੇ ਨੂੰ ਰੋਕਣ ਲਈ ਓਨੀ ਕਾਰਗਰ ਸਾਬਤ ਨਹੀਂ ਹੋਈ, ਸਗੋਂ ਇਸ ਦੇ ਨਾਲ ਹੋਰ ਕਈ ਨਵੀਆਂ ਪੇਚੀਦਗੀਆਂ ਸ਼ੁਰੂ ਹੋ ਗਈਆਂ।
ਸੋਨੀਆ ਸਿੱਧੂ ਨੇ ਕਿਹਾ ਕਿ ਸਰਕਾਰ ਨੇ ਪਰਿਵਾਰਾਂ ਨੂੰ ਜੋੜਨ ਦੀ ਆਪਣੀ ਵਚਨਬੱਧਤਾ ਕਈ ਵਾਰ ਦੁਹਰਾਈ ਹੈ ਅਤੇ ਸਰਕਾਰ ਦਾ ਇਸ ਤਬਦੀਲੀ ਸਬੰਧੀ ਇਹ ਕਦਮ ਪਿਛਲੀ ਸਰਕਾਰ ਵੱਲੋਂ ਪੈਦਾ ਕੀਤੀਆਂ ਗਈਆਂ ਅੜਚਣਾਂ ਨੂੰ ਹਟਾਉਣ ਲਈ ਵਰਦਾਨ ਸਾਬਤ ਹੋਵੇਗਾ। ਕੈਨੇਡਾ ਵਿੱਚ ‘ਬਹੁ-ਕੌਮੀਅਤ’ (ਡਾਈਵਰਸਿਟੀ) ਨੂੰ ਉਤਸ਼ਾਹ ਦੇਣ ਲਈ ਇਹ ਇੱਕ ਹੋਰ ਨਵਾਂ ਉਪਰਾਲਾ ਹੋਵੇਗਾ ਅਤੇ ਇਹ ਕੈਨੇਡਾ ਵਿੱਚ ਨਵੇਂ ਆਉਣ ਵਾਲਿਆਂ ਨੂੰ ਇੱਥੇ ਬੇਹਤਰ ਜੀਵਨ ਜਿਊਣ ਲਈ ਸਹੂਲੀਅਤ ਦੇਵੇਗਾ।

RELATED ARTICLES
POPULAR POSTS