1.3 C
Toronto
Friday, November 14, 2025
spot_img
Homeਕੈਨੇਡਾਜੀਜੀਐੱਸਸੀਐੱਫ਼ ਵੱਲੋਂ ਕਰਵਾਈ ਗਈ 'ਵਰਚੂਅਲ ਇਨਸਪੀਰੇਸ਼ਨਲ ਸਟੈੱਪਸ 2021' ਲਈ ਦੌੜਾਕਾਂ ਤੇ ਵਾਕਰਾਂ...

ਜੀਜੀਐੱਸਸੀਐੱਫ਼ ਵੱਲੋਂ ਕਰਵਾਈ ਗਈ ‘ਵਰਚੂਅਲ ਇਨਸਪੀਰੇਸ਼ਨਲ ਸਟੈੱਪਸ 2021’ ਲਈ ਦੌੜਾਕਾਂ ਤੇ ਵਾਕਰਾਂ ਨੇ ਵਿਖਾਇਆ ਉਤਸ਼ਾਹ

ਮੈਰਾਥਨ ਦੌੜਾਕ ਸੰਜੂ ਗੁਪਤਾ, ਸੀਨੀਅਰ ਦੌੜਾਕ ਤੇ ਵਾੱਕਰ ਈਸ਼ਰ ਸਿੰਘ, ਸੁਖਦੇਵ ਸਿੰਘ ਝੰਡ, ਰਜਿੰਦਰ ਸਿੰਘ ਭਿੰਡਰ ਤੇ ਕਈ ਹੋਰਨਾਂ ਨੇ ਲਿਆ ਹਿੱਸਾ
ਬਰੈਂਪਟਨ/ਬਿਊਰੋ ਨਿਊਜ਼ : ਪਿਛਲੇ ਸਾਲ ਤੋਂ ਮਹਾਂਮਾਰੀ ਕਰੋਨਾ ਦੇ ਚੱਲ ਰਹੇ ਪ੍ਰਕੋਪ ਕਾਰਨ ਹੋਰਨਾਂ ਈਵੈਂਟਸ ਵਾਂਗ ਗੁਰੂ ਗੋਬਿੰਦ ਸਿੰਘ ਚਿਲਡਰਨ ਫਾਊਂਡੇਸ਼ਨ ਵੱਲੋਂ 2020 ਅਤੇ ਇਸ ਸਾਲ 2021 ਵਿਚ ਵੀ ਮਈ ਮਹੀਨੇ ਵਿਚ ‘ਇਨਸਪੀਰੇਸ਼ਨਲ ਸਟੈੱਪਸ’ ਮੈਰਾਥਨ ਦਾ ਆਯੋਜਨ ਵੀ ਨਹੀਂ ਹੋ ਸਕਿਆ।
ਫ਼ੈੱਡਰੇਸ਼ਨ ਦੇ ਪ੍ਰਬੰਧਕਾਂ ਵੱਲੋਂ ਆਪਣੇ ਮੈਂਬਰਾਂ ਅਤੇ ਸ਼ੁਭ-ਚਿੰਤਕਾਂ ਨੂੰ ਜੁਲਾਈ ਮਹੀਨੇ ਦੌਰਾਨ ਇਹ ਮੈਰਾਥਨ ਦੌੜ ਆਪਣੇ ਪੱਧਰ ‘ਤੇ ਵਰਚੂਅਲ ਰੂਪ ਵਿਚ ਕਰਨ ਲਈ ਕਿਹਾ ਗਿਆ ਸੀ ਜਿਸ ਨੂੰ ਮੁੱਖ ਰੱਖਦਿਆਂ ਹੋਇਆਂ ਉਨ੍ਹਾਂ ਨੇ ਆਪਣੇ ਘਰਾਂ ਦੇ ਨੇੜੇ ਪੈਂਦੇ ਪਾਰਕਾਂ ਅਤੇ ਵਾਕ-ਵੇਜ਼ ਵਿਚ ਦੌੜ ਕੇ ਇਸ ਵਰਚੂਅਲ ਈਵੈਂਟ ਵਿਚ ਭਰਵਾਂ ਯੋਗਦਾਨ ਪਾਇਆ।
ਰੋਜਾਨਾ ਕੁਝ ਕਿਲੋਮੀਟਰ ਦੌੜ ਕੇ ਜਾਂ ਪੈਦਲ ਚੱਲ ਕੇ ਕਈਆਂ ਨੇ ਇਸ ਮਹੀਨੇ ਕਈ ਕਈ ਮੈਰਾਥਨਾਂ ਦਾ ਸਫ਼ਰ ਤੈਅ ਕਰ ਲਿਆ। ਗੁਰੂ ਗੋਬਿੰਦ ਸਿੰਘ ਚਿਲਡਰਨ ਫ਼ਾਊਂਡੇਸ਼ਨ ਦੇ ਮੁੱਖ-ਪ੍ਰਬੰਧਕ ਪਰਮਜੀਤ ਸਿੰਘ ਢਿੱਲੋਂ ਨੇ ਦੱਸਿਆ ਕਿ ਇਨ੍ਹਾਂ ਦੇ ਵੇਰਵੇ ਪ੍ਰਬੰਧਕਾਂ ਕੋਲ ਈ-ਮੇਲਜ਼ ਰਾਹੀਂ ਪਹੁੰਚ ਰਹੇ ਹਨ। ਆਉਂਦੇ ਦਿਨਾਂ ਵਿਚ ਜਿਉਂ ਹੀ ਇਨ੍ਹਾਂ ਦੇ ਸਾਰੇ ਵੇਰਵੇ ਉਨ੍ਹਾਂ ਨੂੰ ਪ੍ਰਾਪਤ ਹੋ ਜਾਣਗੇ, ਉਹ ਆਮ ਲੋਕਾਂ ਦੀ ਜਾਣਕਾਰੀ ਲਈ ਇਨ੍ਹਾਂ ਨੂੰ ਗੁਰੂ ਗੋਬਿੰਦ ਸਿੰਘ ਚਿਲਡਰਨ ਫ਼ਾਊਂਡੇਸ਼ਨ ਦੀ ਵੈੱਬਸਾਈਟ ਉੱਪਰ ਪਾ ਦੇਣਗੇ। ਇਸ ਨਾਲ ਹੋਰ ਵੀ ਕਈਆਂ ਨੂੰ ਉਤਸ਼ਾਹ ਮਿਲੇਗਾ ਅਤੇ ਉਹ ਅਗਲੇ ਸਾਲ 2022 ਦੇ ਮਈ ਮਹੀਨੇ ਹੋਣ ਵਾਲੀ ਇਨਸਪੀਰੇਸ਼ਨਲ ਸਟੈੱਪਸ ਲਈ ਆਪਣੇ ਆਪ ਨੂੰ ਤਿਆਰ ਕਰ ਸਕਣਗੇ।
ਇਸ ਦੌਰਾਨ ਪਤਾ ਲੱਗਾ ਹੈ ਕਿ ਮੈਰਾਥਨ ਦੌੜਾਕ ਸੰਜੂ ਗੁਪਤਾ ਨੇ ਜੁਲਾਈ ਮਹੀਨੇ ਦੌਰਾਨ 12 ਹਾਫ਼-ਮੈਰਾਥਨ ਦੌੜਾਂ ਲਗਾਈਆਂ ਅਤੇ ਉਹ ਇਨ੍ਹਾਂ ਲਈ ਔਸਤਨ ਸਵਾ ਕੁ ਤਿੰਨ ਘੰਟੇ ਦਾ ਸਮਾਂ ਲਗਾਉਂਦਾ ਸੀ। ਟੀਪੀਏਆਰ ਕਲੱਬ ਦੇ ਸੱਭ ਤੋਂ ਸੀਨੀਅਰ ਦੌੜਾਕ 77 ਸਾਲਾ ਇੰਜ. ਈਸ਼ਰ ਸਿੰਘ ਨੇ ਇਸ ਮਹੀਨੇ 256 ਕਿਲੋਮੀਟਰ ਪੈਂਡਾ ਤੈਅ ਕੀਤਾ ਅਤੇ ਉਨ੍ਹਾਂ ਦੇ ਨਜ਼ਦੀਕੀ ਸਾਥੀ ਰਜਿੰਦਰ ਸਿੰਘ ਭਿੰਡਰ 308 ਕਿਲੋਮੀਟਰ ਪੈਦਲ ਚੱਲ ਕੇ ਉਨ੍ਹਾਂ ਨਾਲੋਂ ਵੀ ਅੱਗੇ ਰਹੇ। ਇਨ੍ਹਾਂ ਸਤਰਾਂ ਦੇ ਲੇਖਕ ਸੁਖਦੇਵ ਸਿੰਘ ਝੰਡ ਨੇ ਇਸ ਮਹੀਨੇ ਦੌਰਾਨ 28 ਦਿਨ ਸਵੇਰੇ 7-8 ਕਿਲੋਮੀਟਰ ਰੋਜ਼ਾਨਾ ਪੈਦਲ ਚੱਲ ਕੇ 226 ਕਿਲੋਮੀਟਰ ਦਾ ਪੰਧ ਪੂਰਾ ਕੀਤਾ ਜੋ ਪੰਜ ਮੈਰਾਥਨਾਂ ਤੋਂ ਵਧੇਰੇ ਬਣਦਾ ਹੈ।
ਪ੍ਰਬੰਧਕਾਂ ਵੱਲੋਂ ਇਸ ਵਰਚੂਅਲ ਮੈਰਾਥਨ ਦੇ ਹੋਰ ਵੇਰਵਿਆਂ ਦੀ ਉਡੀਕ ਕੀਤੀ ਜਾ ਰਹੀ ਹੈ।

RELATED ARTICLES
POPULAR POSTS