ਟੋਰਾਂਟੋ/ਬਿਊਰੋ ਨਿਊਜ਼ : ਕੈਨੇਡਾ ਸਰਕਾਰ ਉੱਤੇ ਦਬਾਅ ਪਾਉਣ ਲਈ ਬੀਜਿੰਗ ਨੇ ਬੁੱਧਵਾਰ ਨੂੰ ਚੀਨ ਵਿੱਚ ਨਜ਼ਰਬੰਦ ਕੈਨੇਡੀਅਨ ਕਾਰੋਬਾਰੀ ਮਾਈਕਲ ਸਪੇਵਰ ਨੂੰ ਜਾਸੂਸੀ ਦੇ ਦੋਸ਼ਾਂ ਵਿੱਚ 11 ਸਾਲ ਕੈਦ ਦੀ ਸਜ਼ਾ ਸੁਣਾਈ। ਇਹ ਸੱਭ ਵੈਨਕੂਵਰ ਵਿੱਚ ਗ੍ਰਿਫਤਾਰ ਕੀਤੇ ਗਈ ਚੀਨੀ ਟੈਕਨੀਕਲ ਕੰਪਨੀ ਹੁਆਵੇ ਦੀ ਐਗਜ਼ੈਕਟਿਵ ਮੈਂਗ ਵਾਨਜ਼ੋਊ ਨੂੰ ਰਿਹਾਅ ਕਰਵਾਉਣ ਲਈ ਚੀਨ ਵੱਲੋਂ ਚੱਲੀਆਂ ਜਾ ਰਹੀਆਂ ਸਿਆਸੀ ਚਾਲਾਂ ਹਨ। ਜ਼ਿਕਰਯੋਗ ਹੈ ਕਿ ਕੈਨੇਡੀਅਨ ਅਦਾਲਤ ਅਗਲੇ ਕੁੱਝ ਹਫਤਿਆਂ ਵਿੱਚ ਇਸ ਸਬੰਧ ਵਿੱਚ ਫਾਈਨਲ ਬਹਿਸ ਸੁਣੇਗੀ ਕਿ ਐਗਜ਼ੈਕਟਿਵ ਮੈਂਗ ਵਾਨਜ਼ੋਊ ਨੂੰ ਕ੍ਰਿਮੀਨਲ ਚਾਰਜਿਜ਼ ਦੀ ਸੁਣਵਾਈ ਲਈ ਅਮਰੀਕਾ ਹਵਾਲੇ ਕਰਨਾ ਚਾਹੀਦਾ ਹੈ ਜਾਂ ਨਹੀਂ।
ਮੰਗਲਵਾਰ ਨੂੰ ਚੀਨ ਦੀ ਇੱਕ ਅਦਾਲਤ ਵੱਲੋਂ ਇੱਕ ਤੀਜੇ ਕੈਨੇਡੀਅਨ, ਜਿਸ ਨੂੰ ਨਸ਼ਿਆਂ ਦੀ ਸਮਗਲਿੰਗ ਲਈ ਗ੍ਰਿਫਤਾਰ ਕਰਨ ਤੋਂ ਕੁੱਝ ਸਮੇਂ ਬਾਅਦ ਮੌਤ ਦੀ ਸਜ਼ਾ ਸੁਣਾਈ ਗਈ ਸੀ, ਦੀ ਮੌਤ ਦੀ ਸਜ਼ਾ ਖਤਮ ਕਰਨ ਸਬੰਧੀ ਕੀਤੀ ਗਈ ਅਪੀਲ ਖਾਰਜ ਕਰ ਦਿੱਤੀ ਗਈ। ਇਸ ਫੈਸਲੇ ਤੋਂ ਬਾਅਦ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਇੱਕ ਬਿਆਨ ਜਾਰੀ ਕਰਕੇ ਆਖਿਆ ਸੀ ਕਿ ਇਹ ਫੈਸਲਾ ਬਿਲਕੁਲ ਵੀ ਸਵੀਕਾਰਨਯੋਗ ਨਹੀਂ ਹੈ ਤੇ ਇਹ ਇਨਸਾਫ ਨਹੀਂ ਹੈ। ਇਸ ਬਿਆਨ ਵਿੱਚ ਆਖਿਆ ਗਿਆ ਕਿ ਇਸ ਫੈਸਲੇ ਨਾਲ ਕਾਨੂੰਨੀ ਪ੍ਰਕਿਰਿਆ ਵਿੱਚ ਪਾਰਦਰਸ਼ਤਾ ਦੀ ਘਾਟ ਤੇ ਕੌਮਾਂਤਰੀ ਕਾਨੂੰਨ ਲਈ ਘੱਟ ਤੋਂ ਘੱਟ ਲੋੜੀਂਦੇ ਮਾਪਦੰਡਾਂ ਉੱਤੇ ਖਰਾ ਨਹੀਂ ਉਤਰਿਆ ਗਿਆ। ਬਿਆਨ ਵਿੱਚ ਇਹ ਵੀ ਆਖਿਆ ਗਿਆ ਕਿ ਸਪੇਵਰ ਤੇ ਮਾਈਕਲ ਕੋਵਰਿਗ, ਜਿਨ੍ਹਾਂ ਨੂੰ ਇਸੇ ਤਰ੍ਹਾਂ ਜਾਸੂਸੀ ਦੇ ਦੋਸ਼ ਵਿੱਚ ਨਜ਼ਰਬੰਦ ਕੀਤਾ ਗਿਆ ਹੈ, ਦੀ ਰਿਹਾਈ ਸਾਡੀ ਮੁੱਖ ਤਰਜੀਹ ਹੈ। ਜਿੰਨੀ ਜਲਦੀ ਹੋ ਸਕਦਾ ਹੈ ਅਸੀਂ ਉਨ੍ਹਾਂ ਨੂੰ ਘਰ ਵਾਪਿਸ ਲਿਆਉਣ ਲਈ ਹਰ ਸੰਭਵ ਕੋਸ਼ਿਸ਼ ਕਰਾਂਗੇ। ਇੱਕ ਬਿਆਨ ਵਿੱਚ ਵਿਦੇਸ਼ ਮੰਤਰੀ ਮਾਰਕ ਗਾਰਨਿਊ ਨੇ ਚੀਨ ਵੱਲੋਂ ਸਪੇਵਰ ਨੂੰ ਦਿੱਤੀ ਗਈ ਇਸ ਸਜ਼ਾ ਦੀ ਨਿਖੇਧੀ ਕੀਤੀ। ਉਨ੍ਹਾਂ ਆਖਿਆ ਕਿ ਪਿਛਲੇ ਦੋ ਸਾਲਾਂ ਤੋਂ ਵੀ ਵੱਧ ਸਮੇਂ ਤੋਂ ਅਸੀਂ ਇਹ ਆਖ ਰਹੇ ਹਾਂ ਕਿ ਮਾਈਕਲ ਸਪੇਵਰ ਤੇ ਮਾਈਕਲ ਕੋਵਰਿਗ ਖਿਲਾਫ ਲਾਏ ਗਏ ਦੋਸ਼ ਬੇਬੁਨਿਆਦ ਤੇ ਮਨਮਾਨੇ ਹਨ।
Check Also
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ਵਿਚ ਸਵ. ਗੁਰਦਾਸ ਮਿਨਹਾਸ ਨੂੰ ਭੇਂਟ ਕੀਤੀ ਗਈ ਸ਼ਰਧਾਂਜਲੀ
‘ਪੰਜਾਬ ਦੀ ਕੋਇਲ’ ਸੁਰਿੰਦਰ ਕੌਰ ਦੇ ਜਨਮ-ਦਿਨ ‘ਤੇ ਕੀਤਾ ਗਿਆ ਯਾਦ ਤੇ ਕਵੀ-ਦਰਬਾਰ ਵੀ ਹੋਇਆ …