ਬਰੈਂਪਟਨ : ਲੰਘੇ ਸੋਮਵਾਰ ਨੂੰ ਉਨਟਾਰੀਓ ਵਿਚ 50 ਤੋਂ ਜ਼ਿਆਦਾ ਸਥਾਨਾਂ ‘ਤੇ ਇਕੋ ਸਮੇਂ ਘੱਟੋ ਘੱਟ ਤਨਖਾਹ 15 ਡਾਲਰ ਪ੍ਰਤੀ ਘੰਟਾ ਕਰਨ ਦੀ ਮੰਗ ਕੀਤੀ ਗਈ। ਅਜਿਹੇ ਪ੍ਰੋਗਰਾਮ ਟੋਰਾਂਟੋ, ਬਰੈਂਪਟਨ, ਈਟੋਬੀਕੋ, ਮਿਸੀਸਾਗਾ ਅਤੇ ਓਟਾਵਾ ਸਮੇਤ ਉਨਟਾਰੀਓ ਦੇ ਸਾਰੇ ਪ੍ਰਮੁੱਖ ਖੇਤਰਾਂ ਵਿਚ ਆਯੋਜਿਤ ਕੀਤੇ ਗਏ।
ਲੰਘੇ ਇਕ ਦਹਾਕੇ ਵਿਚ ਕਰਮਚਾਰੀਆਂ ਦੇ ਹੱਕਾਂ ਨੂੰ ਲੈ ਕੇ ਕੀਤਾ ਗਿਆ ਇਹ ਸਭ ਤੋਂ ਵੱਡਾ ਪ੍ਰੋਗਰਾਮ ਸੀ, ਜਿਸ ਵਿਚ ਸਾਰੇ ਬੈਕਗਰਾਊਂਡ ਦੇ ਲੋਕ ਸਿਟੀ ਹਾਲ ਵਿਚ ਆਏ ਅਤੇ ਉਨ੍ਹਾਂ ਨੇ ਆਪਣੀਆਂ ਮੰਗਾਂ ਦੇ ਸਮਰਥਨ ਵਿਚ ਬੈਨਰ ਵੀ ਫੜੇ ਹੋਏ ਸਨ। ਉਹ ਕੰਸਰਵੇਟਿਵ ਸਰਕਾਰ ਕੋਲੋਂ ਘੱਟੋ ਘੱਟ ਤਨਖਾਹ 15 ਡਾਲਰ ਪ੍ਰਤੀ ਘੰਟਾ ਅਤੇ ਨਵੇਂ ਕਾਨੂੰਨਾਂ ਨੂੰ ਲਾਗੂ ਕਰਨ ਦੀ ਮੰਗ ਕਰ ਰਹੇ ਸਨ। ਸਰਕਾਰ ਪਹਿਲਾਂ ਹੀ 1 ਜਨਵਰੀ ਤੋਂ 15 ਡਾਲਰ ਤਨਖਾਹ ਕਰਨ ਦੀ ਗੱਲ ਤੈਅ ਕਰ ਚੁੱਕੀ ਹੈ ਅਤੇ ਹੁਣ ਉਸ ਵਿਚ 10 ਹਫਤੇ ਹੀ ਬਚੇ ਹਨ। ਇਸਦੇ ਬਾਵਜੂਦ ਦੋ ਮਿਲੀਅਨ ਵਰਕਰ ਲਗਾਤਾਰ ਵਾਧੇ ਦੀ ਮੰਗ ਕਰ ਰਹੇ ਹਨ। ਦਰਅਸਲ ਪ੍ਰੀਮੀਅਰ ਡਗ ਫੋਰਡ ਨੇ ਹਾਲ ਹੀ ਵਿਚ ਬਿਆਨ ਦਿੱਤਾ ਹੈ ਕਿ ਉਨ੍ਹਾਂ ਦੀ ਸਰਕਾਰ 15 ਡਾਲਰ ਨੂੰ ਰੱਦ ਕਰਨ ਦੀ ਯੋਜਨਾ ਬਣਾ ਰਹੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਬਿੱਲ 148 ਬੇਹੱਦ ਖਰਾਬ ਬਿੱਲ ਹੈ ਅਤੇ ਇਹ ਕਾਰੋਬਾਰ ਨੂੰ ਵੀ ਨੁਕਸਾਨ ਪਹੁੰਚਾ ਰਿਹਾ ਹੈ। ਫੋਰਡ ਦਾ ਲਗਾਤਾਰ ਕਹਿਣਾ ਹੈ ਕਿ ਘੱਟੋ ਘੱਟ ਤਨਖਾਹ ਨੂੰ ਇਸ ਪੱਧਰ ‘ਤੇ ਲੈ ਕੇ ਜਾਣ ਤੋਂ ਉਨਟਾਰੀਓ ਦੀ ਇਕੌਨਮੀ ‘ਤੇ ਮਾੜਾ ਅਸਰ ਪਵੇਗਾ। ਇਸਦੇ ਚੱਲਦੇ ਸੂਬੇ ਵਿਚ ਪਹਿਲਾਂ ਹੀ 80 ਤੋਂ 90 ਹਜ਼ਾਰ ਨੌਕਰੀਆਂ ਜਾ ਚੁੱਕੀਆਂ ਹਨ। ਉਥੇ ਸਟੈਟਿਕਸ ਕੈਨੇਡਾ ਦੇ ਅਨੁਸਾਰ ਲੰਘੇ ਸਾਲ ਵਿਚ ਉਨਟਾਰੀਓ ਦੀ ਇਕੌਨਮੀ ਵਿਚ 1 ਲੱਖ 3 ਹਜ਼ਾਰ ਨਵੀਆਂ ਨੌਕਰੀਆਂ ਜੁੜੀਆਂ ਹਨ। ਸਾਲ ਦਰ ਸਾਲ ਉਨਟਾਰੀਓ ਵਿਚ ਨੌਕਰੀਆਂ 1.2 ਫੀਸਦੀ ਦੀ ਦਰ ਨਾਲ ਵਧ ਰਹੀਆਂ ਹਨ, ਉਥੇ ਲੰਘੇ ਸਾਲ ਵਿਚ ਉਨਟਾਰੀਓ ਵਿਚ ਕੁੱਲ ਕੰਮ ਦੇ ਘੰਟੇ 1.47 ਫੀਸਦੀ ਵਧੇ ਹਨ। ਇਹ ਰਾਸ਼ਟਰੀ ਔਸਤ ਤੋਂ ਵੀ ਘੱਟ ਹਨ। ਉਨਟਾਰੀਓ ਵਿਚ ਬੇਰੁਜ਼ਗਾਰੀ ਦੀ ਦਰ ਰਾਸ਼ਟਰੀ ਦਰ 5.9 ਫੀਸਦੀ ਦੇ ਬਰਾਬਰ ਹੀ ਹੈ। ਇਹ ਪਿਛਲੇ 18 ਸਾਲਾਂ ਵਿਚ ਸਭ ਤੋਂ ਘੱਟ ਹੈ।
Check Also
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ਵਿਚ ਸਵ. ਗੁਰਦਾਸ ਮਿਨਹਾਸ ਨੂੰ ਭੇਂਟ ਕੀਤੀ ਗਈ ਸ਼ਰਧਾਂਜਲੀ
‘ਪੰਜਾਬ ਦੀ ਕੋਇਲ’ ਸੁਰਿੰਦਰ ਕੌਰ ਦੇ ਜਨਮ-ਦਿਨ ‘ਤੇ ਕੀਤਾ ਗਿਆ ਯਾਦ ਤੇ ਕਵੀ-ਦਰਬਾਰ ਵੀ ਹੋਇਆ …