Breaking News
Home / ਕੈਨੇਡਾ / ਆਪਣੇ ਹੱਕਾਂ ਪ੍ਰਤੀ ਸੁਚੇਤ ਹੋ ਰਹੇ ਨੇ ਭਾਰਤ ਦੇ ਲੋਕ : ਕਾਮਰੇਡ ਮੰਗਤ ਰਾਮ ਪਾਸਲਾ

ਆਪਣੇ ਹੱਕਾਂ ਪ੍ਰਤੀ ਸੁਚੇਤ ਹੋ ਰਹੇ ਨੇ ਭਾਰਤ ਦੇ ਲੋਕ : ਕਾਮਰੇਡ ਮੰਗਤ ਰਾਮ ਪਾਸਲਾ

ਬਰੈਂਪਟਨ/ਡਾ. ਬਲਜਿੰਦਰ ਸਿੰਘ ਸੇਖੋਂ
ਦੇਸ਼ ਭਗਤ ਯਾਦਗਾਰ ਹਾਲ ਦੇ ਟਰੱਸਟੀ, ਪੰਜਾਬ ਦੀਆਂ ਅਗਾਂਹ ਵਧੂ ਸਫਾਂ ਵਿਚ ਜਾਣੇ ਪਹਿਚਾਣੇ ਉੱਘੇ ਟਰੇਡ ਯੂਨੀਅਨ ਆਗੂ ਕਾਮਰੇਡ ਮੰਗਤ ਰਾਮ ਪਾਸਲਾ ਨੇ ਲੰਘੇ ਐਤਵਾਰ ਬਰੈਂਪਟਨ ਵਿਚ ਸਰੋਤਿਆਂ ਨਾਲ ਅਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਭਾਰਤ ਵਿਚ ਇੱਕ ਨਵੀਂ ਲਹਿਰ ਪੈਦਾ ਹੋ ਰਹੀ ਹੈ ਅਤੇ ਆਪਣੇ ਹੱਕਾਂ ਪ੍ਰਤੀ ਸੁਚੇਤ ਹੋਏ ਲੋਕ ਬਿਨਾ ਕਿਸੇ ਸਿਆਸੀ ਪਾਰਟੀ ਦੀ ਅਗਵਾਈ ਤੋਂ ਸਰਕਾਰ ਦੀਆਂ ਗਲਤ ਨੀਤੀਆਂ ਖਿਲਾਫ ਜਥੇਬੰਦ ਹੋ ਕੇ ਵਿਰੋਧ ਕਰ ਰਹੇ ਹਨ। ਵੱਡੀ ਗਿਣਤੀ ਵਿਚ ਨੌਜਵਾਨ ਖੱਬੇ ਪੱਖੀ ਵਿਚਾਰਧਾਰਾ ਨਾਲ ਜੁੜ ਰਹੇ ਹਨ। ਉਨ੍ਹਾਂ ਨਾਲ ਇਹ ਵੀ ਕਿਹਾ ਕਿ ਇਨਕਲਾਬੀ ਪਾਰਟੀਆਂ ਭਾਰਤੀ ਸਮਾਜ ਨੂੰ, ਇਸ ਵਿਚਲੇ ਗੁੰਝਲਦਾਰ ਰਿਸ਼ਤਿਆਂ ਕਾਰਨ, ਸਮਝਣ ਵਿਚ ਨਾ ਕਾਮਯਾਬ ਰਹੀਆਂ ਹਨ, ਜਿਸ ਕਾਰਨ ਕੋਈ ਪਾਰਟੀ ਵੱਡੇ ਪੱਧਰ ‘ਤੇ ਲੋਕਾਂ ਨੂੰ ਅਪਣੇ ਨਾਲ ਨਹੀਂ ਜੋੜ ਸਕੀ। ਅਮੀਰੀ ਗਰੀਬੀ ਦੇ ਫਰਕ ਦੇ ਨਾਲ ਨਾਲ ਅਜੇ ਵੀ ਲੋਕ ਜਾਤਾਂ ਪਾਤਾਂ ਵਿਚ ਬੱਝੇ ਹੋਏ ਹਨ, ਇੱਕੋ ਕੰਮ ਕਰ ਰਹੇ ਦੋ ਕਿਰਤੀ, ਇੱਕ ਮਹਿਸੂਸ ਕਰਨ ਦੀ ਥਾਂ ਅਪਣੇ ਆਪ ਨੂੰ ਇੱਕ ਦੂਜੇ ਤੋਂ ਉੱਚਾ ਜਾਂ ਨੀਵਾਂ ਮਹਿਸੂਸ ਕਰਦੇ ਹਨ। ਸੋ ਦੂਜੀਆਂ ਗੱਲਾਂ ਦੇ ਨਾਲ ਨਾਲ ਜਾਤ ਪਾਤ ਨੂੰ ਜੜ੍ਹੋ ਉਖਾੜਨਾ ਜ਼ਰੂਰੀ ਹੈ ਤਾਂ ਜੋ ਕਾਮੇ ਇੱਕ ਜੱਟ ਹੋ ਸਕਣ। ਉਨ੍ਹਾਂ ਅਪਣੇ ਅਨੁਭਵ ਵਿਚੋਂ ਦੱਸਿਆ ਕਿ ਅਜੇ ਤੱਕ ਤਾਂ ਮਰਨ ਬਾਅਦ ਵੀ ਫਰਕ ਰੱਖਿਆ ਜਾਂਦਾ ਹੈ ਅਤੇ ਦਲਿਤ ਪਰਿਵਾਰਾਂ ਦੇ ਮੈਂਬਰਾਂ ਦਾ ਉੱਚ ਜਾਤੀ ਦੇ ਸਿਵਿਆਂ ਵਿਚ ਸਸਕਾਰ ਤੱਕ ਨਹੀਂ ਕਰਨ ਦਿੱਤਾ ਜਾਂਦਾ। ਇਸ ਪਾੜੇ ਨੂੰ ਰਾਜ ਕਰ ਰਹੀਆਂ ਪਾਰਟੀਆਂ ਅਪਣੇ ਹਿੱਤ ਸੁਰੱਖਿਅਤ ਰੱਖਣ ਲਈ ਹੋਰ ਵਧਾਉਣ ਵਿਚ ਲੱਗੀਆਂ ਹੋਈਆਂ ਅਤੇ ਇਸ ਦੇ ਨਾਲ ਨਾਲ ਲੋਕਾਂ ਨੂੰ ਧਰਮਾਂ ਦੇ ਅਧਾਰ ਤੇ ਵੀ ਵੰਡਿਆ ਜਾ ਰਿਹਾ ਹੈ। ਉਨ੍ਹਾਂ ਇਨਕਲਾਬ ਲਈ ਲੜੀ ਜਾ ਰਹੀ ਲੜਾਈ ਨੂੰ ਲੰਬਾ ਦੱਸਦਿਆਂ ਕਿਹਾ ਕਿ ਸਮਾਜ ਹੌਲੀ ਹੌਲੀ ਬਦਲਦੇ ਹਨ। ਜਿਸ ਤਰ੍ਹਾਂ ਸਦੀਆਂ ਪੁਰਾਣੇ ਜਗੀਰੂ ਪ੍ਰਬੰਧ ਦੀ ਰਹਿੰਦ ਖੂੰਹਦ ਅਜੇ ਤੱਕ ਮੌਜੂਦ ਹੈ ਇਸੇ ਤਰ੍ਹਾਂ ਸਾਮਰਾਜ ਨੂੰ ਹਰਾਉਣ ‘ਤੇ ਵੀ ਲੰਬਾ ਸਮਾਂ ਲੱਗ ਸਕਦਾ ਹੈ। ਇਸ ਲਈ ਇਹ ਸੋਚ ਕੇ ਕਿ ਇਹ ਤਬਦੀਲੀ ਸਾਡੀ ਅਪਣੀ ਉਮਰ ਦੌਰਾਨ ਕਿਉਂ ਨਹੀਂ ਆਈ ਮਾਯੂਸ ਹੋਣ ਦਾ ਕੋਈ ਕਾਰਨ ਨਹੀਂ ਹੋਣਾ ਚਾਹੀਦਾ। ਇਸ ਸਮੇਂ ਡਾ. ਬਲਜਿੰਦਰ ਸਿੰਘ ਸੇਖੋਂ ਨੇ ਅਪਣੇ ਵਿਚਾਰ ਰੱਖਦਿਆਂ ਪੰਜਾਬ ਦੀ ਖੱਬੇ ਪੱਖੀ ਲਹਿਰ ਦਾ ਸੰਖੇਪ ਵਿਚ ਵਰਣਨ ਕੀਤਾ। ਪ੍ਰੋਗਰਾਮ ਦਾ ਆਗਾਜ਼ ਬਲਜੀਤ ਬੈਂਸ ਨੇ ਜੈਮਲ ਪੱਡਾ ਦੇ ਇਨਕਲਾਬੀ ਗੀਤ ”ਸੱਚ ਦੇ ਸੰਗਰਾਮ ਨੇ ਹਰਨਾ ਨਹੀਂ” ਨਾਲ ਕੀਤਾ। ਪ੍ਰਿੰਸੀਪਲ ਸੰਜੀਵ ਧਵਨ ਅਤੇ ਸ਼ਹੀਦ ਭਗਤ ਸਿੰਘ ਦੇ ਪਰਿਵਾਰ ਮੈਂਬਰ ਅਮ੍ਰਿਤ ਢਿੱਲੋਂ ਨੇ ਵੀ ਅਪਣੇ ਵਿਚਾਰ ਰੱਖੇ।
ਪ੍ਰੋਗਰਾਮ ਦੀ ਪ੍ਰਧਾਨਗੀ ਕਾਮਰੇਡ ਜਸਪਾਲ ਸਿੰਘ ਰੰਧਾਵਾ ਨੇ ਕੀਤੀ। ਸਟੇਜ ਦੀ ਜਿਮੇਵਾਰੀ ਹਰਬੰਸ ਮੱਲ੍ਹੀ ਨੇ ਬਾਖੂਬੀ ਨਿਭਾਈ। ਹਰਿੰਦਰ ਹੁੰਦਲ ਦਾ ਇਸ ਪ੍ਰੋਗਰਾਮ ਨੂੰ ਕਾਮਯਾਬ ਕਰਨ ਵਿਚ ਵਿਸ਼ੇਸ਼ ਯੋਗਦਾਨ ਰਿਹਾ। ਹੋਰ ਜਾਣਕਾਰੀ ਲਈ ਹਰਬੰਸ ਮੱਲ੍ਹੀ (416 418 6220) ਜਾਂ ਹਰਿੰਦਰ ਹੁੰਦਲ (647 818 6880) ਨਾਲ ਸੰਪਰਕ ਕੀਤਾ ਜਾ ਸਕਦਾ ਹੈ।

Check Also

ਇਨਸਾਨ ਦੇ ਸ਼ੈਤਾਨ ਬਣਨ ਦੀ ਰੌਂਗਟੇ ਖੜ੍ਹੇ ਕਰਨ ਵਾਲੀ ਦਾਸਤਾਨ

ਐਬਟਸਫੋਰਡ/ਡਾ. ਗੁਰਵਿੰਦਰ ਸਿੰਘ : ਐਬਟਸਫੋਰਡ ਸ਼ਹਿਰ ਦਾ ਵੈਗਨਰ ਰੋਡ। ਸ਼ੁੱਕਰਵਾਰ ਦੀ ਰਾਤ ਦੇ 10.30 ਵਜੇ …