-5.2 C
Toronto
Friday, December 26, 2025
spot_img
Homeਪੰਜਾਬਕਰੋਨਾ ਵਾਇਰਸ ਖਿਲਾਫ ਨਰਸਾਂ ਬਗੈਰ ਤਨਖਾਹ ਤੋਂ ਮੈਦਾਨ 'ਚ ਡਟੀਆਂ

ਕਰੋਨਾ ਵਾਇਰਸ ਖਿਲਾਫ ਨਰਸਾਂ ਬਗੈਰ ਤਨਖਾਹ ਤੋਂ ਮੈਦਾਨ ‘ਚ ਡਟੀਆਂ

ਪਟਿਆਲਾ : ਕਰੋਨਾਵਾਇਰਸ ਨਾਲ ਨਜਿੱਠਣ ਲਈ ਸਰਕਾਰੀ ਰਾਜਿੰਦਰਾ ਹਸਪਤਾਲ ਵਿੱਚ ਮਰੀਜ਼ਾਂ ਲਈ 650 ਬੈੱਡਾਂ ਪ੍ਰਬੰਧ ਹੈ ਤੇ ਇੱਕ ਹਜ਼ਾਰ ਹੋਰ ਬੈੱਡਾਂ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ। ਸ਼ੱਕੀ ਮਰੀਜ਼ਾਂ ਨੂੰ ਆਈਸੋਲੇਟ ਕਰਨ ਲਈ ਪੰਜ ਹਜ਼ਾਰ ਬੈੱਡਾਂ ਦਾ ਵੱਖਰਾ ਪ੍ਰਬੰਧ ਹੈ। ਇਸ ਮਹਾਮਾਰੀ ਨੂੰ ਮਾਤ ਦੇਣ ਲਈ ਡਾਕਟਰਾਂ ਤੇ ਨਰਸਾਂ ਸਮੇਤ ਸਿਹਤ ਅਮਲੇ ਦੇ 2500 ਮੈਂਬਰ ਕਾਰਜਸ਼ੀਲ ਹਨ। ਜ਼ਿਲ੍ਹੇ ਵਿੱਚ 99 ਵੈਂਟੀਲੇਟਰ ਅਤੇ 27 ਐਂਬੂਲੈਂਸਾਂ ਹਨ। ਸ਼ੁਰੂ ‘ਚ ਉਭਰੀ ਕਿੱਟਾਂ ਦੀ ਤੋਟ ਦਾ ਮਸਲਾ ਭਾਵੇਂ ਨਰਸਾਂ ਦੇ ਵਿਰੋਧ ਮਗਰੋਂ ਹੱਲ ਹੋ ਗਿਆ ਪਰ ਫੀਲਡ ਤੇ ਐਂਬੂਲੈਂਸ ਸਟਾਫ਼ ਅਜੇ ਵੀ ਕਿੱਟ ਵਿਹੂਣਾ ਹੈ।
ਘਰ-ਘਰ ਜਾ ਕੇ ਸਰਵੇ ਤੇ ਇਕਾਂਤਵਾਸੀਆਂ ਨੂੰ ਚੈੱਕ ਕਰਨ ਵਾਲੇ ਫੀਲਡ ਮੁਲਾਜ਼ਮਾਂ ਨੇ ਵੀ ਆਪਣੀ ਟੀਮ ਦੇ ਘੱਟੋ-ਘੱਟ ਇੱਕ ਮੈਂਬਰ ਲਈ ਪੀਪੀਈ ਕਿੱਟ ਲਾਜ਼ਮੀ ਕਰਨ ‘ਤੇ ਜ਼ੋਰ ਦਿੱਤਾ ਹੈ। 108 ਐਂਬੂਲੈਂਸ ਐਂਪਲਾਈਜ਼ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਗੁਰਿੰਦਰ ਰਠੌੜ ਨੇ ਕਿਹਾ ਕਿ ਸਰਕਾਰ ਕੰਪਨੀ ਦੇ ਹਵਾਲੇ ਨਾਲ ਹੱਥ ਖੜ੍ਹੇ ਕਰ ਗਈ ਤੇ ਕੰਪਨੀ ਕਿੱਟਾਂ ਦੇ ਨਹੀਂ ਰਹੀ। ਟਰੈਫ਼ਿਕ ਇੰਚਾਰਜ ਰਣਜੀਤ ਬਹਿਣੀਵਾਲ ਨੇ ਕਿੱਟਾਂ ਦਾ ਪ੍ਰਬੰਧ ਕੀਤਾ ਸੀ ਪਰ ਉਨ੍ਹਾਂ ਨੂੰ ਤਾਂ ਨਿੱਤ ਲੋੜ ਰਹਿੰਦੀ ਹੈ। ਉਨ੍ਹਾਂ ਤਨਖਾਹ ਦੁੱਗਣੀ (18 ਹਜ਼ਾਰ) ਕਰਨ ਦੀ ਮੰਗ ਵੀ ਕੀਤੀ ਹੈ। ਉਧਰ ਨੋਡਲ ਅਫ਼ਸਰ ਡਾ. ਸੁਮੀਤ ਸਿੰਘ ਨੇ ਕਿਹਾ ਕਿ ਨਿਯਮਾਂ ਮੁਤਾਬਿਕ ਫੀਲਡ ਸਟਾਫ਼ ਨੂੰ ਕਿੱਟ ਦੀ ਲੋੜ ਨਹੀਂ। ਕਰੋਨਾਵਾਇਰਸ ਟੈਸਟ ਲਈ ਗੌਰਮਿੰਟ ਮੈਡੀਕਲ ਕਾਲਜ ਪਟਿਆਲਾ ਵਿਚਲੀ ਲੈਬ ਨਾਲ ਦਰਜਨ ਭਰ ਜ਼ਿਲ੍ਹੇ ਜੋੜੇ ਹੋਏ ਹਨ। ਪਹਿਲਾਂ ਚਾਲੀ ਟੈਸਟ ਹੀ ਹੁੰਦੇ ਸਨ ਤੇ ਹੁਣ ਹੋਰ ਮਸ਼ੀਨਾਂ ਸਥਾਪਤ ਕਰਨ ਨਾਲ ਦਿਨ ‘ਚ 120 ਟੈਸਟਾਂ ਦੀ ਵਿਵਸਥਾ ਹੋ ਗਈ ਹੈ ਪਰ ਸਟਾਫ਼ ਪਹਿਲਾਂ ਜਿੰਨਾ ਹੀ ਹੈ। ਮਿਸ਼ਨ ਦੀ ਇੰਚਾਰਜ ਡਾ. ਰੁਪਿੰਦਰ ਕੌਰ ਬਖਸ਼ੀ ਦੀ ਟੀਮ ‘ਚ ਭਾਵੇਂ ਕਈ ਡਾਕਟਰ ਵੀ ਹਨ ਪਰ ਟੈਸਟਾਂ ਦੇ ਸੰਜੀਦਗੀ ਭਰੇ ਵਰਤਾਰੇ ਨਾਲ ਸਿੱਧੀ ਪਹੁੰਚ ਰੱਖ ਰਹੇ ਗੁਰਬਚਨ ਸਿੰਘ ਤੇ ਸਾਥੀ ਮੁਲਾਜ਼ਮਾਂ ਦੀ ਭੂਮਿਕਾ ਹੋਰ ਵੀ ਸ਼ਿੱਦਤ ਭਰੀ ਹੈ। ਉਹ ਕਰੀਬ ਡੇਢ ਹਜ਼ਾਰ ਵਿਅਕਤੀਆਂ ਦੇ ਟੈਸਟ ਕਰ ਚੁੱਕੇ ਹਨ। ਇਸ ਵੇਲੇ ਇਥੇ ਤਿੰਨ ਕਰੋਨਾ ਪਾਜ਼ੇਟਿਵ ਮਰੀਜ਼ਾਂ ਨੂੰ ਅੱਠਵੀਂ ਅਤੇ ਕੁਝ ਸ਼ੱਕੀ ਮਰੀਜ਼ਾਂ ਨੂੰ ਸੱਤਵੀਂ ਮੰਜ਼ਿਲ ‘ਤੇ ਵਾਰਡ ‘ਚ ਰੱਖਿਆ ਹੋਇਆ ਹੈ। ਹੇਠਲੀ ਮੰਜ਼ਿਲ ‘ਤੇ ਮਰੀਜ਼ਾਂ ਨੂੰ ਸ਼ੁਰੂ ‘ਚ ਅਟੈਂਡ ਕੀਤਾ ਜਾਂਦਾ ਹੈ। ਇਨ੍ਹਾਂ ਤਿੰਨਾਂ ਵਾਰਡਾਂ ‘ਚ ਮੁੱਖ ਰੂਪ ਵਿੱਚ ਜੂਨੀਅਰ ਰੈਜ਼ੀਡੈਂਟ ਡਾਕਟਰ, ਨਰਸਾਂ, ਅਟੈਂਡੈਂਟ ਅਤੇ ਚੌਥਾ ਦਰਜਾ ਮੁਲਾਜ਼ਮ ਹੀ ਡਿਊਟੀ ਨਿਭਾਅ ਰਹੇ ਹਨ। ਡਿਊਟੀ ਦੇ ਰਹੀਆਂ ਨਰਸਾਂ ਵਿੱਚੋਂ ਕੁਝ ਤਾਂ ਕੰਟਰੈਕਟ ‘ਤੇ ਹਨ ਅਤੇ ਕੁਝ ਸਾਲ ਕੁ ਪਹਿਲਾਂ ਹੀ ਰੈਗੂਲਰ ਹੋਈਆਂ ਨਰਸਾਂ ਹਨ। ਸਾਰਿਆਂ ਦੀ ਤਨਖਾਹ ਦਸ ਹਜ਼ਾਰ ਹੈ ਤੇ ਦੋ ਮਹੀਨਿਆਂ ਤੋਂ ਉਹ ਵੀ ਨਹੀਂ ਮਿਲੀ। ਇਸ ਦੇ ਬਾਵਜੂਦ ਉਹ ਡਿਊਟੀਆਂ ਦੇ ਰਹੀਆਂ ਹਨ। ਇਸ ਦੌਰਾਨ ਭਾਵੇਂ ਸੀਨੀਅਰ ਡਾਕਟਰਾਂ ਦੀਆਂ ਵੀ ਡਿਊਟੀਆਂ ਤਾਂ ਲੱਗੀਆਂ ਹਨ ਪਰ ਬਹੁਤੇ ਡਾਕਟਰ ਮਰੀਜ਼ਾਂ ਦੇ ਮੱਥੇ ਲੱਗਣ ਤੋਂ ਗੁਰੇਜ਼ ਕਰ ਰਹੇ ਹਨ। ਇੱਕ ਜੂਨੀਅਰ ਡਾਕਟਰ ਅਨੁਸਾਰ ਕੁਝ ਸੀਨੀਅਰ ਡਾਕਟਰਾਂ ਨੇ ਤਾਂ ਅਜੇ ਤੱਕ ਕਰੋਨਾ ਵਾਰਡ ਵਿੱਚ ਪੈਰ ਹੀ ਨਹੀਂ ਰੱਖਿਆ। ਨਰਸਿੰਗ ਐਸੋਸੀਏਸ਼ਨ ਦੀਆਂ ਕੁਝ ਮੈਂਬਰਾਂ ਨੇ ਕਿਹਾ ਕਿ ਜੇਕਰ ਸੀਨੀਅਰ ਡਾਕਟਰ ਫੇਰੀ ਪਾਉਣ, ਤਾਂ ਉਨ੍ਹਾਂ ਸਮੇਤ ਮਰੀਜ਼ਾਂ ਨੂੰ ਵੀ ਹੌਸਲਾ ਮਿਲੇਗਾ। ਉਧਰ ਮੈਡੀਕਲ ਸੁਪਰਡੈਂਟ ਡਾ. ਪਾਰਸ ਪਾਂਡਵ ਦਾ ਤਰਕ ਸੀ ਕਿ ਇਨ੍ਹੀਂ ਦਿਨੀਂ ਮੁੱਖ ਰੂਪ ‘ਚ ਸਰਕਾਰ ਵੱਲੋਂ ਖ਼ਰੀਦੀਆਂ ਕਿੱਟਾਂ ਹੀ ਵਰਤੀਆਂ ਜਾ ਰਹੀਆਂ ਹਨ। ਉਨ੍ਹਾਂ ਸੀਨੀਅਰ ਡਾਕਟਰਾਂ ਦੇ ਵੀ ਸਮੇਂ-ਸਮੇਂ ਵਾਰਡ ‘ਚ ਜਾਣ ਦੀ ਗੱਲ ਕਰਦਿਆਂ ਕਿਹਾ ਕਿ ਉਹ ਖੁਦ ਰੋਜ਼ਾਨਾ ਕਰੋਨਾ ਵਾਰਡਾਂ ‘ਚ ਚੱਕਰ ਲਾ ਕੇ ਆਉਂਦੇ ਹਨ। ਕਰਫਿਊ ਦੌਰਾਨ ਦਵਾਈਆਂ ਦੀ ਹੋਮ ਡਲਿਵਰੀ ਦਾ ਤਜਰਬਾ ਕਾਰਗਰ ਸਾਬਤ ਨਹੀਂ ਹੋ ਰਿਹਾ। ਲੋਕਾਂ ਦੇ ਰੌਲੇ-ਰੱਪੇ ਦੇ ਬਾਵਜੂਦ ਮਾਸਕ ਤੇ ਸੈਨੀਟਾਈਜ਼ਰ ਵੱਧ ਰੇਟ ‘ਤੇ ਵਿਕ ਰਹੇ ਹਨ। ਕੁਝ ਕੈਮਿਸਟਾਂ ਦਾ ਤਰਕ ਸੀ ਕਿ ਗੈਰ ਕਾਂਗਰਸੀਆਂ ਨੂੰ ਪ੍ਰਸ਼ਾਸਨ ਘੂਰੀਆਂ ਵੱਟ ਰਿਹਾ ਹੈ ਤੇ ਕਾਂਗਰਸ ਪੱਖੀ ਕੈਮਿਸਟ ਕਾਰਾਂ ‘ਚ ਰੱਖ ਕੇ ਦਵਾਈਆਂ ਵੇਚ ਰਹੇ ਹਨ। ਸਿਵਲ ਸਰਜਨ ਡਾ. ਹਰੀਸ਼ ਮਲਹੋਤਰਾ ਨੇ ਕਿਹਾ ਕਿ ਸਿਹਤ ਵਿਭਾਗ ਪੂਰੀ ਤਰ੍ਹਾਂ ਚੌਕਸ ਹੈ। ਆਈਡੀਪੀ ਦੇ ਸੂਬਾ ਆਗੂ ਗੁਰਮੀਤ ਥੂਹੀ ਨੇ ਸਿਹਤ ਸੇਵਾਵਾਂ ਸਬੰਧੀ ਸਮੱਸਿਆਵਾਂ ਦੇ ਫੌਰੀ ਹੱਲ ‘ਤੇ ਜ਼ੋਰ ਦਿੱਤਾ।

RELATED ARTICLES
POPULAR POSTS